Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨਵਜੋਤ ਸਿੱਧੂ ਦੀ ਗੁੰਮਸ਼ੁਦਗੀ ਦੇ ਲੱਗੇ ਇਸ਼ਤਿਹਾਰ - ਲੱਭਣ ਵਾਲੇ ਨੂੰ 2 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ

Posted on August 26th, 2013

ਅੰਮ੍ਰਿਤਸਰ- ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਦੀ ਆਪਣੇ ਹਲਕੇ ਵਿਚ ਲਗਾਤਾਰ ਗ਼ੈਰ ਹਾਜ਼ਰੀ ਬਾਰੇ ਅੱਜ ਇਥੇ  ਕਾਂਗਰਸ ਦੇ ਆਗੂਆਂ ਨੇ  ਇਸ਼ਿਤਹਾਰ ਸ਼ਹਿਰ ਦੀਆਂ ਕੰਧਾਂ ’ਤੇ ਲਾਏ ਹਨ। ਇਨ੍ਹਾਂ ਇਸ਼ਤਿਹਾਰਾਂ ਵਿਚ ਸ੍ਰੀ ਸਿੱਧੂ ਨੂੰ ਲੱਭਣ ਵਾਲੇ ਨੂੰ 2 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ।  ਸ਼ਹਿਰ ਵਿਚ ਵੱਖ ਵੱਖ ਥਾਵਾਂ ’ਤੇ ਕੰਧਾਂ ਉਪਰ ਲਾਏ ਗਏ ਇਹ ਪੋਸਟਰ ਅੰਮ੍ਰਿਤਸਰ ਸੰਘਰਸ਼ ਸਮਿਤੀ ਦੇ ਨਾਂ ਹੇਠ ਹਨ, ਜਿਸ ਦਾ ਪ੍ਰਧਾਨ ਰਮਨ ਬਖਸ਼ੀ ਅਤੇ ਜਨਰਲ ਸਕੱਤਰ ਰਣਜੀਤ ਰਾਣਾ ਨੂੰ ਦਰਸਾਇਆ ਗਿਆ ਹੈ। ਸ੍ਰੀ ਬਖਸ਼ੀ ਕਾਂਗਰਸੀ ਆਗੂ ਹਨ ਅਤੇ ਸਾਬਕਾ ਕੌਂਸਲਰ ਹਨ। ਇਸ ਇਸ਼ਤਿਹਾਰ ਵਿਚ ਸ੍ਰੀ ਸਿੱਧੂ ਦੀ ਤਸਵੀਰ ਦੇ ਨਾਲ ਲਿਖਿਆ ਹੋਇਆ ਹੈ ‘ਆਹ! ਸੰਸਦ ਸਿੱਧੂ, ਤੁਮ ਨਾ ਜਾਨੇ ਕਿਸ ਜਹਾਂ ਮੇਂ ਖੋ ਗਏ’।  

ਇਸ ਵਿਚ ਲਿਖਿਆ ਕਿ ਸ੍ਰੀ ਸਿੱਧੂ ਨੇ ਗੁਰੂ ਨਗਰੀ ਦਾ ਮੈਂਬਰ ਪਾਰਲੀਮੈਂਟ ਬਣਨ ਮਗਰੋਂ ਸ਼ਹਿਰ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਕਦੇ ਵੀ ਅੰਮ੍ਰਿਤਸਰ ਛੱਡ ਕੇ ਨਹੀਂ ਜਾਣਗੇ। ਇਸ ਸਬੰਧ ਵਿਚ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੀ ਸਹੁੰ ਵੀ ਚੁੱਕੀ ਸੀ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਦਾ ਭਰੋਸਾ ਦਿੱਤਾ ਸੀ।  ਉਨ੍ਹਾਂ ਲਿਖਿਆ ਕਿ ਇਸ ਸੰਸਦ ਮੈਂਬਰ ਨੂੰ ਲੱਭ ਕੇ ਲਿਆਉਣ ਵਾਲੇ ਨੂੰ ਸੰਸਥਾ ਵੱਲੋਂ 2 ਲੱਖ ਰੁਪਏ ਇਨਾਮ ਦਿੱਤਾ ਜਾਵੇਗਾ।  ਜੇਕਰ ਉਨ੍ਹਾਂ ਦੇ ਆਪਣੀ ਪਾਰਟੀ ਨਾਲ ਕੁਝ ਮਤਭੇਦ ਹਨ ਤਾਂ ਉਹ ਉਨ੍ਹਾਂ ਨੂੰ  ਹੱਲ ਕਰਨ ਪਰ ਇਸ ਦੀ ਕੀਮਤ ਵੋਟਾਂ ਦੇਣ ਵਾਲਿਆਂ ਨੂੰ ਨਾ ਅਦਾ ਕਰਨੀ ਪਵੇ। ਉਨ੍ਹਾਂ ਆਖਿਆ ਕਿ ਇਸ ਵਿਚ ਭੋਲੇ ਭਾਲੇ ਲੋਕਾਂ ਦਾ ਕੀ ਕਸੂਰ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਆਗੂਆਂ ਕੋਲੋਂ ਵੀ ਪੁੱਛਿਆ ਕਿ ਉਹ ਦੱਸਣ ਕਿ ਸ੍ਰੀ ਸਿੱਧੂ ਲੋਕਾਂ ਦਾ ਵਿਸ਼ਵਾਸ ਭੰਗ ਕਰਕੇ ਕਿਥੇ ਗਏ ਹਨ। ਸ੍ਰੀ ਬਖਸ਼ੀ ਨੇ ਦੱਸਿਆ ਕਿ ਉਨ੍ਹਾਂ ਲੋਕ ਸਭਾ ਦੀ ਸਪੀਕਰ ਮੀਰਾ ਕੁਮਾਰ ਕੋਲੋਂ ਮੁਲਾਕਾਤ ਲਈ ਸਮਾਂ ਮੰਗਿਆ ਹੈ, ਜਿਸ ਵਿਚ ਉਹ ਸ੍ਰੀ ਸਿੱਧੂ ਖਿਲਾਫ਼ ਕਾਰਵਾਈ ਲਈ ਮੰਗ ਕਰਨਗੇ।

ਦੂਜੇ ਪਾਸੇ ਸ੍ਰੀ ਸਿੱਧੂ ਦੀ ਪਤਨੀ ਅਤੇ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਆਖਿਆ ਕਿ ਸੰਸਦ ਮੈਂਬਰ ਅੰਮ੍ਰਿਤਸਰ ਤੋਂ ਭੱਜੇ ਨਹੀਂ ਹਨ ਸਗੋਂ ਪਾਰਟੀ ਨੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਸੌਂਪੀ ਹੈ, ਜਿਸ ਤਹਿਤ ਉਹ ਦਿੱਲੀ ਵਿਚ ਰੁੱਝੇ ਹੋਏ ਹਨ। ਉਹ ਆਪਣਾ ਹਰ ਕੰਮ ਤਨਦੇਹੀ ਅਤੇ ਇਮਾਨਦਾਰੀ ਨਾਲ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਲੋਕ ਜਾਣਦੇ ਹਨ ਕਿ ਸ੍ਰੀ ਸਿੱਧੂ ਨੇ ਅੰਮ੍ਰਿਤਸਰ ਦੇ ਵਿਕਾਸ ਲਈ ਕਈ ਮੁੱਦੇ ਉਠਾਏ ਹਨ ਪਰ ਸਰਕਾਰਾਂ ਵਲੋਂ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਰੱਦ ਕਰਨ ਦਾ ਯਤਨ ਕੀਤਾ ਗਿਆ।  ਉਨ੍ਹਾਂ ਨੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਵਿੱਤ ਮੰਤਰੀ ਕੋਲੋਂ ਸ਼ਹਿਰ ਦੇ ਵਿਕਾਸ ਲਈ 500 ਕਰੋੜ ਰੁਪਏ ਦੀ ਯੋਜਨਾ ਦੀ ਮੰਗ ਕੀਤੀ ਸੀ ਪਰ ਕੇਂਦਰ ਸਰਕਾਰ ਨੇ ਕੋਈ ਹੁੰਗਾਰਾ ਨਹੀਂ ਦਿੱਤਾ। ਡਾ. ਸਿੱਧੂ ਨੇ ਉਲਟਾ ਕਾਂਗਰਸੀ ਆਗੂਆਂ ਤੋਂ ਪੁੱਛਿਆ ਕਿ ਉਹ ਦੱਸਣ ਕਿ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਜੋ  ਅੰਮ੍ਰਿਤਸਰ ਨਾਲ ਹੀ ਸਬੰਧਤ ਹਨ, ਨੇ ਅੰਮ੍ਰਿਤਸਰ ਸ਼ਹਿਰ ਵਾਸਤੇ ਕੀ ਕੀਤਾ ਹੈ।



Archive

RECENT STORIES