Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਆਰਥਿਕ ਹਾਲਾਤ ਵਸੋਂ ਬਾਹਰ - ਰੁਪਿਆ 70 ਦੇ ਦਰਵਾਜ਼ੇ 'ਤੇ ਪਹੁੰਚ ਗਿਆ

Posted on August 28th, 2013


ਨਵੀਂ ਦਿੱਲੀ- ਡਾਲਰ ਦੇ ਮੁਕਾਬਲੇ ਕੀਮਤ 'ਚ ਗਿਰਾਵਟ ਦੀਆਂ ਸਾਰੀਆਂ ਹੱਦਾਂ ਤੋੜਦਾ ਹੋਇਆ ਬੁੱਧਵਾਰ ਨੂੰ ਰੁਪਿਆ 70 ਦੇ ਦਰਵਾਜ਼ੇ 'ਤੇ ਪਹੁੰਚ ਗਿਆ। ਇਕ ਹੀ ਦਿਨ 'ਚ ਰੁਪਏ ਦੀ ਕੀਮਤ 'ਚ 256 ਪੈਸੇ ਦੀ ਗਿਰਾਵਟ ਨੇ ਦੇਸ਼ ਨੂੰ ਡੂੰਘੇ ਆਰਥਿਕ ਸੰਕਟ ਵੱਲ ਧੱਕ ਦਿੱਤਾ ਹੈ। ਭਾਰਤੀ ਮੁਦਰਾ 'ਚ ਇਹ 18 ਸਾਲ ਬਾਅਦ ਸਭ ਤੋਂ ਵੱਡੀ ਕਮਜ਼ੋਰੀ ਹੈ। ਵਿੱਤੀ ਬਾਜ਼ਾਰਾਂ 'ਚ ਮਚੀ ਤਰਥੱਲੀ ਦਰਮਿਆਨ ਰੁਪਿਆ 68.85 ਦੇ ਨਵੇਂ ਰਿਕਾਰਡ ਤਕ ਪਹੁੰਚ ਕੇ 68.81 'ਤੇ ਬੰਦ ਹੋਇਆ। ਇਸ ਦਾ ਸੇਕ ਸ਼ੇਅਰ ਅਤੇ ਸਰਾਫਾ ਬਾਜ਼ਾਰ 'ਚ ਵੀ ਮਹਿਸੂਸ ਕੀਤਾ ਗਿਆ। ਇਸ ਕਾਰਨ ਜਿੱਥੇ ਸ਼ੇਅਰ ਬਾਜ਼ਾਰ ਭਾਰੀ ਹਲਚਲ ਦਾ ਸ਼ਿਕਾਰ ਹੋੋਇਆ, ਉੱਥੇ ਸੋਨਾ 34 ਹਜ਼ਾਰ 500 ਰੁਪਏ ਪ੍ਰਤੀ ਦਸ ਗ੍ਰਾਮ ਦੀ ਨਵੀਂ ਉਚਾਈ ਨੂੰ ਛੋਹ ਗਿਆ। ਡਾਲਰ ਦੇ ਮੁਕਾਬਲੇ ਰੁਪਏ ਦੀ ਇਸ ਤੇਜ਼ ਗਿਰਾਵਟ ਨੇ ਚਾਲੂ ਖਾਤੇ ਨੂੰ ਘਾਟੇ ਦੀਆਂ ਚਿੰਤਾਵਾਂ ਨੂੰ ਵਧਾਉਂਦੇ ਹੋਏ ਦੇਸ਼ ਨੂੰ ਡੂੰਘੇ ਆਰਥਿਕ ਸੰਕਟ ਵੱਲ ਧੱਕਣ ਦੇ ਸੰਕੇਤ ਦੇ ਦਿੱਤੇ ਹਨ। ਕੱਚੇ ਤੇਲ ਦੀ ਉੱਚੀਆਂ ਕੀਮਤਾਂ, ਸੀਰੀਆ ਵੱਲ ਵਧਦੇ ਜੰਗ ਦੇ ਬੱਦਲ, ਅਮਰੀਕੀ ਅਰਥਚਾਰੇ 'ਚ ਸੁਧਾਰ ਦੇ ਸੰਕੇਤਾਂ ਦੇ ਨਾਲ ਘਰੇਲੂ ਅਰਥਚਾਰੇ 'ਚ ਡਾਲਰ ਦੀ ਵਧਦੀ ਮੰਗ ਨੇ ਸਰਾਕਰ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਇਕ ਹੀ ਦਿਨ 'ਚ 67 ਅਤੇ 68 ਦੇ ਦੋ ਪੱਧਰਾਂ ਨੂੰ ਪਾਰ ਕਰਕੇ ਡਾਲਰ ਦੀ ਕੀਮਤ 70 ਰੁਪਏ ਦੇ ਨੇੜੇ ਜਾ ਪਹੁੰਚੀ ਹੈ। ਪਿਛਲੇ ਤਿੰਨ ਕਾਰੋਬਾਰੀ ਸੈਸ਼ਨਾਂ 'ਚ ਇਕ ਡਾਲਰ ਦੀ ਕੀਮਤ 'ਚ 5.60 ਰੁਪਏ ਦਾ ਉਛਾਲ ਆ ਚੁੱਕਾ ਹੈ। ਇਕੱਲੇ ਅਗਸਤ 'ਚ ਹੁਣ ਤਕ ਡਾਲਰ ਦੀ ਕੀਮਤ 8.40 ਰੁਪਏ ਤਕ ਵੱਧ ਚੁੱਕੀ ਹੈ। ਜਦਕਿ ਇਕ ਸਾਲ 'ਚ ਰੁਪਏ ਦੀ ਕੀਮਤ 'ਚ 25 ਫ਼ੀਸਦੀ ਤੋਂ ਵੱਧ ਦੀ ਗਿਰਾਵਟ ਆ ਚੁੱਕੀ ਹੈ। ਰੁਪਏ 'ਚ ਤੇਜ਼ ਗਿਰਾਵਟ ਦੇ ਚਲਦੇ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਇਕ ਸਮੇਂ 500 ਅੰਕ ਤਕ ਖਿਸਕ ਗਿਆ। ਸੋਨਾ ਵੀ ਨਵੇਂ ਰਿਕਾਰਡ ਬਣਾਉਂਦਾ ਹੋਇਆ ਇਕ ਦਿਨ 'ਚ 1900 ਰੁਪਏ ਉਛਲ ਗਿਆ। ਪੀਲੀ ਧਾਤੂ 'ਚ ਇਕ ਦਿਨ 'ਚ ਆਈ ਇਹ ਸਭ ਤੋਂ ਵੱਧ ਤੇਜ਼ੀ ਹੈ।

ਕਰੰਸੀ ਬਾਜ਼ਾਰ ਦੀ ਮੌਜੂਦ ਸਥਿਤੀ ਨਾਲ ਨਜਿੱਠਣ ਲਈ ਸਰਕਾਰ ਕੋਲ ਬਦਲ ਵੀ ਖ਼ਤਮ ਹੋ ਰਹੇ ਹਨ। ਡਾਲਰ ਦੀ ਕੀਮਤ ਹੁਣ ਇਸ ਦੀ ਕੀਮਤ ਨੂੰ 70 ਤੋਂ 72 ਰੁਪਏ ਤਕ ਜਾਣਦੇ ਸੰਕੇਤ ਦੇ ਰਹੀ ਹੈ। ਰੁਪਏ ਦੀ ਸਥਿਤੀ ਦੇ ਮੱਦੇਨਜ਼ਰ ਡਾਲਰ ਦੀ ਉਪਲਬਧਤਾ ਬਾਜ਼ਾਰ 'ਚ ਪੂਰੀ ਤਰ੍ਹਾਂ ਸੀਮਤ ਹੋ ਗਈ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਕਾਰਪੋਰੇਟ ਤਕ ਡਾਲਰ ਵੇਚਣ ਨੂੰ ਤਿਆਰ ਨਹੀਂ। ਸਿਰਫ ਜਨਤਕ ਖੇਤਰ ਦੇ ਬੈਂਕ ਹੀ ਡਾਲਰ ਦੀ ਥੋੜ੍ਹੀ ਬਹੁਤ ਸਪਲਾਈ ਕਰ ਰਹੇ ਹਨ।




Archive

RECENT STORIES