Posted on August 28th, 2013

<p>ਬਾਬਾ ਗੁਰਖ਼ਬਸ ਸਿੰਘ ਹਾਈਜੈਕਰ ਦੀ ਮ੍ਰਿਤਕ ਦੇਹ ਤੇ ਝੰਡਾ ਝੜਾਉਂਦੇ ਅਕਾਲੀ ਦਲ ਮਾਨ ਦੇ ਆਗੂ <br></p>
ਅੰਤਮ ਵੇਲੇ ਐਸ. ਜੀ. ਪੀ. ਸੀ. ਨੇ ਹਾਈਜੈਕਰ ਨੂੰ ਕੀਤਾ ਹਾਈਜੈਕ
ਪੱਕਾ ਕਲਾਂ (ਬਲਜਿੰਦਰ ਕੋਟਭਾਰਾ)- ਬਾਬਾ ਗੁਰਬਖ਼ਸ ਸਿੰਘ ਹਾਈਜੈਕਰ ਦਾ ਸਸਕਾਰ ਬਾਅਦ ਦੁਪਹਿਰ ਸਾਢੇ ਤਿੰਨ ਵਜੇ ਉਹਨਾਂ ਦੇ ਜੱਦੀ ਪਿੰਡ ਪੱਕਾ ਕਲਾਂ ਵਿੱਚ ਪੰਥਕ ਧਿਰਾਂ ਅਤੇ ਪਰਿਵਾਰ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਕੀਤਾ। ਬਠਿੰਡਾ 25 ਕਿਲੋਮੀਟਰ ਦੂਰ ਡੱਬਵਾਲੀ ਸੜਕ ਸਥਿਤ ਉਹ ਦੇ ਪਿੰਡ ਪੱਕਾ ਕਲਾਂ ਵਿੱਚ ਇਲਾਕਾ ਨਿਵਾਸੀਆਂ ਦੇ ਦਰਸ਼ਨਾਂ ਲਈ ਉਹਨਾਂ ਦੀ ਮ੍ਰਿਤਕ ਦੇਹ ਨੂੰ ਰੱਖਿਆ ਗਿਆ, ਜਿੱਥੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਉਹਨਾਂ ਨੂੰ ਸ਼ਾਨਦਾਰ ਅੰਤਿਮ ਵਿਦਾਇਗੀ ਦਿੱਤੀ।
78 ਸਾਲਾਂ ਦੀ ਉਮਰ ਦੇ ਬਾਬਾ ਹਾਈਜੈਕਰ ਪਿਛਲੇ ਕੁਝ ਦਿਨਾਂ ਤੋਂ ਬਠਿੰਡਾ ਦੇ ਇੱਕ ਹਸਪਤਾਲ ਵਿੱਚ ਸਖ਼ਤ ਬਿਮਾਰ ਚੱਲਦੇ ਆ ਰਹੇ ਸਨ।
ਜ਼ਿਕਰਯੋਗ ਹੈ ਕਿ ਬਾਬਾ ਗੁਰਬਖ਼ਸ ਸਿੰਘ ਹਾਈਜੈਕਰ ਨੇ 1982 ਵਿੱਚ ਦਿੱਲੀ ਤੋਂ ਅਮ੍ਰਿਤਸਰ ਆ ਰਹੇ ਭਾਰਤੀ ਏਅਰ ਦੇ ਜਹਾਜ਼ ਨੂੰ ਬਗੈਰ ਬੰਬ ਜਾਂ ਹਥਿਆਰਾਂ ਦੇ ਖਾਲੀ ਹੱਥ ਹੀ ਅਗਵਾ ਕਰ ਲਿਆ ਸੀ। ਉਹਨਾਂ ਦੇ ਇਸ ਕਾਰਨਾਮੇ ਨਾਲ ਇੱਕ ਵਾਰ ਤਾਂ ਭਾਰਤ ਹਕੂਮਤ ਨੂੰ ਤਰੇਲੀਆਂ ਆ ਗਈਆਂ ਸਨ। ਆਪਣੀ ਜਾਨ 'ਤੇ ਖੇਡਦਿਆ ਉਹਨਾਂ ਨੇ ਅਜਿਹਾ ਸਖ਼ਤ ਕਦਮ ਏਅਰ ਲਾਈਨਜ਼ ਦੇ ਅਮ੍ਰਿਤਧਾਰੀ ਸਿੱਖ਼ ਵਿਰੋਧੀ ਉਸ ਕਾਨੂੰਨ ਦੇ ਖਿਲਾਫ਼ ਕੀਤਾ, ਜਿਸ ਤਹਿਤ ਏਅਰ ਲਾਈਨਜ਼ ਨੇ ਅਮ੍ਰਿਤਧਾਰੀ ਸਿੱਖ਼ਾਂ 'ਤੇ ਜਹਾਜ਼ਾਂ ਵਿੱਚ ਕਿਰਪਾਨ ਲਿਜਾਣ 'ਤੇ ਇਹ ਬਹਾਨਾ ਘੜ ਕੇ ਪਾਬੰਦੀ ਲਗਾ ਦਿੱਤੀ ਸੀ ਕਿ ਇਸ ਨਾਲ ਜਹਾਜ਼ ਅਗਵਾ ਕੀਤਾ ਜਾ ਸਕਦਾ ਹੈ। ਕੁਝ ਮਹੀਨੇ ਪਹਿਲਾ ਬਾਬਾ ਹਾਈਜੈਕਰ ਨੇ ਇੱਕ ਲੰਬੀ ਗੱਲਬਾਤ ਵਿੱਚ ਦੱਸਿਆ ਕਿ ਉਹਨਾਂ ਨੇ ਦੁਨੀਆ ਭਰ ਦੀਆਂ ਏਅਰ ਲਾਈਨਜ਼ ਨੂੰ ਇਹ ਚਿਤਾਵਨੀ ਦੇਣ ਲਈ ਕਿ ਜੇ ਹਿੰਮਤ ਵਾਲਾ ਕੋਈ ਮਾਈ ਦਾ ਲਾਲ ਹੋਵੇ ਤਾਂ ਬਿਨਾਂ ਕਿਰਪਾਨ ਤੋਂ ਵੀ ਜਹਾਜ਼ ਅਗਵਾ ਕਰ ਲੈਂਦਾ ਹੈ, ਸੋਚ ਕੇ ਬਿਨਾ ਕਿਸੇ ਇਤਰਾਜਯੋਗ ਸਮੱਗਰੀ ਦੇ ਜਹਾਜ਼ ਨੂੰ ਅਗਵਾ ਕਰ ਲਿਆ ਸੀ। ਉਹਨਾਂ ਨੇ ਜਹਾਜ਼ ਦੇ ਬਾਥਰੂਮ ਵਿੱਚ ਦਾਖਲ ਹੋ ਕੇ ਆਪਣੀਆਂ ਜੁਰਾਬਾਂ ਅਤੇ ਨਾਲ ਲਿਆਦੀਆਂ ਲੀਰਾਂ ਨਾਲ ਬੰਬ ਨੁਮਾ ਗੇਂਦ ਮੜ ਕੇ ਉੱਤੇ ''ਖ਼ਾਲਸਾ ਬੰਬ'' ਲਿਖ ਕੇ ਜਹਾਜ਼ ਨੂੰ ਅਗਵਾ ਕੀਤਾ। ਗੁਰਬਖ਼ਸ ਸਿੰਘ ਦੇ ਕਹਿਣ 'ਤੇ ਪਾਇਲਟ ਜਹਾਜ਼ ਨੂੰ ਲਾਹੌਰ ਲੈ ਗਿਆ ਪਰ ਪਾਕਿਸਤਾਨ ਦੀ ਹਕੂਮਤ ਨੇ ਜਹਾਜ਼ ਨੂੰ ਉੱਤਰਨ ਤੋਂ ਮਨਾ ਕਰ ਦਿੱਤਾ ਇਸ 'ਤੇ ਜਦੋਂ ਪਾਇਲਟ ਨੇ ਕਿਹਾ ਕਿ ਇਸ ਵਿੱਚ ਈਂਧਣ ਘੱਟ ਹੋਣ ਕਾਰਣ ਜਹਾਜ਼ ਹਾਦਸਾ ਗ੍ਰਸਤ ਹੋ ਜਾਵੇਗਾ, ਗੁਰਬਖ਼ਸ ਸਿੰਘ ਨੇ ਇਹ ਸੋਚ ਕੇ ਕਿ ਉਸ ਦਾ ਮਿਸ਼ਨ ਪੂਰਾ ਹੋ ਚੁੱਕਿਆ ਹੈ ਤੇ ਸਵਾਰੀਆਂ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ ਉਹਨਾਂ ਨੇ ਜਹਾਜ਼ ਨੂੰ ਅਮ੍ਰਿਤਸਰ ਵਿੱਚ ਲਿਜਾਣ ਦਾ ਹੁਕਮ ਦਿੱਤਾ। ਭਾਰਤੀ ਹਕੂਮਤ ਵੱਲੋਂ ਸੰਪਰਕ ਕਾਇਮ ਕਰਕੇ ਜਦੋਂ ਸਵਾਰੀਆਂ ਅਤੇ ਜਹਾਜ਼ ਨੂੰ ਛੱਡਣ ਬਦਲੇ ਉਹਨਾਂ ਦੀਆਂ ਮੰਗਾਂ ਬਾਰੇ ਗੱਲ ਕੀਤਾ ਤਾਂ ਉਹਨਾਂ ਉਸ ਵੇਲੇ ਦੇ ਦਮਦਮੀ ਟਕਸਾਲ ਦੇ ਮੁਖੀ ਜਰਨੈਲ ਸਿੰਘ ਭਿੰਡਰਾਵਾਲਾ ਤੇ ਹਰਚੰਦ ਸਿੰਘ ਲੌਂਗੋਵਾਲ ਦੀ ਹਾਜਰੀ ਵਿੱਚ ਆਪਣੀਆਂ ਮੰਗਾਂ ਦੱਸਣ ਦੀ ਸ਼ਰਤ ਲਗਾਈ। ਭਾਰਤੀ ਹਕੂਮਤ 'ਤੇ ਉਹਨਾਂ ਦੀਆਂ ਇਹ ਸ਼ਰਤਾਂ ਬਿਨਾ ਕਿਸੇ ਹੀਲ ਹੁਜਤ ਦੇ ਮੰਨ ਲਈਆਂ। ਗੱਲਬਾਤ ਤੋਂ ਮਗਰੋਂ ਉਹਨਾਂ ਨੂੰ ਤੁਰੰਤ ਗਿਰਫ਼ਤਾਰ ਕਰਕੇ ਵੱਖ-ਵੱਖ ਜੇਲ੍ਹਾਂ ਵਿੱਚ ਅਣ ਮਨੁੱਖੀ ਤਸੱਦਦ ਢਾਹਿਆ। ਹਾਈਜੈਕਰ 'ਤੇ ਕਹਿਰ ਬਰਸਾਉਂਦਿਆ ਉਹਨਾਂ ਦੀ ਲੱਤ ਵਿੱਚ ਜ਼ਹਿਰ ਦਾ ਟੀਕਾ ਵੀ ਲਗਾ ਦਿੱਤਾ, ਇਸ ਨਾਲ ਭਾਵੇਂ ਉਹਨਾਂ ਦੀ ਮੌਤ ਨਾ ਹੋਈ ਪਰ ਅੰਤਿਮ ਵੇਲੇ ਤੱਕ ਉਹ ਇਸ ਦਾ ਸੰਤਾਪ ਭੋਗਦੇ ਰਹੇ। ਪੁਲਿਸ ਨੇ ਦਰਜ਼ਨਾਂ ਹੋਰ ਝੂਠੇ ਕੇਸਾਂ ਵਿੱਚ ਉਹਨਾਂ ਨੂੰ ਫਸਾ ਕੇ ਜੇਲ੍ਹਾਂ ਵਿੱਚ ਡੱਕੀ ਰੱਖੀ। ਉਹਨਾਂ ਦੀ ਸਾਰੀ ਜਾਇਦਾਦ ਇਹਨਾਂ ਮੁਕੱਦਮਿਆਂ ਦੀ ਭੇਂਟ ਚੜ੍ਹ ਗਈ।
ਹਾਈਜੈਕਰ ਦੇ ਅੰਤਿਮ ਸੰਸਕਾਰ ਨੂੰ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਨੇ ਬੜੀ ਹੁਸ਼ਿਆਰੀ ਤੇ ਯੋਜਨਾਬੰਦ ਤਰੀਕੇ ਨਾਲ ਹਾਈਜੈਕ ਕਰ ਲਿਆ, ਉਹਨਾਂ ਬਿਨਾਂ ਹੋਰ ਪੰਥਕ ਧਿਰਾਂ ਨੂੰ ਸੂਚਨਾ ਦਿੰਦਿਆ ਹੀ ਚੁੱਪ ਚਾਪ ਮ੍ਰਿਤਕ ਦੇਹ ਉਹਨਾਂ ਦੇ ਪਿੰਡ ਲਿਆਦੀ। ਕਈ ਦਹਾਕੇ ਪਹਿਲਾ ਜੇਲ੍ਹ ਵਿੱਚੋਂ ਬਾਹਰ ਆਉਂਣ 'ਤੇ ਐਸ. ਜੀ. ਪੀ. ਸੀ. ਨੇ ਉਹਨਾਂ ਨੂੰ ਨੌਕਰੀ ਦਿੱਤੀ ਸੀ ਪਰ ਉਹਨਾਂ ਵੱਲੋਂ ਅਸੂਲਾਂ ਨਾਲ ਸਮਝੌਤਾ ਨਾ ਕਰਨ 'ਤੇ ਇੱਕ ਝੂਠੀ ਸ਼ਿਕਾਇਤ ਨੂੰ ਅਧਾਰ ਬਣਾ ਕੇ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਅੱਜ ਐਸ. ਜੀ. ਪੀ. ਸੀ. ਦਾ ਇਹ ਨਾਟਕ ਦੇਖ ਕੇ ਪੰਥਕ ਧਿਰਾਂ ਹੈਰਾਨ ਸਨ।
ਬਜ਼ੁਰਗ ਹਾਈਜੈਕਰ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਜੱਦੀ ਪਿੰਡ ਦੁਪਹਿਰ ਇੱਕ ਵਜੇ ਲਿਜਾ ਕੇ ਉਹਨਾਂ ਦੇ ਭਰਾ ਦੇ ਘਰ ਇਲਾਕੇ ਦੀਆਂ ਪੰਥਕ ਹਸਤੀਆਂ ਤੇ ਲੋਕਾਂ ਦੇ ਅੰਤਿਮ ਦਰਸ਼ਨਾਂ ਲਈ ਰੱਖੀ ਗਈ। ਉਹਨਾਂ ਦੀ ਅਤਿਮ ਇੱਛਾ ਅਨੁਸਾਰ ਉਹਨਾਂ ਦੀ ਮ੍ਰਿਤਕ ਦੇਹ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲੀਆਵਾਲੀ, ਰਾਜਿੰਦਰ ਸਿੰਘ ਸਰਪੰਚ ਜਿਲ੍ਹਾ ਪ੍ਰਧਾਨ ਮਾਨਸਾ, ਸ਼ਹਿਰੀ ਪ੍ਰਧਾਨ ਬਠਿੰਡਾ ਹਰਫੂਲ ਸਿੰਘ, ਜਿਲ੍ਹਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਕਾਲਾ ਆਦਿ ਨੇ ਖਾਲਿਸਤਾਨ ਦੇ ਝੰਡੇ ਵਿੱਚ ਲਪੇਟੀ। ਮ੍ਰਿਤਕ ਦੇਹ ਨੂੰ ਪਿੰਡ ਦੇ ਸਮਸਾਨਘਾਟ ਵਿੱਚ ਲਿਆਦਾ। ਅਮਰੀਕਾ ਤੋਂ ਪੁੱਜੇ ਉਹਨਾਂ ਦੇ ਵੱਡੇ ਭਰਾ ਰਘਬੀਰ ਸਿੰਘ, ਛੋਟੇ ਭਰਾ ਗੁਰਨਾਮ ਸਿੰਘ, ਭਾਣਜੇ ਦਿਲਬਾਗ ਸਿੰਘ, ਪੰਥਕ ਧਿਰਾਂ ਵਿੱਚ ਪੰਚ ਪ੍ਰਧਾਨੀ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ, ਜਨਰਲ ਸਕੱਤਰ ਦਰਸ਼ਨ ਸਿੰਘ ਜਗ੍ਹਾ ਰਾਮ ਤੀਰਥ, ਨੇ ਚਿਖਾ ਨੂੰ ਅਗਨੀ ਵਿਖਾਈ।
ਪੁੱਤਰਾਂ ਨੂੰ ਕੋਈ ਪਤਾ ਨਹੀਂ ਕਿ ਉਹਨਾਂ ਦੇ ਇਹ ਮਹਾਨ ਪਿਤਾ ਸਨ ਤੇ ਕਦੋਂ ਤੁਰ ਗਏ
ਇਹ ਵੀ ਸਮੇਂ ਦਾ ਇੱਕ ਕਰੂਰ ਦੁਖਦਾਇਕ ਯਥਾਰਤ ਹੈ ਕਿ ਬਾਬਾ ਗੁਰਖ਼ਬਸ ਸਿੰਘ ਦੇ ਘਰ ਜਨਮੀ ਔਲਾਦ ਨੂੰ ਕੋਈ ਪਤਾ ਨਹੀਂ ਕਿ ਉਹਨਾਂ ਦੇ ਪਿਤਾ ਕੋਈ ਮਹਾਨ ਯੋਧਾ ਸਨ, ਕਿੰਨੇ ਕਾਰਨਾਮੇ ਕਰਕੇ ਕਦੋਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਅਸਲ ਵਿੱਚ ਬਾਬਾ ਜੀ ਦੀ ਜੀਵਨ ਸਾਥਣ ਦੀ ਜਦੋਂ ਬਿਮਾਰੀ ਮਗਰੋਂ ਮੌਤ ਹੋ ਗਈ ਤਾਂ ਉਹਨਾਂ ਦੇ ਨੇ ਕਿਸੇ ਖਾਸ ਮਿਸ਼ਨ ਨੂੰ ਪਹਿਲ ਦਿੰਦਿਆ ਆਪਣੇ ਮਾਸੂਮ ਬੱਚਿਆਂ ਨੂੰ ਹਜ਼ੂਰ ਸਾਹਿਬ ਵਿੱਚ ਇਹ ਕਹਿਕੇ ਕਿਸੇ ਅਗਿਆਤ ਸਿੱਖ਼ ਹਸਤੀ ਦੇ ਹਵਾਲੇ ਕਰ ਦਿੱਤੇ ਸਨ ਕਿ ਉਹ ਹੁਣ ਪਾਲ ਨਹੀਂ ਸਕੇਗਾ ਤੇ ਹੁਣ ਤੁਸੀਂ ਹੀ ਇਹਨਾਂ ਨੂੰ ਪੁੱਤ ਬਣਾਕੇ ਸਾਂਭਣਾ। ਅੱਜ ਇਹ ਦੋਹੇ ਬੇਟੇ ਨੌਜਵਾਨ ਹੋ ਚੁੱਕੇ ਹੋਣਗੇ ਅਤੇ ਉਹਨਾਂ ਨੂੰ ਕੋਈ ਪਤਾ ਨਹੀਂ ਕਿ ਉਹ ਕਿਸ ਦੀ ਕੁੱਖੋਂ ਤੇ ਕਿਸ ਦੇ ਘਰ ਪੈਦਾ ਹੋਏ।
ਬਾਬਾ ਗੁਰਬਖ਼ਸ ਸਿੰਘ ਹਾਈਜੈਕਰ ਦੀਆਂ ਬਹੁਤ ਸਾਰੀਆਂ ਕੁਰਬਾਨੀਆਂ ਅਤੇ ਤਿਆਗ ਦੀ ਸੋਚ ਵਿੱਚੋਂ ਇਹ ਵੀ ਇੱਕ ਅਹਿਮ ਹੈ ਕਿ ਭਾਵੇਂ ਉਹ ਸਾਰੀ ਉਮਰ ਵਿੱਤੀ ਥੁੜਾਂ ਦਾ ਸ਼ਿਕਾਰ ਰਹੇ, ਉਹਨਾਂ ਦੀ ਸਾਰੀ ਜ਼ਮੀਨ ਜਾਇਦਾਦ ਇਸ ਕੁਰਬਾਨੀ ਵਿੱਚ ਵਿਕ ਗਈ। ਬੱਚੇ ਛੱਡਣੇ ਪਏ, ਪਰ ਉਹਨਾਂ ਨੂੰ ਜੋ ਦੇਸ਼ ਵਿਦੇਸ਼ ਵਿੱਚ ਵਿੱਤੀ ਮੱਦਦ ਆਉਂਦੀ, ਉਸ ਵਿੱਚੋਂ ਹੀ ਉਹ ਲੋੜਵੰਦਾਂ ਨੂੰ ਦਿੰਦੇ। ਇਸ ਪੱਤਰਕਾਰ ਤੇ ਹੋਰਾਂ ਨੇ ਜਦੋਂ ਬਾਬਾ ਜੀ ਕੋਲ ਕਿਸੇ ਵਿੱਤੀ ਥੁੜਾਂ ਵਾਲੇ ਪਰਿਵਾਰ ਦਾ ਜ਼ਿਕਰ ਕੀਤਾ ਤਾਂ ਉਹ ਨਾਲ ਜਾ ਕੇ ਮੌਕੇ 'ਤੇ ਮੱਦਦ ਤਾਂ ਕਰਕੇ ਹੀ ਆਏ ਸਗੋਂ ਅਗਲੇ ਸੱਤ ਮਹੀਨਿਆਂ ਦਾ ਉਸ ਬਜ਼ੁਰਗ ਦਾ ਖ਼ਰਚਾ ਵੀ ਆਪ ਝੱਲਿਆ। ਅਜੇ ਸਨ ਬਾਬਾ ਹਾਈਜੈਕਰ।
ਸਿੱਖ਼ ਆਗੂਆਂ 'ਤੇ ਕੌਮ ਨੂੰ ਦਗਾ ਦੇਣ ਦਾ ਅੰਤਿਮ ਤੱਕ ਰਿਹਾ ਰੋਸਾ
ਬਾਬਾ ਗੁਰਬਖ਼ਸ ਸਿੰਘ ਹਾਈਜੈਕਰ ਨੂੰ ਅੰਤਿਮ ਸਮੇਂ ਤੱਕ ਇਹ ਸਖ਼ਤ ਰੋਸਾ ਰਿਹਾ ਕਿ ਸਿੱਖ ਕੌਮ ਦੇ ਆਗੂਆਂ ਨੇ ਸਿੱਖ਼ਾਂ ਨੂੰ ਦਗਾ ਦਿੱਤਾ। 14 ਅਪ੍ਰੈਲ ਨੂੰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਅਤੇ ਹੋਰ ਮੁੱਦਿਆਂ 'ਤੇ ਇਸ ਪੱਤਰਕਾਰ ਨਾਲ ਬਠਿੰਡਾ ਵਿੱਚ ਘੰਟਿਆਂ ਬੱਧੀ ਲੰਬੀ ਗੱਲਬਾਤ ਕਰਦਿਆ ਬਾਬਾ ਹਾਈਜੈਕਰ ਨੇ ਇਹ ਗਿਲਾ ਕੀਤਾ ਸੀ ਕਿ ਸਿੱਖ਼ ਕੌਮ ਦੀ ਬਰਬਾਦੀ ਦੁਸ਼ਮਣ ਤਾਂ ਕਰ ਹੀ ਰਹੇ ਨੇ ਸਗੋਂ ਅਸਲੀ ਕਸੂਰਵਾਰ ਤਾਂ ਇਸ ਦੇ ਆਗੂ ਹਨ ਜਿਹਨਾਂ ਨੇ ਆਪਣੀਆਂ ਵਜ਼ੀਰਾਂ ਅਤੇ ਹੋਰ ਲਾਲਚਾਂ ਲਈ ਇਸ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਐਸ. ਜੀ. ਪੀ. ਸੀ. ਵੱਲੋਂ ਝੂਠੀ ਸ਼ਿਕਾਇਤ 'ਤੇ ਅਧਾਰਤ ਜਲੀਲ ਕਰਕੇ ਨੌਕਰੀ ਤੋਂ ਕੱਢਣ 'ਤੇ ਵੀ ਸਖ਼ਤ ਇਤਰਾਜ਼ ਜਿਤਾਉਂਦਿਆ ਕਿਹਾ ਸੀ ਕਿ ਹੁਣ ਸਿੱਖ਼ਾਂ ਨੂੰ ਕਿਸੇ ਆਪਾ ਵਾਰਨ ਵਾਲੇ ਆਗੂ ਦੀ ਜਰੂਰਤ ਹੈ ਨਾ ਕਿ ਵਪਾਰੀਆਂ ਦੀ।

Posted on January 9th, 2026

Posted on January 8th, 2026

Posted on January 7th, 2026

Posted on January 6th, 2026

Posted on January 5th, 2026

Posted on January 2nd, 2026

Posted on December 31st, 2025

Posted on December 30th, 2025

Posted on December 29th, 2025

Posted on December 24th, 2025

Posted on December 23rd, 2025

Posted on December 22nd, 2025