Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬਰਤਾਨਵੀਂ ਸੰਸਦ ਨੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੂੰ ਜੋਰਦਾਰ ਝਟਕਾ ਦਿੱਤਾ - ਸੀਰੀਆ 'ਤੇ ਸੈਨਿਕ ਹਮਲੇ ਦਾ ਪ੍ਰਸਤਾਵ ਖਾਰਜ

Posted on August 30th, 2013


ਲੰਡਨ- ਬਰਤਾਨਵੀਂ ਸੰਸਦ ਨੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੂੰ ਜੋਰਦਾਰ ਝਟਕਾ ਦਿੰਦਿਆਂ ਸੀਰੀਆ ਵਿਚ ਸੈਨਿਕ ਕਾਰਵਾਈ ਦਾ ਹਿੱਸਾ ਬਣਨ ਨਾਲ ਸਬੰਧਿਤ ਪ੍ਰਸਤਾਵ ਖਾਰਜ ਕਰ ਦਿੱਤਾ। ਬਰਤਾਨਵੀਂ ਸਰਕਾਰ ਨੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਦੀਆਂ ਫੌਜਾਂ ਵੱਲੋਂ ਪਿਛਲੇ ਹਫਤੇ ਬਾਗੀਆਂ ਖਿਲਾਫ ਰਸਾਇਣਕ ਹਥਿਆਰਾਂ ਦੀ ਵਰਤੋਂ ਕਰਨ 'ਤੇ ਉਸ ਖਿਲਾਫ ਸਖਤ ਸੈਨਿਕ ਕਾਰਵਾਈ ਕਰਨ ਲਈ ਸੰਸਦ ਵਿਚ ਮਤਾ ਲਿਆਂਦਾ ਸੀ, ਜਿਸ ਨੂੰ ਬਰਤਾਨੀਆਂ ਦੇ ਹੇਠਲੇ ਸਦਨ 'ਹਾਊਸ ਆਫ ਕਾਮਨਜ਼' ਨੇ 272 ਦੇ ਮੁਕਾਬਲੇ 285 ਵੋਟਾਂ ਨਾਲ ਰੱਦ ਕਰ ਦਿੱਤਾ। 

ਹਾਊਸ ਆਫ ਕਾਮਨਜ਼ ਵਿਚ ਸੱਤ ਘੰਟਿਆਂ ਤੋਂ ਵੀ ਵੱਧ ਸਮਾਂ ਚੱਲੀ ਬਹਿਸ ਤੋਂ ਬਾਅਦ ਬੀਤੀ ਦੇਰ ਰਾਤ ਹੋਈ ਵੋਟਿੰਗ ਦੇ ਦੌਰਾਨ ਸੱਤਾਧਰੀ ਕੰਜਰਵੇਟਿਵ ਪਾਰਟੀ ਦੇ 30 ਸੰਸਦ ਮੈਂਬਰਾਂ ਨੇ ਪਾਰਟੀ ਲੀਹਾਂ ਤੋਂ ਉਪਰ ਉੱਠ ਕੇ ਪ੍ਰਸਤਾਵ ਦੇ ਖਿਲਾਫ ਵੋਟ ਪਾਈ, ਇਸ ਤੋਂ ਇਲਾਵਾ ਲਿਬਰਲ ਡੈਮੋਕ੍ਰੇਟ ਪਾਰਟੀ ਦੇ 9 ਮੈਂਬਰਾਂ ਨੇ ਵੀ ਵਿਰੋਧੀ ਧਿਰ ਦਾ ਸਾਥ ਦਿੰਦਿਆਂ ਮਤੇ ਦੇ ਵਿਰੋਧ ਵਿਚ ਵੋਟ ਪਾਈ। ਇਸ ਦੇ ਨਾਲ ਹੀ ਡੇਵਿਡ ਕੈਮਰੂਨ ਬਰਤਾਨੀਆ ਦੇ ਅਜਿਹੇ ਪਹਿਲੇ ਪ੍ਰਧਾਨ ਮੰਤਰੀ ਬਣ ਗਏ ਹਨ ਜਿਨ੍ਹਾਂ ਯੁੱਧ ਅਤੇ ਸ਼ਾਂਤੀ ਦੇ ਮੁੱਦੇ 'ਤੇ ਹਾਊਸ ਆਫ ਕਾਮਨਜ਼ ਵਿਚ ਹਾਰ ਹੋਈ ਹੈ। 

ਵੋਟਿੰਗ ਤੋਂ ਬਾਅਦ ਹਾਊਸ ਆਫ ਕਾਮਨਜ਼ ਵਿਚ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਡੇਵਿਫਡ ਕੈਮਰੂਨ ਨੇ ਕਿਹਾ ਕਿ ਮੈਂ ਮਹਿਸੂਸ ਕਰਦਾ ਹਾਂ ਕਿ ਸੀਰੀਆ ਦੀਆਂ ਫੌਜਾਂ ਵੱਲੋਂ ਰਸਾਇਣਕ ਹਥਿਆਰਾਂ ਦੀ ਵਰਤੋਂ ਕਰਨ 'ਤੇ ਉਸ ਖਿਲਾਫ ਸਖਤ ਸੈਨਿਕ ਕਾਰਵਾਈ ਕਰਨ ਦੀ ਲੋੜ ਹੈ, ਪਰ ਮੈਂ 'ਹਾਊਸ ਆਫ ਕਾਮਨਜ਼' ਦੀ ਇੱਛਾ ਦਾ ਸਤਿਕਾਰ ਕਰਨ ਵਿਸ਼ਵਾਸ਼ ਰੱਖਦਾ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਇਹ ਸਪਸ਼ਟ ਹੋ ਗਿਆ ਹੈ ਕਿ ਬਰਤਾਨਵੀਂ ਸੰਸਦ ਇਹ ਨਹੀਂ ਚਾਹੁੰਦੀ ਕਿ ਬਰਤਾਨੀਆ ਸੀਰੀਆ ਖਿਲਾਫ ਸੈਨਿਕ ਕਾਰਵਾਈ ਕਰੇ। ਉਨ੍ਹਾਂ ਕਿਹਾ ਕਿ ਮੇਰੀ ਸਰਕਾਰ ਸੰਸਦ ਦੀ ਇਸ ਇੱਛਾ ਅਨੁਸਾਰ ਹੀ ਕੰਮ ਕਰੇਗੀ। ਇਸ ਤੋਂ ਬਾਅਦ ਬਰਤਾਨੀਆ ਦੇ ਪ੍ਰਧਾਨ ਮੰਤਰੀ ਦੇ ਦਫਤਰ ਦੇ ਇਕ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਤਾਨੀਆ ਸੀਰੀਆ ਖਿਲਾਫ ਸੈਨਿਕ ਕਾਰਵਾਈ ਵਿਚ ਹਿੱਸਾ ਨਹੀਂ ਲਵੇਗਾ।



Archive

RECENT STORIES