Posted on August 30th, 2013

ਨਵੀਂ ਦਿੱਲੀ- ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵਿਰੋਧੀ ਧਿਰ ਵਲੋਂ ਉਨ੍ਹਾਂ ਨੂੰ ਚੋਰ ਕਹਿਣ 'ਤੇ ਗੁੱਸੇ ਵਿਚ ਵਿਰੋਧੀ ਧਿਰ 'ਤੇ ਸਿੱਧਾ ਹਮਲਾ ਕੀਤਾ। ਭਾਜਪਾ ਵਲੋਂ ਨਿਸ਼ਾਨ ਬਣਾਏ ਜਾਣ 'ਤੇ ਦੁੱਖੀ ਹੋਏ ਡਾ. ਸਿੰਘ ਨੇ ਰਾਜ ਸਭਾ ਵਿਚ ਉਨ੍ਹਾਂ ਸਭਾਪਤੀ ਨੂੰ ਕਿਹਾ ਕਿ ਉਨ੍ਹਾਂ ਕਦੇ ਸੁਣਿਆਂ ਕਿ ਕਿਸੇ ਦੇਸ਼ ਵਿਚ ਸੰਸਦ ਮੈਂਬਰ 'ਪ੍ਰਧਾਨ ਮੰਤਰੀ ਚੋਰ ਹੈ' ਕਹਿਕੇ ਰੌਲਾ ਪਾਉਂਦੇ ਹੋਣ। ਕੀ ਤੁਸੀਂ ਇਸ ਤਰ੍ਹਾਂ ਦੇ ਦੇਸ਼ ਬਾਰੇ ਸੁਣਿਆਂ ਜਿਥੇ ਪ੍ਰਧਾਨ ਮੰਤਰੀ ਨੂੰ ਆਪਣੇ ਮੰਤਰੀਆਂ ਨਾਲ ਜਾਣ ਪਛਾਣ ਕਰਵਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ।
ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਅਰੁਨ ਜੇਤਲੀ ਨੇ ਤੁਰੰਤ ਕਿਹਾ ਕਿ ਤੁਸੀਂ ਇਸ ਤਰ੍ਹਾਂ ਦੇ ਕਿਸੇ ਦੇਸ਼ ਬਾਰੇ ਸੁਣਿਆਂ ਹੈ ਜਿਥੇ ਪ੍ਰਧਾਨ ਮੰਤਰੀ ਨੇ ਸੰਸਦ ਮੈਂਬਰਾਂ ਦੀ ਖਰੀਦ ਕਰਕੇ ਭਰੋਸੇ ਦਾ ਵੋਟ ਜਿੱਤਿਆ ਹੋਵੇ। ਇਸ ਪਿੱਛੋਂ ਸਦਨ ਵਿਚ ਸ਼ੋਰ ਸ਼ਰਾਬਾ ਸ਼ੁਰੂ ਹੋ ਗਿਆ। ਸ੍ਰੀ ਜੇਤਲੀ ਦਾ ਇਹ ਜ਼ਿਕਰ ਭਾਰਤ-ਅਮਰੀਕਾ ਪ੍ਰਮਾਣੂ ਸਮਝੌਤੇ ਦੇ ਮੁੱਦੇ 'ਤੇ ਖੱਬੀਆਂ ਪਾਰਟੀਆਂ ਵਲੋਂ ਹਮਾਇਤ ਵਾਪਸ ਲੈਣ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਵਲੋਂ ਜੁਲਾਈ 2008 ਵਿਚ ਭਰੋਸਾ ਦਾ ਵੋਟ ਜਿੱਤਣ ਨਾਲ ਸਬੰਧਤ ਸੀ।
ਸਰਕਾਰ ਦਾ ਵਿਰੋਧ ਕਰਨ ਅਤੇ ਅਲੋਚਨਾ ਕਰਨ ਲਈ ਭਾਜਪਾ 'ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਪਿਛਲੇ 9 ਸਾਲ ਦੇ ਰਿਕਾਰਡ 'ਤੇ ਝਾਤ ਮਾਰੀ ਜਾਵੇ ਤਾਂ ਮੁੱਖ ਵਿਰੋਧੀ ਧਿਰ ਨੇ ਕਦੇ ਵੀ ਇਸ ਤੱਥ ਨੂੰ ਸਵੀਕਾਰ ਨਹੀਂ ਕੀਤਾ ਕਿ ਉਸ ਨੂੰ 9 ਸਾਲ ਪਹਿਲਾਂ ਸੱਤਾ ਤੋਂ ਲਾਂਭੇ ਕਰ ਦਿੱਤਾ ਗਿਆ ਸੀ। ਸਦਨ ਦੀ ਕਾਰਵਾਈ ਵਿਚ ਬਾਰ ਬਾਰ ਵਿਘਨ ਪਾਉਣ ਅਤੇ ਸੱਤਾਧਾਰੀ ਅਤੇ ਭਾਜਪਾ ਮੈਂਬਰਾਂ ਵਿਚਕਾਰ ਝੜਪਾਂ ਦੇ ਰੌਲੇ ਰੱਪੇ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਸਰਕਾਰ ਨੂੰ ਕੰਮਕਾਜ ਨਹੀਂ ਕਰਨ ਦੇ ਰਹੀ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਬਿਹਤਰ ਪ੍ਰਸ਼ਾਸਨ ਦੇਣਾ ਅਤੇ ਆਰਥਿਕ ਸੰਕਟ ਨਾਲ ਲੜਨਾ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ। ਸਾਨੂੰ ਸਦਨ ਦੀ ਕਾਰਵਾਈ ਚਲਾਉਣ ਲਈ ਵਿਰੋਧੀ ਧਿਰ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਕੋਲਾ ਬਲਾਕਾਂ ਦੀ ਵੰਡ ਸਬੰਧੀ ਗੁੰਮ ਹੋਈਆਂ ਫਾਈਲਾਂ ਦੇ ਦੋਸ਼ ਤੋਂ ਇਹ ਕਹਿੰਦੇ ਹੋਏ ਬਚਣ ਦਾ ਯਤਨ ਕੀਤਾ ਅਤੇ ਕਿਹਾ ਕਿ ਉਹ ਕੋਲਾ ਮੰਤਰਾਲੇ ਦੀਆਂ ਫਾਈਲਾਂ ਦਾ ਰਖਵਾਲਾ ਨਹੀਂ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026