Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪੁਲੀਸ ਅਫ਼ਸਰਾਂ ਨੂੰ ਬਚਾਉਣ ਲਈ ਸੁਖਬੀਰ ਨੇ ਕੈਨੇਡਾ ਫੇਰੀ ਰੱਦ ਕੀਤੀ: ਬਾਜਵਾ

Posted on August 31st, 2013


ਜਲੰਧਰ- ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਸੂਬੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਰੱਦ ਹੋਈ ਕੈਨੇਡਾ ਫੇਰੀ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਹ ਫੇਰੀ ਪੰਜਾਬ ਪੁਲੀਸ ਦੇ ਉਨ੍ਹਾਂ ਅਫਸਰਾਂ ਨੂੰ ਬਚਾਉਣ ਖਾਤਰ ਰੱਦ ਕੀਤੀ ਹੈ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀਆਂ ਧੱਜੀਆਂ ਉਡਾਈਆਂ ਹਨ। ਬਾਜਵਾ ਜਲੰਧਰ ਛਾਉਣੀ ਹਲਕੇ ਦੇ ਪਿੰਡ ਧੀਣਾ ’ਚ ਕੀਤੀ ਗਈ ਰੈਲੀ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਪੰਜਾਬ ਕਾਂਗਰਸ ਪ੍ਰਧਾਨ ਨੇ ਦੋਸ਼ ਲਾਉਂਦਿਆਂ ਕਿਹਾ ਕਿ ਬਾਦਲ ਸਰਕਾਰ ਝੂਠੇ ਪੁਲੀਸ ਮੁਕਾਬਲਿਆਂ ਦੀ ਜਾਂਚ ਕਰਵਾਉਣ ਦੇ ਮਾਮਲੇ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਪੁਲੀਸ ਦਾ ਸਬ ਇੰਸਪੈਕਟਰ ਸੁਰਜੀਤ ਸਿੰਘ ਇਹ ਦੋਸ਼ ਲਾ ਰਿਹਾ ਹੈ ਕਿ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ 82 ਜਣਿਆਂ ਨੂੰ ਝੂਠੇ ਪੁਲੀਸ ਮੁਕਾਬਲਿਆਂ ਵਿੱਚ ਮਾਰਿਆ ਗਿਆ ਸੀ ਤਾਂ ਇਨ੍ਹਾਂ ਗੰਭੀਰ ਦੋਸ਼ਾਂ ਦੀ ਜਾਂਚ ਕਿਉਂ ਨਹੀਂ ਕਰਵਾਈ ਜਾ ਰਹੀ?

ਬਾਜਵਾ ਨੇ ਕਿਹਾ ਕਿ ਕੈਨੇਡਾ ਜਾਣ ਤੋਂ ਪਹਿਲਾਂ ਪੰਜਾਬ ਦੇ ਉਪ ਮੁੱਖ ਮੰਤਰੀ ਨੇ ਉੱਥੇ ਸਿੱਖਾਂ ਦਾ ਮਨ ਟਟੋਲਣ ਲਈ ਪੰਜਾਬ ਪੁਲੀਸ ਦੇ ਆਲ੍ਹਾ ਅਫਸਰਾਂ ਨੂੰ ਗੁਪਤ ਤੌਰ ’ਤੇ ਭੇਜਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਪੁਲੀਸ ਅਫਸਰਾਂ ਨੇ ਆ ਕੇ ਇਹੋ ਰਿਪੋਰਟ ਦਿੱਤੀ ਸੀ ਕਿ ਸੁਖਬੀਰ ਬਾਦਲ ਕੈਨੇਡਾ ਨਾ ਜਾਣ ਕਿਉਂਕਿ ਉੱਥੇ ਉਨ੍ਹਾਂ ਨੂੰ ਸ਼ਰਮਿੰਦਗੀ ਝੱਲਣੀ ਪੈ ਸਕਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਅਫਸਰਾਂ ਨੇ ਦੱਸਿਆ ਕਿ ਉੱਥੇ ਵੱਸਦੇ ਪੰਜਾਬੀਆਂ ਦੇ ਮਨਾਂ ਵਿੱਚ ਇਸ ਗੱਲ ਨੂੰ ਲੈ ਕੇ ਸਰਕਾਰ ਪ੍ਰਤੀ ਗੁੱਸਾ ਹੈ ਕਿ ਪੰਜਾਬ ’ਚ ਮਨੁੱਖੀ ਅਧਿਕਾਰਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਜਾ ਰਹੀ ਤਾਂ ਇਹ ਰਿਪੋਰਟ ਮਿਲਣ ਤੋਂ ਬਾਅਦ ਹੀ ਸੁਖਬੀਰ ਨੇ ਆਪਣੀ ਕੈਨੇਡਾ ਫੇਰੀ ਰੱਦ ਕੀਤੀ ਹੈ।

ਬਾਜਵਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਉਹ ਆਪਣੇ-ਆਪ ਨੂੰ ਸਿੱਖਾਂ ਦਾ ਮਸੀਹਾ ਅਖਵਾਉਂਦੇ ਹਨ ਪਰ ਉਹ ਇਨ੍ਹਾਂ ਝੂਠੇ ਪੁਲੀਸ ਮੁਕਾਬਲਿਆਂ ਬਾਰੇ ਲੱਗ ਰਹੇ ਦੋਸ਼ਾਂ ਦੀ ਜਾਂਚ ਕਰਵਾਉਣ ਬਾਰੇ ਚੁੱਪ ਧਾਰੀ ਬੈਠੇ ਹਨ। ਪ੍ਰਦੇਸ਼ ਪ੍ਰਧਾਨ ਨੇ ਅੱਗੇ ਕਿਹਾ ਕਿ ਕਾਂਗਰਸ, ਤਰਨ ਤਾਰਨ ਦੇ ਐੱਸ.ਐੱਸ.ਪੀ. ਰਾਜਜੀਤ ਸਿੰਘ ਜਿਸਨੇ ਆਪਣੇ-ਆਪ ਨੂੰ ਕਥਿਤ ਤੌਰ ’ਤੇ ‘ਮਰਿਆ’ ਹੋਣ ਦਾ ਸਰਟੀਫਿਕੇਟ ਹਾਸਲ ਕਰਕੇ ਆਪਣੀ ਲੜਕੀ ਲਈ ਐੱਮ.ਬੀ.ਬੀ.ਐੱਸ. ’ਚ ਦਾਖਲਾ ਲੈਣ ਦੀ ਕੋਸ਼ਿਸ਼ ਕੀਤੀ ਗਈ ਸੀ, ਵਿਰੁੱਧ ਅਤੇ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਵਿਰੁੱਧ ਹਾਈ ਕੋਰਟ ਵਿੱਚ ਜਨਹਿੱਤ ਪਟੀਸ਼ਨ ਦਾਇਰ ਕਰੇਗੀ। ਉਨ੍ਹਾਂ ਕਿਹਾ ਕਿ ਇਸ ਐੱਸ.ਐੱਸ.ਪੀ. ਵਿਰੁੱਧ ਪੰਜਾਬ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਪਰ ਕਾਂਗਰਸ ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਲਿਜਾਏਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਐਡਵੋਕੇਟ ਅਸ਼ੋਕ ਅਗਰਵਾਲ ਵਿਰੁੱਧ ਵੀ ਕਾਂਗਰਸ ਹਾਈ ਕੋਰਟ ’ਚ ਜਾਏਗੀ ਜਿਨ੍ਹਾਂ ਨੇ ਵਿਵਾਦਾਂ ’ਚ ਘਿਰੇ ਹੋਏ ਅਕਾਲੀ ਦਲ ਦੇ ਵਿਧਾਇਕ ਜੋਗਿੰਦਰ ਪਾਲ ਜੈਨ ਬਾਰੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਗੁੰਮਰਾਹ ਕੀਤਾ ਹੈ।



Archive

RECENT STORIES