Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਚੀਨ ਵੱਲੋਂ ਸੀਰੀਆ ਖ਼ਿਲਾਫ਼ ਇਕਤਰਫ਼ਾ ਅਮਰੀਕੀ ਕਾਰਵਾਈ ਦਾ ਵਿਰੋਧ

Posted on September 2nd, 2013


ਸੰਯੁਕਤ ਰਾਸ਼ਟਰ- ਸੀਰੀਆ ਵਿਚ ਰਸਾਇਣਕ ਹਥਿਆਰਾਂ ਦੀ ਜਾਂਚ ਕਰਨ ਵਾਲੀ ਸੰਯੁਕਤ ਰਾਸ਼ਟਰ ਦੀ ਟੀਮ ਵੱਲੋਂ ਇਕੱਤਰ ਕੀਤੇ ਗਏ ਨਮੂਨੇ ਲੈਬਾਰਟਰੀਆਂ ਵਿਚ ਭੇਜਣੇ ਸ਼ੁਰੂ ਕਰ ਦਿੱਤੇ ਗਏ ਹਨ। ਇਹ ਗੱਲ ਸਕੱਤਰ ਜਨਰਲ ਬਾਨ-ਕੀ-ਮੂਨ ਦੇ ਬੁਲਾਰੇ ਨੇ ਦੱਸੀ ਹੈ।

ਜਾਂਚ ਟੀਮ ਦੇ ਮੁਖੀ ਡਾ. ਅਲੀ ਸੈਲਸਾਟੌਰਮ ਅਤੇ ਸ੍ਰੀ ਬਾਨ ਵਿਚਾਲੇ ਟੈਲੀਫੋਨ ’ਤੇ ਹੋਈ ਗੱਲਬਾਤ ਤੋਂ ਬਾਅਦ ਮਾਰਟਿਨ ਨੈਸਿਰਕੀ ਨੇ ਦੱਸਿਆ ਕਿ ਇਹ ਸਾਰਾ ਕੰਮ ਉੱਚ ਮਿਆਰੀ ਵਿਧੀ ਮੁਤਾਬਕ ਕੀਤਾ ਜਾ ਰਿਹਾ ਹੈ।
ਇਸ ਦੌਰਾਨ, ਚੀਨ ਨੇ ਸੀਰੀਆ ਉੱਪਰ ਪੱਛਮੀ ਦੇਸ਼ਾਂ ਦੇ ਸੰਭਾਵੀ ਹਮਲੇ ਬਾਰੇ ਗਹਿਰੀ ਫਿਕਰਮੰਦੀ ਜ਼ਾਹਰ ਕਰਦਿਆਂ ਅਮਰੀਕਾ ਨੂੰ ਕਿਹਾ ਕਿ ਉਹ ਗੜਬੜ ਦੀ ਲਪੇਟ ’ਚ ਆਏ ਦੇਸ਼ ਖ਼ਿਲਾਫ ਇਕਪਾਸੜ ਕਾਰਵਾਈ ਨਾ ਕਰੇ।
ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੌਂਗ ਲੀ ਨੇ ਪੇਇਚਿੰਗ ਵਿਚ ਪੱਤਰਕਾਰਾਂ ਨੂੰ ਦੱਸਿਆ, ‘‘ਚੀਨ ਨੇ ਇਸ ਬਾਰੇ ਗਹਿਰਾ ਸਰੋਕਾਰ ਜ਼ਾਹਰ ਕੀਤਾ ਹੈ ਕਿ ਸਬੰਧਤ ਦੇਸ਼ (ਅਮਰੀਕਾ) ਵੱਲੋਂ ਇਕਪਾਸੜ ਕਾਰਵਾਈ ਕੀਤੀ ਜਾ ਰਹੀ ਹੈ।’’ ਉਨ੍ਹਾਂ ਕਿਹਾ, ‘‘ਕੌਮਾਂਤਰੀ ਭਾਈਚਾਰੇ ਵੱਲੋਂ ਕੀਤੀ ਜਾਣ ਵਾਲੀ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਤਹਿਤ ਸੰਯੁਕਤ ਰਾਸ਼ਟਰ ਦੇ ਚਾਰਟਰ ਅਤੇ ਕੌਮਾਂਤਰੀ ਸਬੰਧਾਂ ਦੇ ਮੂਲ ਨੇਮਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਸੀਰੀਆ ਦਾ ਮੁੱਦਾ ਹੋਰ ਨਾ ਉਲਝ ਜਾਵੇ ਅਤੇ ਉੱਥੋਂ ਦੇ ਲੋਕਾਂ ਦੀਆਂ ਮੁਸੀਬਤਾਂ ’ਚ ਵਾਧਾ ਨਾ ਹੋਵੇ।’’

ਉਨ੍ਹਾਂ ਕਿਹਾ ਕਿ ਚੀਨ ਨੇ ਸੰਯੁਕਤ ਰਾਸ਼ਟਰ ਵੱਲੋਂ ਨਿਰਪੱਖ ਢੰਗ ਨਾਲ ਕੀਤੀ ਜਾ ਰਹੀ ਜਾਂਚ ਦੀ ਹਮਾਇਤ ਕੀਤੀ ਹੈ ਅਤੇ ਇਸ ਦੇ ਨਤੀਜਿਆਂ ਤੋਂ ਹੀ ਸਾਨੂੰ ਪਤਾ ਚੱਲ ਸਕੇਗਾ ਕਿ ਕੀ ਰਸਾਇਣਕ ਹਥਿਆਰਾਂ ਦਾ ਇਸਤੇਮਾਲ ਕੀਤਾ ਗਿਆ ਸੀ ਅਤੇ ਇਹ ਕਿਸੇ ਨੇ ਕੀਤਾ ਸੀ। ਇਨ੍ਹਾਂ ਨਤੀਜਿਆਂ ਦੇ ਆਧਾਰ ’ਤੇ ਹੀ ਕੌਮਾਂਤਰੀ ਭਾਈਚਾਰਾ ਕਾਰਵਾਈ ਕਰ ਸਕਦਾ ਹੈ।

ਸੰਯੁਕਤ ਰਾਸ਼ਟਰ ਦੇ ਇਕ ਅਧਿਕਾਰੀ ਨੇ ਕਿਹਾ ਕਿ ਸੀਰੀਆ ਵਿਚ ਖ਼ਾਨਾਜੰਗੀ ਕਾਰਨ ਦੇਸ਼ ਦੀ ਇਕ ਤਿਹਾਈ ਆਬਾਦੀ ਬੇਘਰ ਹੋ ਗਈ ਹੈ ਅਤੇ ਮੁਸੀਬਤ ਦੇ ਮਾਰੇ ਲੋਕਾਂ ਲਈ ਕੌਮਾਂਤਰੀ ਇਮਦਾਦ ਬਹੁਤ ਘੱਟ ਹੈ। ਸੀਰੀਆ ਵਿਚ ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀਆਂ ਬਾਰੇ ਏਜੰਸੀ ਦੇ ਨੁਮਾਇੰਦੇ ਤਾਰਿਕ ਕੁਰਦੀ ਨੇ ਕਿਹਾ ਕਿ ਫੰਡਾਂ ਦਾ ਪਾੜਾ ਕਾਫੀ ਜ਼ਿਆਦਾ ਹੈ ਅਤੇ ਦਾਨੀ ਮੁਲਕਾਂ ਵੱਲੋਂ ਸ਼ਰਨਾਰਥੀਆਂ ਲਈ ਲੋੜੀਂਦੇ ਧਨ ’ਚੋਂ ਇਕ ਤਿਹਾਈ ਵੀ ਨਹੀਂ ਭੇਜਿਆ ਜਾ ਰਿਹਾ। ਸੀਰੀਆ ਵਿਚ ਢਾਈ ਸਾਲਾਂ ਤੋਂ ਚੱਲ ਰਹੀ ਖਾਨਾਜੰਗੀ ਕਾਰਨ 10000 ਮੌਤਾਂ ਹੋ ਚੁੱਕੀਆਂ ਹਨ। ਅਮਰੀਕੀ ਅਧਿਕਾਰੀਆਂ ਮੁਤਾਬਕ ਲੰਘੀ 21 ਅਗਸਤ ਨੂੰ ਰਾਜਧਾਨੀ ਦਮਸ਼ਕ ਲਾਗੇ ਕੀਤੀ ਗਏ ਰਸਾਇਣਕ ਹਮਲੇ ’ਚ 1000 ਤੋਂ ਵੱਧ ਲੋਕੀਂ ਮਾਰੇ ਗਏ ਸਨ।
ਸੀਰੀਆ ਦੀ ਬਸ਼ਰ ਅਲ-ਅਸਦ ਸਰਕਾਰ ਨੇ ਇਸ ਹਮਲੇ ’ਚ ਆਪਣੀ ਸ਼ਮੂਲੀਅਤ ਹੋਣ ਦੇ ਦੋਸ਼ਾਂ ਦਾ ਖੰਡਨ ਕਰਦਿਆਂ ਇਸ ਲਈ ਬਾਗੀਆਂ ਨੂੰ ਕਸੂਰਵਾਰ ਠਹਿਰਾਇਆ। ਉਂਜ ਅਮਰੀਕਾ ਜਾਂ ਅਸਦ ਸਰਕਾਰ ਦੋਵਾਂ ’ਚੋਂ ਕਿਸੇ ਨੇ ਵੀ ਆਪਣੇ ਦੇਸ਼ਾਂ ਦੇ ਹੱਕ ’ਚ ਕੋਈ ਸਬੂਤ ਪੇਸ਼ ਨਹੀਂ ਕੀਤਾ।

ਵਾਸ਼ਿੰਗਟਨ ’ਚ ਰਾਸ਼ਟਰਪਤੀ ਬਰਾਕ ਓਬਾਮਾ ਅਸਦ ਸਰਕਾਰ ਖ਼ਿਲਾਫ ਫੌਜੀ ਕਾਰਵਾਈ ਕਰਨ ਲਈ ਅਮਰੀਕੀ ਸੰਸਦ ਤੋਂ ਹਦਾਇਤ ਜੁਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਹਿਲਾਂ ਇਹ ਜਾਪ ਰਿਹਾ ਸੀ ਕਿ ਓਬਾਮਾ ਪ੍ਰਸ਼ਾਸਨ ਕਾਂਗਰਸ ਨੂੰ ਭਰੋਸੇ ’ਚ ਲਏ ਬਗੈਰ ਹੀ ਹਮਲਾ ਕਰ ਰਿਹਾ ਹੈ ਪਰ ਬਾਅਦ ਵਿਚ ਉਨ੍ਹਾਂ ਆਪਣਾ ਮਨ ਬਦਲ ਲਿਆ। ਇਸ ਸਬੰਧੀ ਤੇ ਉਪਰ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਕਾਂਗਰਸ ਦੇ 7 ਸਤੰਬਰ ਤੋਂ ਸ਼ੁਰੂ ਹੋ ਰਹੇ ਸੈਸ਼ਨ ਦੌਰਾਨ ਵੋਟਾਂ ਪਵਾਈਆਂ ਜਾ ਸਕਦੀਆਂ ਹਨ।    



Archive

RECENT STORIES