Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਅਮਰੀਕੀ ਅਦਾਲਤ ਵਲੋਂ ਸੋਨੀਆ ਗਾਂਧੀ ਨੂੰ ਸੰਮਨ ਜਾਰੀ

Posted on September 4th, 2013


ਕੈਲੀਫੋਰਨੀਆ-ਅਮਰੀਕਾ ਦੀ ਇਕ ਸੰਘੀ ਅਦਾਲਤ ਨੇ ਭਾਰਤ ਦੀ ਸੱਤਾਧਾਰੀ ਸਿਆਸੀ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਸੰਮਨ ਜਾਰੀ ਕੀਤੇ ਹਨ। ਇਹ ਸੰਮਨ ਉਨ੍ਹਾਂ ਨੂੰ ਨਵੰਬਰ 1984 ਦੌਰਾਨ ਸਿਖਾਂ ‘ਤੇ ਨਸਲਕੁਸ਼ੀ ਹਮਲੇ ਕਰਵਾਉਣ, ਸਾਜਿਸ਼ ਰਚਣ, ਸ਼ਹਿ ਦੇਣ ਅਤੇ ਦੋਸ਼ੀਆਂ ਨੂੰ ਪਨਾਹ ਵਾਲੇ ਆਪਣੀ ਪਾਰਟੀ ਦੇ ਆਗੂਆਂ, ਅਧਿਕਾਰੀਆਂ, ਮੈਂਬਰਾਂ ਅਤੇ ਵਰਕਰਾਂ ਨੂੰ ਬਚਾਉਣ ਤੇ ਉਨ੍ਹਾਂ ਦੀ ਪੁਸ਼ਤਪਨਾਹੀ ਕਰਨ ਬਦਲੇ ਜਾਰੀ ਕੀਤੇ ਗਏ ਹਨ।

ਅਮਰੀਕਾ ਸਥਿਤ ਮਨੁੱਖੀ ਅਧਿਕਾਰ ਜਥੇਬੰਦੀ ਸਿਖਸ ਫਾਰ ਜਸਟਿਸ ਅਤੇ ਨਵੰਬਰ 1984 ਦੇ ਪੀੜਤਾਂ ਵਲੋਂ ਸੋਨੀਆ ਗਾਂਧੀ ਖਿਲਾਫ ਏਲੀਅਨ ਟੋਰਟਸ ਕਲੇਮਸ ਐਕਟ (ਏ ਟੀ ਸੀ ਏ) ਅਤੇ ਟਾਰਚਰ ਵਿਕਟਿਮ ਪ੍ਰੋਟੈਕਸ਼ਨ ਐਕਟ (ਟੀ ਵੀ ਪੀ ਏ) ਤਹਿਤ ਮੁਕੱਦਮਾ ਦਾਇਰ ਕੀਤਾ ਗਿਆ ਹੈ। 3 ਸਤੰਬਰ ਨੂੰ ਨਿਊਯਾਰਕ ਦੀ ਪੂਰਬੀ ਜ਼ਿਲਾ ਅਦਾਲਤ ਵਿਚ ਦਾਇਰ ਕੀਤੇ ਗਏ ਇਸ ਮੁਕੱਦਮੇ (13 ਸੀ ਵੀ 4920) ਵਿਚ ਸਿਖਸ ਫਾਰ ਜਸਟਿਸ ਅਤੇ ਪੀੜਤਾਂ ਨੇ ਕਮਲ ਨਾਥ, ਸੱਜਣ ਕੁਮਾਰ, ਜਗਦੀਸ਼ ਟਾਈਟਲਰ ਅਤੇ ਕਾਂਗਰਸ ਪਾਰਟੀ ਦੇ ਹੋਰ ਆਗੂਆਂ ਨੂੰ ਉਨ੍ਹਾਂ ਵਲੋਂ ਮਨੁੱਖਤਾ ਖਿਲਾਫ ਕੀਤੇ ਅਪਰਾਧਾਂ ਲਈ ਬਚਾਉਣ ਵਿਚ ਨਿਭਾਈ ਭੂਮਿਕਾ ਲਈ ਕਾਂਗਰਸ ਪਾਰਟੀ ਦੀ ਪ੍ਰਧਾਨ ਤੋਂ ਮੁਆਵਜ਼ਾ ਅਤੇ ਨੁਕਸਾਨ ਪੂਰਤੀ ਦੀ ਮੰਗ ਕੀਤੀ ਗਈ ਹੈ।

ਅਮਰੀਕੀ ਅਦਾਲਤ ਵਿਚ ਸੋਨੀਆ ਗਾਂਧੀ ਖਿਲਾਫ ਦਾਇਰ ਕੀਤੀ ਗਈ 27 ਸਫਿਆਂ ਦੀ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ 15 ਅਗਸਤ 2013 ਨੂੰ ਉਨ੍ਹਾਂ ਦੀ ਅਗਵਾਈ ਵਾਲੀ ਪਾਰਟੀ ਕਾਂਗਰਸ (ਆਈ) ਦੇ ਵਰਕਰਾਂ ਨੇ ਤਿਲਕ ਵਿਹਾਰ ਨਵੀਂ ਦਿੱਲੀ ਵਿਚ ਹਮਲਾ ਕੀਤਾ ਗਿਆ ਸੀ ਜਿਥੇ ਨਵੰਬਰ 1984 ਸਿਖ ਨਸਲਕੁਸ਼ੀ ਦੇ ਜ਼ਿਆਦਾਤਰ ਪੀੜਤ ਤੇ ਵਿਧਵਾਵਾਂ ਰਹਿੰਦੀਆਂ ਹਨ। ਇਸ ਹਮਲੇ ਦਾ ਮਕਸਦ ਇਹੀ ਸੀ ਕਿ ਇਥੇ ਰਹਿੰਦੇ ਗਵਾਹਾਂ, ਮੁਦਈ ਧਿਰ ਦੇ ਮੈਂਬਰਾਂ ਨੂੰ ਨੁਕਸਾਨ ਪਹੁੰਚਾਇਆ ਜਾਵੇ ਤਾਂ ਜੋ ਉਨ੍ਹਾਂ ਦੀ ਪਾਰਟੀ ਦੇ ਮੈਂਬਰਾਂ, ਅਹੁਦੇਦਾਰਾਂ ਅਤੇ ਆਗੂਆਂ ਤੇ ਸਮਰਥਕਾਂ ਨੂੰ ਬਚਾਇਆ ਜਾ ਸਕੇ ਜਿਨ੍ਹਾਂ ਨੇ ਨਵੰਬਰ 1984 ਸਿਖ ਨਸਲਕੁਸ਼ੀ ਵਿਚ ਸਰਗਰਮ ਭੂਮਿਕਾ ਨਿਭਾਈ ਸੀ। ਹਮਲਾ ਕਰਨ ਵਾਲੇ ਕਾਂਗਰਸੀ ਪਾਰਟੀ ਦੇ ਵਰਕਰਾਂ ਨੂੰ ਪੁਲਿਸ ਦਾ ਪੂਰਾ ਸਮਰਥਨ ਪ੍ਰਾਪਤ ਸੀ ਤੇ ਇਸ ਵਿਚ ਕਈ ਸਿਖ ਜ਼ਖਮੀ ਹੋ ਗਏ ਸੀ। ਇਹ ਤਾਜ਼ਾ ਹਮਲਾ ਨਵੰਬਰ 1984 ਤੋਂ ਸ਼ੁਰੂ ਹੋਕੇ ਭਾਰਤ ਦੀ ਸਿਖ ਅਬਾਦੀ ‘ਤੇ ਕੀਤੇ ਗਏ ਨਸਲਕੁਸ਼ੀ ਹਮਲਿਆਂ ਦੀ ਕੜੀ ਦਾ ਹੀ ਹਿੱਸਾ ਸੀ।

ਇਸ ਮਾਮਲੇ ਵਿਚ ਜਿਊਰੀ ਟਰਾਇਲ ਦੀ ਮੰਗ ਕਰਦਿਆਂ ਸ਼ਿਕਾਇਤ ਵਿਚ ਅਗੇ ਦੋਸ਼ ਲਾਇਆ ਗਿਆ ਹੈ ਕਿ 1 ਨਵੰਬਰ ਤੋਂ 4 ਨਵੰਬਰ 1984 ਦੌਰਾਨ ਇਕ ਘੱਟ ਗਿਣਤੀ ਭਾਈਚਾਰਾ ਜਿਨ੍ਹਾਂ ਨੂੰ ਸਿਖ ਕਿਹਾ ਜਾਂਦਾ ਹੈ ਦੇ ਕਰੀਬ 30,000 ਮੈਂਬਰਾਂ ‘ਤੇ ਉਨ੍ਹਾਂ ਕਾਤਲ ਦਸਤਿਆਂ ਵਲੋਂ ਸੋਚੇ ਸਮਝੇ ਇਰਾਦੇ ਨਾਲ ਤਸ਼ਦਦ ਕੀਤਾ ਗਿਆ, ਬਲਾਤਕਾਰ ਕੀਤੇ ਗਏ ਤੇ ਕਤਲ ਕੀਤੇ ਗਏ ਸਨ ਜਿਨ੍ਹਾਂ ਨੂੰ ਸੱਤਾਧਾਰੀ ਸਿਆਸੀ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਉਰਫ ਕਾਂਗਰਸ (ਆਈ) ਵਲੋਂ ਭੜਕਾਇਆ ਗਿਆ ਤੇ ਹਥਿਆਰਾਂ ਨਾਲ ਲੈਸ ਕੀਤਾ ਗਿਆ ਸੀ।

ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਅਨੁਸਾਰ ਸੋਨੀਆ ਗਾਂਧੀ ਖਿਲਾਫ ਏ ਟੀ ਸੀ ਏ ਅਤੇ ਟੀ ਵੀ ਪੀ ਏ ਤਹਿਤ ਦਾਇਰ ਕੀਤਾ ਗਿਆ ਇਹ ਮੁਕੱਦਮਾ ਨਵੰਬਰ 1984 ਸਿਖ ਨਸਲਕੁਸ਼ੀ ਦੇ ਪੀੜਤਾਂ ਲਈ ਕੁਝ ਹੱਦ ਤੱਕ ਇਨਸਾਫ ਹਾਸਿਲ ਕਰਨ ਦੇ ਇਰਾਦੇ ਨਾਲ ਪ੍ਰੇਰਿਤ ਹੈ ਤੇ ਇਹ ਪੀੜਤਾਂ ਨੂੰ ਇਨਸਾਫ ਲਈ ਲਗਾਤਾਰ ਕੀਤੇ ਜਾ ਰਹੇ ਇਨਕਾਰ ਸਬੰਧੀ ਕੌਮਾਂਤਰੀ ਭਾਈਚਾਰੇ ਨੂੰ ਜਾਗਰੂਕ ਕਰੇਗਾ ਤੇ ਇਸ ਦਾ ਮਕਸਦ ਹੈ ਕਿ ਸੱਤਾ ਵਿਚ ਰਹਿਣ ਵਾਲੀਆਂ ਪਾਰਟੀਆਂ ਨੂੰ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਲਈ ਜਵਾਬਦੇਹ ਬਣਾਇਆ ਜਾਵੇ ਤੇ ਅਗੇ ਤੋਂ ਅਜਿਹੀਆਂ ਉਲੰਘਣਾਵਾਂ ‘ਤੇ ਰੋਕ ਲਾਈ ਜਾ ਸਕੇ।

ਸੋਨੀਆ ਗਾਂਧੀ ਦੀ ਪਾਰਟੀ ਜੋ ਕਿ ਉਦੋਂ ਤੇ ਹੁਣ ਸੱਤਾ ਵਿਚ ਹੈ ਨੇ ਸਿਖਾਂ ਖਿਲਾਫ ਨਸਲਕੁਸ਼ੀ ਦਾ ਅਪਰਾਧ ਕੀਤਾ ਹੈ ਜਿਵੇਂ ਕਿ ਨਸਲਕੁਸ਼ੀ ਅਪਰਾਧ ਦੀ ਰੋਕਥਾਮ ਅਤੇ ਸਜ਼ਾ ਬਾਰੇ ਯੂ ਐਨ ਕਨਵੈਨਸ਼ਨ ਦੀ ਧਾਰਾ 2 ਵਿਚ ਦਰਜ ਹੈ। ਅਟਾਰਨੀ ਪੰਨੂ ਨੇ ਅੱਗੇ ਕਿਹਾ ਕਿ ਆਪਣੀ ਪਾਰਟੀ ਦੇ ਲੀਡਰਾਂ ਤੇ ਵਰਕਰਾਂ ਦੀ ਪੁਸ਼ਤਪਨਾਹੀ ਕਰਨ ਲਈ ਕਾਂਗਰਸ ਪ੍ਰਧਾਨ ਨਸਲਕੁਸ਼ੀ ਕਨਵੈਨਸ਼ਨ ਤਹਿਤ ਗੁਨਾਹਗਾਰ ਮੰਨੀ ਜਾਵੇਗੀ।

ਨਿਊਯਾਰਕ ਦੀ ਪੂਰਬੀ ਜ਼ਿਲਾ ਅਦਾਲਤ ਦੇ ਜੱਜ ਕੋਗਨ ਨੇ ਭਾਰਤ ਦੀ ਸਿੱਖ ਅਬਾਦੀ ਵਿਰੁੱਧ ਨਸਲਕੁਸ਼ੀ ਅਪਰਾਧਾਂ ਵਿਚ ਦੰਡਯੋਗ ਕਾਰਵਾਈ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਖਿਲਾਫ ਮਨੁੱਖੀ ਅਧਿਕਾਰ ਦੇ ਕੇਸ ਨੂੰ ਸੂਚੀ ਬਧ ਕੀਤਾ ਹੈ। ਸੰਘੀ ਨਿਯਮਾਂ ਅਨੁਸਾਰ ਕਾਂਗਰਸ ਪ੍ਰਧਾਨ ਨੂੰ ਇਹ ਸੰਮਨ ਤੇ ਸ਼ਿਕਾਇਤ ਤਾਮੀਲ ਕਰਵਾਉਣ ਲਈ ਸਿਖ ਜਥੇਬੰਦੀ ਕੋਲ 120 ਦਿਨ ਦਾ ਸਮਾਂ ਹੈ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਇਸ ਵੇਲੇ ਅਮਰੀਕਾ ਵਿਚ ਹੀ ਹੈ।

ਅਟਾਰਨੀ ਪੰਨੂ ਜੋ ਕਿ ਨਿਊਯਾਰਕ ਵਿਚ ਮਨੁੱਖੀ ਅਧਿਕਾਰਾਂ ਦੇ ਕਾਨੂੰਨ ਦੀ ਪ੍ਰੈਕਟਿਸ ਕਰਦੇ ਹਨ ਨੇ ਕਿਹਾ ਕਿ ਨਵੰਬਰ 1984 ਸਿਖ ਨਸਲਕੁਸ਼ੀ ਜਿਹੜੀ ਕਿ ਸੋਨੀਆ ਗਾਂਧੀ ਦੀ ਪਾਰਟੀ ਕਾਂਗਰਸੀ (ਆਈ) ਦੇ ਮੈਂਬਰਾਂ, ਅਹੁਦੇਦਾਰਾਂ, ਵਰਕਰਾਂ ਅਤੇ ਸਮਰਥਕਾਂ ਵਲੋਂ ਯੋਜਨਾ ਬੱਧ ਤਰੀਕੇ ਨਾਲ ਕਰਵਾਈ ਗਈ ਸੀ, ਦੇ ਦੋਸ਼ੀਆਂ ਨੂੰ ਸੋਨੀਆ ਗਾਂਧੀ ਵਲੋਂ ਬਚਾਉਣਾ ਅਤੇ ਉਨ੍ਹਾਂ ਦੀ ਪੁਸ਼ਤਪਨਾਹੀ ਕਰਨਾ ਉਨ੍ਹਾਂ ਨੂੰ ਕੌਮਾਂਤਰੀ ਅਤੇ ਘਰੇਲੂ ਕਾਨੂੰਨਾਂ, ਕੌਮਾਂਤਰੀ ਸੰਧੀਆਂ ਅਤੇ ਸੰਘੀ ਕਾਨੂੰਨ ਤਹਿਤ ਜਵਾਬਦੇਹ ਬਣਾਉਂਦਾ ਹੈ।

ਸਿਖਸ ਫਾਰ ਜਸਟਿਸ ਦੇ ਨਾਲ ਕਾਂਗਰਸ ਪ੍ਰਧਾਨ ਖਿਲਾਫ ਇਹ ਮੁਕੱਦਮਾ ਕੈਲੀਫੋਰਨੀਆ ਰਹਿੰਦੇ ਮੁਹਿੰਦਰ ਸਿੰਘ ਵਲੋਂ ਵੀ ਦਾਇਰ ਕੀਤਾ ਗਿਆ ਹੈ ਜਿਨ੍ਹਾਂ ਦੀ ਪਤਨੀ ਦਿੱਲੀ ਵਿਚ 15 ਅਗਸਤ ਨੂੰ ਹੋਏ ਹਮਲੇ ਵਿਚ ਵਾਲ ਵਾਲ ਬਚ ਗਈ ਸੀ ਅਤੇ ਜਿਸ ਨੇ ਨਵੰਬਰ 1984 ਵਿਚ ਆਪਣੇ ਪਿਤਾ ਨੂੰ ਗਵਾਇਆ ਸੀ ਤੇ ਇਕ ਜਸਬੀਰ ਸਿੰਘ ਵੀ ਮੁਦਈ ਧਿਰ ਹੈ ਜੋ ਕਿ ਜਗਦੀਸ਼ ਟਾਈਟਲਰ ਖਿਲਾਫ ਅਹਿਮ ਗਵਾਹ ਹੈ ਜਿਸ ਨੇ ਨਵੰਬਰ 1984 ਦੌਰਾਨ ਕਾਤਲ ਦਸਤਿਆਂ ਦੀ ਅਗਵਾਈ ਕੀਤੀ ਸੀ।

ਸਿਖਸ ਫਾਰ ਜਸਟਿਸ ਅਤੇ ਪੀੜਤਾਂ ਨੇ ਸੋਨੀਆ ਗਾਂਧੀ ਖਿਲਾਫ ਇਹ ਮੁਕੱਦਮਾ ਆਪਣੇ ਅਤੇ ਹੋਰਨਾਂ ਪੀੜਤਾਂ ਦੀ ਤਰਫੋਂ ਦਾਇਰ ਕੀਤਾ ਗਿਆ ਹੈ ਜਿਨ੍ਹਾਂ ਨੂੰ ਨਵੰਬਰ 1984 ਸਿਖ ਨਸਲਕੁਸ਼ੀ ਦੌਰਾਨ ਗੰਭੀਰ ਸਰੀਰਕ ਸੱਟਾਂ , ਮਾਨਸਿਕ ਤੇ ਭਾਵੁਕ ਪ੍ਰੇਸ਼ਾਨ ਸਹਿਣੀ ਪਈ ਹੈ।



Archive

RECENT STORIES