Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬਿਕਰਮ ਮਜੀਠੀਏ ਦੀ ਸ਼ਹਿ 'ਤੇ ਥਾਣਾ ਮੁਖੀ ਵਲੋਂ ਅੰਮ੍ਰਿਤਧਾਰੀ ਸਿੱਖ ਦੀ ਦਾੜ੍ਹੀ ਕੱਟਣ ਦੇ ਦੋਸ਼

Posted on September 6th, 2013




ਥਾਣਾ ਮੁਖੀ ਨੇ ਦੋਸ਼ਾਂ ਨੂੰ ਮੁੱਢੋਂ ਹੀ ਨਕਾਰਿਆ 

ਅੰਮ੍ਰਿਤਸਰ- ਪੰਜਾਬ ਦੀ ਅਕਾਲੀ ਸਰਕਾਰ ਦੇ ਰਾਜ ਵਿੱਚ ਵਿਧਾਨ ਸਭਾ ਹਲਕਾ ਮਜੀਠਾ ਦੇ ਘੇਰੇ ਅੰਦਰ ਆਉਂਦੇ ਥਾਣਾ ਕੱਥੂਨੰਗਲ ਦੇ ਥਾਣਾ ਮੁਖੀ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਛੱਡ ਕੇ ਹਾਲ ਹੀ ਵਿੱਚ ਹੀ ਕਾਂਗਰਸ 'ਚ ਸ਼ਾਮਲ ਹੋਏ ਬਾਬਾ ਰਾਮ ਸਿੰਘ ਅਬਦਾਲ ਤੇ ਸਿਆਸੀ ਰੰਜਸ਼ ਤਹਿਤ ਭਾਰਤੀ ਦੰਡਾਵਲੀ ਦੀ ਧਾਰਾ 420 ਤਹਿਤ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਹੀ ਨਹੀ ਕੀਤਾ ਸਗੋਂ ਥਾਣੇ ਵਿੱਚ ਉਸ ਦੀ ਦਾੜ੍ਹੀ ਕੱਟ ਕੇ ਸਰਕਾਰ ਲਈ ਨਵੀ ਸਿਰਦਰਦੀ ਖੜੀ ਕਰ ਦਿੱਤੀ ਹੈ।

ਬਾਬਾ ਰਾਮ ਸਿੰਘ ਨੇ ਹਲਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਤੇ ਉਸ ਦੇ ਇਲਾਕੇ ਦੇ ਨੰਬਰਦਾਰ ਦਲਬੀਰ ਸਿੰਘ ਤੋ ਤੰਗ ਆ ਕੇ ਜਦੋਂ ਬੀਤੇ ਦਿਨੀਂ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਮੂਲੀਅਤ ਕਰ ਲਈ ਤਾਂ ਉਸ ਦਿਨ ਤੋ ਲੋਕਾਂ ਵਿੱਚ ਦੰਦ ਕਥਾ ਸ਼ੁਰੂ ਹੋ ਗਈ ਸੀ ਕਿ ਬਾਬਾ ਰਾਮ ਸਿੰਘ 'ਤੇ ਆਉਣ ਵਾਲੇ ਦਿਨ ਮੁਸੀਬਤ ਭਰੇ ਹੋਣਗੇ। ਬਾਬਾ ਰਾਮ ਸਿੰਘ ਜੋ ਅੰਮ੍ਰਿਤਧਾਰੀ ਨਿਤਨੇਮੀ ਸਿੰਘ ਹਨ, ਨੂੰ ਥਾਣਾ ਕੱਥੂਨੰਗਲ ਦੀ ਪੁਲੀਸ ਨੇ ਗ੍ਰਿਫ਼ਤਾਰ ਕਰਕੇ ਦੋ ਦਿਨਾਂ ਦਾ ਪੁਲੀਸ ਰਿਮਾਂਡ ਲਿਆ ਤੇ ਰਿਮਾਂਡ ਦੌਰਾਨ ਥਾਣਾ ਕੱਥੂਨੰਗਲ ਦੇ ਐਸ. ਐਚ. ਓ ਪ੍ਰੀਤ ਇੰਦਰ ਸਿੰਘ ਨੇ ਹਲਕਾ ਵਿਧਾਇਕ ਤੇ ਉਸ ਦੀ ਟੀਮ ਨੂੰ ਖੁਸ਼ ਕਰਨ ਲਈ ਤੀਸਰੇ ਦਰਜੇ ਦੇ ਤਰੀਕਿਆਂ ਨਾਲ ਤਸ਼ੱਦਦ ਕੀਤਾ। 

ਅਦਾਲਤ ਵਿੱਚ ਪੇਸ਼ੀ ਦੌਰਾਨ ਬਾਬਾ ਰਾਮ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਉਸ ਦੀ ਦਾੜ੍ਹੀ ਕੱਟ ਕੇ ਬੇਅਦਬੀ ਕੀਤੀ ਹੈ ਅਤੇ ਉਸ ਨਾਲ ਗ੍ਰਿਫ਼ਤਾਰ ਕੀਤੇ ਗਏ ਹੋਰ ਚਾਰ ਵਿਅਕਤੀਆਂ 'ਤੇ ਵੀ ਤਸ਼ੱਦਦ ਕਰਨ ਦੇ ਨਾਲ-ਨਾਲ ਉਹਨਾਂ ਦੇ ਕੇਸਾਂ ਦੀ ਵੀ ਬੇਅਦਬੀ ਕੀਤੀ ਗਈ ਹੈ।

ਬਾਬਾ ਰਾਮ ਸਿੰਘ ਨੇ ਦੱਸਿਆ ਕਿ ਦੱਸਿਆ ਕਿ ਉਸ ਦੇ ਵਿਰੁੱਧ ਵੱਖ ਵੱਖ ਥਾਣਿਆਂ ਵਿਚ ਝੂਠੇ ਤਿੰਨ ਪਰਚੇ ਦਰਜ ਕੀਤੇ ਗਏ ਹਨ। ਥਾਣਾ ਕੱਥੂਨੰਗਲ ਦੇ ਵਿਚ ਇਨ੍ਹਾਂ 'ਤੇ 420 ਦਾ ਇੱਕ ਝੂਠਾ ਪਰਚਾ ਦਰਜ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਪੁਲੀਸ ਨੇ ਇਸ ਕੇਸ ਵਿੱਚ ਉਹਨਾਂ ਨੂੰ ਗ੍ਰਿਫ਼ਤਾਰ ਕਰਕੇ ਪਹਿਲਾਂ ਹੀ ਤਸ਼ੱਦਦ ਕੀਤਾ ਤੇ ਫਿਰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਪੁਲਸ ਰਿਮਾਂਡ ਲਿਆ ਤੇ ਰਿਮਾਂਡ ਦੌਰਾਨ ਉਨ੍ਹਾਂ ਦੇ ਉਪਰ ਅੰਨ੍ਹਾ ਤਸ਼ੱਦਦ ਹੀ ਨਹੀ ਕੀਤਾ ਗਿਆ ਸਗੋਂ ਨਸ਼ੇ ਵਿੱਚ ਧੁੱਤ ਥਾਣਾ ਮੁਖੀ ਐਸ. ਐਚ. ਓ ਪ੍ਰੀਤ ਇੰਦਰ ਸਿੰਘ ਨੇ ਉਨ੍ਹਾਂ ਦੀ ਦਾੜੀ ਵੀ ਕੈਂਚੀ ਨਾਲ ਕੱਟ ਦਿੱਤੀ। ਉਨ੍ਹਾਂ ਕਿਹਾ ਕਿ ਭਾਵੇਂ ਸ਼੍ਰੋਮਣੀ ਕਮੇਟੀ 'ਤੇ ਬਾਦਲ ਦਲ ਦਾ ਕਬਜ਼ਾ ਹੋਣ ਕਾਰਨ ਉਹਨਾਂ ਨੂੰ ਇਨਸਾਫ ਦੀ ਕੋਈ ਆਸ ਨਹੀ ਹੈ ਪਰ ਫਿਰ ਉਹ ਆਪਣੀ ਕੇਸਾਂ ਦੀ ਕੀਤੀ ਗਈ ਬੇਅਦਬੀ ਦੀ ਫਰਿਆਦ ਸ੍ਰੀ ਅਕਾਲ ਤਖਤ ਸਾਹਿਬ 'ਤੇ ਲੈ ਕੇ ਜ਼ਰੂਰ ਜਾਣਗੇ। ਬਾਬਾ ਰਾਮ ਸਿੰਘ ਦੀ ਅਦਾਲਤ ਵਿੱਚ ਪੇਸ਼ੀ ਸਮੇਂ ਪੁਲਸ ਪ੍ਰਸ਼ਾਸਨ ਅਤੇ ਹਲਕਾ ਵਿਧਾਇਕ ਦੇ ਵਿਰੁੱਧ ਬਾਬਾ ਰਾਮ ਸਿੰਘ ਦੇ ਸਮਰਥਕਾਂ ਵੱਲੋਂ ਜ਼ਿਲ੍ਹਾ ਕਚਹਿਰੀ ਦੇ ਬਾਹਰ ਨਾਅਰੇਬਾਜ਼ੀ ਵੀ ਕੀਤੀ ਗਈ।

ਥਾਣਾ ਮੁਖੀ ਪ੍ਰੀਤ ਇੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਰਾਮ ਸਿੰਘ ਨੂੰ ਇੱਕ ਕੇਸ ਵਿੱਚ ਗ੍ਰਿਫ਼ਤਾਰ ਜ਼ਰੂਰ ਕੀਤਾ ਹੈ ਪਰ ਉਹਨਾਂ ਨੇ ਕਿਸੇ ਵੀ ਪ੍ਰਕਾਰ ਦਾ ਤਸ਼ੱਦਦ ਕਰਨ ਤੇ ਦਾੜ੍ਹੀ ਕੱਟਣ ਦੇ ਲਗਾਏ ਗਏ ਦੋਸ਼ਾਂ ਨੂੰ ਮੂਲੋ ਹੀ ਰੱਦ ਕਰਦਿਆਂ ਕਿਹਾ ਕਿ ਇਹ ਦੋਸ਼ ਪੁਲੀਸ ਨੂੰ ਬਦਨਾਮ ਕਰਨ ਦਾ ਛੜ ਯੰਤਰ ਹੈ। ਉਹਨਾਂ ਕਿਹਾ ਕਿ ਉਹ ਸਿੱਖੀ ਨਾਲ ਜੁੜੇ ਧਾਰਮਿਕ ਕਕਾਰਾਂ ਤੋ ਭਲੀ-ਭਾਂਤ ਵਾਕਫ਼ ਹਨ ਅਤੇ ਉਹਨਾਂ ਨੂੰ ਮਰਿਆਦਾ ਦਾ ਵੀ ਪੂਰਾ ਗਿਆਨ ਹੈ। ਉਹਨਾਂ ਕਿਹਾ ਕਿ ਉਹ ਨੌਕਰੀ ਛੱਡਣੀ ਤਾਂ ਕਬੂਲ ਕਰ ਲੈਣਗੇ ਪਰ ਕਿਸੇ ਵੀ ਵਿਅਕਤੀ ਦੇ ਧਾਰਮਿਕ ਕਰਾਰਾਂ ਦੀ ਬੇਅਦਬੀ ਕਰਨ ਬਾਰੇ ਸੋਚ ਵੀ ਨਹੀ ਸਕਦੇ। ਉਹਨਾਂ ਕਿਹਾ ਕਿ ਬਾਬਾ ਰਾਮ ਸਿੰਘ ਨੂੰ ਉਹਨਾਂ ਨੇ ਕਿਸੇ ਪੁੱਛ ਪੜਤਾਲ ਵਿੱਚ ਗੁਰਦਾਸਪੁਰ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਸੀ ਤੇ ਪੁੱਛ-ਗਿੱਛ ਕਰਨਾ ਤਾਂ ਪੁਲੀਸ ਦੀ ਡਿਊਟੀ ਹੈ।



Archive

RECENT STORIES