Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੰਨ 2250 ਵਿਚਲੇ ਪੰਜਾਬ ਦੇ ਭਵਿੱਖ ਦੀ ਦਾਸਤਾਨ: ਪਚੀਸਾ ਦੇਸ਼ ਦੇ ਲੋਕ (ਕਹਾਣੀ)

Posted on September 6th, 2013


ਲੇਖਕ - ਸੁਰਿੰਦਰ ਸਿੰਘ (ਸਾਬਕਾ ਹੋਸਟ - ਡੇਅ ਐਂਡ ਨਾਈਟ ਚੈਨਲ)
ਸਮਾਂ - ਆਥਣ ਵੇਲਾ
ਸੰਨ - 2250 ਈਸਵੀ

ਸਥਾਨ - ਹਰਿਆਣਾ ਅਤੇ ਪਚੀਸਾ ਦੇਸ਼ ਦੀ ਸਰਹੱਦ ਦੇ ਬਿਲਕੁਲ ਨੇੜੇ


ਵਿਲੀਅਮ ਜੱਟ ਹਾਈ ਟੈੱਕ ਗੱਡੀ ਚਲਾਉਂਦਾ ਹੋਇਆ ਵਾਰ-ਵਾਰ ਡੈਸ਼ ਬੋਰਡ 'ਤੇ ਲੱਗੀ ਹੋਈ ਸਕਰੀਨ 'ਤੇ ਪਿੱਛੇ ਬੈਠੀ ਹੋਈ ਸਵਾਰੀ ਵੱਲ ਦੇਖ ਰਿਹਾ ਹੈ। ਗੱਡੀ ਦੇ ਪਿਛਲੇ ਸੋਫ਼ੇ 'ਤੇ ਸ਼ੇਰ ਕੌਰ ਬੈਠੀ ਹੈ ਅਤੇ ਵਿਲੀਅਮ ਜੱਟ ਉਸ ਨੂੰ ਪਿੱਛਲੇ 30 ਮਿੰਟਾਂ ਤੋਂ ਜਦੋਂ ਤੋਂ ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਇੱਥੇ ਪਹੁੰਚੇ ਹਨ, ਉਦੋਂ ਤੋਂ ਹੀ ਪਚੀਸੇ ਦੇਸ਼ ਅੰਦਰ ਦਾਖਲਾ ਪਾਉਣ ਤੋਂ ਰੋਕਣ ਲਈ ਸਮਝਾ ਰਿਹਾ ਹੈ। ਪਰ ਵਿੱਚ ਵਿੱਚ ਉਹਦੀ ਉਤਸੁਕਤਾ ਵਧਦੀ ਜਾ ਰਹੀ ਹੈ ਕਿ ਸ਼ੇਰ ਕੌਰ ਨੂੰ ਉਸ ਦੇ ਦੇਸ਼ ਪਚੀਸੇ ਦਾ ਸਾਰਾ ਇਤਿਹਾਸ ਕਿਵੇਂ ਪਤਾ ਹੈ? ਪਚੀਸੇ ਦੇਸ਼ 'ਚ ਕਾਲ ਪੈਣ ਅਤੇ ਘਰੇਲੂ ਜੰਗ ਦੇ ਬਾਅਦ ਨਸ਼ਾ ਤੰਤਰ ਦੇ ਡੇਰੇ ਲੱਗਣ ਦੇ ਬਾਅਦ ਵਿਲੀਅਮ ਜੱਟ ਦੇ ਵਡੇਰਿਆਂ ਨੇ ਪਚੀਸਾ ਛੱਡ ਦਿਤਾ ਸੀ ਅਤੇ ਹੁਣ ਉਹ ਪਿਛਲੀਆਂ ਦੋ ਪੀੜ੍ਹੀਆਂ ਤੋਂ ਹਰਿਆਣਾ 'ਚ ਵਸ ਗਏ ਸਨ। ਪਚੀਸੀਆਂ ਦੇ ਹਾਕਮਾਂ ਅਤੇ ਉਨ੍ਹਾਂ ਦੇ ਕੌਲੀ-ਚੱਟਾਂ ਨੇ ਲੱਖਾਂ ਦੀ ਗਿਣਤੀ 'ਚ ਅਜਿਹੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ, ਜਿਹੜੇ ਉਨ੍ਹਾਂ ਦੀਆਂ ਰਾਜ ਕਰਨ ਦੀਆਂ ਸ਼ਰਤਾਂ ਨਹੀਂ ਮੰਨਦੇ ਸਨ। ਬਾਕੀ ਰਹਿ ਗਏ ਲੋਕਾਂ ਨੇ ਜਾਂ ਤਾਂ ਉਨ੍ਹਾਂ ਦੀ ਅਧੀਨਤਾ ਮੰਨ ਲਈ ਜਾਂ ਫਿਰ ਉਹ ਨੇੜਲੇ ਰਾਜਾਂ ਵੱਲ ਭੱਜ ਗਏ। ਕਰੀਬ ਸੌ ਸਾਲ ਇਹ ਵਰਤਾਰਾ ਚੱਲਿਆ ਅਤੇ ਹੁਣ ਪੂਰੀ ਤਰ੍ਹਾਂ ਪਚੀਸੀਆਂ ਦਾ ਰਾਜ ਹੈ। ਗੁਰੂ ਸੰਤ ਪ੍ਰਕਾਸ਼ ਉਨ੍ਹਾਂ ਦਾ ਧਾਰਮਿਕ ਗੁਰੂ ਹੈ। ਉਸ ਦੇ ਥਾਂ-ਥਾਂ 'ਤੇ ਬੁੱਤ ਲੱਗੇ ਹੋਏ ਹਨ। ਕਾਬੁਲ ਤੱਕ ਜਾਣ ਵਾਲੀ ਚੌੜੀ ਸੜਕ ਦਾ ਨਾਮ ਵੀ ਢਾਈ ਸਦੀਆਂ ਤੋਂ 'ਸੰਤ ਪ੍ਰਕਾਸ਼ ਰੋਡ' ਹੈ। ਪਚੀਸੀਆਂ ਦੀਆਂ ਔਰਤਾਂ ਦੀ ਹਾਲਤ 23 ਵੀਂ ਸਦੀ ਵਿੱਚ ਵੀ ਹਾਲਤ ਬਹੁਤ ਮਾੜੀ ਹੈ। ਔਰਤ ਖੁਦਕਸ਼ੀ ਨਾ ਕਰ ਲਵੇ ਇਸ ਲਈ ਉਸ ਤੇ ਦੋ-ਦੋ ਤਿੰਨ-ਤਿੰਨ ਮਰਦ ਪਹਿਰਾ ਦਿੰਦੇ ਹਨ। ਉਂਜ ਔਰਤਾਂ ਦੀ ਗਿਣਤੀ ਹਜ਼ਾਰ ਮਰਦਾਂ ਦੇ ਮੁਕਾਬਲੇ ਸਿਰਫ਼ 90 ਜਾਂ ਇੱਕ ਸੌ ਦੇ ਦਰਮਿਆਨ ਹੀ ਹੈ। ਸਦੀਆਂ ਪਹਿਲਾਂ ਮਾਦਾ ਭਰੂਣ ਹੱਤਿਆ ਦੀ ਪ੍ਰਥਾ ਨੇ ਪਚੀਸਾ ਦੇਸ਼ 'ਚ ਤਕਨੀਕੀ ਤੌਰ 'ਤੇ ਅਜਿਹਾ ਵਿਕਾਸ ਕਰ ਲਿਆ ਸੀ ਕਿ ਗਰਭਵਤੀ ਔਰਤ ਦੀ ਚਾਲ ਢਾਲ ਤੋਂ ਪਤਾ ਲਾ ਲਿਆ ਜਾਂਦਾ ਕਿ ਉਸ ਦੇ ਪੇਟ 'ਚ ਪਲ਼ ਰਿਹਾ ਗਰਭ ਮੁੰਡਾ ਹੈ ਜਾਂ ਕੁੜੀ।

ਸ਼ੇਰ ਕੌਰ ਪਚੀਸੇ ਦੇ ਇਤਿਹਾਸ ਬਾਰੇ ਵਿਲੀਅਮ ਜੱਟ ਨੂੰ ਬਹੁਤ ਸਹਿਜ ਵਿੱਚ ਸਮਝਾ ਰਹੀ ਹੈ, ''ਸਾਡੇ ਬਜ਼ੁਰਗ ਉੱਤਰੀ ਭਾਰਤ ਦੇ ਇਸ ਸਭ ਤੋਂ ਖੁਸ਼ਹਾਲ ਸੂਬੇ ਤੋਂ ਆਪਣੀਆਂ ਜਾਨਾਂ ਬਚਾ ਕੇ ਦੌੜੇ ਸਨ। ਹਰ ਪਾਸੇ ਹਰਿਆਲੀ ਸੀ ਅਤੇ ਲੋਕ ਇੱਕ ਦੂਜੇ ਨੂੰ ਪਿਆਰ ਕਰਨ ਵਾਲੇ ਸਨ। ਨਸ਼ੇ ਅਤੇ ਜ਼ਹਿਰੀਲੀ ਖੇਤੀ ਦੀ ਖੇਡ ਨੇ ਆਪਣਾ ਰੰਗ ਦਿਖਾਇਆ। ਸਿਆਸੀ ਲੋਕਾਂ ਨੇ ਧਰਤੀ ਅਤੇ ਇੱਥੋਂ ਦੇ ਲੋਕਾਂ ਦੇ ਹੱਕਾਂ ਨੂੰ ਵੇਚ ਦਿੱਤਾ।''

''ਬੱਟ ਹਾਉ ਬਿਕੱਮ ਦਿਸ ਕੰਟਰੀ ਪਚੀਸਾ, ਪਲੀਜ਼ ਟੈੱਲ ਮੀ?''- ਵਿਲੀਅਮ ਜੱਟ ਦੀ ਉਤਸੁਕਤਾ ਸਾਰਾ ਕੁਝ ਇੱਕੋ ਵਾਰ ਜਾਣ ਲੈਣਾ ਚਾਹੁੰਦੀ ਸੀ। ਉਹ ਇਸ ਗੱਲੋਂ ਵੀ ਹੈਰਾਨ ਸੀ ਕਿ ਤਕਨੀਕ ਦੇ ਜ਼ਮਾਨੇ 'ਚ ਇਹ ਸਭ ਕੁਝ ਪਹਿਲਾਂ ਕਿਉਂ ਨਹੀਂ ਜਾਣ ਸਕਿਆ।

''ਇਸ ਧਰਤੀ 'ਤੇ ਉਸ ਵੇਲੇ ਇੱਕ ਪਾਰਟੀ ਸੀ, ਜਿਸ ਦੇ ਲੀਡਰਾਂ ਨੇ ਇਹ ਐਲਾਨ ਕੀਤਾ ਸੀ ਕਿ ਅਸੀਂ ਇਸ ਜ਼ਮੀਨ 'ਤੇ ਰਹਿਣ ਵਾਲੇ ਲੋਕਾਂ 'ਤੇ ਪੱਚੀ ਸਾਲ ਰਾਜ ਕਰਾਂਗੇ। ਉਨ੍ਹਾਂ ਨੇ ਆਪਣੀ ਇਸ ਕਹਿਤ ਨੂੰ ਪੂਰਾ ਕਰ ਵਿਖਾਇਆ। ਬੱਸ, ਫਿਰ ਕੀ ਸੀ। ਪੱਚੀ-ਪੱਚੀ ਕਰਦਿਆਂ ਉਨ੍ਹਾਂ ਨੇ ਕਈ ਪੱਚੀ ਸਾਲ ਰਾਜ ਕੀਤਾ, ਜਿਸ ਦੇ ਬਾਅਦ ਇਸ ਦਾ ਨਾਮ ਪਚੀਸਾ ਪੈ ਗਿਆ। ਹੁਣ ਪਚੀਸੇ ਦਾ ਪੁਰਾਣਾ ਨਾਮ ਕਿਸੇ ਨੂੰ ਯਾਦ ਵੀ ਨਹੀਂ ਅਤੇ ਇਤਿਹਾਸ ਦੇ ਵਰਕਿਆਂ ਤੋਂ ਉਸ ਨਾਮ ਨੂੰ ਮਿਟਾ ਦਿਤਾ ਗਿਆ। ਜਿਹੜਾ ਪੈਸਾ, ਧਨ, ਦੌਲਤ ਉਨ੍ਹਾਂ ਨੇ ਪਹਿਲੇ ਪੱਚੀ ਸਾਲ ਵਿੱਚ ਇਕੱਠਾ ਕੀਤਾ ਸੀ ਉਹ ਹੌਲੀ ਹੌਲੀ ਉਨ੍ਹਾਂ ਲੀਡਰਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਖਤਮ ਕਰ ਦਿੱਤਾ ਅਤੇ ਨਾਲ ਹੀ ਆਪਣਾ ਧਰਮ, ਇਤਿਹਾਸ ਅਤੇ ਵਿਰਸਾ ਵੀ।'' ਸ਼ੇਰ ਕੌਰ ਬੋਲਦੀ ਗਈ।
ਸ਼ੇਰ ਕੌਰ ਦੇ ਵਡੇਰਿਆਂ ਨੇ ਅਮਰੀਕਾ 'ਚ ਰਹਿਣ ਦੇ ਬਾਵਜੂਦ ਆਪਣੀਆਂ ਜੜ੍ਹਾਂ ਬਾਰੇ ਇਤਿਹਾਸ ਨੂੰ ਕੁਝ ਸਾਫ਼ਟਵੇਅਰ ਤਕਨੀਕ ਦੇ ਜ਼ਰੀਏ ਬਚਾਅ ਕੇ ਰੱਖਿਆ ਸੀ ਅਤੇ ਇਸ ਸਾਫ਼ਟਵੇਅਰ ਨੂੰ ਪੀੜ੍ਹੀ ਦਰ ਪੀੜ੍ਹੀ ਸਾਂਭਿਆ ਗਿਆ ਸੀ। ਇਸੇ ਇਤਿਹਾਸ ਨੂੰ ਆਪਣੇ ਅੱਖੀਂ ਦੇਖ ਕੇ ਉਸ ਦੇ ਮਨ 'ਚ ਆਪਣੇ ਪੁਰਖਿਆਂ ਦੀ ਜਨਮ ਭੋਇੰ ਦੇਖਣ ਦੀ ਅਤੇ ਉਸ ਦੀ ਧੂੜ ਨੂੰ ਮੱਥੇ ਲਾਉਣ ਦੀ ਲਾਲਸਾ ਪੈਦਾ ਹੋਈ ਸੀ। ਇਸ ਤਰਾਂ ਅਮਰੀਕਾ ਦੇ ਰਾਸ਼ਟਰਪਤੀ ਜੋਗਾ ਸਿੰਘ ਦੀ ਪ੍ਰੇਰਣਾ ਅਤੇ ਹੱਲਾਸ਼ੇਰੀ ਨਾਲ ਉਹ ਪਚੀਸਾ ਦੇਸ਼ ਦਾ ਗੁਪਤ ਰੂਪ 'ਚ ਹਾਲ ਦੇਖਣ ਆ ਗਈ। ਸ਼ੇਰ ਕੌਰ ਨੇ ਅਮਰੀਕਾ 'ਚ ਸੌ ਸਾਲਾਂ ਤੋਂ ਵੱਧ ਉਮਰ ਦੇ ਕੁਝ ਪੰਜਾਬੀ ਬਜ਼ੁਰਗਾਂ ਦੀ ਮਦਦ ਨਾਲ ਪਚੀਸੇ ਦੀ ਧਰਤੀ ਬਾਰੇ ਹੋਰ ਜਾਣਕਾਰੀ ਲਈ ਉਸ ਵੇਲੇ ਦੇ ਗੁਰੂਆਂ-ਪੀਰਾਂ-ਫ਼ਕੀਰਾਂ ਬਾਰੇ ਵੀ ਜਾਣਿਆ। ਸਦੀਆਂ ਪਹਿਲਾਂ ਪਚੀਸੇ ਦੀ ਧਰਤੀ ਛੱਡ ਕੇ ਗਏ ਲੋਕਾਂ ਨੂੰ ਸੰਸਾਰ 'ਚ ਹਾਲੇ ਵੀ ਪੰਜਾਬੀ ਕਿਹਾ ਜਾਂਦਾ ਹੈ।

ਅਮਰੀਕਾ 'ਚ ਸਿੱਖ ਰਾਸ਼ਟਰਪਤੀ ਬਣਨ ਦੇ ਬਾਅਦ ਪਿਛਲੇ 7 ਸਾਲਾਂ ਤੋਂ ਲਗਾਤਾਰ ਇਹ ਕੋਸ਼ਿਸ਼ਾਂ ਹੋ ਰਹੀਆਂ ਹਨ ਕਿ ਕਿਵੇਂ ਨਾ ਕਿਵੇਂ ਪਚੀਸੇ ਦੀਆਂ ਔਰਤਾਂ ਅਤੇ ਬਾਕੀ ਲੋਕਾਂ ਦੀ ਜ਼ਿੰਦਗੀ 'ਚ ਸੁਧਾਰ ਲਿਆਂਦਾ ਜਾਵੇ ਅਤੇ ਉਨ੍ਹਾਂ ਲੋਕਾਂ ਨੂੰ ਅਸਲ ਸਿਧਾਂਤ ਦੇ ਨਾਲ ਜੋੜਿਆ ਜਾਵੇ। ਪਰ ਗੁਰੂ ਸੰਤ ਪ੍ਰਕਾਸ਼ ਅਜਿਹਾ ਬੀਜ ਲਾ ਕੇ ਗਿਆ ਸੀ ਹੁਣ ਉਸ ਬੀਜ ਤੋਂ ਬਣੇ ਜੰਗਲ ਨੂੰ ਖਤਮ ਕਰਨਾ ਇੰਨਾ ਕੁ ਮੁਸ਼ਕਲ ਸੀ ਕਿ ਅਮਰੀਕਾ ਦਾ ਹਰ ਹੀਲਾ ਵਸੀਲਾ ਨਾਕਾਮ ਹੋ ਗਿਆ। ਸ਼ੇਰ ਕੌਰ ਦੀ ਆਪਣੇ ਪੁਰਖਿਆਂ ਦੀ ਧਰਤੀ ਬਾਰੇ ਜਾਣਨ ਦੀ ਲਲਕ ਨੇ ਉਸ ਨੂੰ ਜ਼ਾਲਮ ਲੋਕਾਂ ਦੇ ਦੇਸ਼ ਪਚੀਸੇ ਦੀਆਂ ਬਰੂਹਾਂ 'ਤੇ ਲਿਆ ਖੜ੍ਹਾ ਕਰ ਦਿੱਤਾ। ਆਪਣੇ ਮਾਪਿਆਂ ਦੇ ਲੱਖ ਮਨ੍ਹਾਂ ਕਰਨ ਦੇ ਬਾਅਦ ਉਸ ਨੇ ਉਸ ਨੇ ਖੋਜ ਕਾਰਜ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਸੀ। ਪਰ ਅਖੀਰ ਅਮਰੀਕਾ ਦੇ ਰਾਸ਼ਟਰਪਤੀ ਜੋਗਾ ਸਿੰਘ ਨੇ ਉਸ ਨੂੰ ਪਚੀਸੇ ਜਾਣ ਲਈ ਹਾਂ ਕਰ ਦਿੱਤੀ ਸੀ। ਪਚੀਸੇ ਦੇ ਹੁਕਮਰਾਨਾਂ ਨੇ ਆਪਣੀ ਭਾਸ਼ਾ ਅਤੇ ਵਿਰਸੇ ਨੂੰ ਪੂਰੀ ਤਰਾਂ ਖਤਮ ਕਰ ਲਿਆ ਸੀ। ਉਹ ਪੱਛਮ ਦੇਸ਼ ਦੀ ਭਾਸ਼ਾ ਨੂੰ ਤੋੜ-ਮਰੋੜ ਕੇ ਬੋਲੀ ਜਾਣ ਵਾਲੀ ਭਾਸ਼ਾ ਨੂੰ ਸਰਕਾਰੀ ਮਾਨਤਾ ਦਿਵਾ ਕੇ ਘਰ-ਘਰ 'ਚ ਲਾਗੂ ਕਰਾਉਣ ਵਿੱਚ ਵੀ ਕਾਮਯਾਬ ਹੋ ਗਏ ਸਨ। ਨਸ਼ੇ 'ਚ ਅੰਨ੍ਹੇ ਹੋਏ ਪਚੀਸੀਆਂ ਨੇ ਆਪਣੇ ਗੁਰੂਆਂ ਦੇ ਧਾਰਮਿਕ ਗ੍ਰੰਥਾਂ ਨੂੰ ਖਤਮ ਕਰ ਦਿੱਤਾ। ਕੁਦਰਤ ਨੇ ਵੀ ਆਪਣਾ ਜ਼ੋਰ ਦਿਖਾ ਕੇ ਉਨ੍ਹਾਂ ਨੂੰ ਸਬਕ ਸਿਖਾਉਣਾ ਚਾਹਿਆ ਪਰ ਉਹ ਨਾ ਸੁਧਰੇ। ਕਿਸੇ ਵੇਲੇ ਚਾਰੋਂ ਪਾਸੇ ਹਰਿਆਲੀ ਅਤੇ ਖੁਸ਼ਹਾਲੀ ਦੀ ਮਹਿਕ ਖਿਲਾਰਦੀ ਧਰਤੀ ਹੌਲੀ-ਹੌਲੀ ਕੰਕਰੀਟ ਦੇ ਜੰਗਲ ਵਿੱਚ ਤਬਦੀਲ ਹੋ ਗਈ ਸੀ, ਜਿਹੜੀ ਅੱਜ ਮਾਰੂਥਲ ਬਣ ਚੁੱਕੀ ਹੈ। ਦੂਰ-ਦੂਰ ਤੱਕ ਰੇਤ ਦੇ ਟਿੱਬੇ ਹੀ ਦਿਖਾਈ ਦਿੰਦੇ ਹਨ। ਵਸੋਂ 35 ਲੱਖ ਦੇ ਕਰੀਬ ਰਹਿ ਗਈ ਹੈ।

ਇਸ ਤੋਂ ਪਹਿਲਾਂ ਅਮਰੀਕਾ ਸਰਕਾਰ ਕਈ ਵਾਰ ਕੋਸ਼ਿਸ਼ਾਂ ਕਰ ਚੁੱਕੀ ਸੀ ਕਿ ਪਚੀਸੇ ਦੀ ਧਰਤੀ 'ਤੇ ਕੋਈ ਹਰਾ ਬੂਟਾ ਉੱਗ ਸਕੇ। ਪਚੀਸੇ ਦੇ ਲੋਕਾਂ ਦੇ ਮਨ 'ਚ ਰਹਿਮ ਦੀ ਕੋਈ ਭਾਵਨਾ, ਮਨੁੱਖਤਾ ਦੀ ਕੋਈ ਭਾਵਨਾ ਜਾਗ ਸਕੇ। ਜਹਾਜ਼ਾਂ ਰਾਹੀਂ ਕਈ ਕਈ ਟਨ ਫ਼ਲਦਾਰ, ਫ਼ੁੱਲਦਾਰ ਦਰੱਖਤਾਂ ਅਤੇ ਅਨਾਜ ਦੇ ਬੀਜ ਸੁੱਟ ਕੇ ਖੁਸ਼ਹਾਲੀ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪਚੀਸੀਆਂ ਨੇ ਅਮਰੀਕਾ ਦੇ ਕਈ ਜਹਾਜ਼ ਫ਼ੁੰਡ ਲਏ। ਨਤੀਜਾ ਮਨੁੱਖਤਾ ਵਿਰੋਧੀ ਰਿਹਾ। ਪਿਆਰ ਨਾਲ ਅਤੇ ਤਾਕਤ ਨਾਲ ਵੀ ਯਤਨ ਕੀਤੇ ਗਏ। ਪਰ ਹਰ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਪਚੀਸੀਆ 'ਚ ਨਸ਼ੇ ਦਾ ਕਾਰੋਬਾਰ ਹੀ ਪ੍ਰਮੁੱਖ ਵਪਾਰ ਬਣ ਗਿਆ। ਘਰ-ਘਰ ਵਿੱਚ ਨਸ਼ਾ ਬਨਾਉਟੀ ਢੰਗ ਨਾਲ ਤਿਆਰ ਕੀਤਾ ਜਾਣ ਲੱਗਾ। ਪਚੀਸੀ ਨਸ਼ਾ ਕਰਨ ਦੇ ਬਾਅਦ ਖੂੰਖਾਰ ਹੋ ਜਾਂਦੇ ਅਤੇ ਫਿਰ ਆਪਣੀਆਂ ਹੀ ਧੀਆਂ-ਭੈਣਾਂ ਅਤੇ ਬੱਚਿਆਂ ਨਾਲ ਬਦ ਫ਼ੈਲੀਆਂ ਕਰਦੇ। ਜੇਕਰ ਕੋਈ ਬੱਚਾ ਜਾਂ ਔਰਤ ਉਨ੍ਹਾਂ ਨੂੰ ਨਾ ਮਿਲਦੀ ਤਾਂ ਉਹ ਆਪਣੇ ਪਸ਼ੂਆਂ ਨਾਲ ਹੀ ਕੁਕਰਮ ਕਰਦੇ। ਉਹ ਪਤਾ ਨਹੀਂ ਕਿਹੜੀ ਮਿੱਟੀ ਦੇ ਬਣ ਗਏ ਸਨ। ਸੰਸਾਰ ਤੋਂ ਪਿਆਰ ਦਾ ਸੁਨੇਹਾ ਲੈ ਕੇ ਪਚੀਸਾ 'ਚ ਆਏ ਕਿਸੇ ਵੀ ਬੰਦੇ ਨੂੰ ਉਨ੍ਹਾਂ ਜਿਊਂਦਿਆਂ ਵਾਪਸ ਨਹੀਂ ਜਾਣ ਦਿਤਾ। ਇਸ ਦੇ ਬਾਅਦ ਅਮਰੀਕਾ ਨੇ ਹਾਈ ਟੈੱਕ ਹਮਲਾ ਵੀ ਕੀਤਾ ਪਰ ਪਚੀਸੀਆਂ ਨੇ ਇਸ ਹਮਲੇ ਨੂੰ ਵੀ ਪਛਾੜ ਦਿੱਤਾ ਸੀ। ਪਚੀਸੇ ਦੇ ਨੇੜਲੇ ਰਾਜਾਂ ਨੇ ਹੰਭਲਾ ਮਾਰ ਕੇ ਆਪਣੀ ਆਪਣੀ ਸੁਰੱਖਿਆ ਲਈ ਕੰਡਿਆਲੀ ਵਾੜ ਲਾ ਦਿੱਤੀ ਸੀ ਅਤੇ ਆਪਣੇ ਕਿਸੇ ਵੀ ਨਾਗਰਿਕ ਨੂੰ ਨਾ ਤਾਂ ਪਚੀਸਾ ਰਾਜ ਅੰਦਰ ਵੜਨ ਦਿਤਾ ਜਾਂਦਾ ਸੀ ਅਤੇ ਨਾ ਹੀ ਕਿਸੇ ਪਚੀਸੀ ਨੂੰ ਆਪਣੇ ਰਾਜ ਅੰਦਰ ਆਉਣ ਦੀ ਇਜਾਜ਼ਤ ਸੀ। ਸੰਯੁਕਤ ਰਾਸ਼ਟਰ ਨੇ ਇਸ ਪਾਬੰਦੀ ਨੂੰ ਮਨੁੱਖਤਾ ਦੇ ਭਲੇ ਲਈ ਮਨਜ਼ੂਰ ਕਰ ਲਿਆ ਸੀ।

ਇਸ ਤਰਾਂ ਦੇ ਸਾਰੇ ਅਨੁਮਾਨ ਅਤੇ ਗਿਣਤੀਆਂ ਮਿਣਤੀਆਂ ਲਾ ਕੇ ਸ਼ੇਰ ਕੌਰ ਇੰਡੀਆ ਪਹੁੰਚ ਗਈ। ਪੁਰਾਤਨ ਸਿੱਖ ਮਾਰਸ਼ਲ ਆਰਟ ਅਤੇ ਅਮਰੀਕੀ ਫ਼ੌਜ ਤੋਂ ਕਮਾਂਡੋ ਟਰੇਨਿੰਗ ਹਾਸਲ ਕਰਕੇ 700 ਸਾਲ ਪਹਿਲਾਂ ਗੁਰੂ ਗੋਬਿੰਦ ਸਿੰਘ ਦੇ ਕਥਨ ਅਨੁਸਾਰ ਸਵਾ ਸਵਾ ਲੱਖ ਨਾਲ ਲੜਨ ਦਾ ਨਿਸ਼ਚਾ ਕਰਕੇ ਆਈ ਸੀ। ਉਸ ਨੂੰ ਦੂਰ ਦੂਰ ਤੱਕ ਦਿਖਾਈ ਦੇ ਰਹੇ ਰੇਤ ਦੇ ਟਿੱਬਿਆਂ ਦੇ ਪਾਰ ਕੁਝ ਵੀ ਦੇਖਣ ਦੀ ਕਲਪਨਾ ਕਰਨਾ ਮੁਸ਼ਕਲ ਹੋ ਰਿਹਾ ਸੀ।

ਅੱਖ ਦੇ ਫ਼ੋਰ ਨਾਲ ਵਿਲੀਅਮ ਜੱਟ ਗੱਡੀ ਪਚੀਸੇ ਦੇ ਬਾਰਡਰ 'ਤੇ ਲੈ ਆਇਆ। ਬਾਰਡਰ ਦੇ ਦੋਵੇਂ ਪਾਸੇ ਵਾੜ ਦੇ ਦਰਮਿਆਨ ਇੱਕ ਵੱਡਾ ਗੇਟ ਲੱਗਾ ਹੋਇਆ ਹੈ। ਖਸਤਾ ਹਾਲ 'ਚ ਗਰੀਬੀ ਦੇ ਮਾਰੇ ਅਤੇ ਭੁੱਖਮਰੀ ਦਾ ਸ਼ਿਕਾਰ ਬਹੁਤ ਸਾਰੇ ਲੋਕ ਬੱਸਾਂ 'ਚ ਬੈਠ ਕੇ ਹਰਿਆਣਾ 'ਚ ਦਾਖਲ ਹੁੰਦੇ ਹਨ। ਹਰਿਆਣਾ ਪੁਲਿਸ ਦੇ ਕੁਝ ਹਥਿਆਰਬੰਦ ਫੌਜੀ ਉਨ੍ਹਾਂ ਨੂੰ ਰੋਕਦੇ ਹਨ। ਉਨ੍ਹਾਂ ਦੀ ਚੰਗੀ ਤਰਾਂ ਤਲਾਸ਼ੀ ਲਈ ਜਾਂਦੀ ਹੈ। ਫੌਜੀ ਓਨ੍ਹਾਂ ਦੇ ਮੂੰਹ ਖੁੱਲ੍ਹਵਾ ਕੇ ਦੇਖਦੇ ਹਨ। ਇਹ ਸਾਰਾ ਕੁਝ ਹਾਲੇ ਚੱਲ ਰਿਹਾ ਹੁੰਦਾ ਹੈ ਕਿ ਸ਼ੇਰ ਕੌਰ ਵਿਲੀਅਮ ਨੂੰ ਹੈਰਾਨੀ ਨਾਲ ਪੁੱਛਦੀ ਹੈ, ''ਇਹ ਕੀ ਹੋ ਰਿਹਾ ਹੈ?''

''ਦੀਜ਼ ਪੀਪਲਜ਼ ਆਰ ਜੱਟਸ ਫ੍ਰਾਮ ਪਚੀਸਾ, ਦੇ ਆਰ ਗੋਇੰਗ ਟੂ ਵਰਕ ਇਨ ਬਿਹਾਰ। ਯੂ ਨੋ ਬਿਹਾਰ ਇਜ਼ ਵੈਰੀ ਰਿੱਚ ਸਟੇਟ।'' ਵਿਲੀਅਮ ਨੇ ਸਹਿਜ ਸੁਭਾ ਹੀ ਕਿਹਾ।

ਸ਼ੇਰ ਕੌਰ ਸੋਚਾਂ ਵਿੱਚ ਪੈ ਗਈ। ਵਿਲੀਅਮ ਜੱਟ ਗੱਡੀ ਤੋਂ ਉਤਰ ਕੇ ਫੌਜੀਆਂ ਕੋਲ ਗਿਆ ਅਤੇ ਉਸ ਨੇ ਗੱਡੀ ਵੱਲ ਇਸ਼ਾਰਾ ਕਰ ਕੇ ਕੁਝ ਗੱਲਬਾਤ ਕੀਤੀ। ਇਸ ਦੇ ਤੁਰੰਤ ਬਾਅਦ ਓਹ ਫੌਜੀ ਗੱਡੀ ਦੇ ਕੋਲ ਆ ਗਿਆ ਅਤੇ ਉਸ ਨੇ ਗੱਡੀ ਦੀ ਖਿੜਕੀ ਨਾਲ ਹੋ ਕੇ ਸ਼ੇਰ ਕੌਰ ਨੂੰ ਸੰਬੋਧਨ ਕੀਤਾ। ਹੁਣ ਤੱਕ ਸ਼ੇਰ ਕੌਰ ਨੇ ਖਿੜਕੀ ਦਾ ਸ਼ੀਸ਼ਾ ਥੱਲੇ ਕਰ ਲਿਆ ਸੀ। ''ਸੋ ਯੰਗ ਸਿੱਖ ਲੇਡੀ ਯੂ ਫ੍ਰਾਮ ਅਮਰੀਕਾ?'' ਫੌਜੀ ਨੇ ਸਵਾਲ ਕੀਤਾ। ''ਇਫ ਸੋ, ਯੂ ਕਾਂਟ ਗੋ ਇਨ ਪਚੀਸਾ।''
ਸ਼ੇਰ ਕੌਰ ਨੂੰ ਸ਼ਾਇਦ ਇਸ ਸਭ ਦਾ ਪਹਿਲਾਂ ਹੀ ਪਤਾ ਸੀ। ਉਸ ਨੇ ਆਪਣੀ ਪਛਾਣ ਦੱਸਣ ਲਈ ਇੱਕ ਪਲਾਸਟਿਕ ਦਾ ਫੋਟੋ ਵਾਲਾ ਕਾਰਡ ਫੌਜੀ ਦੀਆਂ ਅੱਖਾਂ ਅੱਗੇ ਕਰ ਦਿੱਤਾ। ਕਾਰਡ ਉੱਤੇ ਪੰਜਾਬੀ ਅਤੇ ਇੰਗਲਿਸ਼ ਵਿੱਚ ਲਿਖਿਆ ਹੋਇਆ ਸੀ ''ਵਿਸ਼ੇਸ਼ ਮਹਿਮਾਨ''। 

ਫੌਜੀ ਹਲਕਾ ਜਿਹਾ ਮੁਸਕਰਾਇਆ ਅਤੇ ਉਸ ਨੇ ਕਾਰਡ ਖਿੜਕੀ 'ਚੋਂ ਹੀ ਵਾਪਸ ਕਰ ਦਿੱਤਾ। ਇਸ ਦੇ ਨਾਲ ਹੀ ਉਸ ਨੇ ਗੱਡੀ ਨੂੰ ਗੇਟ ਰਾਹੀਂ ਪਚੀਸੇ ਅੰਦਰ ਜਾਣ ਲਈ ਆਪਣੇ ਸਾਥੀਆਂ ਨੂੰ ਹਰੀ ਲਾਇਟ ਦਿਖਾ ਦਿੱਤੀ।

ਗੇਟ ਦੇ ਨਾਲ ਖੜ੍ਹੇ ਸਾਰੇ ਫੌਜੀ ਇੱਕਦਮ ਪਿੱਛੇ ਹੋ ਗਏ। ਵਿਲੀਅਮ ਨੇ ਹੌਲੀ ਜਿਹੇ ਗੇਟ ਲੰਘਾ ਕੇ ਗੱਡੀ ਨੂੰ ਟਿੱਬਿਆਂ ਵਿੱਚੋਂ ਦੀ ਬਣੀ ਸੜਕ 'ਤੇ ਪਾ ਲਿਆ। ਇਸ ਤੋਂ ਪਹਿਲਾਂ ਕਿ ਓਹ ਤੇਜ਼ੀ ਫੜਦੇ, ਸ਼ੇਰ ਕੌਰ ਨੇ ਉਸ ਨੂੰ ਰੋਕ ਲਿਆ। ਵਿਲੀਅਮ ਹੈਰਾਨ ਸੀ। ਸ਼ੇਰ ਕੌਰ ਨੇ ਗੱਡੀ 'ਚੋਂ ਥੱਲੇ ਉਤਰਕੇ ਪਹਿਲਾਂ ਚਾਰੇ ਪਾਸੇ ਨਜ਼ਰ ਘੁਮਾਈ। ਫੇਰ ਉਸ ਨੇ ਗੋਡਿਆਂ ਪਰਨੇ ਹੋ ਕੇ ਰੇਤ ਬਣ ਚੁੱਕੀ ਧਰਤੀ ਨੂੰ ਨਮਸਕਾਰ ਕੀਤਾ। ਓਹ ਆਪਣੀਆਂ ਅੱਖਾਂ ਬੰਦ ਕਰਕੇ ਕਾਫੀ ਦੇਰ ਤੱਕ ਸ਼ਾਂਤ ਚਿੱਤ ਖੜ੍ਹੀ ਰਹੀ। ਫੇਰ ਓਹ ਗੱਡੀ 'ਚ ਬੈਠਣ ਲਈ ਵਾਪਸ ਮੁੜੀ ਤਾਂ ਵਿਲੀਅਮ ਤੋਂ ਰਿਹਾ ਨਾ ਗਿਆ, ''ਵਟ ਯੂ ਡੂਇੰਗ?''

''ਇਹ ਸਾਡੇ ਵਡੇਰਿਆਂ ਦੀ ਧਰਤੀ ਹੈ। ਕਈ ਪੀੜ੍ਹੀਆਂ ਬਾਅਦ ਇਸ ਥਾਂ 'ਤੇ ਪੈਰ ਰੱਖਿਆ ਹੈ। ਸਿਜਦਾ ਕਰਨਾ ਤਾਂ ਬਣਦਾ ਹੈ।''

''ਆਈ ਡੋਂਟ ਅੰਡਰਸਟੈਂਡ ਯੂਰ ਟਾਕ। ਯੂ ਆਰ ਵੈਰੀ ਸਟ੍ਰੇਂਜ।''

''ਤੈਨੂੰ ਇਹ ਗੱਲ ਜ਼ਰੂਰ ਸਮਝਣੀ ਪਵੇਗੀ। ਕਿਉਂਕਿ ਤੂੰ ਇਸ ਧਰਤੀ ਦੀ ਸੇਵਾ ਸੰਭਾਲਣੀ ਹੈ।''

''ਆਈ ਏਮ ਜਸਟ ਆ ਡ੍ਰਾਈਵਰ ਜੀ। ਦਿਸ ਇਸ ਏਨੱਫ਼ ਫਾਰ ਮੀ। ਦ ਸੇਕੰਡ ਥਿੰਗ ਇਜ, ਮਾਈ ਗ੍ਰੈਂਡ ਗ੍ਰੈਂਡ ਫਾਦਰ ਗਿਵ ਅੱਸ ਆ ਵਰਡ 'ਇਕ ਓਂਕਾਰ' ਆਈ ਯੂਜ਼ਡ ਟੂ ਰਿਪੀਟ ਇਟ, ਵੇਨ ਇਨ ਟ੍ਰਬਲ।'' ਵਿਲੀਅਮ ਨੇ ਆਪਣਾ ਪੱਲਾ ਝਾੜ ਦਿੱਤਾ।
ਇੰਨੀ ਗੱਲ ਸੁਣ ਕੇ ਸ਼ੇਰ ਕੌਰ ਦੀਆਂ ਅੱਖਾਂ 'ਚ ਚਮਕ ਤਾਰੀਆਂ ਮਾਰਨ ਲੱਗੀ। ਉਸ ਦਾ ਚਿਹਰਾ ਹੋਰ ਵੀ ਜ਼ਿਆਦਾ ਖਿੜ ਗਿਆ ਸੀ। - ''ਇਹੋ ਸ਼ਬਦ ਇੱਕੋ ਕਾਰਨ ਹੈ ਕਿ ਰੱਬ ਨੇ ਤੈਨੂੰ ਮੇਰੇ ਨਾਲ ਮਿਲਾਇਆ ਹੈ। ਹੁਣ ਤੇਰਾ ਕੰਮ ਸਿਰਫ ਇਹੋ ਵਰਡ ਨੂੰ ਵਾਰ-ਵਾਰ ਮਨ 'ਚ ਰਿਪੀਟ ਕਰਨਾ ਹੈ।'' ਸ਼ੇਰ ਕੌਰ ਨੂੰ ਹੁਣ ਤਸੱਲੀ ਹੋ ਗਈ ਕਿ ਓਹ ਆਪਣੇ ਨਿਸ਼ਚੇ 'ਚ ਕਾਮਯਾਬ ਜ਼ਰੂਰ ਹੋਵੇਗੀ। ''ਸ਼ੁਕਰ ਹੈ ਕੋਈ ਤਾ ਰੱਬ ਦਾ ਨਾਮ ਲੈਣ ਵਾਲਾ ਹੈ ਇਸ ਧਰਤੀ 'ਤੇ।'' ਉਹ ਆਪਣੇ ਆਪ 'ਚ ਹੀ ਬੋਲ ਪਈ।

''ਏਕਚੁਲੀ, ਦਿਸ ਬੀਕਮ ਆ ਹੈਬਿਟ ਨਾਓ। ਬਟ ਆਈ ਐਮ ਨਾਟ ਆ ਗੁੱਡ ਮੈਨ... ।'' ਇਹ ਕਹਿ ਕੇ ਵਿਲੀਅਮ ਨੇ ਆਪਣੀਆਂ ਅੱਖਾਂ ਸ਼ੇਰ ਕੌਰ ਦੇ ਚਿਹਰੇ ਵੱਲ ਸੁੱਟੀਆਂ। ਉਸਨੇ ਹਾਲੇ ਤੱਕ ਸ਼ੇਰ ਕੌਰ ਵੱਲ ਇਸ ਤਰਾਂ ਪੂਰੀ ਖੁੱਲੀ ਨਜ਼ਰ ਨਾਲ ਨਹੀਂ ਦੇਖਿਆ ਸੀ। ਸ਼ੇਰ ਕੌਰ ਕੋਈ ਡਰਾਉਣੀ ਸ਼ੈਅ ਨਹੀਂ ਸੀ ਬਲਕਿ ਸੁਰਗ ਲੋਕ 'ਚੋਂ ਉਤਰੀ ਕੋਈ ਦੇਵ ਸ਼ਕਤੀ ਜਾਪਦੀ ਸੀ। ਸਿਰ ਇਸ ਤਰਾਂ ਕੱਜਿਆ ਹੋਇਆ ਕਿ ਕੋਈ ਵਾਲ ਨਜ਼ਰ ਨਹੀਂ ਆਓਂਦਾ ਸੀ। ਉਸਦੇ ਮੂੰਹ ਨੂੰ ਛੱਡ ਕੇ ਸਰੀਰ ਦਾ ਸਾਰਾ ਹਿੱਸਾ ਕੱਜਿਆ ਹੋਇਆ ਸੀ। ਬੱਸ ਇੱਕ ਗਾਤਰੇ ਵਾਲੀ ਕਿਰਪਾਨ ਅਤੇ ਇੱਕ ਪਿੱਠੂ ਬੈਗ ਓਸਦਾ ਸਮਾਨ ਸਨ। ਗਲ ਵਿੱਚ ਇੱਕ ਯੰਤਰ ਸੀ, ਜਿਹੜਾ ਕਿਸੇ ਰਿਮੋਟ ਵਾਂਗ ਲਗਦਾ ਸੀ। ਰਿਮੋਟ ਕਾਹਦੇ ਲਈ ਹੈ ਇਸ ਦਾ ਕੁਝ ਪਤਾ ਨਹੀਂ ਸੀ। ਪਰ ਜਿਸ ਢੰਗ ਨਾਲ ਇਹ ਗਲ 'ਚ ਪਾਇਆ ਹੋਇਆ ਸੀ, ਇਸ ਤੋਂ ਇਹ ਤਾਂ ਲਗਭਗ ਸਪਸ਼ਟ ਸੀ ਕਿ ਇਹ ਬਹੁਤ ਹੀ ਮਹੱਤਵਪੂਰਨ ਚੀਜ਼ ਹੈ। ਉਸਦਾ ਲਾਲ ਸੂਹਾ ਰੰਗ ਅਤੇ ਉਸਦੀਆਂ ਅੱਖਾਂ ਦੀ ਚਮਕ ਤੋਂ ਜਾਪਦਾ ਸੀ ਕਿ ਉਸ ਨੇ ਆਪਣੇ ਆਪ ਨੂੰ ਜ਼ਬਤ 'ਚ ਕਰਨ ਲਈ ਕਿੰਨੀ ਮਿਹਨਤ ਕੀਤੀ ਹੋਏਗੀ। ਉਸਦੀ ਪ੍ਰਭਾਵਸ਼ਾਲੀ ਦਿੱਖ ਤੋਂ ਹੀ ਵਿਲੀਅਮ ਵੈਰਾਗਿਆ ਗਿਆ। ਜਿਵੇਂ ਹੀ ਉਸ ਨੇ ਸ਼ੇਰ ਕੌਰ ਦੇ ਚਿਹਰੇ 'ਤੇ ਨਜ਼ਰ ਮਾਰੀ ਤਾਂ ਓਹ ਅਵਾਕ ਰਹਿ ਗਿਆ। ਚਿਰਾਂ ਤੋਂ ਸੁੱਕੀਆਂ ਹੋਈਆਂ ਅੱਖਾਂ ਹੁਣ ਪਰਲ ਪਰਲ ਵਗ ਰਹੀਆਂ ਸਨ। ਓਹ ਧਾਹਾਂ ਮਾਰ ਮਾਰ ਰੋਣ ਲੱਗਾ। - ''ਪਲੀਜ਼ ਫਾਰਗਿਵ ਮੀ। ਐਮ ਸਾਰੀ। ਆਈ ਰਿਪੋਰਟਡ ਟੂ ਦ ਬੌਸ ਅਬਾਉਟ ਯੂ... । ਆਈ ਐਮ ਨਾਟ ਆ ਗੁੱਡ ਮੈਨ।''

''ਕੋਈ ਗੱਲ ਨਹੀਂ, ਘਬਰਾ ਨਾ। ਇਹ ਬਹੁਤ ਜ਼ਰੂਰੀ ਸੀ।'' - ਸ਼ੇਰ ਕੌਰ ਚੌਕਸ ਜਰੁਰ ਹੋ ਗਈ ਪਰ ਉਸ ਨੂੰ ਚਿੰਤਾ ਬਿਲਕੁਲ ਨਹੀਂ ਸੀ। - ''ਅੱਛਾ ਇਹ ਦੱਸ ਤੈਨੂੰ ਮੁਖਬਰੀ ਬਦਲੇ ਕੀ ਮਿਲਦਾ ਹੈ?''

''ਦੇ ਕੈਪਟ ਮਾਈ ਆਲ ਫੈਮਲੀ ਇਨ ਬਿੱਗ ਟੈਂਪਲ ਏਟ ਅਮੀਸਰ। ਆਲ ਲੇਡੀਜ਼ ਆਰ ਦੇਅਰ ਇਨ ਦ ਜੇਲ਼ .. ।'' - ਵਿਲੀਅਮ ਫੇਰ ਧਾਂਹੀਂ ਰੋ ਪਿਆ। ਓਸ ਦੇ ਪਰਿਵਾਰ ਦੇ ਕਈ ਜੀਆਂ ਨੂੰ ਅਮੀਸਰ ਦੇ ਵੱਡੇ ਮੰਦਰ 'ਚ ਕੈਦ ਕੀਤਾ ਹੋਇਆ ਸੀ। ਉਨ੍ਹਾਂ ਦੀਆਂ ਔਰਤਾਂ ਨੂੰ ਉੱਥੋਂ ਦੇ ਪੁਜਾਰੀ ਆਪਣੀ ਜਿਨਸੀ ਭੁੱਖ ਲਈ ਵਰਤਦੇ ਸਨ। ਵਿਲੀਅਮ ਓਹਨਾਂ 'ਚ ਸਾਰਿਆਂ ਤੋਂ ਨਰੋਆ ਹੋਣ ਕਾਰਨ ਉਸ ਨੂੰ ਦੂਜੀਆਂ ਸਟੇਟਾਂ ਤੋਂ ਔਰਤਾਂ ਲਿਆਉਣ ਲਈ ਵਰਤਿਆ ਜਾਂਦਾ ਸੀ। ਇਸ ਲਈ ਹੱਦ 'ਤੇ ਤੈਨਾਤ ਫੌਜੀਆਂ ਅਤੇ ਅਫਸਰਾਂ ਨਾਲ ਮਿਲੀਭੁਗਤ ਬਣਾਈ ਗਈ ਸੀ। ਦੂਜੀਆਂ ਸਟੇਟਾਂ ਨੂੰ ਇੱਕ ਔਰਤ ਲੰਘਾਉਣ ਬਦਲੇ ਵੀਹ ਜੱਟ ਮਜ਼ਦੂਰ ਮੁਫਤ 'ਚ ਕੰਮ ਕਰਨ ਲਈ ਦਿੱਤੇ ਜਾਂਦੇ ਸਨ ਅਤੇ ਨਾਲ ਹੀ ਨਸ਼ੇ ਦਾ ਪਊੁਡਰ ਪਚੀਸੇ ਲਈ ਵਾਧੂ ਮਾਤਰਾ 'ਚ ਮਿਲਦਾ ਸੀ। ਵਿਲੀਅਮ ਨੇ ਸ਼ੇਰ ਕੌਰ ਨੂੰ ਦੇਖ ਕੇ ਪਹਿਲਾਂ ਤਾਂ ਇਹੋ ਸੋਚਿਆ ਸੀ ਕੇ ਸੰਤ ਨੰਦ ਪ੍ਰਕਾਸ਼ ਉਸ ਦੇ ਸਾਰਿਆਂ ਜੀਆਂ ਨੂੰ ਛੱਡ ਦੇਵੇਗਾ। ਪਰ ਉਸਦੇ ਚਿਹਰੇ ਨੂੰ ਦੇਖ ਕੇ ਓਹਦਾ ਦਿਮਾਗ ਗੇੜਾ ਖਾ ਗਿਆ ਅਤੇ ਓਹ ਆਪਣੀ ਸੁਧ ਬੁਧ 'ਚ ਨਾ ਰਿਹਾ। ਓਸ ਨੂੰ ਸਾਰਾ ਕੁਝ ਕਲਪਤ ਜਿਹਾ ਨਜ਼ਾਰਾ ਲੱਗਣ ਲੱਗਾ ਅਤੇ ਓਹ ਆਪਣੇ ਆਪ ਨੂੰ ਹਲਕਾ ਫੁੱਲ ਮਹਿਸੂਸ ਕਰ ਰਿਹਾ ਸੀ। ਹੁਣ ਓਹ ਸ਼ੇਰ ਕੌਰ ਨੂੰ ਨੰਦ ਪ੍ਰਕਾਸ਼ ਦੇ ਚੁੰਗਲ 'ਚ ਫਸਣ ਤੋਂ ਬਚਾਉਣ ਦੀਆਂ ਤਰਕੀਬਾਂ ਘੜਨ ਲੱਗਾ। 

''ਮੈਨੂੰ ਨਹੀਂ ਪਤਾ ਤੇਰਾ ਨਾਮ ਵਿਲੀਅਮ ਤੂੰ ਇਹ ਸਾਰਾ ਕੁਝ ਕਿਉਂ ਕਰ ਰਿਹਾ ਹੈਂ.......। ਮੈਂ ਇੱਕ ਮਿਸ਼ਨ 'ਤੇ ਆਈ ਹਾਂ। ਪਚੀਸੇ ਦੀ ਇਸ ਧਰਤੀ ਨੂੰ ਸੁਰਗ ਬਣਾਉਣ ਲਈ। ਇਸ ਕੰਮ 'ਚ ਤੂੰ ਮੇਰਾ ਸਾਥ ਦੇਵੇਂਗਾ। ਇਹ ਪਹਿਲਾਂ ਤੋਂ ਹੀ ਨਿਰਧਾਰਤ ਹੈ।'' - ਸ਼ੇਰ ਕੌਰ ਗੱਲਾਂ ਕਰਦੀ ਜਾ ਰਹੀ ਸੀ ਅਤੇ ਵਿਲੀਅਮ ਹੱਥ ਜੋੜ ਕੇ ਖੜਾ ਸੀ।

ਸ਼ੇਰ ਕੌਰ ਕਿਸੇ ਅਲੌਕਿਕ ਸ਼ਕਤੀ ਦਾ ਅਹਿਸਾਸ ਹੋਣ ਵਾਂਗ ਆਪਣੇ ਆਲੇ ਦੁਆਲੇ ਦੀ ਟੋਹ ਲੈ ਰਹੀ ਸੀ। ਉਹ ਇਨਕਲਾਬ 'ਚੋਂ ਪੈਦਾ ਹੋਈ ਕੌਮ ਦੀ ਮੁੜ ਸੁਰਜੀਤੀ ਦੀ ਆਸ ਬਣ ਕੇ ਪਚੀਸੇ ਦੀ ਧਰਤੀ 'ਤੇ ਆਈ ਸੀ। ਪਚੀਸੇ ਦੇ ਹੁਕਮਰਾਨਾਂ ਨੂੰ ਰਾਜ ਅੰਦਰ ਸ਼ੇਰ ਕੌਰ ਦੇ ਦਾਖਲੇ ਦਾ ਪਹਿਲਾਂ ਹੀ ਪਤਾ ਲੱਗ ਚੁੱਕਾ ਸੀ। ਵਿਲੀਅਮ ਜੱਟ ਉਸ ਬਾਰੇ ਆਪਣੇ ਆਕਾਵਾਂ ਨੂੰ ਜਾਣਕਾਰੀ ਮੁਹਈਆ ਕਰ ਚੁੱਕਾ ਸੀ। ਕਿਉਂਕਿ ਪਚੀਸੇ ਦੀ ਧਰਤੀ 'ਤੇ ਕਦਮ ਰੱਖਣ ਵਾਲਾ ਕੋਈ ਬੰਦਾ ਆਪਣੀ ਖੈਰੀਅਤ ਦਾ ਖੁਦ ਜ਼ਿੰਮੇਵਾਰ ਸੀ। ਇਸ ਲਈ ਉਹ ਵਾਪਸ ਜਿਉਂਦਿਆਂ ਮੁੜੇਗਾ ਜਾ ਨਹੀਂ, ਇਹ ਪਚੀਸੀਆਂ 'ਤੇ ਨਿਰਭਰ ਕਰਦਾ ਸੀ। ਹਾਂ! ਸੋਨਾ, ਨਸ਼ਾ ਜਾਂ ਔਰਤ ਦੇ ਰੂਪ 'ਚ ਤੋਹਫ਼ਾ ਦੇਣ ਵਾਲਾ ਪਚੀਸਾ ਸਰਕਾਰ ਦਾ ਖਾਸ ਮਹਿਮਾਨ ਹੁੰਦਾ। ਉਸ ਦੀ ਰੱਜ ਕੇ ਸੇਵਾ ਕੀਤੀ ਜਾਂਦੀ। ਪਚੀਸੀ ਪੁਲਿਸ ਉਸ ਦੇ ਪੈਰ ਚੱਟਣ ਤੱਕ ਜਾਂਦੀ। ਪਰ ਜੇਕਰ ਬੰਦਾ ਹੁਕਮਰਾਨਾਂ ਦੇ ਹਿਸਾਬ ਸਿਰ ਨਾ ਬੈਠਦਾ ਤਾਂ ਬਲਾਤਕਾਰ, ਨਸ਼ੇ ਦੀ ਤਸਕਰੀ ਦਾ ਕੇਸ ਪਾ ਕੇ ਜੇਲ੍ਹ ਅੰਦਰ ਸੁੱਟ ਦਿੱਤਾ ਜਾਂਦਾ। ਜੇਕਰ ਉਹ ਬੰਦਾ ਕਿਸੇ ਖਾਸ ਵਰਗ ਨਾਲ ਜਾਂ ਕਿਸੇ ਆਪਣੀ ਪਾਰਟੀ ਨਾਲ ਹੀ ਸਬੰਧ ਰੱਖਦਾ ਤਾਂ ਉਸ ਨੂੰ ਕਿਸੇ ਸੜਕ ਹਾਦਸੇ ਮਰਿਆ ਦਿਖਾ ਦਿੱਤਾ ਜਾਂਦਾ। ਪਚੀਸੀ ਸਰਕਾਰ ਦੇ ਆਗੂਆਂ ਨੇ ਕੇਈ ਵਾਰ ਇੰਜ ਕੀਤਾ ਸੀ। ਜੇਕਰ ਕੋਈ ਭੈੜ ਜਾਂ ਬਦਨਾਮ ਹੋਇਆ ਬੰਦਾ ਸੇਰ ਨੂੰ ਸਵਾ ਸੇਰ ਹੋਣ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ 'ਸੰਤ ਅਮਲੀ ਦਫਤਰ' ਪਾਰਟੀ 'ਚ ਸ਼ਾਮਲ ਕਰ ਲਿਆ ਜਾਂਦਾ। ਜੇਕਰ ਫੇਰ ਵੀ ਘਿਓ ਨਾ ਨਿਕਲਦਾ ਤਾਂ 'ਸੰਤ ਅਮਲੀ ਦਫਤਰ' ਦੇ ਬੰਦੇ ਉਸ ਨੂੰ ਕੁੱਟ-ਕੁੱਟ ਮਾਰ ਦਿੰਦੇ।

ਕੁਝ ਅਜਿਹੇ ਹਾਲਾਤ 'ਚ ਸ਼ੇਰ ਕੌਰ ਇੱਕ ਜਨਾਨੀ ਹੋਣ ਦੇ ਬਾਵਜੂਦ ਇਕੱਲੀ ਕਾਰੀ ਪਚੀਸੇ ਦੀ ਧਰਤੀ ਨੂੰ ਹਰਾ ਕਰਨ ਨਿਕਲੀ ਸੀ। ਪਰ ਹਾਲਾਤ ਦੇ ਉਲਟ ਕੀ ਉਹ ਅਜਿਹਾ ਕਰਨ 'ਚ ਕਾਮਯਾਬ ਹੋ ਸਕੇਗੀ? ਆਪਣੇ ਆਪ 'ਚ ਇਹ ਇੱਕ ਵੱਡਾ ਸਵਾਲ ਸੀ। ਇਹੋ ਸਵਾਲ ਵਿਲੀਅਮ ਨੂੰ ਸਵਾਲ ਘੱਟ ਸ਼ੇਰ ਕੌਰ ਦਾ ਪਾਗਲਪਨ ਜ਼ਿਆਦਾ ਜਾਪਦਾ। ਪਚੀਸੀਆਂ ਦੇ ਕਰਿੰਦੇ ਵਿਲੀਅਮ ਜੱਟ ਦੇ ਮਨ 'ਚ ਬਾਸੀ ਕੜ੍ਹੀ ਕੀ ਉਬਾਲੇ ਖਾ ਰਹੀ ਹੈ, ਇਸ ਬਾਰੇ ਸ਼ੇਰ ਕੌਰ ਨੂੰ ਉਸ ਦੇ ਚਿਹਰੇ 'ਤੇ ਉੱਭਰ ਰਹੇ ਹਾਵਾਂ ਭਾਵਾਂ ਤੋਂ ਅਨੁਮਾਨ ਲੱਗ ਰਿਹਾ ਸੀ। ਸ਼ੇਰ ਕੌਰ ਲਈ ਖਾਸ ਗੱਲ ਇਹੋ ਸੀ ਕਿ ਪਚੀਸੀ ਹੁਕਮਰਾਨਾਂ ਦਾ ਜਿਹੜਾ ਬੰਦਾ ਸਰਕਾਰ ਲਈ ਕੰਮ ਕਰ ਰਿਹਾ ਸੀ, ਸ਼ੇਰ ਕੌਰ ਲਈ ਉਹੋ ਸਭ ਤੋਂ ਵਧ ਮਦਦਗਾਰ ਸਾਬਿਤ ਹੋਣ ਵਾਲਾ ਸੀ। ਇਸੇ ਸੋਚ ਨੇ ਸ਼ੇਰ ਕੌਰ ਨੂੰ ਹੋਰ ਬਲ ਬਖਸ਼ਿਆ ਅਤੇ ਓਹ ਵਿਲੀਅਮ ਜੱਟ ਨੂੰ ਪੂਰੀ ਤਰਾਂ ਤਿਆਰ ਕਰ ਲੈਣਾ ਚਾਹੁੰਦੀ ਸੀ। ''ਕੀ ਲਗਦਾ ਹੈ, ਮੈਂ ਇਸ ਧਰਤੀ ਨੂੰ ਮੁੜ ਤੋਂ ਹਰਿਆ ਭਰਿਆ ਕਰਨ 'ਚ ਕਾਮਯਾਬ ਹੋ ਸਕਾਂਗੀ?'' - ਉਸ ਨੇ ਇਸੇ ਕੜੀ ਵਜੋਂ ਵਿਲੀਅਮ ਨੂੰ ਸਵਾਲ ਕੀਤਾ।

''ਯੂ ਕਾਂਟ ਫਾਈਟ ਵਿੱਦ ਅਵਰ ਗਾਡ'' - ਪਚੀਸੀ ਲੋਕ ਸੰਤ ਪ੍ਰਕਾਸ਼ ਦੀ ਪੀੜ੍ਹੀ ਨੂੰ ਰੱਬ ਮੰਨਦੇ ਸਨ। ਵਿਲੀਅਮ ਦੇ ਜਵਾਬ ਦਾ ਸ਼ੇਰ ਕੌਰ 'ਤੇ ਕੋਈ ਅਸਰ ਨਹੀਂ ਹੋਣਾ ਸੀ, ਸੋ ਨਹੀਂ ਹੋਇਆ। ਇਸ ਲਈ ਉਸ ਨੇ ਆਪਣੀ ਗੱਲ ਸਹਿਜ ਨਾਲ ਜਾਰੀ ਰੱਖੀ।

''ਇਸ ਰੇਤਲੀ ਧਰਤੀ 'ਤੇ ਕਦੇ ਦਰਿਆ ਵਗਦੇ ਸਨ, ਹਰੀਆਂ ਕਚੂਰ ਫਸਲਾਂ ਲਹਿਰਾਉਂਦੀਆਂ ਸਨ। ਸਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਸਨ ਅਤੇ ਰੱਬ ਦੀਆਂ ਰਹਿਮਤਾਂ ਦੇ ਗੀਤ ਗਾਏ ਜਾਂਦੇ ਸਨ।''

''ਨਾਟ ਪਾਸਿਬਲ। ਬਟ ਅਵਰ ਪੀਪਲ ਸਿੰਗ ਸਾਂਗਸ ਇਨ ਪ੍ਰੇਜ਼ ਆਫ ਗੁਰੂ ਨੰਦ ਪ੍ਰਕਾਸ਼ ਜੀ।''

''ਨੰਦ ਪ੍ਰਕਾਸ਼ ਜਾਂ ਹੋਰ ਕੋਈ ਵੀ ਪ੍ਰਕਾਸ਼ ਤੁਹਾਡਾ ਗੁਰੂ ਨਹੀਂ ਹੋ ਸਕਦਾ। ਸਾਡੇ ਗੁਰੂਆਂ ਨੇ ਇਸ ਧਰਤੀ 'ਤੇ ਮਹਾਨ ਕਾਰਜ ਕੀਤੇ ਹਨ। ਜਿਨ੍ਹਾਂ ਨੂੰ ਸੰਗਰਸ ਅਤੇ ਅਮਲੀ ਦਫਤਰ ਵਾਲਿਆਂ ਨੇ ਭੁਲਾ ਦਿੱਤਾ ਹੈ। ਓਹ ਨਸ਼ੇ ਅਤੇ ਧੰਨ ਨੂੰ ਆਪਣਾ ਸਭ ਕੁਝ ਮੰਨ ਬੈਠੇ ਹਨ। ਦੋ ਸਦੀਆਂ ਤੋਂ ਪਚੀਸੇ ਦੇ ਲੋਕ ਆਪਣੇ ਅਸਲ ਨੂੰ ਭੁੱਲ ਚੁੱਕੇ ਹਨ, ਤੁਸੀਂ 10 ਗੁਰੂਆਂ ਦੀ ਬਾਣੀ ਨੂੰ ਵੀ ਭੁਲਾ ਦਿੱਤਾ ਹੈ।''

''ਦੇਅਰ ਆਰ ਟਵੰਟੀ ਫਾਈਵ ਪ੍ਰਕਾਸ਼ ਗੁਰੂਜ਼, ਨੋਬੋਡੀ ਐਲਸ ਇਜ਼ ਪਚੀਸੀ ਗਾਡ। ਨੰਦ ਪ੍ਰਕਾਸ਼ ਇਜ਼ ਅਵਰ ਗੁਰੂ, ਹੀ ਇਜ਼ ਵੈਰੀ ਪਾਵਰਫੁੱਲ, ਐਂਡ ਸੀ ਐਮ'' - ਵਿਲੀਅਮ ਜੱਟ ਨੇ ਪਚੀਸੀ ਲੋਕਾਂ ਦੀ ਵਿਚਾਰਧਾਰਾ ਨੂੰ ਉਘਾੜ ਕੇ ਰੱਖ ਦਿੱਤਾ।
''ਤੁਹਾਨੂੰ ਲੋਕਾਂ ਨੂੰ ਇਹ ਕਿਸ ਨੇ ਕਿਹਾ ਹੈ ਕਿ ਸੰਤ ਪ੍ਰਕਾਸ਼ ਹੀ ਤੁਹਾਡਾ ਗੁਰੂ ਹੈ?'' - ਸ਼ੇਰ ਕੌਰ ਨੇ ਇਹ ਸਵਾਲ ਹੈਰਾਨੀ ਨਾਲ ਪੁੱਛਿਆ ਸੀ।

''ਬਿਗ ਟੈਂਪਲ ਕਮੇਟੀ ਪ੍ਰੈਜ਼ੀਡੈਂਟ ਟੋਲਡ ਅੱਸ, ਐਂਡ ਟੈਂਪਲ ਹੈੱਡ ਪੁਜਾਰੀ ਆਰਡਰ ਟੂ ਓਬੇਅ ਦਿਸ ਵਰਡਿਕਟ.......ਐਂਡ ਯੂ ਨੋਅ, ਦਿਸ ਇਜ ਗਾਡਜ਼ ਆਰਡਰ।''

ਸ਼ੇਰ ਕੌਰ ਨੇ ਠੰਡਾ ਅਤੇ ਲੰਮਾ ਸਾਹ ਲਿਆ। ਹਾਲਾਂਕਿ ਜਿੱਥੇ ਓਹ ਖੜੇ ਸਨ, ਓਥੋਂ ਦਾ ਵਾਤਾਵਰਣ ਅਜਿਹਾ ਨਹੀਂ ਸੀ ਕਿ ਲੰਮਾ ਸਾਹ ਲਿਆ ਜਾਂਦਾ। ਹਵਾ 'ਚ ਅਜੀਬ ਕਿਸਮ ਦੀ ਗੰਧ ਫੈਲੀ ਹੋਈ ਸੀ, ਜਿਹੜੀ ਸ਼ੇਰ ਕੌਰ ਨੂੰ ਬੇਚੈਨ ਕਰ ਰਹੀ ਸੀ। ਪਰ ਪਚੀਸੀ ਲੋਕ ਇਸ ਦੇ ਆਦੀ ਹੋ ਚੁੱਕੇ ਸਨ। ਗੱਲਾਂ ਕਰਦਿਆਂ ਹਨੇਰਾ ਹੋ ਚੁੱਕਾ ਸੀ। ਸ਼ੇਰ ਕੌਰ ਨੇ ਦੂਰ ਤੱਕ ਆਪਣੀ ਨਜ਼ਰ ਦੌੜਾਈ ਤਾਂ ਕਿਤੇ-ਕਿਤੇ ਬਲਦੀਆਂ ਲਾਟਾਂ ਦਿਖਾਈ ਦੇਣ ਲੱਗੀਆਂ ਸਨ। ਇੱਕ ਪਲ ਲਈ ਸੋਚਣ ਦੇ ਬਾਅਦ ਓਹ ਵਿਲੀਅਮ ਵੱਲ ਵਧੀ।

- ''ਆਪਣੀ ਜ਼ਿੰਦਗੀ 'ਚ ਕਦੇ ਕੋਈ ਨਸ਼ਾ ਕੀਤਾ ਹੈ?''

''ਨੋ।'' - ਵਿਲੀਅਮ ਨੇ ਤੁਰੰਤ ਜਵਾਬ ਦਿੱਤਾ।

''ਨਸ਼ੇ ਦੀ ਧਰਤੀ 'ਤੇ ਇਹ ਸੰਭਵ ਨਹੀਂ ਜਾਪਦਾ। ਇਹ ਕਿਵੇਂ ਹੋ ਸਕਦਾ ਹੈ?'' - ਸ਼ੇਰ ਕੌਰ ਨੂੰ ਵਿਲੀਅਮ ਦੀ ਗੱਲ ਝੂਠ ਜਾਪ ਰਹੀ ਸੀ।

''ਨੋ! ਨੈਵਰ, ਦੇਅ ਡੋਂਟ ਅਲਓਅ ਮੀ ਟੂ ਡੂ ਦ ਥਿੰਗਸ਼'

''ਕਿਉਂ?'' - ਸ਼ੇਰ ਕੌਰ ਲਈ ਇਹ ਹੈਰਾਨੀ ਦੀ ਵੱਡੀ ਗੱਲ ਸੀ।

''ਆਈ ਐਮ ਦੇਅਰ ਗੁੱਡ ਮੈਨ ਟੂ ਡੂ ਸਮ ਬਿਗ ਵਰਕ... ਸੋ ਦੈਟਸ ਵਾਇ ਦੇਅ ਕੀਪ ਕਲੋਜ਼ ਆਈ ਆਨ ਮੀ... ਬਟ ਆਈ ਹੇਟ ਡ੍ਰੱਗਸ। ਵੈਨ ਦੇਅ ਟੁੱਕ ਡ੍ਰੱਗਸ ਦੇਅ ਬਿਕੱਮ ਐਨੀਮਲਸ਼... '' - ਕਹਿੰਦਿਆਂ ਵਿਲੀਅਮ ਦੇ ਚਿਹਰੇ 'ਤੇ ਤਣਾਅ ਉਭਰ ਆਇਆ ਅਤੇ ਉਸ ਨੇ ਆਪਣੇ ਸਿਰ ਤੇ ਲਾਇਆ ਹੈਡ ਫੋਨ ਲਾਹ ਕੇ ਪਰਾਂਹ ਵਗਾਹ ਮਾਰਿਆ..

''ਇਹ ਕਿਉਂ ਸੁੱਟਿਆ?'' - ਵਿਲੀਅਮ ਦੀ ਹਰਕਤ 'ਤੇ ਹੈਰਾਨ ਹੁੰਦਿਆਂ ਸ਼ੇਰ ਕੌਰ ਨੇ ਪੁੱਛਿਆ।

''ਬਲਡੀ ਬਾਸਟਡ, ਕਿੱਲਰ, ਰੇਪਿਸਟ... ਦੇਅ ਆਰ ਲਿਸਿਨਿੰਗ ਅਵਰ ਟਾਕ। ਆਈ ਅਲਰੈਡੀ ਟੋਲਡ ਯੂ, ਆਈ ਐਮ ਏਨ ਇਨਫਾਰਮਰ। ਦੈਟਸ ਇਟ ਓ ਕੇ?'' - ਹੁਣ ਓਹ ਪੂਰੀ ਤਰ੍ਹਾਂ ਪ੍ਰੇਸ਼ਾਨ ਹੋ ਚੁੱਕਾ ਸੀ। ਸ਼ੇਰ ਕੌਰ ਵੀ ਉਸ ਦੀ ਇਸ ਪ੍ਰੇਸ਼ਾਨੀ ਵਿੱਚ ਸ਼ਾਮਲ ਸੀ। ਉਹ ਉਸ ਦੇ ਹੋਰ ਨੇੜੇ ਜਾਂਦੀ ਹੈ। ''ਕਿੰਨੀ ਉਮਰ ਹੋ ਚੁੱਕੀ ਹੈ ਤੇਰੀ?''

''ਟਵੰਟੀ ਫਾਈਵ'' - ਦੇਖਣ ਤੋ 35 ਸਾਲਾਂ ਦੇ ਜਾਪਦੇ ਵਿਲੀਅਮ ਨੇ ਸਹਿਜ ਨਾਲ ਕਿਹਾ।

''ਵਿਆਹ?'' - ਸ਼ੇਰ ਕੌਰ ਦਾ ਆਸ ਦੇ ਉਲਟ ਸਵਾਲ ਸੀ ਇਹ।

''ਯੇਸ, ਐਮ ਮੈਰਿਡ। ਆਈ ਬ੍ਰਿੰਗ ਮਾਈ ਵਾਈਫ ਫ੍ਰਾਮ ਗੁਜਰਾਤ। ਆਈ ਪੇਡ 50 ਲੈਕ ਰੂਪੀਜ਼ ਫ਼ਰ ਹਰ... ਬਟ ਦੇਅ ਟੁੱਕ ਹਰ ਵੈਰੀ ਸੇਮ ਡੇਅ।'' - ਵਿਲੀਅਮ ਦੀਆਂ ਅੱਖਾਂ 'ਚ ਨਫਰਤ ਅਤੇ ਗੁੱਸਾ ਸਾਫ਼ ਤੌਰ 'ਤੇ ਪ੍ਰਗਟ ਹੋ ਗਿਆ ਸੀ। ਸ਼ੇਰ ਕੌਰ ਉਸ ਦੀਆਂ ਅੱਖਾਂ 'ਚ ਕੁਝ ਪਲ ਦੇਖਦੀ ਹੈ ਅਤੇ ਫੇਰ ਆਪਣੇ ਹੱਥ 'ਚੋ ਦਸਤਾਨਾ ਉਤਾਰ ਕੇ ਉਸ ਵੱਲ ਹੱਥ ਵਧਾਉਂਦੀ ਹੈ। ਵਿਲੀਅਮ ਹਾਲੇ ਵੀ ਗੁੱਸੇ ਅਤੇ ਨਫਰਤ ਦੇ ਮਿਲੇ ਜੁਲੇ ਭਾਵਾਂ 'ਚ ਗੋਤੇ ਖਾ ਰਿਹਾ ਹੈ। ਓਹ ਸ਼ੇਰ ਕੌਰ ਦੀ ਅਦ੍ਰਿਸ਼ ਸ਼ਕਤੀ ਤੋਂ ਭੈਭੀਤ ਹੈ। ਉਸ ਨੂੰ ਮਹਿਸੂਸ ਹੁੰਦਾ ਹੈ ਕਿ ਉਹ ਬਿਨਾਂ ਕਿਸੇ ਦਬਾਅ ਦੇ ਸਾਰਾ ਕੁਝ ਉਗਲੀ ਜਾ ਰਿਹਾ ਹੈ, ਹਾਲਾਂਕਿ ਉਹ ਪਚੀਸੀਆਂ ਦਾ ਮਰਦ ਦਲੇਰ ਬੰਦਾ ਸੀ ਪਰ ਸ਼ੇਰ ਕੌਰ ਦੇ ਸਾਹਮਣੇ ਘਬਰਾਹਟ ਉਸ ਨੂੰ ਮਣਾਂ ਮੂੰਹੀਂ ਬੋਝ ਦੇ ਅੰਨ੍ਹੇ ਖੂਹ ਵਿੱਚ ਸੁੱਟ ਰਹੀ ਹੈ।

ਉਸ ਦਾ ਹੱਥ ਝੂਠ ਅਤੇ ਸੱਚ, ਅਚੇਤ ਅਤੇ ਸੁਚੇਤ, ਦਿਸਦੇ ਅਤੇ ਅਣਦਿਸਦੇ ਵਿਨਾਸ਼ ਅਤੇ ਵਿਆਪਕ ਦਰਮਿਆਨ ਅਟਕ ਕੇ ਰਹਿ ਗਿਆ। ਸਮਾਂ ਉਸ ਲਈ ਜਿਵੇਂ ਰੁਕ ਗਿਆ ਹੋਵੇ, ਪਰ ਸ਼ੇਰ ਕੌਰ ਲਈ ਸਮਾਂ ਆਪਣੀ ਚਾਲ ਹੀ ਚੱਲ ਰਿਹਾ ਸੀ। ਉਸ ਲਈ ਪਚੀਸੇ ਦੀ ਧਰਤੀ ਨੂੰ ਮੁੜ ਤੋਂ ਸੁਰਗ ਬਣਾਉਣਾ ਜ਼ਰੂਰੀ ਸੀ ਅਤੇ ਇਸ ਕੰਮ ਲਈ ਸਫਰ ਵੀ ਹਾਲੇ ਸ਼ੁਰੂ ਨਹੀਂ ਸੀ ਹੋਇਆ। ਇਸ ਲਈ ਉਸ ਨੇ ਬਿਨਾਂ ਹੋਰ ਦੇਰੀ ਦੇ ਵਿਲੀਅਮ ਦਾ ਹੱਥ ਫੜ ਲਿਆ। ਸ਼ੇਰ ਕੌਰ ਨੂੰ ਹੋਰ ਜ਼ਿਆਦਾ ਹੈਰਾਨੀ ਹੋਈ ਕਿਉਂਕਿ ਉਸ ਦੇ ਸਪੱਰਸ਼ ਨਾਲ ਵਿਲੀਅਮ 'ਤੇ ਕਿਸੇ ਤਰਾਂ ਦਾ ਕੋਈ ਅਸਰ ਨਹੀਂ ਸੀ ਹੋਇਆ। ਇਹ ਵਰਤਾਰਾ ਬਿਲਕੁਲ ਆਮ ਵਾਂਗ ਸੀ। ਉਹਦੇ ਅੰਦਰ ਉਤਸੁਕਤਾ ਅਤੇ ਦਿਲਚਸਪੀ ਠਾਠਾਂ ਮਾਰਨ ਲੱਗੀ, - ''ਇਹ ਕਿ ਵਿਲੀਅਮ? ਤੂੰ ਤਾਂ ਬਿਲਕੁਲ ਸੱਚਾ ਹੈਂ! ਤੇਰੇ ਜਿਹੇ ਲੋਕ ਪਚੀਸੇ 'ਚ ਵਸਦੇ ਹਨ, ਇਹ ਕਿਸੇ ਕਰਾਮਾਤ ਤੋਂ ਘੱਟ ਨਹੀਂ। ਖੈਰ ਇਹ ਬਹੁਤ ਚੰਗੀ ਗੱਲ ਹੈ।''

''ਵਟਸ ਗੁੱਡ ਇਨ ਇਟ? ਵਟਸ ਨਿਊ?'' - ਵਿਲੀਅਮ ਸ਼ੇਰ ਕੌਰ ਦੀਆਂ ਅਦਭੁਤ ਗੱਲਾਂ ਤੋਂ ਹੈਰਾਨ ਹੋ ਰਿਹਾ ਸੀ।

''ਅੱਗੇ ਚੱਲ ਕੇ ਤੈਨੂੰ ਆਪੇ ਪਤਾ ਚੱਲ ਜਾਵੇਗਾ।'

ਦੋਵ੍ਹੇਂ ਟੁੱਟੀ ਹੋਈ ਸੜਕ 'ਤੇ ਖੜ੍ਹੀ ਗੱਡੀ ਤੋਂ ਹਟ ਕੇ ਕੁਝ ਦੂਰ ਟਿੱਬਿਆਂ ਦੇ ਓਹਲੇ ਹਾਲਤ ਦਾ ਜਾਇਜਾ ਲੈਣ ਲਗਦੇ ਹਨ।

''ਤੈਨੂੰ ਕੀ ਲਗਦਾ ਹੈ, ਪਚੀਸੇ ਦੇ ਹੁਕਮਰਾਨ ਸਭ ਠੀਕ ਕਰ ਰਹੇ ਹਨ?'' - ਸ਼ੇਰ ਕੌਰ ਵਿਲੀਅਮ ਦੇ ਮਨ ਦੀ ਗੱਲ ਜਾਨਣਾ ਚਾਹੁੰਦੀ ਸੀ।

''ਵੱਟ ਆਈ ਕੈਨ ਸੇਅ ਅਬੋਉਟ ਦੈਮ। ਆਈ ਐਮ ਲੋਨਲੀ। ਦੇਅ ਡੀਸੈਕਸੁਲਾਇਜ਼ ਐਵਰੀ ਵਨ। ਇਵਨ ਆਲ ਦ ਓਪੋਜ਼ੀਸ਼ਨ ਪਾਰਟੀਜ਼ ਜਾਇਨ ਸੰਤ ਅਮਲੀ ਦਫਤਰ ਪਾਰਟੀ। ਅਮਲੀ ਦਫਤਰ ਲੀਡਰ ਵਿਨਜ਼ ਓਪੋਜ਼ੀਸ਼ਨ ਬਾਇ ਹੁੱਕ ਐਂਡ ਕਰੁੱਕ। ਨਾਓ ਨੋ ਵਨ ਇਜ਼ ਰੈਡੀ ਟੂ ਸੇਅ ਐਨੀਥਿੰਗ, ਨਾਟ ਅ ਸਿੰਗਲ ਵਰਡ ਅਗੇਂਸਟ ਪਚੀਸਾ ਗੌਰਮਿੰਟ ਐਂਡ ਬਿਗ ਟੈਂਪਲ ਕਮੇਟੀ ਐਂਡ ਮੀ? ਵੱਟ ਕੈਨ ਆਈ ਡੂ ਲੋਨਲੀ.. ਦੇਅ ਆਰ ਪਾਵਰਫੁਲ। ਆਈ ਐਮ ਓਨਲੀ ਵਨ...'' - ਵਿਲੀਅਮ ਨੇ ਇੱਕ ਤਰਾਂ ਨਾਲ ਸੱਤਾ ਅੱਗੇ ਆਪਣੇ ਹੱਥ ਖੜ੍ਹੇ ਕਰ ਦਿੱਤੇ।

''ਸ਼ਾਇਦ ਤੈਨੂੰ ਇੱਕ ਦੀ ਤਾਕਤ ਦਾ ਅੰਦਾਜ਼ਾ ਨਹੀਂ। ਤੂੰ ਕਦੇ ਸੋਚਿਆ ਹੈ, ਮੈਂ ਵੀ ਇੱਕ ਹਾਂ, ਤੂੰ ਵੀ ਇੱਕ ਹੈਂ ਅਤੇ ਅਖੀਰ ਸਾਡੇ ਬ੍ਰਹਮੰਡੀ ਪਸਾਰੇ ਦਾ ਕਰਤਾ ਵੀ ਤਾਂ ਇੱਕ ਹੀ ਹੈ।'' - ਉਸ ਨੇ ਵਿਲੀਅਮ 'ਚ ਜੋਸ਼ ਭਰਨ ਦੀ ਕੋਸ਼ਿਸ਼ ਕੀਤੀ।
''ਇਫ 35 ਲੈਕ ਪਚੀਸੀ ਪੀਪਲ ਕੁੱਡ ਨੌਟ ਡੂ ਮੱਚ ਅਗੇਂਸਟ ਸਮ ਹੰਡਰਡ ਆਫ ਪ੍ਰਕਾਸ਼ ਪੀਪਲ, ਦੈਨ ਵੱਟ ਕੈਨ ਯੂ ਐਂਡ ਮੀ ਡੂ?'' - ਵਿਲੀਅਮ ਦਾ ਸਵਾਲ ਕੁਝ ਠੀਕ ਵੀ ਸੀ ਪਰ ਉਸਦੀ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਉਹ ਵੀ ਹੁਕਮਰਾਨਾਂ ਤੋਂ ਦੁਖੀ ਹੈ।

''ਖੱਸੀ ਹੋ ਚੁੱਕੇ ਸਮਾਜ ਤੋਂ ਆਸ ਵੀ ਕੀ ਲਾਈ ਜਾ ਸਕਦੀ ਹੈ...ਤੂੰ ਕੀ ਹੈਂ, ਇਹ ਤੂੰ ਸੋਚਣਾ ਹੈ। ਕੀੜੀਆਂ ਵਾਂਗ ਮਰਨਾ ਹੈ ਜਾਂ ਨਰਕ ਦੇ ਸੰਗਲ ਤੋੜ ਕੇ ਦੁਬਾਰਾ ਮਨੁੱਖਤਾ ਦੀ ਆਜ਼ਾਦੀ ਬਹਾਲ ਕਰਨੀ ਹੈ।'' - ਸ਼ੇਰ ਕੌਰ ਬੋਲਦੀ ਜਾ ਰਹੀ ਸੀ- ''ਦੂਜੀਆਂ ਸਟੇਟਸ ਵੀ ਪਚੀਸੇ ਦਾ ਇਹ ਹਾਲ ਬਣਾਉਣ ਲਈ ਬਰਾਬਰ ਜ਼ਿੰਮੇਵਾਰ ਹਨ। ਓਹ ਪਚੀਸੀ ਹੁਕਮਰਾਨਾਂ ਦੀ ਮਦਦ ਕਰਦੀਆਂ ਹਨ। ਪ੍ਰਕਾਸ਼ ਉਨ੍ਹਾਂ ਦਾ ਹੀ ਤਾਂ ਕੰਮ ਕਰ ਰਹੇ ਹਨ। ਦੂਜੀਆਂ ਸਟੇਟਸ ਦੇ ਹਰਮਨ ਪਿਆਰੇ ਲੋਕ ਹਨ ਸਾਰੇ ਪ੍ਰਕਾਸ਼। ਇਹ ਇਨ੍ਹਾਂ ਦੀ ਮਿਲੀਭੁਗਤ ਹੈ। 3 ਸਦੀਆਂ ਪਹਿਲਾਂ ਦਾ ਉਨ੍ਹਾਂ ਦਾ ਕਾਰਜ ਪ੍ਰਕਾਸ਼ ਪੀੜ੍ਹੀ ਨੇ ਕਰ ਦਿੱਤਾ ਹੈ। ਇੱਕ ਕੌਮ ਨੂੰ ਖਤਮ ਕਰਨਾ ਸੀ ਇਨ੍ਹਾਂ ਲੋਕਾਂ ਨੇ ਕਰ ਦਿੱਤਾ...ਹੁਣ ਇਹ ਤੂੰ ਸੋਚਣਾ ਹੈ ਕਿ ਤੂੰ ਕੀ ਕਰਨਾ ਹੈ। ਮੈਂ ਤਾਂ ਇੱਕ ਸਾਧਨ ਮਾਤਰ ਹਾਂ। ਤੂੰ ਆਪਣੇ ਆਪ ਲਈ, ਆਪਣੇ ਪਰਿਵਾਰ ਲਈ। ਆਪਣੇ ਲੋਕਾਂ ਲਈ ਅਤੇ ਆਪਣੀ ਇਸ ਧਰਤੀ ਲਈ ਲੜਨਾ ਹੈ...ਤੇਰੇ ਖੂਨ 'ਚ ਮਨੁੱਖਤਾ ਦਾ ਤੱਤ ਮਾਤਰ ਹਾਲੇ ਬਾਕੀ ਹੈ... ਤੂੰ ਸਾਥ ਦੇਵੇਂਗਾ ਤਾਂ ਆਪਾਂ ਇਸ ਧਰਤੀ ਨੂੰ ਸੁਰਗ ਬਣਾ ਸਕਦੇ ਹਾਂ.... ਹਾਲਾਂਕਿ ਸਮੇਂ ਨੂੰ ਗੇੜਾ ਦੇਣਾ ਨਾਮੁਮਕਿਨ ਹੈ, ਪਰ ਇਹ ਪਰਿਵਰਤਨਸ਼ੀਲ ਵੀ ਹੈ। ਇਸ ਲਈ ਪਚੀਸੇ ਦੀ ਹੋਣੀ ਨੂੰ ਬਦਲ ਦੇਣ ਦੀ ਅਸੀਂ ਆਸ ਕਰ ਸਕਦੇ ਹਾਂ। ਦੋ ਸਦੀਆਂ ਪਹਿਲਾਂ ...''

''ਟੂ ਹੰਡਰਡ ਯੀਅਰ! ਟੂ ਹੰਡਰਡ ਯੀਅਰ! ਬੈਕ ਹਿਸਟ੍ਰੀ! ਵੱਟ ਇਜ਼ ਦਿਸ! ਆਈ ਡੋਂਟ ਨੋਅ ਇਵਨ ਅਬੋਉਟ 50 ਯੀਅਰ, ਐਂਡ ਹੂ ਕੇਅਰ ਅਬੋਉਟ ਬੈਕ ਹਿਸਟ੍ਰੀ, ਹਿਸਟ੍ਰੀ ਇਜ ਬੈਨਡ ਇਨ ਪਚੀਸਾ ਸਕੂਲਜ਼। ਦੇਅਰ ਇਜ 12 ਯੀਅਰ ਜੇਲ੍ਹ ਫ਼ਾਰ ਦਿਸ ਕ੍ਰਾਇਮæææ ਨੋ ਹੈਲਥ ਸਿਸਟਮ ਵਰਕਿੰਗ, ਨੋ ਏਜੁਕੇਸ਼ਨ......ਯੂ ਕਾਂਟ ਅੰਡਰਸਟੈਂਡ ਦਾ ਹੋਲ ਥਿੰਗ਼....'' - ਵਿਲੀਅਮ ਨੇ ਉਸ ਦੀਆਂ ਗੱਲਾਂ ਨੂੰ ਇੱਕ ਵਾਰ ਫੇਰ ਕੱਟ ਦਿੱਤਾ।

''ਪਚੀਸੇ ਦੇ ਲੋਕਾਂ ਦੀ ਦਰਦਨਾਕ ਕਹਾਣੀ ਦਾ ਹਾਲ ਮੈਂ ਸਾਡੇ ਦੇਸ਼ 'ਚ ਤਕਨੀਕ ਦੇ ਜ਼ਰੀਏ ਦੇਖ ਸੁਣ ਕੇ ਆਈ ਆਈ ਹਾਂ। ਮੈਨੂੰ ਸਾਰਾ ਕੁਝ ਪਤਾ ਹੈ। ਸਾਡੇ ਵੱਡੇ ਵਡੇਰੇ ਵੀ ਇਸੇ ਧਰਤੀ ਤੋਂ ਗਏ ਸਨ...ਜਾਨਣਾ ਨਹੀਂ ਚਾਹੇਂਗਾ ਕਿਉਂ ਗਏ? ਮੈਂ ਦਿਖਾਉਂਦੀ ਹਾਂ ਤੈਨੂੰ ਪੌਣੇ ਤਿੰਨ ਸੌ ਸਾਲ ਪਹਿਲਾਂ ਇਹ ਧਰਤੀ ਕਿਹੋ ਜਿਹੀ ਸੀ....ਆਹ ਦੇਖ਼....'' - ਕਹਿ ਕੇ ਸ਼ੇਰ ਕੌਰ ਆਪਣੇ ਰਿਮੋਟ ਜਿਹੇ ਯੰਤਰ ਦਾ ਬਟਨ ਦੱਬ ਦਿੰਦੀ ਹੈ। ਇਸ ਦੇ ਨਾਲ ਹੀ ਕਾਲੀ ਸਿਆਹ ਰਾਤ 'ਚ ਹਨੇਰੇ ਨੂੰ ਰੌਸ਼ਨੀਆਂ ਦੇ ਰੰਗ ਮੱਧਮ ਕਰਨ ਲੱਗਦੇ ਹਨ।

ਚਾਰੇ ਪਾਸੇ ਹਰੀਆਂ ਕਚੂਰ ਫਸਲਾਂ ਲਹਿ-ਲਹਾ ਰਹੀਆਂ ਹਨ। ਲੋਕ ਖੁਸ਼ੀ ਦੇ ਗੀਤ ਗਾ ਰਹੇ ਹਨ। ਅਚਾਨਕ ਦੋ ਰਾਜਨੀਤਕ ਪਾਰਟੀਆਂ ਦੇ ਲੀਡਰ ਆਪਣੇ ਆਪਣੇ ਲਾਲਚ ਲੈ ਕੇ ਸਾਹਮਣੇ ਆਉਂਦੇ ਹਨ। ਧਰਮ ਅਤੇ ਧਰਤੀ ਦੇ ਇਸ ਹਿੱਸੇ ਨਾਲ ਵਿਤਕਰੇ ਦੇ ਨਾਮ 'ਤੇ ਰਾਜਨੀਤਕ ਲੋਕ ਇਸ ਹੱਸਦੀ ਖੇਡਦੀ ਧਰਤੀ ਨੂੰ ਨਰਕ ਬਣਾਉਣ ਲਈ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੰਦੇ ਹਨ। ਲੋਕਾਂ ਨੂੰ ਆਪਸ ਵਿੱਚ ਲੜਾਇਆ ਜਾ ਰਿਹਾ ਹੈ। ਇੱਕ ਦੂਜੇ ਦੇ ਕਤਲ, ਝੂਠੇ ਪੁਲਿਸ ਮੁਕਾਬਲੇ ਹੁੰਦੇ ਹਨ ਅਤੇ ਫਿਰ ਰਾਜਨੀਤਕ ਲੋਕਾਂ ਵਲੋਂ ਆਮ ਜਨਤਾ ਨੂੰ ਫਿਰਕਾਪ੍ਰਸਤੀ ਵਿੱਚ ਉਲਝਾਇਆ ਜਾਂਦਾ ਹੈ। ਹਾਲਤ ਤਣਾਅਪੂਰਨ ਹੋ ਜਾਂਦੇ ਹਨ। ਇੱਕ ਪਾਰਟੀ ਦੇ ਨੇਤਾਵਾਂ ਦੀ ਜਾਨ ਖਤਰੇ ਵਿੱਚ ਹੈ। ਓਹ ਆਪਣੇ ਰਾਜਨੀਤਕ ਆਕਾਵਾਂ ਨੂੰ ਆਪਣੀ ਜਾਨ ਬਚਾਉਣ ਲਈ ਤਰਲਾ ਕਰਦੇ ਹਨ। ਫੌਜਾਂ ਸੁਨਿਹਰੇ ਸੋਨੇ ਦੇ ਦਰਬਾਰ ਨੂੰ ਘੇਰਾ ਪਾ ਲੈਂਦੀਆਂ ਹਨ। ਸੂਰਜ ਦੀਆਂ ਕਿਰਨਾਂ ਸੋਨੇ ਦੇ ਪੱਤਰਿਆਂ ਨੂੰ ਚੁੰਮ ਕੇ ਸਰੋਵਰ 'ਚ ਡਿੱਗ ਰਹੀਆਂ ਹਨ....ਅਚਾਨਕ ਫੌਜੀ ਟੈਂਕ ਦਾ ਇੱਕ ਗੋਲਾ ਬਹੁਤ ਵੱਡੇ ਧਮਾਕੇ ਨਾਲ ਅਕਾਲ ਤਖ਼ਤ ਦੇ ਗੁੰਬਦ 'ਤੇ ਆ ਕੇ ਡਿੱਗਦਾ ਹੈ।

ਧਮਾਕੇ ਨਾਲ ਵਿਲੀਅਮ ਅਤੇ ਸ਼ੇਰ ਕੌਰ ਰੇਤ 'ਚ ਕੁਝ ਕਦਮਾਂ ਦੀ ਦੂਰੀ 'ਤੇ ਜਾ ਡਿੱਗਦੇ ਹਨ। ਸ਼ੇਰ ਕੌਰ ਆਪਣੇ ਆਪ ਨੂੰ ਸੰਭਾਲਦੀ ਹੈ। ਉਨ੍ਹਾਂ ਦੀ ਗੱਡੀ ਨੂੰ ਪਚੀਸੇ ਦੀ ਪੁਲਿਸ ਨੇ ਉੜਾ ਦਿੱਤਾ ਸੀ, ਗੱਡੀ ਲਟ ਲਟ ਬਲ ਰਹੀ ਹੈ। ਸ਼ੇਰ ਕੌਰ ਦੇ ਚਿਹਰੇ 'ਤੇ ਗੁੱਸੇ ਦੀਆਂ ਲਕੀਰਾਂ ਉਭਰ ਆਉਂਦੀਆਂ ਹਨ। ਓਹ ਧਮਾਕੇ ਦੇ ਜ਼ੋਰ ਨਾਲ ਆਪਣੇ ਹੱਥ 'ਚੋਂ ਛੁੱਟ ਕੇ ਹੇਠਾਂ ਡਿੱਗੇ ਰਿਮੋਟ ਨੂੰ ਚੁੱਕਦੀ ਹੈæ - ''ਮੇਰੀ ਲੜਾਈ ਦੀ ਸ਼ੁਰੁਆਤ ਹੋ ਚੁੱਕੀ ਹੈ, ਅਗਲਾ ਵਾਰ ਮੈਂ ਕਰਾਂਗੀ।''

''ਵੁਈ ਹੈਵ ਟੂ ਰੱਨ ਫ੍ਰਾਮ ਦਿਸ ਸਾਇਟ ਇਮਿਡੀਏਟਲੀ...'' ਵਿਲੀਅਮ ਜਲਦੀ ਨਾਲ ਸ਼ੇਰ ਕੌਰ ਨੂੰ ਉਸ ਥਾਂ ਤੋਂ ਨਿਕਲਣ ਲਈ ਕਹਿੰਦਾ ਹੈ। ਪਚੀਸੀ ਪੁਲਿਸ ਦੀਆਂ ਗੱਡੀਆਂ ਹੌਲੀ ਹੌਲੀ ਨਜ਼ਦੀਕ ਆ ਰਹੀਆਂ ਹਨ। ਪੁਲਿਸ ਦੀਆਂ ਗੱਡੀਆਂ ਦੀ ਰੌਸ਼ਨੀ ਤੇਜ਼ੀ ਨਾਲ ਗਾੜ੍ਹੀ ਹੋ ਰਹੀ ਹੈ। ਸ਼ੇਰ ਕੌਰ ਨੂੰ ਮਾਰਨ ਲਈ ਛੱਡੀ ਗਈ ਮਿਜ਼ਾਇਲ ਸਹੀ ਥਾਂ 'ਤੇ ਵੱਜੀ ਸੀ, ਪਰ ਓਹ ਦੋਵ੍ਹੇਂ ਬਚ ਗਏ ਸਨ। ਦੂਰੋਂ ਅੱਗ ਦੀਆਂ ਲਪਟਾਂ ਦੇਖ ਕੇ ਪਚੀਸੀ ਪੁਲਿਸ ਦੇ ਅਫਸਰਾਂ ਨੂੰ ਧਰਵਾਸ ਮਿਲ ਰਿਹਾ ਹੋਵੇਗਾ।
ਸ਼ੇਰ ਕੌਰ ਅਤੇ ਵਿਲੀਅਮ ਜੱਟ ਰਾਤ ਦੇ ਹਨੇਰੇ 'ਚ ਰੇਤ ਦੇ ਟਿੱਬੇ ਨੂੰ ਪਾਰ ਕਰ ਚੁੱਕੇ ਸਨ।

ਬੰਜਰ ਧਰਤੀ ਅਤੇ ਰੇਤ 'ਚੋਂ ਦੌੜਦਿਆਂ ਉਨ੍ਹਾਂ ਦੋਵਾਂ ਨੂੰ ਦੋ ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ ਸੀ। ਵਿਲੀਅਮ ਜੱਟ ਦਾ ਥਕਾਵਟ ਨਾਲ ਬੁਰਾ ਹਾਲ ਸੀ। ਓਹ ਵਾਰ ਵਾਰ ਪੀਣ ਲਈ ਪਾਣੀ ਮੰਗਦਾ ਪਰ ਪਚੀਸੇ ਦੀ ਧਰਤੀ 'ਤੇ ਪਾਣੀ ਦਾ ਮਿਲਣਾ ਇੰਨਾ ਸੌਖਾ ਨਹੀਂ ਸੀ। ਕੁਝ ਖਾਸ ਥਾਵਾਂ 'ਤੇ ਹੀ ਪਾਣੀ ਮਿਲ ਸਕਦਾ ਸੀ। ਜਾਂ ਫਿਰ ਸਰਕਾਰ 'ਚ ਸ਼ਾਮਿਲ ਲੋਕਾਂ ਕੋਲੋਂ ਪਾਣੀ ਹਾਸਿਲ ਕੀਤਾ ਜਾ ਸਕਦਾ ਸੀ। ਵਿਲੀਅਮ ਜੱਟ ਨੇ ਸ਼ੇਰ ਕੌਰ ਨੂੰ ਦੱਸਿਆ ਕਿ ਅੱਗੇ ਰਸਤੇ 'ਚ ਆਉਂਦੇ 'ਬਾਦਲੀਹ' ਪਿੰਡ 'ਚ ਪਾਣੀ ਮਿਲ ਸਕਦਾ ਹੈ। ਪਚੀਸੇ ਦੀ ਹੋਣੀ ਲਈ ਜਿੰਮੇਵਾਰ ਬਾਦਲੀਹ ਪਿੰਡ ਦੇ ਇੱਕ ਲੀਡਰ ਦੇ ਘਰ ਹੀ ਪਾਣੀ ਦਾ ਸਭ ਤੋਂ ਨੇੜਲਾ ਭੰਡਾਰ ਸੀ। ਜਿੱਥੇ ਸਿਰਫ ਸੋਨਾ ਦੇ ਕੇ ਪੀਣ ਲਈ ਪਾਣੀ ਹਾਸਿਲ ਕੀਤਾ ਜਾ ਸਕਦਾ ਸੀ।

ਬਾਦਲੀਹ ਪਿਛਲੇ 300 ਸਾਲ ਤੋਂ ਪਚੀਸੇ ਦੇ ਲੋਕਾਂ ਲਈ ਮਸ਼ਹੂਰ ਪਿੰਡ ਹੈ। ਇਸੇ ਪਿੰਡ ਦੇ ਨਾਲ ਸੰਬੰਧ ਰੱਖਦਾ ਸੀ ਪਚੀਸੀਆਂ ਦਾ ਗੁਰੂ ਸੰਤ ਪ੍ਰਕਾਸ਼। ਜਦੋਂ ਤੋਂ ਪਚਿਸੀਆਂ ਦੀਆਂ ਕੁਝ ਅੱਖਾਂ ਖੁੱਲਣੀਆਂ ਸ਼ੁਰੂ ਹੋਈਆਂ ਤਾਂ ਓਨ੍ਹਾਂ ਦੇ ਡਰੋਂ ਸੰਤ ਪ੍ਰਕਾਸ਼ ਦੀਆਂ ਅਗਲੀਆਂ ਪੀੜ੍ਹੀਆਂ ਨੇ ਪਚੀਸੇ 'ਚੋਂ ਇਕੱਠਾ ਕੀਤਾ ਧੰਨ ਵਿਦੇਸ਼ਾਂ 'ਚ ਜਮ੍ਹਾਂ ਕਰਨਾ ਸ਼ੁਰੂ ਕਰ ਦਿੱਤਾ ਸੀ। ਫਿਰ ਪ੍ਰਕਾਸ਼ ਦੇ ਪਰਿਵਾਰ ਦੇ ਕੁਝ ਮਰਦ ਲੋਕ ਪਚੀਸਾ ਛੱਡ ਕੇ ਵਿਦੇਸ਼ਾਂ 'ਚ ਭੱਜਣ 'ਚ ਵੀ ਕਾਮਯਾਬ ਹੋ ਗਏ। ਪਰ ਪਚੀਸੇ ਦੀ ਹੋਣੀ ਉਹਨਾਂ ਦੇ ਪਰਛਾਵੇਂ ਤੋਂ ਜ਼ਿਆਦਾ ਦੇਰ ਨਾ ਬਚ ਸਕੀ। ਸੰਗਰਸ ਪਾਰਟੀ ਉਹਨਾਂ ਨੂੰ ਵਾਪਿਸ ਲੈ ਆਈ, ਕਿਉਂਕਿ ਜਿਹੜੇ ਢੰਗ ਨਾਲ ਓਹ ਪਚੀਸੇ 'ਤੇ ਰਾਜ ਕਰਦੇ ਸਨ, ਸੰਗਰਸ ਉਸ ਤਰਾਂ ਕਰਨ 'ਚ ਕਾਮਯਾਬ ਨਾ ਹੋ ਸਕੀ ਸੀ। ਸੋ ਫਲਸਰੂਪ ਇੰਝ ਦੋ ਸਦੀਆਂ ਤੱਕ ਚੱਲਦਾ ਰਿਹਾ। ਫਿਰ 'ਸੰਤ ਅਮਲੀ ਦਫਤਰ' ਪਾਰਟੀ ਦੇ ਬੰਦਿਆਂ ਨੇ ਹੀ ਪ੍ਰਕਾਸ਼ ਦੇ ਰਾਜ ਪਰਿਵਾਰ ਦੇ ਮੈਂਬਰਾਂ ਨੂੰ ਚਾਹਟਾ ਛਕਾਉਣਾ ਸ਼ੁਰੂ ਕਰ ਦਿਤਾ ਅਤੇ ਪ੍ਰਕਾਸ਼ ਦੀਆਂ ਅਗਲੀਆਂ ਪੀੜ੍ਹੀਆਂ 'ਚ ਮਰਦ ਜਾਤ ਖਤਮ ਹੋ ਗਈ। ਕੋਈ ਸੌ ਸਾਲ ਪਹਿਲਾਂ ਬਾਦਲੀਹ ਪਿੰਡ ਸ਼ਹਿਰ 'ਚ ਤਬਦੀਲ ਹੋ ਗਿਆ ਸੀ ਪਰ ਅੱਜ ਇਸ ਦੀ ਹਾਲਤ ਬੰਗਾਲ ਦੇ ਸੋਨਾਗਾਚੀ ਖੇਤਰ ਤੋਂ ਵੀ ਬਦਤਰ ਹੈ। ਪਿੰਡ ਤੋਂ ਬਾਹਰ ਹੀ 'ਗੁਰੂ ਸੰਤ ਪ੍ਰਕਾਸ਼' ਦਾ ਬੁੱਤ ਲੱਗਾ ਹੋਇਆ ਹੈ। ਬੁੱਤ ਦੇ ਪੈਰਾਂ 'ਚ ਪਸ਼ੂ ਚਰਬੀ ਦਾ ਦੀਵਾ ਬਲ ਰਿਹਾ ਹੈ। ਇਹ ਦੀਵਾ ਉਸ ਪਰਿਵਾਰ ਦੀ ਇੱਕੋ ਇੱਕ ਜਿਉਂਦੀ ਬਚੀ ਔਰਤ ਵਲੋਂ ਬਾਲਿਆ ਜਾਂਦਾ ਹੈ।

ਪਿੰਡ ਦੀਆਂ ਖੰਡਰ ਹੋ ਚੁੱਕੀਆਂ ਇਮਾਰਤਾਂ ਦੇ ਗਲੀਆਂ 'ਚ ਡਿੱਗੇ ਮਲਬੇ ਨੂੰ ਅਜੇ ਤੱਕ ਕਿਸੇ ਨੇ ਸਾਫ਼ ਨਹੀਂ ਕੀਤਾ ਸੀ। ਮਲਬੇ 'ਚ ਪਸ਼ੂਆਂ ਅਤੇ ਮਨੁੱਖੀ ਪਿੰਜਰਾਂ ਦੀਆਂ ਆਪੋ ਆਪਣੀਆਂ ਕਹਾਣੀਆਂ ਹੋਣਗੀਆਂ। ਕੀ ਪਤਾ ਕਿਸ ਦੀ ਮੌਤ ਕਿਵੇਂ ਹੋਈ ਹੋਵੇਗੀ, ਕੋਈ ਪਾਣੀ ਦੇ ਬਿਨਾਂ ਸਹਿਕਦਾ ਮਰਿਆ ਜਾਂ ਫਿਰ ਉਸ ਕੋਲੋਂ ਪੈਸਾ ਟਕਾ ਲੁੱਟ ਕੇ ਉਸ ਨੂੰ ਮਾਰ ਦਿਤਾ ਗਿਆ। ਇਹੋ ਗੱਲਾਂ ਸੋਚਦੀ ਸ਼ੇਰ ਕੌਰ ਵਿਲੀਅਮ ਨੂੰ ਬਾਹੋਂ ਫੜ ਕੇ ਅੱਗੇ ਖਿੱਚਦੀ ਜਾ ਰਹੀ ਸੀ। ਕਈ ਦਹਾਕੇ ਪਹਿਲਾਂ ਇੱਥੇ ਕੀ ਭਾਣਾ ਵਾਪਰਿਆ ਹੋਵੇਗਾ, ਇਹ ਇਨ੍ਹਾਂ ਗਲੀਆਂ 'ਚ ਪਏ ਪਿੰਜਰਾਂ ਨੂੰ ਹੀ ਪਤਾ ਹੋ ਸਕਦਾ ਹੈ।

ਥੋੜ੍ਹੀ ਦੁਰ ਅੱਗੇ ਚੱਲ ਕੇ ਡਿਗਣ ਡਿਗਣ ਕਰ ਰਹੀ ਇੱਕ ਉੱਚੀ ਮਹਿਲ ਨੁਮਾ ਹਵੇਲੀ ਕੋਲ ਜਾ ਕੇ ਦੋਵੇਂ ਰੁਕ ਜਾਂਦੇ ਹਨ। ਵਿਲੀਅਮ ਹਵੇਲੀ ਵੱਲ ਇਸ਼ਾਰਾ ਕਰ ਕੇ ਪਾਣੀ ਲਈ ਅਰਜੋਈ ਕਰਦਾ ਹੈ। ਸ਼ੇਰ ਕੌਰ ਗਲੀ ਦੇ ਦੂਸਰੇ ਹਿੱਸੇ ਤੱਕ ਨਜ਼ਰ ਫੇਰਦੀ ਹੈ ਅਤੇ ਹਵੇਲੀ ਦੇ ਖੁੱਲ੍ਹੇ ਪਏ ਵੱਡੇ ਦਰਵਾਜ਼ੇ ਰਾਹੀਂ ਅੰਦਰ ਦਾਖਲ ਹੋ ਜਾਂਦੀ ਹੈ। ਹਵੇਲੀ ਦੀ ਅੰਦਰਲੀ ਬਣਤਰ ਵੀਹਵੀਂ ਸਦੀ ਦੇ ਮਹਾਰਾਜਿਆਂ ਦੇ ਮਹਿਲਾਂ ਤੋਂ ਘੱਟ ਨਹੀਂ। ਪਰ ਦੀਵਾਰਾਂ 'ਤੇ ਸੰਤ ਪ੍ਰਕਾਸ਼ ਅਤੇ ਉਸਦੀਆਂ ਪੀੜ੍ਹੀਆਂ ਦੇ ਪਚੀਸੀ ਹੁਕਮਰਾਨਾਂ ਦੀਆਂ ਤਸਵੀਰਾਂ ਦੀ ਬੁਰੀ ਹਾਲਤ ਇਸ ਪਰਿਵਾਰ ਦੀ ਮੌਜੂਦਾ ਹੋਣੀ ਨੂੰ ਬਾਖੂਬ ਬਿਆਨ ਵੀ ਕਰ ਰਹੀ ਹੈ। ਜਿਹੜੇ ਕਮਰਿਆਂ 'ਚ ਕਦੇ ਮਹਿਫਲਾਂ ਲਗਦੀਆਂ ਸਨ, ਅੱਜ ਉਨ੍ਹਾਂ 'ਚ ਚਮਗਿੱਦੜ ਪੁੱਠੇ ਲਟਕ ਰਹੇ ਹਨ। ਛੱਤਾਂ 'ਤੇ ਮੱਕੜੀਆਂ ਨੇ ਆਪਣੇ ਜਾਲਿਆਂ ਦਾ ਵਿਸਤਾਰਤ ਸੰਸਾਰ ਵਸਾਇਆ ਹੋਇਆ ਹੈ। 

ਸ਼ੇਰ ਕੌਰ ਆਪਣੇ ਰਿਮੋਟ ਰਾਹੀਂ ਹਲਕੀ ਰੌਸ਼ਨੀ ਕਰਦੀ ਹੋਈ ਪੋਲੇ ਕਦਮੀਂ ਅੱਗੇ ਵਧਦੀ ਹੈ। ਕੁਝ ਕਮਰਿਆਂ 'ਚੋਂ ਲੰਘਦਿਆਂ ਉਹ ਦੋਵੇਂ ਹਵੇਲੀ ਦੇ ਅੱਧ ਵਿਚਕਾਰ ਇੱਕ ਖੁੱਲੀ ਥਾਂ 'ਤੇ ਦੀਵਾ ਬਲਦਾ ਦੇਖ ਕੇ ਰੁਕ ਜਾਂਦੇ ਹਨ। ਵਿਲੀਅਮ ਕੰਬਦਾ-ਕੰਬਦਾ ਅੱਖਾਂ ਨਾਲ ਦੀਵੇ ਵੱਲ ਇਸ਼ਾਰਾ ਕਰਦਾ ਹੈ। 

ਕਿਸੇ ਵੇਲੇ ਇਸ ਥਾਂ 'ਤੇ ਮਾਂ ਪ੍ਰਕਾਸ਼ੋ ਦੇਵੀ ਦਾ ਦਰਬਾਰ ਲਗਦਾ ਹੁੰਦਾ ਸੀ। ਘਰ 'ਚ ਪੂਰੀ ਚਹਿਲ ਪਹਿਲ ਹੁੰਦੀ ਸੀ। ਘਰ ਦੇ ਬਾਹਰ ਅੰਗ ਰੱਖਿਅਕ ਇੱਕ ਵੱਡਾ ਟੋਲਾ ਬਣਾ ਕੇ 24 ਘੰਟੇ ਪਹਿਰਾ ਦਿੰਦੇ ਸਨ। ਪਰ ਇਸ ਦੇ ਬਾਅਦ ਸੰਗਰਸ ਦੇ ਅਮਲੀ ਦਫਤਰ 'ਚ ਸ਼ਾਮਿਲ ਹੋਏ ਬੰਦਿਆਂ ਨੇ ਪ੍ਰਕਾਸ਼ ਦੇ ਮੁੰਡੇ ਦੀ ਚੜ੍ਹਤ ਖਤਮ ਕਰ ਦਿੱਤੀ। ਅਤੇ ਓਹ ਆਪ ਵੀ ਉਹੋ ਕੁਝ ਕਰਨ ਲੱਗ ਪਏ, ਜੋ ਪ੍ਰਕਾਸ਼ ਦਾ ਟੱਬਰ ਕਰਦਾ ਸੀ। ਬੱਸ ਪ੍ਰਕਾਸ਼ ਦੇ ਪਰਿਵਾਰ 'ਚੋਂ ਬਚੀ ਇੱਕੋ ਇੱਕ ਔਰਤ ਬੀਬੀ ਵਿਕਟਰ ਬਾਦਲੀਹ ਨੂੰ ਸੋਨਾ ਇੱਕਠਾ ਕਰਨ ਦੀ ਖੁੱਲ੍ਹ ਦਿੱਤੀ ਹੋਈ ਸੀ। ਇਹ ਸੋਨਾ ਵੀ ਬੁੜ੍ਹੀ ਹੋ ਚੁੱਕੀ ਵਿਕਟਰ ਬੀਬੀ ਦੇ ਮਰਨ ਬਾਅਦ ਸੰਗ੍ਰਸੀਆਂ ਨੇ ਹੜੱਪ ਜਾਣਾ ਸੀ। ਹੁਣ ਸੰਤ ਪ੍ਰਕਾਸ਼ ਦੇ ਰਿਸ਼ਤੇਦਾਰ ਮੁਠੀਆਂ ਵਾਲੇ ਹੀ ਬਾਕੀ ਰਹਿ ਗਏ ਸਨ। ਅਤੇ ਉਹੋ ਹੀ ਵੱਡੇ ਮੰਦਿਰ ਦੀ ਕਮੇਟੀ 'ਤੇ ਵੀ ਕਾਬਜ਼ ਹਨ। ਓਹਨਾਂ ਦਾ ਹੀ ਸਿੱਕਾ ਸਾਰੇ ਪਚੀਸੇ ਵਿੱਚ ਚੱਲਦਾ ਹੈ। ਬਾਦਲੀਹ ਵਾਲੀਆਂ ਬੀਬੀਆਂ ਨੂੰ ਉਹ ਪੂਰੀ ਤਰਾਂ ਛੱਡ ਚੁੱਕੇ ਹਨ। ਕਿਸੇ ਸਮੇਂ ਉਨ੍ਹਾਂ ਨੇ ਪਚੀਸੇ 'ਚ ਵਗਦੇ ਦਰਿਆਵਾਂ 'ਚੋਂ ਰੇਤ ਕੱਢ ਕੱਢ ਵੇਚ ਦਿੱਤੀ ਸੀ। ਸ਼ਾਇਦ ਇਸੇ ਕਰਨ ਹੁਣ ਉਹਨਾਂ ਨੂੰ ਪੂਰੇ ਪਚੀਸੇ ਦੀ ਰੇਤ ਮਿਲ ਗਈ ਹੈ। ਪੂਰਾ ਪਚੀਸਾ ਰੇਤ ਦਾ ਸਮੁੰਦਰ ਬਣ ਚੁੱਕਾ ਹੈ। ਪਚੀਸੇ 'ਚ ਹੁੰਦੀ ਨਸ਼ੇ ਦੀ ਦੁਕਾਨਦਾਰੀ ਵਿੱਚ ਵੀ ਮੁੱਠੀਆਂ ਵਾਲਿਆਂ ਦਾ ਹੀ ਹਿੱਸਾ ਹੈ। ਵਿਕਟਰ ਬੀਬੀ ਦੇ ਮਰਨ ਬਾਅਦ ਉਹ ਪਾਣੀ ਬਦਲੇ ਇੱਕਠਾ ਕੀਤਾ ਸੋਨਾ ਵੀ ਲੈ ਜਾਣਗੇ, ਇਸ ਲਈ ਸੰਗ੍ਰਸੀਆਂ ਅਤੇ ਮੁੱਠੀਆਂ ਵਾਲਿਆਂ 'ਚ ਲੜਾਈ ਹੋਣੀ ਲਗਭਗ ਤੈਅ ਮੰਨੀ ਜਾ ਰਹੀ ਹੈ। ਇਹ ਸਾਰਾ ਕੁਝ ਵਿਲੀਅਮ ਨੇ ਸ਼ੇਰ ਕੌਰ ਨੂੰ ਦੱਸ ਦਿੱਤਾ ਸੀ। ਹੁਣ ਉਹਨਾਂ ਦਾ ਸਾਹਮਣਾ ਵਿਕਟਰ ਬਾਦਲੀਹ ਨਾਲ ਹੋਣਾ ਸੀ।

ਪਾਣੀ ਦੇ ਖੂਹ ਕੋਲ ਬੈਠੀ ਵਿਕਟਰ ਬਾਦਲੀਹ ਦੇ ਵਾਲ ਖਿੰਡੇ ਹੋਏ ਹਨ। ਉਸ ਦਾ ਚਿਹਰਾ ਝੁਰੜੀਆਂ ਨਾਲ ਭਰਿਆ ਪਿਆ ਹੈ। ਇੰਜ ਜਾਪਦਾ ਹੈ ਜਿਵੇਂ ਪਚੀਸੇ 'ਚੋਂ ਪਾਣੀ ਮੁੱਕਣ ਦੇ ਨਾਲ ਹੀ ਜ਼ਮੀਨ 'ਤੇ ਪਈਆਂ ਤਰੇੜਾਂ ਵਿਕਟਰ ਬਾਦਲੀਹ ਦੇ ਚਿਹਰੇ 'ਤੇ ਉੱਭਰ ਆਈਆਂ ਹਨ। ਉਸ ਦੀਆਂ ਅੱਖਾਂ ਰਾਤ ਦੇ ਹਨੇਰੇ ਵਿੱਚ ਡਰਾਉਣੀਆਂ ਲੱਗ ਰਹੀਆਂ ਹਨ। ਸਰੀਰ ਦੇ ਕੱਪੜੇ ਥਾਂ-ਥਾਂ ਤੋਂ ਪਾਟੇ ਪਏ ਹਨ। ਉਸ ਦੇ ਦੁਆਲੇ ਹਵੇਲੀ ਦੇ ਪਿੱਲਰਾਂ ਦੀ ਓਟ 'ਚ ਖੜ੍ਹੇ ਉਸ ਦੇ ਮਾੜਚੂ ਜਿਹੇ ਅੰਗ ਰੱਖਿਅਕਾਂ ਦਾ ਵੀ ਕੋਈ ਬਹੁਤਾ ਚੰਗਾ ਹਾਲ ਨਹੀਂ ਹੈ।

ਜਿਵੇਂ ਹੀ ਸ਼ੇਰ ਕੌਰ ਅਤੇ ਵਿਲੀਅਮ ਵਿਕਟਰ ਬਾਦਲੀਹ ਦੇ ਸਾਹਮਣੇ ਆਉਂਦੇ ਹਨ ਤਾਂ 6 -7 ਅੰਗ ਰੱਖਿਅਕ ਦੋਵਾਂ ਨੂੰ ਆ ਕੇ ਘੇਰ ਲੈਂਦੇ ਹਨ। ਉਨ੍ਹਾਂ ਦੀ ਇਸ ਹਰਕਤ 'ਤੇ ਸ਼ੇਰ ਕੌਰ ਹਲਕਾ ਜਿਹਾ ਮੁਸਕਰਾਉਂਦੀ ਹੈ ਅਤੇ ਆਪਣੇ ਹੱਥ 'ਚ ਫੜੇ ਰਿਮੋਟ ਦਾ ਬਟਨ ਦੱਬ ਦਿੰਦੀ ਹੈ। ਬਟਨ ਦੱਬਦਿਆਂ ਹੀ ਉਨ੍ਹਾਂ ਤੋਂ ਕੁਝ ਦੂਰੀ 'ਤੇ ਇੱਕ ਮਰਦ ਬੰਦਾ ਆ ਖੜ੍ਹਾ ਹੁੰਦਾ ਹੈ। ਇਸ ਮਰਦ ਦੇ ਚਿਹਰੇ ਤੇ ਲੰਬਾ ਦਾਹੜਾ ਅਤੇ ਮੋਢੇ 'ਤੇ ਮਿਜ਼ਾਇਲ ਟੰਗੀ ਹੋਈ ਹੈ। ਉਸ ਦੇ ਹੱਥ 'ਚ ਸੋਨੇ ਦੀਆਂ ਬਹੁਤ ਸਾਰੀਆਂ ਇੱਟਾਂ ਚੁੱਕੀਆਂ ਹੋਈਆਂ ਹਨ। ਇਹ ਮਰਦ ਬੰਦੇ ਨੂੰ ਦੇਖ ਕੇ ਵਿਕਟਰ ਬਾਦਲੀਹ ਦੇ ਬੰਦੇ ਠਠੰਬਰ ਜਾਂਦੇ ਹਨ ਅਤੇ ਪਿੱਛੇ ਹੋ ਜਾਂਦੇ ਹਨ। ਵਿਕਟਰ ਬੀਬੀ ਆਪਣੇ ਸਿਰ 'ਚ ਉਂਗਲਾਂ ਦੇ ਵਧੇ ਹੋਏ ਨਹੁੰਆਂ ਨਾਲ ਪਾਗਲਾਂ ਵਾਂਗ ਖੁਰਕ ਕਰਦੀ ਹੈ ਅਤੇ ਮੂੰਹ 'ਚ ਰਹਿ ਗਏ ਦੋ ਕੁ ਵਿੰਗੇ ਟੇਢੇ ਦੰਦਾਂ ਨਾਲ ਹੱਸਦੀ ਹੈ। - ''ਨਿਊ ਇਨ ਪਚੀਸਾ, ਹਾ ਹਾ ਹਾ। ਵਟ ਯੂ ਵਾਂਟ? ਵਾਟਰ....। ਆਈ ਲਵ ਗੋਲਡ....।  ਡੂ ਯੂ ਨੋਅ, ਅਵਰ ਗ੍ਰੇਟ ਗ੍ਰੇਟ ਐਂਡ ਗ੍ਰੇਟ ਫਾਦਰਜ਼ ਲਾਈਕ ਗੋਲਡ ਮਨੀ ਐਂਡ ਪ੍ਰਾਪਰਟੀਜ਼?''

ਸ਼ੇਰ ਕੌਰ ਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਵਿਲੀਅਮ ਨੂੰ ਅੱਗੇ ਵਧ ਕੇ ਪਾਣੀ ਲੈਣ ਦਾ ਇਸ਼ਾਰਾ ਕੀਤਾ। ਵਿਕਟਰ ਬੀਬੀ ਨੇ ਸ਼ੇਰ ਕੌਰ ਦੇ ਨਾਲ ਹਟਵੇਂ ਖੜ੍ਹੇ ਮਰਦ ਬੰਦੇ ਵੱਲ ਦੇਖਿਆ ਤਾਂ ਉਸ ਨੇ ਸੋਨੇ ਦੀ ਇੱਕ ਇੱਟ ਆਪਣੇ ਨਾਲ ਹੀ ਥੋੜ੍ਹੀ ਦੂਰ ਹੇਠਾਂ ਸੁੱਟ ਦਿਤੀ। ਵਿਲੀਅਮ ਨੇ ਪਾਣੀ ਦੀ ਇੱਕ ਬੋਤਲ ਚੁੱਕ ਲਈ ਅਤੇ ਉਹ ਉਥੋਂ ਬਾਹਰ ਨਿਕਲ ਗਏ। 

ਵਿਲੀਅਮ ਨੇ ਸ਼ੇਰ ਕੌਰ ਨੂੰ ਸ਼ਿਕਾਇਤ ਕੀਤੀ ਕਿ ਉਸ ਨੇ ਮਰਦ ਬੰਦੇ ਬਾਰੇ ਉਸ ਨੂੰ ਜਾਣਕਾਰੀ ਨਹੀਂ ਦਿੱਤੀ। ਪਰ ਸ਼ੇਰ ਕੌਰ ਨੇ ਇਹ ਭੇਦ ਗੁਪਤ ਹੀ ਰੱਖਿਆ। ਤੁਰਦੇ ਤੁਰਦੇ ਉਹ ਦੋਵੇਂ ਪਚੀਸੇ ਦੇਸ਼ ਦੇ ਦਰਮਿਆਨ ਆ ਚੁੱਕੇ ਸਨ। ਸਵੇਰ ਹੋਣ ਵਾਲੀ ਸੀ। ਸ਼ੇਰ ਕੌਰ ਦੇ ਪਚੀਸੇ 'ਚ ਆਉਣ ਬਾਰੇ ਵੱਡੇ ਮੰਦਿਰ ਦੀ ਕਮੇਟੀ 'ਤੇ ਕਾਬਜ਼ ਮੁੱਠੀਆਂ ਵਾਲੇ ਅਤੇ ਹੁਕਮਰਾਨਾਂ ਨੂੰ ਪਤਾ ਚੱਲ ਚੁੱਕਾ ਸੀ। ਪੁਲਿਸ ਉਹਨਾਂ ਦੋਵਾਂ ਨੂੰ ਹਲਕੇ ਕੁੱਤੇ ਵਾਂਗ ਭਾਲਦੀ ਫਿਰ ਰਹੀ ਸੀ। ਜਿੱਥੇ ਕਿਤੇ ਵੀ ਓਹ ਆਹਮੋ ਸਾਹਮਣੇ ਹੋਣਗੇ ਤਾਂ ਉਨ੍ਹਾਂ ਦਾ ਟਕਰਾਅ ਲਗਭਗ ਤੈਅ ਸੀ। 

ਚਲਦਿਆਂ ਚਲਦਿਆਂ ਓਹ ਇੱਕ ਉਜਾੜ ਸ਼ਹਿਰ 'ਚ ਪਹੁੰਚ ਗਏ। ਸਾਰੇ ਪਾਸੇ ਬੁਰਾ ਹਾਲ ਸੀ। ਦੁਕਾਨਾਂ ਦੇ ਸ਼ਟਰ ਟੁੱਟੇ ਪਏ ਸਨ। ਉਨ੍ਹਾਂ ਦੇ ਉੱਤੇ ਇੰਗਲਿਸ਼ ਭਾਸ਼ਾ 'ਚ ਬੋਰਡ ਲੱਗੇ ਸਨ - ''ਹੋਲ ਸੇਲ ਸ਼ਾਪ, ਸਮੈਕ ਐਂਡ ਹੈਰੋਇਨ, ਫ੍ਰੀ ਹੋਮ ਡਿਲਿਵਰੀ ਫਾਰ ਥ੍ਰੀਅ ਡੋਜ਼ ਪ੍ਰਚੇਜ਼ਿੰਗ''। ਕਈ ਬੋਰਡਾਂ ਦੇ ਥੱਲੇ ''ਜੈਅ ਸੰਤ ਪ੍ਰਕਾਸ਼ ਜੀ'' ਲਿਖਿਆ ਹੋਇਆ ਸੀ। ਅਜਿਹੇ ਕਾਰੋਬਾਰੀ ਬਹੁਤ ਖਤਰਨਾਕ ਬਣ ਕੇ ਟੱਕਰ ਸਕਦੇ ਸਨ। ਇਸੇ ਗੱਲ ਨੂੰ ਧਿਆਨ 'ਚ ਰੱਖ ਕੇ ਓਹ ਦੋਵ੍ਹੇਂ ਇੱਕ ਬੰਦ ਪਈ ਦੁਕਾਨ ਦੇ ਬਾਹਰ ਬੈਠ ਗਏ।

''ਵੁਈ ਹੈਵ ਟੂ ਕਿਲ ਮੁਠੀਆਂ ਵਾਲਾ ਫਸਟ, ਐਂਡ ਆਫਟਰ ਦੈਟ ਵੁਈ ਵਿਲ ਟੇਕ ਅਵਰ ਸੀ ਐਮ... ਓ ਕੇ?'' - ਵਿਲੀਅਮ ਨੂੰ ਸ਼ੇਰ ਕੌਰ ਨੇ ਰਸਤੇ 'ਚ ਆਉਂਦਿਆਂ ਪਚੀਸੇ ਦੇ ਆਦਿ ਕਾਲ ਦੇ ਜੱਟਾਂ ਬਾਰੇ ਰਿਮੋਟ ਚਿੱਤਰਾਂ ਨਾਲ ਸਮਝਾਇਆ ਸੀ। ਇਸੇ ਕਰਨ ਉਹ ਹੁਣ ਖੁੱਲ ਕੇ ਅੱਗੇ ਆ ਗਿਆ ਤਾਂ ਕਿ ਪਚੀਸੇ ਨੂੰ ਦੁਸ਼ਟਾਂ ਤੋਂ ਆਜ਼ਾਦ ਕਰਾਇਆ ਜਾ ਸਕੇ। ਉਹ ਬੈਠੇ ਅਜੇ ਸਲਾਹ ਹੀ ਕਰ ਰਹੇ ਸਨ ਕਿ ਮਾੜਚੂ ਜਿਹੇ 10 -12 ਬੰਦਿਆਂ ਦਾ ਇੱਕ ਗਰੁੱਪ ਲਾਲਾ-ਲਾਲਾ ਕਰਦਾ ਹੱਥਾਂ ਵਿੱਚ ਡਾਂਗਾਂ ਫੜੀ ਉਧਰੋਂ ਲੰਘਿਆ। ਉਹ ਕਿਸੇ ਮਝ ਦੇ ਪਿਛੇ ਦੌੜ ਰਹੇ ਸਨ। ''ਇਹ ਕੌਣ ਹਨ?'' - ਸ਼ੇਰ ਕੌਰ ਨੇ ਉਤਸੁਕਤਾ ਨਾਲ ਪੁੱਛਿਆ।

''ਦੀਜ ਪੀਪਲ ਆਰ ਰੇਪਿਸਟ...। ਨਾਓ ਦੇਅ ਆਰ ਟ੍ਰਾਇੰਗ ਟੂ ਕੈਚ ਦੈਟ ਬਫਲੋ ਐਂਡ ਵਾਂਟ ਟੂ ਰੇਪ....।'' - ਵਿਲੀਅਮ ਜੱਟ ਅੱਖਾਂ ਨੀਵੀਆਂ ਕਰ ਕੇ ਸ਼ੇਰ ਕੌਰ ਨੂੰ ਸਾਰੀ ਗੱਲ ਸਮਝਾਉਂਦਾ ਹੈ।

ਸ਼ੇਰ ਕੌਰ ਦਾ ਚਿਹਰਾ ਗੁੱਸੇ ਵਿਚ ਲਾਲ ਹੋ ਜਾਂਦਾ ਹੈ। ਉਹ ਮੱਝ ਪਿੱਛੇ ਦੌੜ ਰਹੇ ਬੰਦਿਆਂ ਵੱਲ ਦੇਖਦੀ ਹੈ। ਅਤੇ ਫਿਰ ਆਪਣੇ ਰਿਮੋਟ ਦਾ ਬਟਨ ਦਬਦੀ ਹੈ। ਸ਼ੇਰ ਕੌਰ ਦੇ ਪਿਛੇ ਦੋ ਤਿੰਨ ਮਰਦ ਬੰਦੇ ਹੱਥਾਂ 'ਚ ਮਿਜ਼ਾਇਲਾਂ ਫੜੀ ਅੱਗੇ ਵਧਦੇ ਹਨ। ਉਨ੍ਹਾਂ ਦੇ ਪਿੱਛੇ ਇੱਕ ਮਰਦ ਬੰਦਾ ਨਗਾਰਾ ਵਜਾਉਣ ਲਗਦਾ ਹੈ। ਮੱਝ ਪਿਛੇ ਦੌੜ ਰਹੇ ਸਾਰੇ ਬੰਦੇ ਰੁਕ ਜਾਂਦੇ ਹਨ। ਉਹ ਉੱਚੇ ਲੰਮੇ ਗੈਰ-ਪਚੀਸੀ ਲੋਕਾਂ ਨੂੰ ਦੇਖ ਕੇ ਹੈਰਾਨ ਹੁੰਦੇ ਹਨ। ਸਮੈਕ ਦੇ ਨਸ਼ੇ ਦੀ ਲੋਰ 'ਚ ਉਹ ਮਰਨ ਮਾਰਨ ਲਈ ਤਿਆਰ ਹਨ। ਉਹ ਸ਼ੇਰ ਕੌਰ ਦੇ ਨਾਲ ਖੜ੍ਹੇ ਤਿਆਰ ਬਰ ਤਿਆਰ ਮਰਦਾਂ ਵੱਲ ਉਲਰਦੇ ਹਨ। ਪਰ ਜਿਵੇਂ ਹੀ ਉਨ੍ਹਾਂ ਦੀ ਨਜਰ ਸ਼ੇਰ ਕੌਰ 'ਤੇ ਪੈਂਦੀ ਹੈ ਤਾਂ ਉਹ ਆਪਸ 'ਚ ਕੁਝ ਬੁੜ ਬੁੜ ਕਰਦੇ ਹਨ ਅਤੇ ਡਾਂਗਾਂ ਲੈ ਕੇ ਉਸ 'ਤੇ ਟੁੱਟ ਪੈਂਦੇ ਹਨ। ਪਹਿਲਾਂ ਹੀ ਕਚੀਚੀਆਂ ਵੱਟ ਰਹੇ ਵਿਲੀਅਮ ਲਈ ਇਹ ਸਭ ਕੁਝ ਸਹਿਣਾ ਮੁਸ਼ਕਲ ਹੁੰਦਾ ਜਾ ਰਿਹਾ ਸੀ। ਉਹ ਸ਼ੇਰ ਕੌਰ ਵੱਲ ਇੱਕ ਨਜ਼ਰ ਦੇਖਦਾ ਹੈ। ਸ਼ੇਰ ਕੌਰ ''ਹਾਂ'' ਵਿੱਚ ਆਪਣਾ ਸਿਰ ਹਿਲਾਉਂਦੀ ਹੈ। ਇਸ਼ਾਰਾ ਮਿਲਦੀਆਂ ਹੀ ਵਿਲੀਅਮ ਖਾਲੀ ਹੱਥੀਂ ਉਨ੍ਹਾਂ 'ਤੇ ਟੁੱਟ ਪੈਂਦਾ ਹੈ। ਨਸ਼ੇ ਦੇ ਮਾਰੇ ਹੋਏ ਪਚੀਸੀ ਵਿਲੀਅਮ ਦੇ ਵਾਰ 5 ਮਿੰਟਾਂ 'ਤੋਂ ਵਧ ਨਾ ਸਹਿ ਸਕੇ। 

ਸ਼ੇਰ ਕੌਰ ਨੇ ਰਿਮੋਟ ਦਾ ਬਟਨ ਦੱਬ ਕੇ ਮਰਦ ਬੰਦਿਆਂ ਨੂੰ ਸ਼ਾਂਤ ਕੀਤਾ ਹੀ ਸੀ ਕਿ ਉਨ੍ਹਾਂ ਦੇ ਕੁਝ ਕੁ ਦੂਰੋਂ ਹੀ ਨਸ਼ੇ 'ਚ ਧੁੱਤ ਪਚੀਸੀਆਂ ਦਾ ਟਿੱਡੀ ਦਲ 'ਅਮਲੀ ਦਫਤਰ' ਦੇ ਨਾਅਰੇ ਮਾਰਦਾ ਉਨ੍ਹਾਂ ਵੱਲ ਵਧਣ ਲੱਗਾ। ਇਸ ਦਲ 'ਚ ਹਜ਼ਾਰ ਤੋਂ ਕੁਝ ਵਧ ਪਚੀਸੀ ਲੋਕ ਸਨ।

''ਇਸ ਦਾ ਮੈਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ...।'' ਸ਼ੇਰ ਕੌਰ ਨੇ ਹੈਰਾਨੀ ਨਾਲ ਕਿਹਾ।

''ਆਈ ਆਲਰੇਡੀ ਸੈਡ... ਵੁਈ ਹੈਵ ਟੂ ਕਿੱਲ ਦੇਅਰ ਲੀਡਰ ਫਸਟ। ਆਫਟਰ ਦੈਟ ਐਵਰੀਥਿੰਗ ਵਿਲ ਬੀ ਆਲਰਾਇਟ..। ਦਿਸ ਇਜ ਦਾ ਓਨਲੀ ਸੋਲਿਊਸ਼ਿਨ।'' - ਵਿਲੀਅਮ ਨੂੰ ਬਿਮਾਰੀ ਦੀ ਦਵਾਈ ਦਾ ਪਤਾ ਚੱਲ ਚੁੱਕਾ ਸੀ। 

ਟਿੱਡੀ ਦਲ 'ਚ ਸ਼ਾਮਿਲ ਲੋਕ ਨਸ਼ੇ ਦੇ ਮਾਰੇ ਹੋਏ ਸਨ ਅਤੇ ਉਹ ਸਰੀਰੋਂ ਬਿਲਕੁਲ ਮਾੜਚੂ ਜਿਹੇ ਸਨ। ਪਰ ਜਦੋਂ ਉਹ ਸਮੂਹ 'ਚ ਹਮਲਾਵਰ ਬਣ ਕੇ ਟੁੱਟੇ ਤਾਂ ਵਿਲੀਅਮ ਦੇ ਇੱਕ ਵਾਰ ਤਾਂ ਪੈਰ ਹਿਲ ਗਏ। ਉਸ ਦੀ ਕੋਈ ਵਾਹ ਨਹੀਂ ਚੱਲ ਰਹੀ ਸੀ। ਹਾਂ! ਇੰਨੀ ਗੱਲ ਜਰੂਰ ਕਿ ਉਹ ਸ਼ੇਰ ਕੌਰ ਦੀ ਮੌਜੂਦਗੀ ਨੂੰ 'ਰੱਬ' ਦੇ ਆਪਣੇ ਨਾਲ ਹੋਣ ਬਰਾਬਰ ਮਹਿਸੂਸ ਕਰ ਰਿਹਾ ਸੀ। ਉਹ ਇੱਕ ਲੰਮਾ ਬਰਛਾ ਲੈ ਕੇ ਹਮਲਾਵਰ ਭੀੜ 'ਚ ਜਾ ਵੜਿਆ। ਇਹ ਬਰਛਾ ਪਚਿਸੀਆਂ ਦੇ ਪਹਿਲੇ ਜਥੇ ਕੋਲੋਂ ਖੋਹਿਆ ਸੀ। ਡਰ ਇਹ ਵੀ ਸੀ ਕਿ ਨਸ਼ਾਖੋਰ ਲੋਕਾਂ ਦੀ ਭੀੜ ਵਧਦੀ ਜਾ ਰਹੀ ਸੀ। ਜਦੋਂ ਕੋਈ ਜੋਰਾਵਰ ਬੰਦਾ ਵੀ ਵੱਡੀ ਗਿਣਤੀ ਕਾਇਰਾਂ ਦੇ ਹਥ ਆ ਜਾਵੇ ਤਾਂ ਉਸ ਜੋਰਾਵਰ ਦੀ ਹਾਲਤ 'ਤੇ ਤਰਸ ਆਉਣਾ ਸੁਭਾਵਿਕ ਹੁੰਦਾ ਹੈ। ਇੱਕ ਇੱਕਲਾ ਵਿਲੀਅਮ ਅਤੇ ਦੂਜੇ ਪਾਸੇ ਹਜ਼ਾਰਾਂ ਦੀ ਲਾਲਾ ਲਾਲਾ ਕਰਦੀ ਬੇ ਰਹੀਮ ਭੀੜ। ਮੁਕਾਬਲਾ ਬਿਲਕੁਲ ਅਸਾਵਾਂ ਸੀ। ਇੰਜ ਲਗਦਾ ਸੀ ਜਿਵੇਂ ਉਹ ਕਿਸੇ ਮੁਲਕ 'ਤੇ ਚੜ੍ਹਾਈ ਕਰਨ ਲਈ ਹਮਲਾ ਕਰਨ ਆ ਰਹੇ ਹੋਣ। ਆਉਂਦਿਆਂ ਹੀ ਉਹਨਾਂ ਨੇ ਆਪਣੀ ਦਰਿੰਦਗੀ ਦਾ ਮੁਜਾਹਰਾ ਕਰਨਾ ਸ਼ੁਰੂ ਕਰ ਦਿਤਾ। ਉਹ ਸਰੀਰੋਂ ਕਮਜ਼ੋਰ ਸਨ ਪਰ ਦਿਲ ਦੇ ਉੰਨੇ ਹੀ ਬੇ-ਰਹਿਮ। ਪਿਛਲੀਆਂ ਦੋ ਸਦੀਆਂ 'ਚ ਇਹਨਾਂ ਦੀ ਦਰਿੰਦਗੀ ਅਤੇ ਅਕਿਰਤਘਣਤਾ ਦਾ ਆਪਣਾ ਹੀ ਇਤਿਹਾਸ ਬਣ ਚੁੱਕਾ ਸੀ। ਕੋਈ ਇੱਕਲਾ ਦੁੱਕਲਾ ਇਹਨਾਂ ਦੇ ਹਥ ਆ ਜਾਂਦਾ ਤਾਂ ਇਹ ਉਸਦਾ ਅਜਿਹਾ ਹਾਲ ਕਰਦੇ ਸਨ ਜਿਵੇਂ ਪ੍ਰਾਚੀਨ ਕਾਲ ਵਿਚ ਮੁਗਲ ਹਮਲਾਵਰ ਆਪਣੇ ਵਿਰੋਧੀਆਂ ਨੂੰ ਕੋਹ ਕੋਹ ਕੇ ਮਾਰਦੇ ਸਨ। ਦਇਆ, ਤਰਸ ਜਾਂ ਮਨੁਖਤਾ ਦਾ ਹਿਸਾਬ ਕਿਤਾਬ ਇਹਨਾਂ ਲੋਕਾਂ ਦੇ ਮਨਾਂ 'ਚ ਬਿਲਕੁਲ ਨਾਂ ਮਾਤਰ ਸੀ।

ਸ਼ੇਰ ਕੌਰ ਨੂੰ ਇਸ ਗੱਲ ਦਾ ਪਹਿਲਾਂ ਹੀ ਅੰਦਾਜ਼ਾ ਸੀ ਅਤੇ ਉਹ ਵਿਲੀਅਮ ਨੂੰ ਆਪਣੀ ਰਿਮੋਟ ਸਮਰਥਾ ਨਾਲ ਸੁਰਖਿਆ ਕਵਚ ਦੇਣ ਲੱਗੀ। ਦੂਰ ਖੜ੍ਹੀ ਭਿਆਨਕ ਲੜਾਈ ਦਾ ਖੂਨੀ ਦਰਿਸ਼ ਉਹ ਆਪਣੀਆਂ ਅੱਖਾਂ ਨਾਲ ਦੇਖਣ ਲੱਗੀ। ਮਾਨੋ ਇਸ ਖੂਨੀ ਲੜਾਈ ਦੀ ਖੇਡ ਉਸ ਨੇ ਖੁਦ ਰਚੀ ਹੋਵੇ। ਵਿਲੀਅਮ ਕਿਸੇ ਚਾਬੀ ਵਾਲੇ ਖਿਡਾਉਣੇ ਵਾਂਗ ਨਿਰਦਈ ਪਚਿਸੀਆਂ 'ਚ ਦੌੜਿਆ ਫਿਰ ਰਿਹਾ ਸੀ। ਦੂਰ ਖੜ੍ਹੇ ਪਚੀਸੀ ਪੁਲਿਸ ਦੇ ਜਵਾਨ ਹੋਰ ਲੋਕਾਂ ਨੂੰ ਇਸ ਲੜਾਈ 'ਚ ਕੁੱਦ ਪੈਣ ਲਈ ਹੱਲਾ ਸ਼ੇਰੀ ਦੇ ਰਹੇ ਸਨ। ਉਹਨਾਂ ਦੀਆਂ ਔਟੋ ਬੰਦੂਕਾਂ ਨੂੰ ਵਿਲੀਅਮ ਦੇ ਸਰੀਰ ਤੱਕ ਅਪੜਨ ਲਈ ਰਾਹ ਨਹੀਂ ਮਿਲ ਰਿਹਾ ਸੀ। ਸ਼ੇਰ ਕੌਰ ਵਿਲੀਅਮ ਦੀ ਢਾਲ ਬਣ ਕੇ ਉਸ 'ਚ ਆਤਮ ਵਿਸ਼ਵਾਸ਼ ਜਗਾ ਚੁੱਕੀ ਸੀ ਹਾਲਾਂਕਿ ਵਿਲੀਅਮ ਨੂੰ ਇਸ ਬਾਰੇ ਉੱਕਾ ਹੀ ਜਾਣਕਾਰੀ ਨਹੀਂ ਸੀ। ਉਸ ਦੀਆਂ ਰਗਾਂ 'ਚ ਖੂਨ ਉਬਲੇ ਮਾਰ ਰਿਹਾ ਸੀ। ਜਿਨ੍ਹਾਂ ਲੋਕਾਂ ਦੀ ਉਹ ਗੁਲਾਮੀ ਕਰ ਰਿਹਾ ਸੀ ਹੁਣ ਉਹ ਅਚਾਨਕ ਉਨ੍ਹਾਂ ਦੇ ਹੀ ਖਿਲਾਫ਼ ਹੀ ਲੜਨ ਲੱਗ ਪਿਆ ਸੀ। ਲੜਦਿਆਂ ਲੜਦਿਆਂ ਉਹ ਇਹ ਸਾਰਾ ਕੁਝ ਸੋਚ ਵੀ ਰਿਹਾ ਸੀ ਅਤੇ ਸ਼ੇਰ ਕੌਰ ਦੀ ਰੂਹਾਨੀ ਸ਼ਕਤੀ ਨੂੰ ਨਿਹਾਰ ਵੀ ਰਿਹਾ ਸੀ। ਉਸ ਵਿਚ ਇਹ ਬਦਲਾਅ ਅਚਾਨਕ ਨਹੀਂ ਆਇਆ ਸੀ। ਆਪਣੇ ਹੱਕਾਂ ਅਤੇ ਜਿਉਣ ਜੋਗੇ ਸਾਹਾਂ ਦੀ ਵ੍ਸੂਲ੍ਗੀ ਲਈ ਲੜਨ ਤੋਂ ਭੱਜੇ ਨ੍ਸ਼ਾਖੋਰਾਂ ਦੀ ਖੱਸੀ ਜਾਤ ਨੂੰ ਛੱਡ ਕੇ ਉਹ ਉਸੇ ਨਿਜ਼ਾਮ ਖਿਲਾਫ਼ ਡੱਟ ਗਿਆ ਜਿਸ ਦੇ ਗਰਭ 'ਚੋਂ ਉਸ ਨੇ ਜਨਮ ਲਿਆ। ਇਹ ਤਬਦੀਲੀ ਤੁਰਤ ਫੁਰਤ ਨਹੀਂ ਵਾਪਰ ਸਕਦੀ ਸੀ। ਵਿਲੀਅਮ ਦੇ ਖੂਨ ਵਿਚ ਕੋਈ ਅਜਿਹਾ ਤੱਤ ਜਰੂਰ ਹੋਵੇਗਾ ਜਿਹੜਾ ਪਚੀਸੇ ਦੀ ਧਰਤੀ 'ਤੇ ਆਦਿ ਕਾਲ 'ਚ ਵੱਸਦੇ ਉਸਦੇ ਵਡੇਰਿਆਂ ਦੀਆਂ ਰਗਾਂ 'ਚ ਦੌੜਦਾ ਹੋਵੇਗਾ। ਜਿਹੜੇ ਖੂਨ ਨੇ ਕਦੇ ਗਊ ਗਰੀਬ ਦੀ ਰਖਿਆ ਕੀਤੀ ਹੋਵੇਗੀ ਅਤੇ ਦੁਸ਼ਮਣਾਂ ਨਾਲ ਲੋਹਾ ਲਿਆ ਹੋਵੇਗਾ। ਰਾਤਾਂ ਘੋੜਿਆਂ ਦੀਆਂ ਕਾਠੀਆਂ 'ਤੇ ਕੱਟੀਆਂ ਹੋਣਗੀਆਂ। ਇਜੱਤ ਅਤੇ ਅਣਖ ਨੂੰ ਹਥ ਪਾਉਣ ਵਾਲਿਆਂ ਦੀ ਛਾਤੀ 'ਤੇ ਪੈਰ ਰੱਖ ਕੇ ਉਹਨਾਂ ਨੂੰ ਵੰਗਾਰਿਆ ਹੋਵੇਗਾ।

ਉਹ ਜਵਾਬ ਸੀ। ਸ਼ੇਰ ਕੌਰ ਵੱਲੋਂ ਪਚੀਸੀ ਹੁਕਮਰਾਨਾਂ ਖਿਲਾਫ਼ ਸ਼ੁਰੂ ਕੀਤੀ ਜੰਗ ਦਾ ਜਵਾਬ। ਇੱਕ ਪਾਸੇ ਉਹ ਹਮਲਾਵਰਾਂ ਦੀ ਵਢ ਟੁੱਕ ਕਰ ਰਿਹਾ ਸੀ ਅਤੇ ਦੂਜੇ ਪਾਸੇ ਉਹਨਾਂ ਦੀ ਭੀੜ ਵਧਦੀ ਜਾ ਰਹੀ ਸੀ। ਮੁਕਾਬਲਾ ਪੂਰੀ ਤਰਾਂ ਅਸਾਵਾਂ ਦੇਖ ਕੇ ਸ਼ੇਰ ਕੌਰ ਨੇ ਆਪਣੇ ਚੌਲੇ 'ਚੋਂ ਰੀਮੋਟ ਕਢ ਲਿਆ ਅਤੇ ਉਸ ਦਾ ਬਟਨ ਦੱਬ ਦਿਤਾ। ਬਟਨ ਦੱਬਦਿਆਂ ਹੀ ਹਜ਼ਾਰਾਂ ਆਤਿਸ਼ੀ ਗੋਲੀਆਂ ਨਿਕਲ ਕੇ ਭੀੜ ਉੱਪਰ ਮੀਂਹ ਵਾਂਗ ਡਿੱਗਣ ਲੱਗੀਆਂ। ਪਚਿਸੀਆਂ 'ਚ ਹਾਹਾ ਕਰ ਮਚ ਗਈ ਅਤੇ ਉਹ ਜਖਮੀ ਹਾਲਤ 'ਚ ਜਿਧਰ ਰਾਹ ਮਿਲਿਆ ਉਧਰ ਨੂੰ ਦੌੜਨ ਲੱਗੇ। ਪਲਾਂ ਵਿਚ ਹੀ ਰੇਤਲਾ ਮੈਦਾਨ ਖਾਲੀ ਹੋ ਗਿਆ। 
...
ਸੈਂਕੜੇ ਲਾਸ਼ਾਂ ਇਧਰ ਉਧਰ ਖਿਲਰੀਆਂ ਪਈਆਂ ਸਨ। ਜਦੋਂ ਵਿਲੀਅਮ ਨੇ ਪਿਛੇ ਮੁੜ ਕੇ ਦੇਖਿਆ ਤਾਂ ਸ਼ੇਰ ਕੌਰ ਦੂਰ ਖੜ੍ਹੀ ਹਲਕਾ ਹਲਕਾ ਮੁਸਕਾ ਰਹੀ ਸੀ।ਉਹ ਸ਼ੇਰ ਕੌਰ ਵੱਲ ਮੁੜ ਹੀ ਰਿਹਾ ਸੀ ਕਿ ਪਚੀਸੀ ਪੁਲਿਸ ਦਾ ਇੱਕ ਅਫਸਰ ਸ਼ੇਰਨੀ ਨੂੰ ਪਿਛੋਂ ਆ ਕੇ ਧੌਣ ਤੋਂ ਫੜਨ ਲੱਗਾ। ਉਸ ਨੇ ਆਪਣਾ ਹਥ ਉੱਚਾ ਕਰ ਕੇ ਸ਼ੇਰ ਕੌਰ ਨੂੰ ਪੁਲਿਸ ਅਫਸਰ ਦੇ ਹਮਲਾਵਰ ਹੋਣ ਦਾ ਇਸ਼ਾਰਾ ਕੀਤਾ। ਪਰ ਅਜਿਹਾ ਨਹੀਂ ਸੀ ਕਿ ...। ਨਤੀਜਾ ਬਿਲਕੁਲ ਆਸ ਦੇ ਉਲਟ ਨਿਕਲਿਆ। ਜਿਵੇਂ ਹੀ ਪੁਲਿਸ ਅਫਸਰ ਦਾ ਹਥ ਸ਼ੇਰ ਕੌਰ ਦੀ ਗਰਦਨ ਨੂੰ ਛੁਹੰਦਾ ਹੈ ਉਹ ਇੱਕ ਦਮ ਝਟਕੇ ਨਾਲ ਕਈ ਫੁੱਟ ਦੀ ਦੂਰੀ 'ਤੇ ਜਾ ਡਿੱਗਦਾ ਹੈ। ਉਸ ਦੇ ਹਥ 'ਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗਦੀਆਂ ਹਨ। ਅਤੇ ਉਹ ਬੁਰੀ ਤਰਾਂ ਝੁਲਸ ਜਾਂਦਾ ਹੈ। ਝੁਲਸਣ ਦੇ ਬਾਅਦ ਬੁਰੀ ਤਰਾਂ ਤੜਫਦੇ ਅਫਸਰ ਨੂੰ ਦੇਖ ਕੇ ਵਿਲੀਅਮ ਹੈਰਾਨ ਹੈ। ਸ਼ੇਰ ਕੌਰ ਸਹਿਜ ਨਾਲ ਉਸ ਨੂੰ ਉਥੋਂ ਚੱਲਣ ਦਾ ਇਸ਼ਾਰਾ ਕਰਦੀ ਹੈ। 

------------

ਬਹੁਤ ਦੇਰ ਤੱਕ ਚੱਲਣ ਦੇ ਮਗਰੋਂ ਉਹ ਇੱਕ ਢਹਿ ਢੇਰੀ ਹੋ ਚੁੱਕੀ ਵੀਰਾਨ ਇਮਾਰਤ ਅੰਦਰ ਜਾ ਵੜਦੇ ਹਨ। ਉਹ ਇਮਾਰਤ ਦੇ ਤਹਿਖਾਨੇ ਵਿਚ ਪਨਾਹ ਲੈ ਲੈਂਦੇ ਹਨ ਜਿਹੜਾ ਕਦੇ ਵਿਕਸਤ ਯੁੱਗ 'ਚ ਕਿਸੇ ਵਿਸ਼ਾਲ ਸ਼ਾਪਿੰਗ ਕੰਪ੍ਲੇਕਸ ਦਾ ਕਾਰ ਪਾਰਕਿੰਗ ਖੇਤਰ ਹੋਵੇਗਾ। ਵਿਲੀਅਮ ਦੀਆਂ ਅੱਖਾਂ ਅਜੇ ਵੀ ਹੈਰਾਨੀ ਨਾਲ ਡੌਰ ਭੌਰ ਹਨ। ਇੱਕ ਤਾਂ ਉਸ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਉਸ ਨੇ ਹਜ਼ਾਰਾਂ ਹਮਲਾਵਰਾਂ ਨੂੰ ਇੱਕਲਿਆਂ ਹੀ ਮਾਰ ਭਜਾਇਆ ਹੈ ਅਤੇ ਦੂਜਾ ਸ਼ੇਰ ਕੌਰ ਨੂੰ ਹਥ ਲਾਉਣ ਵਾਲੇ ਅਫਸਰ ਦੇ ਸੜ ਮਰਨ ਵਾਲੀ ਘਟਨਾ ਉਸ ਦੇ ਅੰਦਰ ਡਰ ਅਤੇ ਭਰੋਸੇ ਦੇ ਰਲੇ ਮਿਲੇ ਅਸਰ ਛੱਡ ਰਹੀ ਸੀ। 

ਸ਼ੇਰ ਕੌਰ ਉਸ ਦੀਆਂ ਅੱਖਾਂ 'ਚ ਉਭਰੇ ਸੁਆਲਾਂ ਦੀਆਂ ਤੰਦਾਂ ਖੋਹ੍ਲਦੀ ਆਪਣੀ ਗਰਦਨ 'ਤੇ ਹਥ ਫੇਰਦੀ ਹੈ। - "ਇਹਦੇ 'ਚ ਹੈਰਾਨ ਹੋਣ ਵਾਲੀ ਗੱਲ ਕੋਈ ਨਹੀਂ ਹੈ। ਇਹ ਸਾਡੀ ਅੰਦਰੂਨੀ ਸ਼ਕਤੀ ਹੈ। ਹਰ ਇੱਕ 'ਚ ਹੁੰਦੀ ਹੈ ਇਹ। ਤੇਰੇ 'ਚ ਵੀ ਹੈ। ਬਾਕੀ ਲੋਕ ਇਸ ਸ਼ਕਤੀ ਨੂੰ ਦੁਨਿਆਵੀ ਕੂੜ ਕਾਰਜਾਂ 'ਚ ਖਤਮ ਕਰ ਲੈਂਦੇ ਹਨ। ਭੋਗ ਦਾ ਖਿਆਲ ਮਾਤਰ ਇਸ ਨੂੰ ਸਾੜ ਕੇ ਸੁਆਹ ਕਰ ਦਿੰਦਾ ਹੈ। ਮਾਇਆ ਇਸ ਦੀ ਦੁਸ਼ਮਣ ਹੈ। ... ਜੇ ਇਸ ਨੂੰ ਸਾਂਭ ਕੇ ਰੱਖਿਆ ਜਾਵੇ ਤਾਂ ਇਹ ਜਾਲਿਮ ਅਤੇ ਪਾਪੀਆਂ ਨੂੰ ਸਾੜ ਕੇ ਭਸਮ ਕਰ ਦਿੰਦੀ ਹੈ। ... ਤੇਰੇ ਅੰਦਰਲੀ ਸ਼ਕਤੀ ਨੇ ਤੈਨੂੰ ਜਗਾਇਆ ਹੈ, ਤੈਨੂੰ ਇੱਕ ਵੱਡੀ ਜੰਗ ਲੜਨ ਲਈ। ਇਸ ਲਈ ਕਿ ਇਹ ਤੇਰੇ ਅੰਦਰ ਵੀ ਮੌਜੂਦ ਹੈ। ਪਵਿਤ੍ਰਤਾ ਦੀ ਕਸੌਟੀ 'ਤੇ ਇਹ ਸ਼ਕਤੀ ਅਮੁੱਕ ਅਤੇ ਬੇਅੰਤ ਹੋ ਜਾਂਦੀ ਹੈ।"

ਵਿਲੀਅਮ, ਸ਼ੇਰ ਕੌਰ ਦੀਆਂ ਅੱਖਾਂ ਅੰਦਰ ਦੇਖਦਾ ਧੁਰ ਬ੍ਰਹਮੰਡ 'ਚ ਜਾ ਉਡਾਰੀਆਂ ਲਾਉਣ ਲੱਗਾ। ਉਸ ਦਾ ਸਥੂਲ ਸਰੀਰ ਪੂਰੀ ਤਰਾਂ ਥਿਰ ਹੋ ਗਿਆ। ਸ਼ੇਰ ਕੌਰ ਕੁਦਰਤ ਅਤੇ ਕੁਦਰਤ ਸ਼ੇਰ ਕੌਰ ਹੋ ਗਈ ਸੀ। ਇਵੇਂ ਲੱਗਦਾ ਸੀ ਜਿਵੇਂ ਸਾਰਾ ਵਾਯੂ ਮੰਡਲ ਉਸ ਸ਼ਕਤੀ ਦੇ ਪੈਰਾਂ 'ਚ ਆ ਗਿਆ ਹੋਵੇ ਜਿਹੜੀ ਧੁੰਦੁਕਾਰ ਦੇ ਪਸਾਰੇ 'ਚੋਂ ਜਨਮੀ ਹੈ। ਲੋਕ ਪ੍ਰਲੋਕ ਦੇ ਆਰ ਪਾਰ ਕੀ ਕੁਝ ਵਾਪਰ ਰਿਹਾ ਹੈ ਇਹ ਜਾਨਣਾ ਇਸ ਸ਼ਕਤੀ ਦੇ ਤੀਜੇ ਨੇਤਰ ਤੋਂ ਪਰੇ ਦੀ ਗੱਲ ਨਹੀਂ ਸੀ। 

ਕੁਦਰਤ ਦੀ ਨਿਰਵਿਘਨ ਵਰਤਦੀ ਖੇਡ 'ਚ ਕੁਝ ਖਲਨਾਇਕੀ ਤਾਕਤਾਂ ਨੇ ਰੁਕਾਵਟ ਪਾ ਦਿਤੀ ਸੀ। "ਅਖੀਰ ਕਿਉਂ? ਕੀ ਮਾਨਵ-ਵਾਦੀ ਲੋਕ ਕਮਜ਼ੋਰ ਸਨ? ਜਾਂ ਉਹਨਾਂ ਵਿਚ ਕਮੀਆਂ ਸਨ? ... ਨਹੀਂ, ਅਜਿਹਾ ਤਾਂ ਕੁਝ ਵੀ ਨਹੀਂ ਸੀ। ਦਰਅਸਲ ਮਾਨਵ-ਵਾਦੀਆਂ ਨੇ ਹਥ ਖੜ੍ਹੇ ਕਰ ਦਿਤੇ ਸਨ। ਉਹਨਾਂ ਨੇ ਆਤਮ ਸਮਰਪਣ ਕਰ ਦਿਤਾ ਸੀ ਪ੍ਚੀਸੇ ਦੇ ਹੁਕਮਰਾਨਾਂ ਅੱਗੇ। ਹਥ ਖੜ੍ਹੇ ਕਰ ਕੇ ਗਰਦਨਾਂ ਝੁਕਾ ਲਈਆਂ ਸਨ ਅਤੇ ਆਪਣੇ ਹਥਾਂ ਨਾਲ ਹੀ ਆਪਣੇ ਲੇਖਾਂ 'ਤੇ ਪੋਚਾ ਮਾਰ ਲਿਆ ਸੀ। ਕਿਉਂ ਹੋ ਗਿਆ ਇੰਝ ਸਭ ਕੁਝ? ਕਿਉਂ ਆਪਣਿਆਂ ਨੇ ਆਪਣਿਆਂ ਦਾ ਖੂਨ ਪੀਤਾ? ਕਿਉਂ? ...ਖੂਨ। ਹਾਂ! ਖੂਨ। ਸਾਰੀ ਗੱਲ ਹੀ ਖੂਨ ਦੀ ਹੈ। ਖੂਨ 'ਚ ਮਿਲਾਵਟ ਹੋ ਗਈ। ਅਤੇ ਬੁਧੀ ਪਲਟਾ ਖਾ ਗਈ। ਇਸ ਦੇਸ਼ ਦਾ ਖੂਨ ਨਹੀਂ ਸੀ ਇਹ। ... ਨਹੀਂ ਨਹੀਂ। ਇਹ ਤਾਂ ਗਾਹਲ ਹੋਵੇਗੀ ਆਪਣੀ ਧਰਤੀ ਨੂੰ। ਆਪਣੀ ਮਾਂ ਨੂੰ ਗਾਹਲ ਹੈ ਇਹ ਤਾਂ ...। ਪਰ...। ਪਰ ਇਹ ਹੈ ਵੀ ਸਚ। ਪਚਿਸੀਆਂ ਨੇ ਆਪਣੀ ਮਾਂ ਨਾਲ ਬਲਾਤਕਾਰ ਕੀਤਾ ਸੀ। ... ਹਾਂ। ਇਸ ਗੱਲ ਨੂੰ ਯਾਦ ਰੱਖੀਂ, ਮਾਂ ਨਾਲ ਬਲਾਤਕਾਰ। ... ਤੇ ਇਸ ਦੀ ਸਜ਼ਾ? ਇਸ ਦੀ ਸਜ਼ਾ, ਮੈਂ ਤੈਅ ਕਰਾਂਗੀ।" - ਚੌਂਕੜਾ ਮਾਰ ਕੇ ਪਦਮ ਮੁਦ੍ਰਾ 'ਚ ਬੈਠੀ ਸ਼ੇਰ ਕੌਰ ਦੀਆਂ ਅੱਖਾਂ ਖੁੱਲਦੀਆਂ ਹਨ। ਉਸ ਦੀਆਂ ਅੱਖਾਂ ਅੱਗ ਉਗਲ ਰਹੀਆਂ ਸਨ। ਸ਼ਾਇਦ ਹੁਣ ਕੁਦਰਤ ਨੂੰ ਵੀ ਇਹ ਮਨਜ਼ੂਰ ਹੋ ਚੁੱਕਾ ਸੀ।

"ਗੁਰੂ ਮਹਾਰਾਜ ਪਿਤਾ ਜੀ ਦੀ ਜੈ ਜੈ ਕਾਰ।" - ਅਮੀਸਰ ਦੇ ਵੱਡੇ ਮੰਦਰ ਦਾ ਵੱਡਾ ਪੁਜਾਰੀ ਟੈਕਨੋ ਪ੍ਚੀਸੇ ਦੇ ਮੁਖ ਮੰਤਰੀ ਵਡ ਪ੍ਰਕਾਸ਼ ਦੇ ਦਰਬਾਰ 'ਚ ਗੁਣਗਾਨ ਕਰਦਾ ਦਾਖਲ ਹੁੰਦਾ ਹੈ। ਵਡ ਪ੍ਰਕਾਸ਼ ਦੇ ਦਰਬਾਰ 'ਚ ਪਚੀਸੀ ਪੁਲਿਸ ਦਾ ਮੁਖੀ ਅਤੇ ਕੁਝ ਹੋਰ ਅਫਸਰ ਪਹਿਲਾਂ ਹੀ ਬੈਠੇ ਹਨ। ਇਹ ਸਾਰੇ ਲੋਕ ਹੁਣੇ ਹੁਣੇ ਹੀ ਨਾਚ ਮੁਜਰੇ ਨਾਲ ਆਪਣਾ ਮਨ ਪਰਚਾਵਾ ਕਰ ਕੇ ਹਟੇ ਹਨ। ਆਪਣੇ ਲੀੜੇ ਚੁੱਕ ਕੇ ਜਾਂਦੀਆਂ ਨਾਚੀਆਂ ਦੀ ਚਾਲ ਤੋਂ ਅਜਿਹਾ ਜਾਪਦਾ ਸੀ।


"ਪ੍ਚੀਸੇ ਨੂੰ ਖਤਰਾ ਹੈ। ਮਹਾਰਾਜ ਨੂੰ ਵੀ ਅਤੇ ਮੈਨੂੰ ਵੀ। ... ਧਰਮ ਨੂੰ ਵੀ ਮਹਾਰਾਜ।" - ਪੁਜਾਰੀ ਟੈਕਨੋ ਮੁਖ ਮੰਤਰੀ ਦੇ ਪੈਰਾਂ ਨੂੰ ਚੁੰਮਦਾ ਹੋਇਆ ਬੋਲਿਆ।
"ਬਹਾਦਰ ਪਚਿਸੀਆਂ ਨੇ ਹੁਣ ਤੱਕ ਕਿਸੇ ਨੂੰ ਜਿਉਂਦਿਆਂ ਵਾਪਸ ਜਾਣ ਦਿਤਾ ਹੈ? ਆਹ ਪੁਲਿਸ ਨੂੰ ਪੁੱਛ...। ਇਹ ਸਾਰਾ ਜਾਣਦਾ ਹੈ ਉਹਦੇ ਬਾਰੇ। ਸ਼ੇਰ ਕੌਰ ਨਾਮ ਹੈ ਉਹਦਾ। ... ਇਸ ਕੋਲ ਰਿਕਾਰਡ ਹੈ ਅਗਲਾ ਪਿਛਲਾ। ਦਸ ਪੀੜ੍ਹੀਆਂ ਦਾ। ਬੋਲ ਪੁਲਿਸ ਅਫਸਰ, ਬੋਲ, ਇਹਨੂੰ ਵੀ ਦੱਸ।" - ਵੱਡ ਪ੍ਰਕਾਸ਼ ਹੰਕਾਰ ਨਾਲ ਫੁੰਕਾਰੇ ਮਾਰਨ ਲੱਗਾ ਅਤੇ ਉਸ ਨੇ ਪੁਲਿਸ ਅਫਸਰ ਨੂੰ ਸ਼ੇਰ ਕੌਰ ਬਾਰੇ ਦੱਸਣ ਲਈ ਹੁਕਮ ਕਿਹਾ।

"ਪੁਜਾਰੀਆ ਪਹਿਲਾਂ ਇਹ ਦੱਸ, ਇਸ ਥਾਂ ਦਾ ਪਹਿਲਾ ਨਾਮ ਪਤਾ ਹੈ ਤੈਨੂੰ ਕੋਈ? ਅਛਾ ਇਹ ਦੱਸ, ਤੇਰੇ ਵੱਡੇ ਮੰਦਰ ਵਾਲੀ ਥਾਂ ਦਾ ਕੀ ਨਾਮ ਸੀ? ... ਅਮੀਸਰ। ਅਮੀਸਰ ਤੋਂ ਹੀ ਮੁਠਿਆਂ ਵਾਲੇ ਅਤੇ ਸੰਤ ਪ੍ਰਕਾਸ਼ ਗੁਰੂ ਦੇ ਡਰੋਂ ਭਜਿਆ ਸੀ ਸੁਖਦੇਵ ਸਿੰਘ 2013 ਸੰਨ 'ਚ। ... ਇਹ ਉਸੇ ਸੁਖਦੇਵ ਸਿੰਘ ਦੀ ਪੀੜ੍ਹੀ 'ਚੋਂ 13ਵੀਂ ਥਾਂ 'ਤੇ ਹੈ।" ਅਫਸਰ ਨੇ ਵਡ ਪ੍ਰਤਾਪ ਵੱਲ ਦੇਖਦਿਆਂ ਗੰਦੀ ਜਿਹੀ ਮੁਸਕਰਾਹਟ ਸੁੱਟੀ।

"ਫਿਰ ਤਾਂ ਇਹ ਸ਼ੇਰ ਕੌਰ ਸਾਡੇ ਨਾਲ ਵੀ ਜੱਗੋਂ ਤੇਰਵੀਂ ਕਰੂ। ... ਹਾ ਹਾ ਹਾ।" - ਟੈਕਨੋ ਨੇ ਵੀ ਉਹਨਾਂ ਦੋਵ੍ਹਾਂ ਦੇ ਹਾਸੇ 'ਚ ਆਪਣਾ ਠਹਾਕਾ ਛੱਡ ਦਿਤਾ।
"ਮੰਦਰ 'ਚੋਂ ਫਤਵਾ ਜਾਰੀ ਕਰੋ, ਓਹਨਾਂ ਦੇ ਖਿਲਾਫ਼। ... ਦਰਅਸਲ ਪ੍ਚੀਸੇ ਦੇ ਵਿਕਾਸ ਨੇ ਓਹਨਾਂ ਦੀ ਨੀਂਦ ਹਰਾਮ ਕਰ ਦਿਤੀ ਹੈ। ... ਇਹ ਕੰਮ ਜ੍ਸੂਸਾਂ ਦਾ ਹੈ। ਵਿਦੇਸ਼ੀ ਜ੍ਸੂਸਾਂ ਦਾ। ਪ੍ਚੀਸੇ ਦੇ ਅਮਨ ਨੂੰ ਭੰਗ ਕਰਨ ਆਈ ਹੈ ਇਹ ਆਫਤ। ਐਲਾਨ ਕਰੋ ਜਿਹੜਾ ਉਸ ਫਿਰੰਗਣ ਨੂੰ ਨਥ ਪਾਏਗਾ, ਉਹ ਉਸੇ ਨੂੰ ਇਨਾਮ 'ਚ ਦੇ ਦਿਤੀ ਜਾਵੇਗੀ। ਹਾ ਹਾ ਹਾ...।" - ਵਡ ਪ੍ਰਕਾਸ਼ ਦੇ ਖੂਨ 'ਚ ਹੰਕਾਰ ਨੇ ਇੱਕ ਵਾਰ ਫੇਰ ਜੋਰ ਮਾਰਿਆ। ਉਹ ਉਠ ਕੇ ਖੜ੍ਹਾ ਹੋ ਗਿਆ ਅਤੇ ਅਫਸਰ ਨੂੰ ਸੰਬੋਧਨ ਕਰਦਿਆਂ ਬੋਲਿਆ। - " ਲੱਗਦਾ ਹੈ ਚਿੱਟੇ ਪਾਉਡਰ ਦਾ ਅਸਰ ਤੇਰੀ ਪੁਲਿਸ 'ਤੇ ਖਤਮ ਹੋ ਗਿਆ। ... ਤੂੰ ਵੀ ਐਲਾਨ ਕਰ, ਐਲਾਨ ਕਰ ਹਰ ਪਚੀਸੀ ਨੂੰ 5 - 5 ਖੁਰਾਕਾਂ ਮੁਫਤ ਮਿਲਣਗੀਆਂ। ... ਮੁਕਾਬਲਾ ਕਰੋ।"

ਪਰਾਏ ਮੁਲਕ ਨੇ ਕੇਂਦਰ ਸਰਕਾਰ 'ਤੇ ਦਬਾਅ ਵਧਾ ਦਿਤਾ ਹੈ। ਨਸ਼ਾ ਭੇਜਣ ਤੋਂ ਹੁਣ ਦੂਜੀਆਂ ਸ੍ਟੇਟਸ ਡਰਦੀਆਂ ਹਨ। ਬਹੁਤ ਮੁਸ਼ਕਲ ਨਾਲ ਇੱਕ ਗੱਡੀ ਆਈ ਹੈ ਸਮੈਕ ਦੀ। ਉਹ ਵੀ 200 ਜੱਟ ਮਜਦੂਰਾਂ ਦੇ ਬਦਲੇ।" - ਅਫਸਰ ਨੇ ਚਲਾਕੀ ਨਾਲ ਜਵਾਬ ਦਿਤਾ। ਗੱਲ ਇਹ ਸੀ ਕਿ ਹੁਕਮਰਾਨ, ਅਫਸਰ ਅਤੇ ਧਰਮ ਗੁਰੂ ਗੱਲੀਂ ਬਾਤੀਂ ਇੱਕਠੇ ਸਨ ਪਰ ਅੰਦਰੋਂ ਉਹ ਇੱਕ ਦੂਜੇ ਦੀਆਂ ਜੜ੍ਹਾਂ ਪੋਲੀਆਂ ਕਰਨ ਲੱਗੇ ਹੋਏ ਸਨ। ਇਹਨਾਂ ਲੋਕਾਂ ਦਾ ਕੋਈ ਦੀਨ ਈਮਾਨ ਨਹੀਂ ਸੀ। ਹਰ ਆਮ ਖਾਸ ਪਚੀਸੀ ਦੇ ਖੂਨ 'ਚ ਸਮੈਕ ਇਸ ਕਦਰ ਰਚ ਚੁੱਕੀ ਸੀ ਕਿ ਓਹ ਨਸ਼ੇ ਲਈ ਕੁਝ ਵੀ ਕਰ ਸਕਦੇ ਸਨ। ਆਪਣੀ ਮਾਂ ਦਾ ਗਲ ਵੀ ਵਢ ਸਕਦੇ ਸਨ। ਭੈਣਾਂ ਤਾਂ ਉਹਨਾਂ ਦੀਆਂ ਰਹੀਆਂ ਹੀ ਨਹੀਂ ਸਨ। ਪ੍ਚੀਸੇ 'ਚ ਕੁੜੀ ਜੰਮਣਾ ਸਰਾਪ ਤੋਂ ਵੀ ਵਧ ਜੋ ਸੀ।

ਸਮਾਜਕ ਬੁਰਾਈ ਦੀਆਂ ਤਿੰਨੇ ਜਾਤਾਂ ਸ਼ੇਰ ਕੌਰ ਨੂੰ ਫਾਹੁਣ ਲਈ ਵਿਉਂਤ ਬਣਾ ਰਹੀਆਂ ਸਨ। "ਇਹ ਜੋਗਾ ਸਿੰਘ ਜਦੋਂ ਦਾ ਪ੍ਰੇਜ਼ੀਡੈਂਟ ਬਣਿਆ ਹੈ ਉਦੋਂ ਤੋਂ ਸਾਡੀ ਕੌਮ 'ਤੇ ਭੀੜ ਬਣੀ ਹੋਈ ਹੈ। ਇਹ ਜਦੋਂ ਤੱਕ ਜਿਉਂਦਾ ਹੈ...। ਲੱਗਦਾ ਆਪਣੀ ਪਹਿਲੀ ਹਾਰ ਨੂੰ ਭੁੱਲ ਗਿਆ ਹੈ। ਉਹਦੀ ਫੌਜ ਦੇ ਸਿਪਾਹੀਆਂ ਦੀਆਂ ਹੱਡੀਆਂ ਅਜੇ ਤੱਕ ਪ੍ਚੀਸੇ ਦੀ ਰੇਤ ਸੇਕ ਰਹੀਆਂ ਹਨ। ... ਤੇ ਸ਼ੇਰ ਕੌਰ...।" - ਗੱਲ ਕਰਦਿਆਂ ਕਰਦਿਆਂ ਵੱਡ ਪ੍ਰਕਾਸ਼ ਆਪਣੇ ਕੋਲ ਖੜ੍ਹੇ ਇੱਕ ਹੋਰ ਅਫਸਰ ਕੋਲੋਂ ਸਮੈਕ ਲੈ ਕੇ ਲੰਮਾ ਸ੍ੜੂਕਾ ਮਾਰਦਾ ਹੈ। - "ਹੂੰਅ ਅ ਅ ...। ਆਉਣ ਦਿਓ ਫਿਰ ...।"

...
ਪ੍ਚੀਸੇ ਦੀ ਤਿੱਕੜੀ ਦਾ ਮਤਾ ਪੱਕ ਚੁੱਕਾ ਸੀ। ਸ਼ੇਰ ਕੌਰ ਨੂੰ ਗ੍ਰਿਫਤਾਰ ਕਰ ਕੇ ਪਹਿਲਾਂ ਮੁਖ ਮੰਤਰੀ ਅੱਗੇ ਪੇਸ਼ ਕਰਨ ਦਾ ਹੁਕਮ ਹੋਇਆ।
...
ਲ੍ਦਹਨ ਪੁਰ 'ਚ ਸ਼ੇਰ ਕੌਰ ਨੇ ਪਚਿਸੀਆਂ ਅਤੇ ਪੁਲਿਸ ਦਾ ਜੋ ਹਾਲ ਕੀਤਾ ਸੀ ਇਸ ਤੋਂ ਉਹ ਸਾਰੇ ਅਜੇ ਤੱਕ ਬੇਖਬਰ ਸਨ। ਰੰਗਰਲੀਆਂ ਅਤੇ ਸਮੈਕ ਨੇ ਉਹਨਾਂ ਦੀ ਬੁਧੀ ਨੂੰ ਨੁੱਕਰੇ ਲਾ ਦਿਤਾ ਸੀ। ਪ੍ਚੀਸੇ ਦੇ ਹੁਕਮਰਾਨਾਂ ਅਤੇ ਜਨਤਾ ਦਾ ਇੱਕੋ ਹੀ ਹਾਲ ਸੀ। ਤਿੰਨੇ ਰਾਜ ਭਵਨ ਦੇ ਹਾਲ ਨੂੰ ਹੰਕਾਰ ਦੇ ਠਹਾਕਿਆਂ ਨਾਲ ਗੁੰਜਾ ਰਹੇ ਸਨ ਕਿ ਅਚਾਨਕ ਬਾਹਰੋਂ ਅੰਦਰ ਵੱਲ ਦੌੜੇ ਆਉਂਦੇ ਇਕ ਅਫਸਰ ਦੀ ਚੀਕ ਨੇ ਉਹਨਾਂ ਨੂੰ ਸੁੰਨ ਕਰ ਦਿਤਾ। ਪਲਾਂ ਵਿਚ ਹੀ ਉਹ ਅਫਸਰ ਹਫਿਆ ਹੋਇਆ ਉਹਨਾਂ ਦੇ ਅੱਗੇ ਖੜ੍ਹਾ ਸੀ। - "ਉਹ ਇੱਕਲੀ ਨਹੀਂ ਹੈ। ਹੁਣੇ ਹੁਣੇ ਖਬਰ ਮਿਲੀ ਹੈ ਲ੍ਦਹਨ ਪੁਰ 'ਚ ਉਹਨਾਂ ਨੇ ਹਜ਼ਾਰਾਂ ਪਚੀਸੀ ਅਤੇ ਪੁਲਿਸ ਜਵਾਨਾਂ ਨੂੰ ਮੌਤ ਦੇ ਘਾਟ ਉਤਰ ਦਿਤਾ ਹੈ। ਉਸ ਦੇ ਨਾਲ ਸੈਂਕੜੇ ਹਥਿਆਰਬੰਦ ਮਰਦਾਂ ਦੀ ਫੌਜ ਹੈ। ਉਹਨਾਂ ਕੋਲ ਮਿਜ਼ਾਇਲਾਂ ਵੀ ਹਨ।"

ਵੱਡੇ ਪੁਲਿਸ ਅਫਸਰ ਦਾ ਗੁੱਸਾ ਕਾਬੂ ਤੋਂ ਬਾਹਰ ਹੋ ਰਿਹਾ ਸੀ। ਉਹ ਖਬਰ ਲੈ ਕੇ ਆਏ ਅਫਸਰ 'ਤੇ ਕੜਕ ਕੇ ਪਿਆ। - " ਤੂੰ ਕੀ ਕਰਦਾ ਰਿਹਾ ਇਸ ਦੌਰਾਨ? ਤਮਾਸ਼ਾ ਦੇਖਿਆ ਸਾਰਾ?"

"ਜੈ ਗੁਰੂ ਮਹਾਰਾਜ ਜੀ ਦੀ, ਜੇ ਝੂਠ ਬੋਲਾਂ ਤਾਂ ਸੜ ਕੇ ਸੁਆਹ ਹੋ ਜਾਵਾਂ। ਇੱਕ ਪਾਸੇ ਮਾਸੂਮ ਗਰੀਬ ਜਨਤਾ ਅਤੇ ਇੱਕ ਪਾਸੇ ਨਿਰਦਈ ਜ਼ਾਲਿਮ ਫਿਰੰਗੀ ਫੌਜ...। ਕੀ ਮੁਕਾਬਲਾ ਸੀ? ... ਹੁਣ ਹੁਕਮ ਕਰੋ!" - ਖਬਰ ਲੈ ਕੇ ਆਇਆ ਅਫਸਰ ਸਚਾ ਬਣਨਾ ਚਾਹੁੰਦਾ ਸੀ ਅਤੇ ਉਹ ਬਣ ਵੀ ਗਿਆ।

"ਹੁਣ ਕਿਥੇ ਹੈ ਉਹ? ਸ਼ੇਰ ਕੌਰ ਦੀ ਬੱਚੀ...?" - ਵਡ ਪ੍ਰਕਾਸ਼ ਵੱਲ ਦੇਖਦਿਆਂ ਅਫਸਰ ਕੜਕਿਆ। ਵੱਡੀ ਫੌਜ ਦੇ ਨਾਮ ਤੋਂ ਅੰਦਰੋ ਅੰਦਰੀਂ ਕੰਬ ਉਹ ਵੀ ਗਿਆ ਸੀ। ਇਸ ਤੋਂ ਪਹਿਲਾਂ ਕਦੇ ਵੀ ਇੰਨੀ ਵੱਡੀ ਗਿਣਤੀ 'ਚ ਪਚਿਸੀਆਂ ਦੀ ਮੌਤ ਨਹੀਂ ਹੋਈ ਸੀ।

"ਕੋਈ ਪਤਾ ਨਹੀਂ। ਚੱਪਾ ਚੱਪਾ ਛਾਂਣ ਦਿਤਾ ਹੈ। ਉਹਨਾਂ ਦੀ ਇੰਨੀ ਵੱਡੀ ਫੌਜ ਪਤਾ ਨਹੀਂ ਕਿਹੜੇ ਰੇਤ 'ਚ ਸਮਾ ਗਈ। ਤੁਸੀਂ ਜਾਣੋ ਜਾਂ ਗੁਰੂ ਪਿਤਾ ਵੱਡ ਪ੍ਰਕਾਸ਼ ਜੀ ਜਾਣਨ। ਮੈਂ ਖਬਰ ਦੇਣੀ ਸੀ ਦੇ ਦਿਤੀ।" - ਖਬਰਚੀ ਅਫਸਰ ਨੇ ਆਪਣਾ ਪੱਲਾ ਝਾੜ ਦਿਤਾ।
...
ਵੱਡ ਪ੍ਰਕਾਸ਼ ਚਿੰਤਾ 'ਚ ਗੋਤੇ ਖਾਣ ਲੱਗਾ। ਨਸ਼ੇ ਨੇ ਉਸ ਦੇ ਦੰਦ ਭੀਚ ਦਿਤੇ ਸਨ। ਉਹ ਸ਼ੇਰ ਕੌਰ ਨੂੰ ਚਿਤਵ ਕੇ ਕਚੀਚੀਆਂ ਲੈਂਦਾ ਜਾਪਦਾ ਸੀ। ਉਸ ਨੇ ਕੁਝ ਸੋਚਣ ਦੇ ਬਾਅਦ ਵੱਡੇ ਪੁਜਾਰੀ ਟੈਕਨੋ ਦੀ ਸਲਾਹ ਮੰਗੀ। - "ਧਰਮ ਖਤਰੇ ਵਿਚ ਹੈ, ਟੈਕਨੋ! ਦੱਸ ਕੀ ਕੀਤਾ ਜਾਵੇ?"

"ਆਪਾਂ ਅਮੀਸਰ ਚੱਲਦੇ ਹਾਂ। ... ਹੁਣੇ ਹੀ। ਉਥੋਂ ਕੌਮ ਦੇ ਨਾਮ ਫਤਵਾ ਜਾਰੀ ਕਰਾਂਗੇ, ਬਿਪਤਾ ਨਾਲ ਨਿਪਟਣ ਲਈ। ... ਕਮੇਟੀ ਦਾ ਪ੍ਰਧਾਨ ਵੀ ਉਥੇ ਹੀ ਹੈ। ... ਇੱਕ ਔਰਤ ਤੋਂ ਡਰਨ ਦੀ ਕੋਈ ਲੋੜ ਨਹੀਂ।" - ਮੁਖ ਪੁਜਾਰੀ ਟੈਕਨੋ ਦੀ ਇਹ ਗੱਲ ਵਡ ਪ੍ਰਕਾਸ਼ ਨੂੰ ਚੰਗੀ ਲੱਗੀ ਅਤੇ ਉਹ ਅਮੀਸਰ ਜਾਣ ਲਈ ਤਿਆਰ ਹੋ ਗਏ। ਵੱਡੇ ਪੁਲਿਸ ਅਫਸਰ ਵੱਲ ਦੇਖਦਿਆਂ ਉਸ ਨੇ ਆਪਣੀਆਂ ਅੱਖਾਂ ਦੇ ਭਰਵੱਟਿਆਂ ਦੀ ਬਾਜ਼ੀ ਪੁਆ ਦਿਤੀ। -"ਤੂੰ ਕੀ ਕਰੇਂਗਾ, ਹੁਣ?"
"ਰੈੱਡ ਅਲਰਟ। ਬਲੈਕ ਕਮਾਂਡੋ ਦੇ ਸਾਰੇ ਦਸਤੇ ਤੁਹਾਡੇ ਨਾਲ ਨਾਲ ਰਹਿਣਗੇ। ਜੇ ਕੋਈ ਕਸਰ ਲੱਗੇ ਤਾਂ ਦੱਸ। ਦੂਜੀਆਂ ਸ੍ਟੇਟਸ ਤੋਂ ਵੀ ਮੰਗਾ ਲੈਂਦੇ ਹਾਂ। ਹੁਣੇ...।" - ਪੁਲਿਸ ਮੁਖੀ ਨੇ ਚੁੱਟਕੀ ਬਜਾ ਕੇ ਮੁਖ ਮੰਤਰੀ ਨੂੰ ਤੱਸਲੀ ਦੇ ਦਿਤੀ।
...
ਅਮੀਸਰ ਜਾਨ ਲਈ ਤਿੱਕੜੀ ਬਾਕੀ ਦੇ ਅਫਸਰਾਂ ਨਾਲ ਰਾਜ ਭਵਨ ਤੋਂ ਬਾਹਰ ਨਿਕਲ ਗਈ। ਅਮੀਸਰ ਜਾ ਕੇ ਉਹ ਪਚੀਸੇ ਦੇ ਲੋਕਾਂ ਨੂੰ ਇੱਕ ਵਾਰ ਫਿਰ ਬੇਵਕੂਫ਼ ਬਣਾਉਣ ਲਈ 'ਧਰਮ' ਨੂੰ ਖਤਰੇ ਤੋਂ ਜਾਣੂੰ ਕਰਾਉਣਗੇ। ਉਂਜ ਲ੍ਦਹਨ ਪੁਰ 'ਚ ਹੋਈ ਲੜਾਈ ਤੋਂ ਉਹਨਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਚੋਰਾਂ ਦਾ ਸੌਵਾਂ ਦਿਨ ਸ਼ੁਰੂ ਹੋ ਚੁੱਕਾ ਹੈ। ਪਰ ਉਹਨਾਂ ਦਾ ਅੰਦਰਲਾ ਮਨ ਅਜੇ ਵੀ ਕਿਤੇ ਨਾ ਕਿਤੇ ਸ਼ੇਰ ਕੌਰ ਅਤੇ ਫਿਰੰਗੀ ਫੌਜ ਨੂੰ ਖਤਮ ਕਰ ਦੇਣ ਬਾਰੇ ਆਸਵੰਦ ਸੀ। ਉਹ ਸੋਚ ਰਹੇ ਸਨ ਜਿੱਤ ਹਰ ਹਾਲ ਉਹਨਾਂ ਦੀ ਹੀ ਹੋਵੇਗੀ।

.............
ਸ਼ੇਰ ਕੌਰ ਨੇ ਲੜਾਈ ਦਾ ਸਾਰਾ ਸਮਾਨ ਤਿਆਰ ਕਰ ਲਿਆ। ਵਿਲੀਅਮ ਇਸ ਗੱਲੋਂ ਹੈਰਾਨ ਸੀ ਕਿ ਉਹ ਇੱਕ ਇੱਕਲੀ ਹੀ ਐਨੀ ਵੱਡੀ ਲੜਾਈ ਕਿਵੇਂ ਲੜੇਗੀ? ਪਚੀਸੀ ਹੁਕਮਰਾਨਾਂ ਦੀ ਸਰਕਾਰੀ ਮਸ਼ੀਨਰੀ ਦਾ ਮੁਕਾਬਲਾ ਉਹ ਕਿਵੇ ਕਰੇਗੀ? ਜੇ ਉਸਦੀ ਆਪਣੀ ਗੱਲ ਸੀ ਤਾਂ ਉਸ ਨੂੰ ਭੋਰਾ ਵੀ ਚਿੰਤਾ ਨਹੀਂ ਸੀ ਅਤੇ ਉਹ ਆਪਣੇ ਆਪ ਨੂੰ ਸ਼ੇਰ ਕੌਰ ਦੇ ਲਈ ਅਤੇ ਵੱਡ ਪ੍ਰਕਾਸ਼ ਦੇ ਖਿਲਾਫ਼ ਕੁਰਬਾਨ ਕਰਨ ਲਈ ਤਰਲੋਮੱਛੀ ਹੋ ਰਿਹਾ ਸੀ। ਬਲਕਿ ਉਸ ਵਿਚ ਉਤਸ਼ਾਹ ਠਾਠਾਂ ਮਾਰ ਰਿਹਾ ਸੀ। ਵਿਲੀਅਮ ਨੂੰ ਹੈਰਾਨੀ ਤਾਂ ਇਹ ਵੀ ਸੀ ਕਿ ਹੁਕਮਰਾਨਾਂ ਨੇ ਪਚੀਸੀ ਲੋਕਾਂ ਦੀਆਂ ਦੇਖਣ ਵਾਲੀਆਂ ਅੱਖਾਂ ਕਿਵੇਂ ਉਹਨਾਂ ਦੇ ਬਗੈਰ ਵਿਰੋਧ ਕੀਤਿਆਂ ਕਢ ਲਈਆਂ ਸਨ। ਲੋਕਾਂ ਦੇ ਦਿਮਾਗ ਸੁੰਨ ਕਰ ਦਿਤੇ ਗਏ ਸਨ। ਉਹ ਨਾ ਆਪਣੀ ਅਤੇ ਨਾ ਆਪਣੀ ਮਿੱਟੀ ਨਾਲ ਮੋਹ ਦੀ ਕੋਈ ਸਮਝ ਰੱਖਦੇ ਸਨ। ਨਸ਼ਾ ਅਤੇ ਫਿਰ ਉਸਦੇ ਬਾਅਦ ਆਪਣੇ ਹੁਕਮਰਾਨਾਂ ਜਿਹਨਾਂ ਨੂੰ ਉਹ ਗੁਰੂ ਪਿਤਾ ਜਾਂ ਗੁਰੂ ਮਹਾਰਾਜ ਦੇ ਫਖਰ ਵਾਲੇ ਸ਼ਬਦਾਂ ਨਾਲ ਸੰਬੋਧਨ ਕਰਦੇ ਸਨ ਉਹੋ ਹੀ ਸਭ ਕੁਝ ਸੀ।

ਹੁਣ ਵਿਲੀਅਮ ਦੇ ਸਰੀਰ ਦੇ ਅੰਗਾਂ ਅਤੇ ਗਿਆਨ ਇੰਦਰੀਆਂ 'ਚ ਹੁਕਮਰਾਨਾਂ ਖਿਲਾਫ਼ ਲੜ ਮਰਨ ਦੀ ਕਾਹਲ ਸੀ। ਇਹ ਕਾਹਲ ਇਸ ਕਾਰਨ ਕਿ ਉਹ ਪਹਿਲਾਂ ਹੀ ਬਹੁਤ ਦੇਰ ਕਰ ਚੁੱਕੇ ਸਨ, ਜੂਝ ਮਰਨ ਦੀ ਇੱਕ ਵੱਡੀ ਲੜਾਈ ਦੀ ਦੇਰ। ਵਿਲੀਅਮ ਨੂੰ ਇਸ ਗੱਲ ਦਾ ਦੁਖ ਸੀ ਕਿ ਉਸ ਨੂੰ ਆਪਣੇ ਹੁਕਮਰਾਨਾਂ ਖਿਲਾਫ਼ ਲੜਨ ਦੀ ਪਹਿਲਾਂ ਸੋਝੀ ਕਿਉਂ ਨਹੀਂ ਆਈ। ਪਰ ਬਿਲਕੁਲ ਇਸੇ ਵੇਲੇ ਜਦੋਂ ਸ਼ੇਰ ਕੌਰ ਹੁਕਮਰਾਨਾਂ ਦੀ ਮੌਤ ਦਾ ਸਮਾਨ ਤਿਆਰ ਕਰਨ 'ਚ ਲੱਗੀ ਹੋਈ ਸੀ ਤਾਂ ਉਹ ਵੀ ਕਿਤੇ ਨਾ ਕਿਤੇ ਇਹੋ ਸੋਚ ਰਿਹਾ ਸੀ ਕਿ ਉਸ ਨੇ ਮੌਤ ਨਾਲ ਹੁਣ ਸਮਝੌਤਾ ਕਰ ਲਿਆ ਹੈ, ਇੱਕ 'ਰਾਜੀਨਾਮਾ' ਕਰ ਲਿਆ ਹੈ। 'ਹੁਣ ਮੌਤ ਤੋਂ ਭੱਜਣ ਦੀ ਜਾਂ ਉਸ ਨਾਲ ਲੜਨ ਦੀ ਲੋੜ ਨਹੀਂ ਸੀ, ਸ਼ੇਰ ਕੌਰ ਨੇ ਉਸ ਨੂੰ ਦੱਸ ਦਿਤਾ ਸੀ, "ਮੌਤ ਨਾਲ ਗਲਵਕੜੀ ਪਾ ਕੇ ਹੀ ਉਸ ਨਾਲ ਸਿਧਾ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ, ਉਸਤੇ ਅਧਿਕਾਰ ਕਾਇਮ ਕੀਤਾ ਜਾ ਸਕਦਾ ਹੈ। ਇੱਕ ਵਾਰ ਮੌਤ ਤੁਹਾਡੀ ਅਧੀਨਗੀ ਮੰਨ ਗਈ, ਫੇਰ ਜਿਉਣਾ ਮਰਨਾ ਤੁਹਾਡੇ ਆਪਣੇ ਹਥ। ਪਰ, ਇਸ ਤੋਂ ਪਹਿਲਾਂ ਕਿ ਉਹ ਤੁਹਾਡੇ ਦਰਾਂ 'ਤੇ ਆ ਖਲੋਵੇ, ਤੁਹਾਨੂੰ ਮੌਤ ਤੱਕ ਖੁਦ ਚੱਲ ਕੇ ਜਾਣਾ ਹੋਵੇਗਾ। ਉਸ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਨੀਂ ਹੋਵੇਗੀ। ਜੇਕਰ ਉਹ ਪਹਿਲ ਕਰ ਕੇ ਤੁਹਾਨੂੰ ਵਿਆਹ ਕੇ ਲੈ ਗਈ ਫੇਰ ਸਾਰੀ ਖੇਡ ਖਤਮ ਹੋ ਜਾਣੀ ਹੈ, ਕਿਉਂਕਿ ਮੌਤ ਨਾਲ ਪਰਨਾਏ ਜਾਣਾ ਇੱਕ ਅੱਟਲ ਸਚਾਈ ਹੈ। ਅਤੇ ਇਹ ਕੁਦਰਤ ਦੀ ਵਿਧੀ ਵੀ ਹੈ। ਦੁਨਿਆਵੀ ਸਰੀਰਕ ਲਾਲਚ ਨੂੰ ਛੱਡ ਕੇ ਆਪਣੀ ਰੂਹ ਨੂੰ ਲਾਲਚੀ ਬਣਾਉ। ਮੌਤ ਨੂੰ ਹਾਸਲ ਕਰਨ ਦਾ ਲਾਲਚ। ਉਸ ਨੂੰ ਆਪਣੇ ਅਧੀਨ ਕਰ ਕੇ ਦਰਿੰਦਗੀ ਦਾ ਗਿਧਾ ਨਾ ਪਾਉਣ ਦਿਓ। ਆਪਣੀ ਦਾਸੀ ਬਣਾ ਕੇ ਰੱਖੋ। ਫਿਰ ਉਹ ਤੁਹਾਡੀ ਆਗਿਆਕਾਰ ਵੀ ਰਹੇਗੀ ਅਤੇ ਤੁਹਾਡਾ ਹਥ ਫੜ ਕੇ ਤੁਹਾਨੂੰ ਮੋਖ ਦੁਆਰ ਤੱਕ ਲੈ ਕੇ ਵੀ ਜਾਵੇਗੀ। ਮੋਖ ਦਾ ਦੁਆਰ ਜਿਥੇ ਉਸਦੀ ਸਖੀ ਮੁਕਤੀ ਤੁਹਾਡਾ ਇੰਤਜ਼ਾਰ ਕਰ ਰਹੀ ਹੋਵੇਗੀ।" 

ਸ਼ੇਰ ਕੌਰ ਵੀ ਉਸ ਨੂੰ ਮੌਤ ਦਾ ਹੀ ਜਿਉਂਦਾ ਜਾਗਦਾ ਰੂਪ ਪ੍ਰਤੀਤ ਹੋ ਰਹੀ ਸੀ। ਪਰ ਇਹ ਮੌਤ ਪਚੀਸੀ ਹੁਕਮਰਾਨਾਂ ਦੀ ਸੀ। ਜਿਹੜੀ ਖੁਦ ਚੱਲ ਕੇ ਉਹਨਾਂ ਤੱਕ ਅਪੜਨ ਵਾਲੀ ਸੀ। ਵਿਲੀਅਮ ਨੇ ਇੱਕ ਪਲ ਸ਼ੇਰ ਕੌਰ ਦੀਆਂ ਅੱਖਾਂ ਵਿਚ ਦੇਖਿਆ। ਸਚ ਮੁਚ ਉਹ ਇੱਕ ਪਰਲੋ ਦਾ ਸਰੀਰ ਧਾਰਨ ਕਰਦੀ ਜਾ ਰਹੀ ਸੀ। ਉਸ ਦੇ ਸਾਹਮਣੇ ਛੋਟੇ ਛੋਟੇ ਕਈ ਸੰਦਾਂ ਦੇ ਵੱਡੇ ਹਥਿਆਰ ਬਣਦੇ ਜਾ ਰਹੇ ਸਨ। ਤੀਰ ਅਤੇ ਕਮਾਨ, ਕਿਰਪਾਨਾਂ ਅਤੇ ਹੋਰ ਬਹੁਤ ਕੁਝ। 
ਸ਼ੇਰ ਕੌਰ ਨੇ ਆਪਣੀ ਤਿਆਰੀ ਕਰ ਕੇ ਇੱਕ ਠੰਡਾ ਸਾਹ ਲਿਆ ਅਤੇ ਦੂਰ ਦੁਮੇਲ ਵੱਲ ਝਾਤੀ ਮਾਰੀ। ਸੂਰਜ ਹੁਣੇ ਹੁਣੇ ਛਿਪਿਆ ਸੀ। ਅਸਮਾਨ 'ਚ ਪ੍ਰਦੂਸ਼ਨ ਅਤੇ ਰੇਤ ਦੇ ਗੁਬਾਰ ਨੇ ਧੁਆਂਖੇ ਹੋਏ ਬੱਦਲ ਬਣਾ ਦਿਤੇ ਸਨ। ਮਿੱਟੀ ਘੱਟੇ ਦੇ ਇਨ੍ਹਾਂ ਬੱਦਲਾਂ ਨੂੰ ਛੁਪ ਚੁੱਕੇ ਸੂਰਜ ਦੀ ਬਾਕੀ ਰਹਿ ਗਈ ਲਾਲੀ ਹਾਲੇ ਵੀ ਫੜ ਕੇ ਰਖਣ ਦੀ ਕੋਸ਼ਿਸ਼ ਕਰ ਰਹੀ ਸੀ। ਪਰ ਸਮਾਂ ਕਿਸੇ ਨੂੰ ਨਹੀਂ ਬਖਸ਼ਦਾ। ਚੰਗੇ ਜਾਂ ਮਾੜੇ ਰੂਪ 'ਚ ਉਹ ਹਰ ਜਿਉਂਦੀ ਜਾਂ ਮੋਈ ਵਸਤੂ ਨੂੰ ਟੱਕਰਦਾ ਜਰੂਰ ਹੈ। ਅਤੇ ਅੱਜ ਉਹੋ ਸਮਾਂ ਸ਼ੇਰ ਕੌਰ ਦੇ ਰੂਪ 'ਚ ਪਚੀਸੇ ਦੇ ਹੁਕਮਰਾਨਾਂ ਨੂੰ ਟੱਕਰਨ ਜਾ ਰਿਹਾ ਸੀ। 
...
ਸਮੇਂ ਨੇ ਅੱਜ ਪਚੀਸੇ ਦੀ ਧਰਤੀ ਤੋਂ ਸਦੀਆਂ ਪਹਿਲਾਂ ਮਰ ਚੁੱਕੇ ਕਿਸੇ ਸਿਰੜੀ ਬੰਦੇ ਦੀਆਂ ਰਗਾਂ 'ਚ ਵਹਿ ਰਹੇ ਇਕ 'ਤੱਤ' ਮਾਤਰ ਨੂੰ ਹੁਣ ਵਿਲੀਅਮ ਦੀਆਂ ਰਗਾਂ 'ਚ ਦੌੜਨ ਲਾ ਦਿਤਾ ਸੀ। ਉਸ ਨੇ ਉਸ ਰਗਾਂ 'ਚ ਵਹਿੰਦੇ 'ਤੱਤ' ਨੂੰ ਉਤੇਜਤ ਕਰ ਦਿਤਾ ਸੀ। ਸ਼ੇਰ ਕੌਰ ਇੱਕ ਕਿਰਪਾਨ ਵਿਲੀਅਮ ਨੂੰ ਧਾਰਨ ਕਰਨ ਲਈ ਕਹਿੰਦੀ ਹੈ। ਉਹ ਝੁਕ ਕੇ ਕਿਰਪਾਨ ਹਾਸਲ ਕਰਦਾ ਹੈ ਅਤੇ ਸ਼ੁਕਰੀਆ ਅਦਾ ਕਰਨ ਲਈ ਨਮਸ੍ਕਾਰ ਕਰਦਾ ਹੈ।
ਸ਼ਾਮ ਦੇ ਮੁੰਹ ਹਨੇਰੇ ਉਹ ਅਮੀਸਰ ਵੱਲ ਤੁਰਦੇ ਹਨ। ਦੋਵਾਂ ਦੇ ਕਦਮਾਂ ਵਿਚ ਤੇਜ਼ੀ ਹੈ। ਸ਼ੇਰ ਕੌਰ ਆਪਣੇ ਮਨ 'ਚ ਹੀ ਕਿਸੇ ਸ਼ਬਦ ਦਾ ਜਾਪ ਕਰ ਰਹੀ ਹੈ। ਉਹ ਥੋੜ੍ਹੀ ਅੱਗੇ ਹੀ ਗਏ ਹੋਣਗੇ ਕਿ ਰੇਤ ਦੇ ਇੱਕ ਵੱਡੇ ਟਿੱਲੇ ਦੇ ਪਾਰੋਂ ਇੱਕ ਗੱਡੀ ਆਉਂਦੀ ਦਿਖੀ ਦਿੰਦੀ ਹੈ। ਖਸਤਾ ਹਾਲ ਗੱਡੀ ਜਿਵੇਂ ਹੀ ਨੇੜੇ ਆਉਂਦੀ ਹੈ ਤਾਂ ਉਹ ਉਹਨਾਂ ਕੋਲ ਆ ਕੇ ਰੁਕ ਜਾਂਦੀ ਹੈ, ਉਸਤੇ ਅੰਗ੍ਰੇਜ਼ੀ ਵਿਚ 'ਟੋਲ ਟੈਕਸ ਵੈਨ' ਲਿਖਿਆ ਹੋਇਆ ਹੈ। ਡ੍ਰਾਈਵਰ ਦੇ ਨਾਲ ਵਾਲੀ ਸੀਟ 'ਤੇ ਬੈਠਾ ਬੰਦਾ ਬਾਹਰ ਨਿਕਲ ਕੇ ਦੋਵਾਂ ਦੇ ਨੇੜੇ ਆਉਂਦਾ ਹੈ। -"ਲਿਆਓ ਟੋਲ ਟੈਕਸ...।" ਫੇਰ ਉਹ ਸ਼ੇਰ ਕੌਰ ਵੱਲ ਡੂੰਘੀ ਨਜਰ ਸੁੱਟਦਾ ਹੈ। -"ਵਿਦੇਸ਼ੀਆਂ ਲਈ ਤਾਂ ਡਬਲ ਹੈ...। ਲਿਆਓ ਕਢੋ ਚਿੱਟਾ ਪਾਉਡਰ।"

ਸ਼ੇਰ ਕੌਰ ਬਿਜਲੀ ਦੀ ਤੇਜ਼ੀ ਨਾਲ ਕਿਰਪਾਨ ਨੂੰ ਉਸ ਦੀ ਧੌਣ 'ਤੇ ਲੈ ਜਾਂਦੀ ਹੈ। ਵਿਲੀਅਮ ਡ੍ਰਾਈਵਰ ਨੂੰ ਗੱਡੀ ਤੋਂ ਬਾਹਰ ਨਿਕਲਣ ਲਈ ਕਹਿੰਦਾ ਹੈ। ਦੋਵ੍ਹਾਂ ਟੋਲ ਟੈਕਸ ਵਾਲਿਆਂ ਨੂੰ ਰੇਤ ਦੇ ਉੱਚੇ ਟਿੱਲੇ 'ਤੇ ਚੜ੍ਹਨ ਲਈ ਕਿਹਾ ਜਾਂਦਾ ਹੈ।

ਸ਼ੇਰ ਕੌਰ ਅਤੇ ਵਿਲੀਅਮ ਗੱਡੀ ਮੋੜ ਕੇ ਅਮੀਸਰ ਵੱਲ ਚੱਲ ਪੈਂਦੇ ਹਨ। ਹਨੇਰਾ ਹੌਲੀ ਹੌਲੀ ਵਧਦਾ ਜਾ ਰਿਹਾ ਹੈ। ਸ਼ੇਰ ਕੌਰ ਵਿਲੀਅਮ ਨੂੰ 'ਪੰਚ ਪ੍ਰਵਾਨ' ਦੀ ਅਹਮੀਅਤ ਬਾਰੇ ਦੱਸਦੀ ਹੈ। ਉਸ ਨੂੰ ਰੀਮੋਟ ਵਾਲੇ 'ਪੰਜ ਮਰਦਾਂ' ਬਾਰੇ ਵੀ ਉਸ ਨੇ ਦੱਸਿਆ। - "ਇਹ ਪੰਜ ਮਰਦਾਂ ਨੂੰ ਸਿਰਫ ਰੀਮੋਟ ਰਾਹੀਂ ਹੀ ਖਤਮ ਕੀਤਾ ਜਾ ਸਕਦਾ ਸੀ। ਇਸ ਤੋਂ ਇਲਾਵਾ ਇਹਨਾਂ 'ਚ ਜੋ ਵੀ ਕਮਾਂਡ ਦਿਤੀ ਗਈ ਹੈ ਓਹ ਪੂਰੀ ਕਰਨ ਤੱਕ ਉਹ ਟਿਕ ਕੇ ਬੈਠਣ ਵਾਲੇ ਨਹੀਂ ਹਨ। ਰੀਮੋਟ ਰਾਹੀਂ ਉਹਨਾਂ ਨੂੰ ਕਈ ਕਾਰਜਾਂ 'ਤੇ ਲਾਇਆ ਜਾ ਸਕਦਾ ਹੈ। ਸੰਸਾਰ ਭਰ ਦੇ ਧਾਰਮਿਕ, ਸਮਾਜਕ, ਇਤਿਹਾਸਕ ਅਤੇ ਰਾਜਨੀਤਕ ਸਿਖਿਆ ਦੇ ਜਾਣਕਾਰੀ ਦੇ ਵਡਮੁੱਲੇ ਭੰਡਾਰ ਇਹਨਾਂ ਮਸਨੂਈ 'ਪੰਜ ਸੂਰਬੀਰਾਂ' ਕੋਲ ਜਮ੍ਹਾਂ ਹਨ। ਮਨੁਖ ਦੇ ਜ਼ਿਹਨ ਵਿਚ ਪੈਦਾ ਹੋਣ ਵਾਲੇ ਕਿਸੇ ਵੀ ਸਵਾਲ ਦਾ ਜਵਾਬ ਉਹਨਾਂ 'ਪੰਜਾਂ' ਕੋਲ ਮੌਜੂਦ ਹੈ। ਇਹ ਸਿਰਫ ਬੋਲ ਸਕਦੇ ਹਨ, ਕਿਸੇ ਕਾਰਵਾਈ ਦਾ ਦਿਖਾਵਾ ਕਰ ਸਕਦੇ ਹਨ ਪਰ ਇਹ ਕਿਸੇ ਨੂੰ ਸਰੀਰਕ ਨੁਕਸਾਨ ਨਹੀਂ ਪਹੁੰਚਾ ਸਕਦੇ, ਇਹ ਕੰਮ ਤਾਂ ਸਾਨੂੰ ਖੁਦ ਹੀ ਕਰਨਾ ਪਵੇਗਾ। ਇਹ ਸਿਰਫ ਵਿਰੋਧੀਆਂ ਦੇ ਹੌਸਲੇ ਪਸਤ ਕਰ ਸਕਦੇ ਹਨ। ਉਹ ਵੀ ਉਸ ਥਾਂ 'ਤੇ, ਜਿਥੇ ਅਸੀਂ ਕੁਝ ਨਾ ਕਰ ਸਕੀਏ।"

ਗੱਡੀ ਅਮਿਸਰ ਵੱਲ ਦੌੜਦੀ ਜਾ ਰਹੀ ਹੈ। ਵਿਲੀਅਮ ਪਿਛੇ ਮੁੜ ਕੇ ਦੇਖਦਾ ਹੈ ਤਾਂ 'ਪੰਜ' ਬੰਦੇ ਪਿਛਲੀਆਂ ਸੀਟਾਂ 'ਤੇ ਸ਼ਾਂਤ ਮੁਦ੍ਰਾ 'ਚ ਬੈਠੇ ਕਿਸੇ ਹੁਕਮ ਦੀ ਉਡੀਕ ਕਰ ਰਹੇ ਹਨ।
...

"ਪਚੀਸੇ ਦੀਆਂ ਸਭ ਤੋਂ ਸੋਹਣੀਆਂ ਔਰਤਾਂ ਨੇ ਇਹ...। ਪਰ...। ਇਹਨਾਂ 'ਚ ਸ਼ੇਰ ਕੌਰ ਵਰਗੀ ਸੋਹਣੀ...। ਹੂੰਆ .. ਅ..। ਕੋਈ ਨਹੀਂ...।" - ਸ਼ੇਰ ਕੌਰ ਦੀ ਫੋਟੋ ਨੂੰ ਦੇਖਦਿਆਂ ਪੁਲਿਸ ਅਫਸਰ ਇੱਕ ਲਾਈਨ 'ਚ ਖੜ੍ਹੀਆਂ ਕੀਤਿਆਂ ਔਰਤਾਂ ਨੂੰ ਪਛਾਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਚੀਸੇ ਦੇ ਵੱਖ ਸ਼ਹਿਰਾਂ 'ਚ ਸ਼ੇਰ ਕੌਰ ਨੂੰ ਭਾਲਣ ਦੀ ਮੁਹਿੰਮ ਸ਼ੁਰੂ ਕਰ ਦਿਤੀ ਗਈ ਹੈ। ਪੁਲਿਸ ਪਚੀਸੇ ਦੀ ਹਰ ਔਰਤ ਨੂੰ ਹੂੰ ਸ਼ੱਕ ਦੀ ਨਿਗਾਹ ਨਾਲ ਦੇਖਣ ਲੱਗੀ ਅਤੇ ਹਰ ਸੰਭਵ ਉਸ ਕੋਲੋਂ ਸ਼ੇਰ ਕੋਰ ਬਾਰੇ ਪੁਛਿਆ ਜਾਂਦਾ। 

ਦੂਜੇ ਪਾਸੇ ਵੱਡੇ ਮੰਦਰ ਦੀ ਤਿੱਕੜੀ ਕਮੇਟੀ ਦੇ ਦਫਤਰ 'ਚ ਮੁਸੀਬਤ ਨਾਲ ਟੱਕਰਨ ਲਈ ਵਿਚਾਰ ਵਟਾਂਦਰਾ ਕਰ ਰਹੀ ਹੈ। ਕਮੇਟੀ ਦਾ ਪ੍ਰਧਾਨ ਕਰੜ ਬਰੜੀ ਕੱਟੀ ਹੋਈ ਦਾਹੜੀ ਨੂੰ ਖੁਜਾ ਕੇ ਵੱਡ ਪ੍ਰਕਾਸ਼ ਨੂੰ ਮੁਸੀਬਤ ਤੋਂ ਜਾਣੂ ਕਰਾਉਂਦਾ ਹੈ। - "ਕਹਿੰਦੇ ਹਨ ਕਿ ਵਿਦੇਸ਼ਾਂ 'ਚ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪਚੀਸੇ 'ਚ ਰਹਿਣ ਵਾਲੇ ਲੋਕ ਕਿਸੇ ਵੇਲੇ ਦੀਨ-ਈਮਾਨ ਅਤੇ ਧਰਮ ਪਾਲਣ ਵਾਲੇ ਹੁੰਦੇ ਸਨ ਅਤੇ ਉਹਨਾਂ 'ਚ ਤਰਸ, ਦਇਆ, ਪਿਆਰ ਦੀ ਭਾਵਨਾ ਹੁੰਦੀ ਸੀ। ਉਹ ਕਹਿੰਦੇ ਹਨ ਕਿ ਅੱਜ ਇਹ ਸਾਰਾ ਕੁਝ ਸਾਡੇ ਵਿਚ ਨਹੀਂ ਰਿਹਾ।"


"ਬੇ ਬੁਨਿਆਦ ਦੋਸ਼...। ਉਹਨਾਂ ਨੂੰ ਪੁੱਛੋ, ਅਸੀਂ ਕਦੇ ਤੁਹਾਡੇ 'ਤੇ ਹਮਲਾ ਕੀਤਾ ਹੈ? ਕਦੇ ਤੁਹਾਨੂੰ ਨਸ਼ਾ ਕਰਨ ਲਈ ਕਿਹਾ ਹੈ? ਅਸੀਂ ਆਪਣੇ ਰਾਜ ਅੰਦਰ ਕੁਝ ਵੀ ਕਰੀਏ? ਉਹਨਾਂ ਨੂੰ ਤਕਲੀਫ਼ ਨਹੀਂ ਹੋਣੀ ਚਾਹੀਦੀ।" - ਮੁਖ ਮੰਤਰੀ ਵਡ ਪ੍ਰਕਾਸ਼ ਨੇ ਆਪਣੀਆਂ ਨੀਤੀਆਂ ਨੂੰ ਜਾਇਜ਼ ਕਰ ਕੇ ਦੱਸਿਆ। 

"ਸੁਆਲ ਤਾਂ ਇਹ ਹੈ ਕਿ ਜੇ ਸਮੈਕ ਮਿਲਣੀ ਬੰਦ ਹੋ ਗਈ ਤਾਂ ਆਪਣੀ ਆਮਦਨ ਬੰਦ ਅਤੇ ਸਾਰੇ ਪਚੀਸੀ ਤਾਂ ਬਗੈਰ ਨਸ਼ੇ ਦੇ ਮਰ ਹੀ ਜਾਣਗੇ...।" - ਕਮੇਟੀ ਪ੍ਰਧਾਨ ਕੋਲੋਂ ਰਿਹਾ ਨਾ ਗਿਆ।

"ਮੈਨੂੰ ਵੀ ਆਮ ਪਚੀਸੀ ਵਾਂਗ ਸਮੈਕ ਪੀ-ਪੀ ਕੇ ਮਰਨ ਤੋਂ ਖਿਝ ਹੈ। ...ਮੈਨੂੰ ਮਰਨ ਤੋਂ ਡਰ ਲੱਗਦਾ ਹੈ। ਇਸੇ ਲਈ ਤਾਂ ਇੰਨੀ ਵੱਡੀ ਗਿਣਤੀ 'ਚ ਬਲੈਕ ਕਮਾਂਡੋ ਰੱਖੇ ਹੋਏ ਹਨ। ਪਰ ਇਹ ਵੀ ਕਦੋਂ ਤੱਕ ਬਚਾਉਣਗੇ ਮੈਨੂੰ। ... ਇਸੇ ਤਰਾਂ ਸੇਵਾ ਕਰਨੀਂ ਚਾਹੁੰਦਾ ਹਾਂ, ਜਦੋਂ ਤੱਕ ਸਾਹ 'ਚ ਸਾਹ ਹੈ।" - ਮੁਖ ਮੰਤਰੀ ਵੱਡ ਪ੍ਰਕਾਸ਼ ਦੀ ਲਾਲਸਾ ਅਜੇ ਵੀ ਲੰਮੀ ਉਮਰ ਧਾਰਨ ਕਰੀ ਬੈਠੀ ਸੀ।

"ਸੇਵਾ ਦਾ ਕੰਮ ਤਾਂ ਠੀਕ ਹੈ। ਕਈ ਪੀੜ੍ਹੀਆਂ ਹੋ ਗਈਆਂ ਹਨ ਸੇਵਾ ਕਰਦਿਆਂ, ਪਰ ਜੇ ਮਸੀਬਤ ਵੱਡੀ ਹੋਈ ਤਾਂ ਪਚੀਸੇ ਤੇ ਪੱਚੀ ਸੌ ਸਾਲ ਸੇਵਾ ਕਰਨ ਦਾ ਸੁਪਨਾ ਵੀ ਟੁੱਟ ਜਾਵੇਗਾ।" - ਵੱਡੇ ਪੁਜਾਰੀ ਟੈਕਨੋ ਨੇ ਵਡ ਪ੍ਰਕਾਸ਼ ਨੂੰ ਡਰਾਉਣਾ ਚਾਹਿਆ ਸੀ।
"ਹੂੰ ਮਜਬੂਰੀ ਤਾਂ ਇਹ ਹੈ ਕਿ ਭੱਜ ਵੀ ਨਹੀਂ ਸਕਦੇ। ਰਾਜ ਭਾਵੇਂ ਸੇਵਾ, ਕਰਨਾ ਹੀ ਪਵੇਗਾ। ਵਿਰੋਧੀ ਪਾਰਟੀਆਂ ਤਾਂ ਅਸੀਂ ਰਹਿਣ ਹੀ ਨਹੀਂ ਦਿਤੀਆਂ। ਸਾਰੇ ਸੰਤ ਅਮਲੀ ਦਫਤਰ 'ਚ ਰਲਾ ਲਏ ਹਨ।" - ਕਮੇਟੀ ਦਾ ਪ੍ਰਧਾਨ ਵੀ ਬੋਲ ਪਿਆ ਸੀ।

"ਸਾਡੇ ਬਜੁਰਗਾਂ ਨੇ ਇਹ ਰੀਤ ਚਲਾਈ ਸੀ...। ਆਪਣੀ ਪਾਰਟੀ ਵੱਡੀ ਕਰਨ ਦੀ। ਹੁਣ ਅਸੀਂ ਕਿਵੇਂ ਬਜੁਰਗਾਂ ਦੀ ਸੋਚ ਨੂੰ ਤਿਆਗ ਸਕਦੇ ਸਾਂ। ... ਹਾ ਹਾ ਹਾ। ਅੱਜ ਪਚੀਸੇ ਨੂੰ ਅਸੀਂ ਅਜਿਹਾ ਬਣਾ ਦਿਤਾ ਕਿ ਇਹ ਧਰਤੀ ਸਾਡੇ ਤੋਂ ਕੋਈ ਨਹੀਂ ਖੋਹ ਸਕਦਾ। ਨਾ ਕੇਂਦਰ ਅਤੇ ਨਾ ਕੋਈ ਵਿਦੇਸ਼...। ਇਥੋਂ ਦੀ ਬੇਕਾਰੀ, ਗਰੀਬੀ ਅਤੇ ਨਸ਼ਾ, ਕਿਆ ਬਾਤਾਂ ਹਨ...। ਹਾ ਹਾ ਹਾ ...। ਤੇ ਖੁਦ ਪਚੀਸੀ ਲੋਕ ਹੀ ਤਾਂ ਜਿੰਮੇਵਾਰ ਹਨ ਇਸ ਸਭ ਲਈ। ਸਾਡੇ ਬਜੁਰਗਾਂ ਨੇ ਉਹਨਾਂ ਨੂੰ ਵੋਟਾਂ ਬਦਲੇ ਉਹ ਸਾਰਾ ਕੁਝ ਦਿਤਾ ਜੋ ਉਹਨਾਂ ਨੇ ਮੰਗਿਆ। ਪੈਸਾ, ਨਸ਼ਾ। ਉਹਨਾਂ ਨੂੰ ਉਹਨਾਂ ਦੀ ਕੀਮਤ ਅਦਾ ਕੀਤੀ ਗਈ ਹੈ। ਇਸੇ ਲਈ ਤਾਂ ਉਹ ਕੁਝ ਬੋਲਦੇ ਨਹੀਂ ਸਾਡੇ ਖਿਲਾਫ਼। ਪ੍ਚਿਸੀਆਂ ਨੂੰ ਕੋਈ ਰੋਸ ਨਹੀਂ...। ਫਿਰ ਇਹ ਫਿਰੰਗੀ ਸਰਦਾਰ ਸਾਡੇ ਖਿਲਾਫ਼ ਕਿਉਂ ਗੁੱਸਾ ਕਰਦੇ ਹਨ। ਇਹਨਾਂ ਨੂੰ ਫਤਵਾ ਜਾਰੀ ਕਰ ਕੇ ਸਮਝਾਓ ਵੱਡੇ ਪੁਜਾਰੀ ਜੀਓ। ਜੇਕਰ ਬਗਾਵਤ ਨੂੰ ਫਤਵੇ ਰਾਹੀਂ ਕੁਚਲਿਆ ਨਾ ਗਿਆ ਤਾਂ...। ਇਹ ਸਮਝ ਲੈ ਕਿ ਇਸ ਸੀਟ 'ਤੇ ਤੂੰ ਮੇਰੀ ਰਹਿਮਤ ਕਰਨ ਹੀ ਬੈਠਿਆ ਹੈਂ।" - ਮੁਖ ਮੰਤਰੀ ਵਡ ਪ੍ਰਕਾਸ਼ ਦੀ ਹੰਕਾਰੀ ਤਾਕਤ ਨੂੰ ਪੁਲਿਸ ਦਾ ਵੱਡਾ ਅਫਸਰ ਆ ਕੇ ਠੁੱਸ ਕਰ ਦਿੰਦਾ ਹੈ।

"ਸ਼ੇਰ ਕੌਰ ਆਪਣੀ ਫੌਜ ਨਾਲ ਅਮੀਸਰ 'ਚ ਦਾਖਲ ਹੋ ਚੁੱਕੀ ਹੈ।" - ਉਹ ਨਿਝੱਕ ਹੋ ਕੇ ਬੋਲਿਆ। - "ਉਹ ਮੰਦਰ ਸਮੂਹ 'ਚ ਵੜਨ ਲੱਗੀ ਹੈ।"
ਵੱਡੇ ਪੁਜਾਰੀ ਟੈਕਨੋ ਅਤੇ ਮੰਦਰ ਕਮੇਟੀ ਦੇ ਪ੍ਰਧਾਨ ਦੀਆਂ ਅੱਖਾਂ ਬਿਲਕੁਲ ਸੁੱਕ ਚੁੱਕੀਆਂ ਸਨ ਉਹਨਾਂ 'ਚ ਕਿਸੇ ਤਰਾਂ ਦੀ ਚਮਕ ਨਹੀਂ ਸੀ। ਉਹਨਾਂ 'ਚ ਡਰ 'ਭਾਂ-ਭਾਂ' ਕਰ ਰਿਹਾ ਸੀ। ਵਡ ਪ੍ਰਕਾਸ਼ ਖਬਰ ਦੇਣ ਆਏ ਅਫਸਰ ਵੱਲ ਸਰਸਰੀ ਦੇਖਦਾ ਹੈ ਅਤੇ ਫੇਰ ਆਪਣੇ ਗਲੇ 'ਚ 'ਖਰਰ੍ਰਰ .. ਅ, ਅ ਅ' ਕਰ ਕੇ ਬਹੁਤ ਸਾਰਾ ਥੁੱਕ ਆਪਣੀ ਹਥੇਲੀ 'ਤੇ ਥੁੱਕਦਾ ਹੈ। ਅਤੇ ਇੱਕੋ ਸੱਟੇ ਉਸ ਨੂੰ ਸ੍ੜੂਕਾ ਮਾਰ ਕੇ ਚੱਟ ਜਾਂਦਾ ਹੈ। -"ਆਹਾ.., ਦੇਖੋ! ਇਹੋ ਤਾਂ ਮੇਰੀ ਖਾਸੀਅਤ ਹੈ। ਇੱਕ ਵਾਰ ਸ਼ੇਰ ਕੌਰ ਆਵੇਗੀ ਅਸੀਂ ਉਸ ਦੇ ਚਰਨਾਂ 'ਚ ਡਿੱਗ ਕੇ ਮੁਆਫੀ ਮੰਗ ਲਵਾਂਗੇ ਅਤੇ ਫਿਰ ਉਸਦੇ ਜਾਣ ਦੇ ਬਾਅਦ ਫਿਰ ਆਪਣਾ ਧੰਦਾ ਸ਼ੁਰੂ ਕਰ ਲਵਾਂਗੇ। ...ਸੇਵਾ ਦਾ।" - ਲੂੰਬੜ ਬਣ ਚੁੱਕੇ ਵਡ ਪ੍ਰਕਾਸ਼ ਲਈ ਘਬਰਾਹਟ ਵਾਲੀ ਅਜੇ ਵੀ ਕੋਈ ਬਹੁਤੀ ਗੱਲ ਨਹੀਂ ਸੀ। "ਆਓ, ਉੱਪਰ ਚੱਲ ਕੇ ਦੇਖਦੇ ਹਾਂ, ਸ਼ੇਰ ਕੌਰ ਦੇ ਜਲਵੇ।" ਵਡ ਪ੍ਰਕਾਸ਼ ਟੈਕਨੋ ਅਤੇ ਪ੍ਰਧਾਨ ਨੂੰ ਹੌਸਲਾ ਦਿੰਦਾ ਹੈ ਅਤੇ ਪੁਲਿਸ ਅਫਸਰ ਵੱਲ ਮੁੰਹ ਕਰ ਕੇ ਆਪਣੀ ਚਾਲ ਦੱਸਦਾ ਹੈ। -"ਪਹਿਲਾਂ ਗ੍ਰਿਫਤਾਰ ਕਰੋ ਅਤੇ ਮੇਰੇ ਕੋਲ ਲੈ ਕੇ ਆਓ ਉਸਨੂੰ।"
...

ਵਿਲੀਅਮ ਰੇਤ ਦੇ ਇੱਕ ਵੱਡੇ ਟਿੱਲੇ ਕੋਲ ਗੱਡੀ ਰੋਕਦਾ ਹੈ। ਅਮੀਸਰ ਦੇ ਵਿਚ ਵ੍ਹਿਚਾਲੇ ਸਮੇਂ ਨਾਲ ਹੋਂਦ ਧਾਰਨ ਕਰਨ ਵਾਲੇ ਇਸ ਟਿੱਲੇ ਤੋਂ ਸ਼ਹਿਰ ਦਾ ਬਰਬਾਦ ਹੋ ਚੁੱਕਿਆ ਇਤਿਹਾਸ ਵੀ ਦਿਖਾਈ ਨਹੀਂ ਦੇ ਰਿਹਾ। ਪੁਰਾਣੀਆਂ ਅਤੇ ਜੰਗ ਖਾਧੀਆਂ ਗੱਡੀਆਂ ਦੇ ਢਾਂਚੇ ਇਧਰ ਉਧਰ ਪਾਏ ਹਨ। ਬਾਜ਼ਾਰ ਬੇ-ਰੌਣਕੇ ਹਨ। ਕੁਝ ਬੁਢੇ ਅਤੇ ਹੱਡੀਆਂ ਦੇ ਪਿੰਜਰ ਬਣੇ ਜਵਾਨ ਨਿਰ-ਉਤਸਾਹਿਤ ਅਵਸਥਾ 'ਚ ਆ ਜਾ ਰਹੇ ਹਨ। ਜਿਸ ਥਾਂ 'ਤੇ ਗੱਡੀ ਖੜ੍ਹੀ ਕੀਤੀ ਹੈ ਉਥੋਂ ਖੜ੍ਹ ਕੇ ਵੱਡਾ ਮੰਦਰ ਸਪਸ਼ਟ ਦਿਖਾਈ ਦੇ ਰਿਹਾ ਹੈ। ਘੰਟੀਆਂ ਵੱਜਣ ਦੀਆਂ ਅਵਾਜਾਂ ਦੂਰੋਂ ਵੀ ਸੁਣਾਈ ਦੇ ਰਹੀਆਂ ਹਨ। ਲੋਕ ਕਤਾਰਾਂ ਬਣਾ ਕੇ ਮੰਦਰ ਦੇ ਅੰਦਰ ਅਤੇ ਬਾਹਰ ਜਾ ਆ ਰਹੇ ਹਨ। ਮੰਦਰ ਦੇ ਬਿਲਕੁਲ ਬਾਹਰ ਵਾਲੀ ਕੰਧ ਨਾਲ ਢੋਆ ਲਾ ਕੇ ਬਹੁਤ ਸਾਰੇ ਮੰਗਤੇ ਨਸ਼ਾ ਲੈਣ ਲਈ ਬੈਠੇ ਹਨ। ਵਰ੍ਦੀਧਾਰੀ ਪੁਲਿਸ ਦੇ ਹਥਿਆਰਬੰਦ ਲੋਕ ਏਸੇ ਪਾਸੇ ਮੰਡਰਾ ਰਹੇ ਹਨ। ਮੰਦਰ ਦੀਆਂ ਕੰਧਾਂ ਅਤੇ ਗੁੰਬਦ ਸ਼ਾਹ ਕਾਲੇ ਹੋਏ ਪਏ ਹਨ।

ਸ਼ੇਰ ਕੌਰ ਦਾ ਮੰਦਰ ਵੱਲ ਦੇਖ ਕੇ ਹੌਕਾ ਨਿਕਲ ਜਾਂਦਾ ਹੈ। ਉਹ ਮੰਦਰ ਵੱਲ ਦੇਖ ਕੇ ਜਮੀਨ 'ਤੇ ਝੁਕਦੀ ਹੈ ਅਤੇ ਨਮਸ੍ਕਾਰ ਕਰਦੀ ਹੈ। ਵਿਲੀਅਮ ਸ਼ੇਰ ਕੌਰ ਵੱਲ ਦੇਖਦਾ ਹੈ ਤਾਂ ਅੱਖਾਂ ਦਾ ਪਾਣੀ ਉਸ ਦੀਆਂ ਗੱਲ੍ਹਾਂ ਉਤੋਂ ਦੀ ਰਸਤਾ ਬਣਾ ਕੇ ਉਸਦੇ ਚੋਲੇ 'ਤੇ ਡਿਗਣਾ ਸ਼ੁਰੂ ਹੋ ਜਾਂਦਾ ਹੈ। ਉਹ ਚਾਰੇ ਪਾਸੇ ਨਜਰ ਘੁਮਾਂਦੀ ਹੈ। ਦੂਰ ਦੂਰ ਤੱਕ ਪੁਲਿਸ ਵਾਲੇ ਸ਼ਿਸ਼੍ਤਾਂ ਬੰਨ੍ਹੀ ਖੜ੍ਹੇ ਹਨ। ਉਹ ਦੋਵ੍ਹੇਂ ਮੰਦਰ ਵੱਲ ਵਧਣਾ ਸ਼ੁਰੂ ਕਰ ਦਿੰਦੇ ਹਨ। ਗੱਡੀ ਵਿਚੋਂ ਉਤਰ ਕੇ ਦੋ ਮਰਦ ਉਹਨਾਂ ਦੇ ਅੱਗੇ ਅਤੇ ਤਿੰਨ ਉਹਨਾਂ ਦੇ ਪਿਛੇ ਪਿਛੇ ਹੋ ਤੁਰਦੇ ਹਨ। ਇੱਕ ਮਰਦ ਦੇ ਗਲ 'ਚ ਨਗਾਰਾ ਹੈ ਅਤੇ ਬਾਕੀ ਆਤਿਸ਼ੀ ਹਥਿਆਰਾਂ ਨਾਲ ਲੱਦੇ ਹੋਏ ਹਨ। ਦੂਰੋਂ ਇੱਕ ਪੁਰਾਨੀ ਇਮਾਰਤ ਤੋਂ ਵਡ ਪ੍ਰਕਾਸ਼ ਅਤੇ ਤਿੱਕੜੀ ਦੇ ਬਾਕੀ ਸਾਥੀ ਉਹਨਾਂ ਨੂੰ ਦੇਖ ਰਹੇ ਹਨ। ਕੁਝ ਦੂਰੀ 'ਤੇ ਉਹ ਮੰਦਰ ਦੇ ਸਾਹਮਣੇ ਇੱਕ ਵੱਡੇ ਦਰਵਾਜੇ ਦੇ ਬਾਹਰ ਆ ਕੇ ਰੁਕਦੇ ਹਨ। ਉਹ ਦਰਵਾਜੇ ਨੂੰ ਧਿਆਨ ਨਾਲ ਦੇਖਦੀ ਹੈ ਅਤੇ ਪੰਜਾਂ 'ਚੋਂ ਇੱਕ ਮਰਦ ਨੂੰ ਸੁਆਲ ਕਰਦੀ ਹੈ। - "ਇਹ ਦਰਵਾਜੇ ਕਿਥੇ ਗਏ?"

"ਪਹਿਲਾਂ ਕਾਰ ਸੇਵਾ ਦੇ ਨਾਮ 'ਤੇ ਇਥੋਂ ਇਹਨਾਂ ਨੂੰ ਹਟਾ ਦਿਤਾ ਗਿਆ ਅਤੇ ਬਾਅਦ 'ਚ ਬੱਕੜ ਪ੍ਰਧਾਨ ਨੇ ਮੁਖ ਮੰਤਰੀ ਦੀ ਸਹਿਮਤੀ ਨਾਲ ਇਹ ਵਾਪਿਸ ਸੋਮਨਾਥ ਮੰਦਰ ਵਾਲਿਆਂ ਨੂੰ ਤੋਹਫ਼ੇ 'ਚ ਦੇ ਦਿਤੇ। ਉਸ ਤੋਂ ਬਾਅਦ ਇਥੇ ਕਈ ਦਰਵਾਜੇ ਉਤਰੇ ਅਤੇ ਕਈ ਚੜ੍ਹੇ।" - ਨਗਾਰੇ ਵਾਲੇ ਮਰਦ ਨੇ ਜਵਾਬ ਦਿਤਾ ਅਤੇ ਸ਼ਾਂਤ ਮੁਦ੍ਰਾ ਵਿਚ ਸਿਧਾ ਖੜ੍ਹਾ ਰਿਹਾ। ਪਰ ਸ਼ੇਰ ਕੌਰ ਦੀਆਂ ਅੱਖਾਂ ਹਾਲੇ ਵੀ ਭਰੀਆਂ ਹੋਈਆਂ ਸਨ। ਉਸ ਦੀਆਂ ਅੱਖਾਂ 'ਚ ਪਾਣੀ ਸੀ। ਸਰੋਵਰ ਸੁੱਕਾ ਪਿਆ ਸੀ। ਰੇਤ ਹੀ ਰੇਤ ਸੀ ਮੰਦਰ ਦੇ ਆਲੇ ਦੁਆਲੇ। ਉਸਦਾ ਮੱਲੋ ਮੱਲੀ ਫੇਰ ਹੌਕਾ ਨਿਕਲ ਗਿਆ। - "ਸਰੋਵਰ ਦਾ ਪਾਣੀ..?"

"2084 ਤੋਂ ਬਾਅਦ ਇਥੇ ਬਰਸਾਤ ਨਹੀਂ ਹੋਈ। ਇਸ ਧਰਤੀ ਦੇ ਸਾਰੇ ਨਦੀਆਂ ਨਾਲੇ ਸੁੱਕ ਗਏ। ਲੋਕਾਂ ਨੇ ਵਾਤਵਰਣ, ਚੌਗਿਰਦੇ ਅਤੇ ਪਾਣੀਆਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਆਗੂਆਂ ਦਾ ਧਿਆਨ ਲੋਕਾਂ ਦੇ ਮਨਾਂ 'ਤੇ ਨਹੀਂ, ਬਲਕਿ ਸਰੀਰਾਂ 'ਤੇ ਰਾਜ ਕਰਨ ਵੱਲ ਹੋ ਗਿਆ...।" ਦੂਜੇ ਮਰਦ ਨੇ ਜਵਾਬ ਦਿਤਾ। ਡਿਉਢੀ ਦੇ ਕੋਲ ਹੋ ਕੇ ਸ਼ੇਰ ਕੌਰ ਨੇ ਝੁਕ ਕੇ ਹੇਠੋਂ ਰੇਤ ਦੀ ਮੁਠੀ ਭਰ ਲਈ ਅਤੇ ਉਸ ਨੂੰ ਆਪਣੇ ਮੱਥੇ ਨਾਲ ਛੁਹਾਇਆ। ਓਹ ਸੱਜੇ ਪਾਸੇ ਹੋ ਕੇ ਉਸ ਰੇਤ ਨਾਲ ਭਰੀ ਥਾਂ ਨੂੰ ਗਹੁ ਨਾਲ ਦੇਖਣ ਲੱਗੀ। - "ਇਸ ਥਾਂ 'ਤੇ ਕਈ ਸਦੀਆਂ ਪਹਿਲਾਂ ਸੁਖਾ ਸਿੰਘ-ਮਹਿਤਾਬ ਸਿੰਘ ਨੇ ਮੱਸੇ ਰੰਘੜ ਨੂੰ ਮਾਰਨ ਤੋਂ ਪਹਿਲਾਂ ਆਪਣੇ ਘੋੜੇ ਬੰਨ੍ਹੇ ਸਨ। ... ਉਸ ਵੇਲੇ ਵੀ ਜੋਰ ਦੀ ਹਨੇਰੀ ਆਈ ਸੀ। ... ਅੱਜ ਵੀ ਆਵੇਗੀ।" ਉਸ ਦੇ ਹਥ ਜੁੜ ਜਾਂਦੇ ਹਨ ਅਤੇ ਅੱਖਾਂ ਬੰਦ ਹੋ ਜਾਂਦੀਆਂ ਹਨ। ਵਿਲੀਅਮ ਅਤੇ ਪੰਜਾਂ ਮਰਦਾਂ ਨੂੰ ਸ਼ੇਰ ਕੌਰ ਦੀ ਅਰਦਾਸ ਦਾ ਅਹਿਸਾਸ ਹੋ ਰਿਹਾ ਸੀ।

ਸਾਹਮਣੇ ਤੋਂ ਰੇਤ 'ਤੇ ਖ੍ਪ੍ਲ ਖ੍ਪ੍ਲ ਕਰਦੇ ਵਰਦੀ ਧਾਰੀ ਪੁਲਿਸ ਦੇ 10 -12 ਬੰਦੇ ਆਉਂਦੇ ਹਨ। ਉਹਨਾਂ ਦਾ ਅਫਸਰ ਸ਼ੇਰ ਕੌਰ ਅਤੇ ਬਾਕੀਆਂ ਦਾ ਰਾਹ ਰੋਕ ਲੈਂਦਾ ਹੈ। - "ਅਸੀਂ ਤੈਨੂੰ ਗ੍ਰਿਫਤਾਰ ਕਰਦੇ ਹਾਂ। ਪਚੀਸੇ ਦਾ ਅਮਨ ਕਾਨੂੰਨ ਭੰਗ ਕੀਤਾ ਹੈ ਕੁੜੀਏ ਤੂੰ। ਸਾਡੇ ਨਾਲ ਚੱਲ ਤੈਨੂੰ ਮੁਖ ਮੰਤਰੀ ਅੱਗੇ ਪੇਸ਼ ਕਰੀਏ। ਹੋ ਸਕਦਾ ਹੈ ਉਹਦੇ ਦਿਲ 'ਚ ਤੇਰੇ ਲਈ ਕੋਈ ਰਹਿਮ ਹੀ ਆ ਜਾਵੇ।" - ਚੱਬ ਚੱਬ ਕੇ ਬੋਲੇ ਸਨ ਪੁਲਿਸ ਅਫਸਰ ਨੇ ਇਹ ਸ਼ਬਦ। ਇਹ ਸੁਣਦਿਆਂ ਹੀ ਸ਼ੇਰ ਕੌਰ ਦੀਆਂ ਗਿਲੀਆਂ ਅੱਖਾਂ ਲਾਲ ਹੋ ਗਈਆਂ। ਅਤੇ ਉਸ ਦੇ ਸੱਜੇ ਹਥ ਦੀਆਂ ਉਂਗਲਾਂ ਨੂੰ ਅੰਗੜਾਈ ਲੈਂਦਿਆਂ ਵਿਲੀਅਮ ਨੇ ਤਿਰਛੀ ਅੱਖ ਨਾਲ ਸਮਝ ਲਿਆ ਸੀ। ਸ਼ੇਰ ਕੌਰ ਦੀ ਬਾਂਹ ਫੜਕ ਰਹੀ ਸੀ। ਇਸ ਤੋਂ ਪਹਿਲਾਂ ਕਿ ਉਸ ਦਾ ਹਥ ਪੁਲਿਸ ਅਫਸਰ 'ਤੇ ਉੱਠਦਾ, ਵਿਲੀਅਮ ਨੇ ਉਸ ਦੇ ਹਥ ਨੂੰ ਘੁੱਟ ਕੇ ਦੱਬਿਆ ਅਤੇ 'ਚਟਾਕ' ਕਰਦਾ ਇੱਕ ਥੱਪੜ ਪੁਲਿਸ ਵਾਲੇ ਦੇ ਮੁੰਹ 'ਤੇ ਜੜ ਦਿਤਾ। ਸ਼ੇਰ ਕੌਰ, ਵਿਲੀਅਮ ਅਤੇ ਪੰਜੇ ਮਸਨੂਈ ਬੰਦੇ ਅੱਗੇ ਵਧ ਗਏ ਅਤੇ ਪੁਲਿਸ ਅਫਸਰ ਆਪਣੀ ਗੱਲ੍ਹ ਨੂੰ ਮਲਦਾ ਰਹਿ ਗਿਆ। ਪੁਲਿਸ ਵਾਲਿਆਂ ਨੇ ਅਜਿਹਾ ਦਰਿਸ਼ ਪਚੀਸੇ ਦੀ ਧਰਤੀ 'ਤੇ ਪਹਿਲੀ ਵਾਰ ਦੇਖਿਆ ਸੀ।

ਸ਼ੇਰ ਕੌਰ ਅਤੇ ਵਿਲੀਅਮ ਛੋਟੇ ਦਰਵਾਜ਼ੇ ਰਾਹੀਂ ਮੰਦਰ ਦੇ ਅੰਦਰ ਚਲੇ ਜਾਂਦੇ ਹਨ ਅਤੇ ਪੰਜੇ ਮਰਦ ਮੰਦਰ ਦੇ ਆਲੇ ਦੁਆਲੇ ਤੁਰੇ ਫਿਰਦੇ ਲੋਕਾਂ ਨੂੰ ਉਹਨਾਂ ਦੀ ਭਾਸ਼ਾ ਵਿਚ ਇਤਿਹਾਸ ਦੀ ਜਾਣਕਾਰੀ ਦੇਣ ਲੱਗਦੇ ਹਨ।

ਜਿਵੇਂ ਹੀ ਸ਼ੇਰ ਕੌਰ ਮੰਦਰ ਦੇ ਅੰਦਰ ਦਾਖਲ ਹੁੰਦੀ ਹੈ ਤਾਂ ਉਸ ਰੋਹ ਦੂਣਾ ਹੋ ਜਾਂਦਾ ਹੈ। ਉਹ ਦੇਖਦੀ ਹੈ 'ਸਾਹਮਣੇ ਮੂਰਤੀਆਂ ਦੀ ਪੂਜਾ ਚੱਲ ਰਹੀ ਹੈ। ਸੰਤ ਪ੍ਰਕਾਸ਼ ਪਹਿਲੇ, ਉਸ ਦੇ ਪੁੱਤਰ ਅਤੇ ਨੂੰਹ ਦੀਆਂ ਮੂਰਤੀਆਂ ਨੂੰ ਪੂਜਿਆ ਜਾ ਰਿਹਾ ਹੈ। ਜੋਰ ਜੋਰ ਨਾਲ ਘੰਟੀਆਂ ਖੜਕਾਈਆਂ ਜਾ ਰਹੀਆਂ ਹਨ। ਬਾਹਰ ਨਗਾਰੇ ਵਾਲਾ ਮਰਦ ਜੋਰ ਨਾਲ ਨਗਾਰਾ ਵਜਾਉਣਾ ਸ਼ੁਰੂ ਕਰਦਾ ਹੈ। ਜਿਵੇਂ ਜਿਵੇਂ ਨਗਾਰੇ ਦੀ ਅਵਾਜ਼ ਉੱਚੀ ਹੁੰਦੀ ਹੈ, ਤੇਜ਼ ਹਵਾਵਾਂ ਚਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਸ਼ੇਰ ਕੌਰ ਨੂੰ ਮੂਰਤੀਆਂ ਦੇ ਬਿਲਕੁਲ ਪਿਛੇ ਮੰਦਰ ਦੀ ਸਾਹਮਣੀ ਬਾਰੀ 'ਚੋਂ ਵਡ ਪ੍ਰਕਾਸ਼, ਟੈਕਨੋ ਅਤੇ ਕਮੇਟੀ ਪ੍ਰਧਾਨ ਖੜ੍ਹੇ ਦਿਖੀ ਦਿੰਦੇ ਹਨ। ਟੈਕਨੋ ਦੂਰੋਂ ਹੀ ਸ਼ੇਰ ਕੌਰ 'ਤੇ ਆਤਿਸ਼ੀ ਵਾਰ ਕਰਦਾ ਹੈ। ਜਿਹੜਾ ਉਸ ਦੀ ਖੱਬੀ ਬਾਂਹ ਨਾਲ ਖਹਿੰਦਾ ਹੋਇਆ ਨਿਕਲ ਜਾਂਦਾ ਹੈ। ਉਸ ਦੀ ਬਾਂਹ 'ਚੋਂ ਖੂਨ ਰਿਸਣ ਲੱਗਦਾ ਹੈ। ਇਸ ਦੇ ਨਾਲ ਹੀ ਸਾਰੇ ਪਾਸਿਆਂ ਤੋਂ ਗੋਲੀਆਂ ਦੀਆਂ ਅਵਾਜਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਪਰ ਸ਼ੇਰ ਕੌਰ ਨੂੰ ਇਹ ਅਵਾਜਾਂ ਬਿਲਕੁਲ ਸੁਣਾਈ ਨਹੀਂ ਦੇ ਰਹੀਆਂ. ਜੇਕਰ ਉਸ ਨੂੰ ਕੁਝ ਸੁਣਾਈ ਦੇ ਰਿਹਾ ਹੈ ਤਾਂ ਬੱਸ ਤਿੱਕੜੀ ਦਾ ਕੰਜਰ ਹਾਸਾ. ਉਹ ਇੱਕ ਦਮ ਆਪਣੀ ਕਮਾਨ ਸੰਭਾਲਦੀ ਹੈ ਅਤੇ ਉਸ ਵਿਚ ਤੀਰ ਚੜ੍ਹਾ ਕੇ ਟੈਕਨੋ ਵੱਲ ਛੱਡਦੀ ਹੈ, ਜਿਹੜਾ 'ਸ਼ੁੰਆ ...' ਕਰਦਾ ਖ੍ੜਪ ਕਰਕੇ ਟੈਕਨੋ ਦੀ ਗਰਦਨ 'ਚ ਜਾ ਧੱਸਦਾ ਹੈ। ਜਿਵੇ ਹੀ ਟੈਕਨੋ ਦੇ ਤੀਰ ਵੱਜਦਾ ਹੈ, ਅਸਮਾਨ 'ਚ ਬੱਦਲਾਂ ਦੇ ਗਰਜਣ ਦੀ ਜ਼ੋਰਦਾਰ ਅਵਾਜ਼ ਆਉਂਦੀ ਹੈ। ਇੱਕ ਪਾਸਿਓਂ ਸੰਘਣੀਆਂ ਕਾਲੀਆਂ ਘਟਾਵਾਂ ਚੜ੍ਹ ਕੇ ਆ ਰਹੀਆਂ ਹਨ। ਹਿੰਮਤ ਅਤੇ ਦਲੇਰੀ ਵਰ ਆਉਣ ਲੱਗੀ ਸੀ। ਸ਼ੇਰ ਕੌਰ ਅੱਗੇ ਤਿੱਕੜੀ ਦਾ ਇੱਕ ਪਾਸਾ ਢੇਰ ਹੋ ਗਿਆ ਸੀ। ਸ਼ੇਰ ਕੌਰ ਦੇ ਕੰਨਾਂ 'ਚ ਅਮਰੀਕਾ ਬੈਠੇ ਉਸ ਦੇ ਪਿਤਾ ਦੇ ਬੋਲ ਗੂੰਜਦੇ ਹਨ। - "ਸ਼ਾਬਾਸ਼ ਬੱਚੀਏ!"

ਪੰਜਾਂ ਮਰਦਾਂ ਨੂੰ ਵਰ੍ਹਦੀਆਂ ਗੋਲੀਆਂ 'ਚ ਅਡੋਲ ਖੜੋਤਿਆਂ ਦੇਖ ਕੇ ਪੁਲਿਸ ਅਤੇ ਹੁਕਮਰਾਨਾਂ ਦੇ ਚਾਟੜੇ ਹੈਰਾਨ ਹਨ। ਉਹ ਘਬਰਾਹਟ ਵਿਚ ਹਨ। ਉਹਨਾਂ ਦੀਆਂ ਗੋਲੀਆਂ ਖਤਮ ਹੋ ਰਹੀਆਂ ਹਨ ਪਰ ਪੰਜੇ ਮਰਦ ਆਪਣਾ ਪ੍ਰਚਾਰ ਕਰੀ ਜਾ ਰਹੇ ਹਨ। ਗੋਲੀਆਂ ਚਲਾਉਂਦੇ ਪੁਲਿਸ ਦੇ ਬੰਦਿਆਂ ਨੂੰ ਵੀ ਉਹਨਾਂ ਦੇ ਵਿਚਾਰ ਸੁਣਨ ਦੀ ਲਲਕ ਬਣਦੀ ਹੈ।

ਜਿਵੇਂ ਹੀ ਸ਼ੇਰ ਕੌਰ ਨੇ ਤੀਰ ਨਾਲ ਨਿਸ਼ਾਨਾ ਸਾਧ ਕੇ ਵਾਰ ਕਰਨੇ ਸ਼ੁਰੂ ਕੀਤੇ ਓਵੇਂ ਹੀ ਵਿਲੀਅਮ ਜੱਟ ਨੇ ਮੰਦਰ ਚ ਲੱਗੀਆਂ ਪਥਰ ਦੀਆਂ ਮੂਰਤੀਆਂ ਤੋੜਨੀਆਂ ਸ਼ੁਰੂ ਕਰ ਦਿਤੀਆਂ। ਜਿਵੇਂ ਉਹ ਮੂਰਤੀਆਂ 'ਤੇ ਸੱਟ ਮਾਰਦਾ ਹੈ ਓਵੇਂ ਹੀ ਤੇਜ਼ ਘਟਾਵਾਂ ਦੀ ਗੜਗੜਾਹਟ ਵਧ ਜਾਂਦੀ ਹੈ। ਸ਼ਿਆਹ ਕਾਲੇ ਹੋਏ ਮੰਦਰ ਉੱਪਰ ਮੀਂਹ ਦੀਆਂ ਬੂੰਦਾਂ ਟਪਕਣ ਲੱਗਦੀਆਂ ਹਨ। ਸੈਕੜੇ ਸਾਲਾਂ ਬਾਅਦ ਪਚੀਸੇ ਦੀ ਧਰਤੀ 'ਤੇ ਮੀਂਹ ਵਰ੍ਹਨ ਲੱਗਿਆ ਹੈ ਅੱਜ। ਸਾਰੇ ਪਾਸੇ ਭਾਜੜ ਮਚ ਗਈ ਹੈ। ਮੀਂਹ ਤੇਜ਼ ਹੋ ਗਿਆ ਹੈ। 

ਕਮੇਟੀ ਪ੍ਰਧਾਨ ਅਤੇ ਵਡ ਪ੍ਰਕਾਸ਼ ਦਫਤਰ ਦੇ ਥੱਲੇ ਬਣੇ ਤਹਿ ਖਾਨੇ ਵਿਚ ਔਰਤਾਂ ਅਤੇ ਬਚਿਆਂ ਨੂੰ ਢਾਲ ਬਣਾ ਕੇ ਲੁਕਦੇ ਫਿਰ ਰਹੇ ਹਨ। ਵਿਲੀਅਮ ਆਤਿਸ਼ੀ ਹਥਿਆਰ ਨਾਲ ਰਸਤਾ ਸਾਫ਼ ਕਰਦਾ ਜਾ ਰਿਹਾ ਹੈ। ਸ਼ੇਰ ਕੌਰ ਅਤੇ ਵਿਲੀਅਮ ਉਹਨਾਂ ਦੇ ਪਿਛੇ ਦੌੜਦੇ ਹਨ। ਅਖੀਰ ਓਹ ਤਹਿ ਖਾਨੇ 'ਚ ਉਹਨਾਂ ਨੂੰ ਔਰਤਾਂ ਅਤੇ ਬਚਿਆਂ ਦੀਆਂ ਕਿਲਕਾਰੀਆਂ ਦਰਮਿਆਨ ਲਭ ਲੈਂਦੇ ਹਨ। ਕਮੇਟੀ ਪ੍ਰਧਾਨ ਸ਼ੇਰ ਕੌਰ ਨੂੰ ਧਮਕੀ ਦਿੰਦਾ ਹੈ ਕਿ ਜੇਕਰ ਉਹ ਉਹਨਾਂ ਨੂੰ ਕੁਝ ਕਹੇਗੀ ਤਾਂ ਔਰਤਾਂ ਅਤੇ ਬਚਿਆਂ ਦੀ ਜਾਨ ਜਾ ਸਕਦੀ ਹੈ। ਉਹ ਸ਼ੇਰ ਕੌਰ ਨੂੰ ਦਇਆ ਕਰਨ ਦੀ ਅਪੀਲ ਵੀ ਕਰਦਾ ਹੈ। ਪਰ ਸ਼ੇਰ ਕੌਰ ਲਈ ਇਹ ਗੱਲਾਂ ਹੁਣ ਕੋਈ ਮਾਅਨੇ ਨਹੀਂ ਰੱਖਦੀਆਂ ਸਨ। ਉਸਨੇ ਇੱਕ ਹੋਰ ਤੀਰ ਆਪਣੀ ਕਮਾਨ 'ਤੇ ਚੜ੍ਹਾ ਕੇ ਕਮੇਟੀ ਦੇ ਪ੍ਰਧਾਨ ਵੱਲ ਛੱਡ ਦਿਤਾ। ਬੱਦਲਾਂ ਦੀ ਗਰਜ ਵਿਚ ਪ੍ਰਧਾਨ ਦੇ ਤੀਰ ਵੱਜਦਿਆਂ ਹੀ ਖੂਨ ਦੀਆਂ ਤਤੀਰੀਆਂ ਫੁੱਟ ਤੁਰਦੀਆਂ ਹਨ। ਨਗਾਰੇ ਦੀ ਉੱਚੀ ਅਵਾਜ਼ 'ਚ ਘਬਰਾਏ ਵਡ ਪ੍ਰਕਾਸ਼ ਨੇ ਆਪਣੀ ਮੌਤ ਨੂੰ ਸ਼ਾਇਦ ਹੁਣ ਪਹਿਚਾਣ ਲਿਆ ਸੀ। ਉਸ ਨੂੰ ਕੁਝ ਵੀ ਸੁਝ ਨਹੀ ਰਿਹਾ ਸੀ। ਜਿਵੇਂ ਹੀ ਉਹ ਦੌੜਨ ਦੀ ਕੋਸ਼ਿਸ਼ ਕਰਨ ਲੱਗਦਾ ਹੈ, ਵਿਲੀਅਮ ਛਾਲ ਮਾਰ ਕੇ ਉਸ ਅੱਗੇ ਜਾ ਖੜਦਾ ਹੈ। ਵਿਲੀਅਮ ਦੀ ਕਿਰਪਾਨ ਹੁਣ ਵਡ ਪ੍ਰਕਾਸ਼ ਦੀ ਧੌਣ 'ਤੇ ਹੈ। ਸਦੀਆਂ ਦੇ 'ਹੈਂਕੜ ਵਾਲੇ ਰਾਜ' ਦੀ ਧੌਣ ਸਬਰ ਅਤੇ ਹਿੰਮਤ ਅੱਗੇ ਝੁਕਣ ਲੈ ਤਿਆਰ ਹੈ। ਪ੍ਰਕਾਸ਼ ਪਰਿਵਾਰ ਅਤੇ ਪ੍ਰਕਾਸ਼ ਪਰਿਵਾਰ ਦਾ ਅੰਤ ਸਾਫ਼ ਦਿਖਾਈ ਦੇਣ ਲੱਗਦਾ ਹੈ। ਪਰ ਅਚਾਨਕ ਇੱਕ ਵੱਡੇ ਧਮਾਕੇ ਨਾਲ ਸ਼ੇਰ ਕੌਰ ਚੌਫਾਲ ਡਿੱਗ ਪੈਂਦੀ ਹੈ ਅਤੇ ਰੀਮੋਟ ਉਸ ਦੇ ਹਥੋਂ ਨਿਕਲ ਕੇ ਪਰ੍ਹੇ ਜਾ ਡਿੱਗਦਾ ਹੈ। ਉਸ੍ਦੇ ਪਿਛੇ ਖੜ੍ਹੇ ਪੁਲਿਸ ਮੁਖੀ ਨੇ ਆਪਣੀ ਵੱਡੀ ਗੰਨ ਸ਼ੇਰ ਕੌਰ ਦੀ ਪਿਠ 'ਚ ਖਾਲੀ ਕਰ ਦਿਤੀ ਹੈ। ਪਰ ਸ਼ੇਰ ਕੌਰ ਨੇ ਆਪਣਾ ਫਰਜ਼ ਪੂਰਾ ਕਰ ਦਿਤਾ। ਸਦੀਆਂ ਤੋਂ ਜਿਸ ਰਾਜ ਸੇਵਾ ਦੇ ਹੋਕੇ ਨੇ ਇਤਿਹਾਸ ਨੂੰ ਤਬਾਹ ਕਰ ਦਿਤਾ ਸੀ, ਉਸ ਦੇ ਅੰਤ ਦੀ ਇਬਾਰਤ ਸ਼ੇਰ ਕੌਰ ਨੇ ਲਿਖ ਦਿਤੀ ਸੀ। ਉਹ ਧਰਤੀ 'ਤੇ ਲੇਟੀ ਹੋਈ ਦਰਾਂ ਥਾਣੀਂ ਬਾਹਰ ਦੇਖਦੀ ਹੈ ਤਾਂ ਮੀਂਹ 'ਚ ਮੰਦਰ ਸੁਨਹਰੀ ਹੁੰਦਾ ਜਾ ਰਿਹਾ ਹੈ। ਸਦੀਆਂ ਦੀ ਜੰਮੀ ਹੋਈ ਕਾਲਖ ਧੋਤੀ ਜਾ ਰਹੀ ਹੈ। ਸੋਨਾ ਚਮਕਣਾ ਸ਼ੁਰੂ ਹੋ ਗਿਆ ਹੈ। ਮੰਦਰ ਦੇ ਦੁਆਲੇ ਮੀਂਹ ਦਾ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ। ਮੰਦਰ ਫਿਰ ਤੋਂ ਹਰੀ ਦਾ ਮੰਦਰ ਪ੍ਰਤੀਤ ਹੋਣਾ ਸ਼ੁਰੂ ਹੋ ਗਿਆ ਹੈ। ਇਹ ਸਾਰਾ ਨਜ਼ਾਰਾ ਦੇਖ ਕੇ ਸ਼ੇਰ ਕੌਰ ਦੀਆਂ ਅੱਖਾਂ ਵਿਲੀਅਮ ਨਾਲ ਮਿਲਦੀਆਂ ਹਨ ਅਤੇ ਉਹ ਹਲਕਾ ਜਿਹਾ ਮੁਸਕਰਾ ਕੇ 'ਚੜ੍ਹਾਈ' ਕਰ ਜਾਂਦੀ ਹੈ।

ਪੁਲਿਸ ਮੁਖੀ ਕੰਜਰੀ ਹਾਸੀ ਹੱਸਦਾ ਹੈ। ਉਸ ਦੀ ਹਾਸੀ 'ਚ ਵਿਲੀਅਮ ਨੂੰ ਵਾਰ ਕਰਨ ਦਾ ਮੌਕਾ ਮਿਲ ਜਾਂਦਾ ਹੈ। ਉਹ ਪੁਲਿਸ ਮੁਖੀ ਦੇ ਨੇੜੇ ਆ ਕੇ ਇੱਕੋ ਝੱਟਕੇ ਨਾਲ ਉਸ ਦਾ ਸਿਰ ਧੌਣ ਤੋਂ ਵੱਖ ਕਰ ਦਿੰਦਾ ਹੈ। ਪ੍ਰਕਾਸ਼ ਉਸ ਦੇ ਨੇੜੇ ਖੜ੍ਹਾ ਹੁਣ ਤਰਲੇ ਲੈਣ ਜੋਗਾ ਵੀ ਨਹੀਂ ਸੀ। ਵਿਲੀਅਮ ਨੂੰ ਉਸਤੇ ਬਿਲਕੁਲ ਤਰਸ ਨਹੀਂ ਆਇਆ। ਸ਼ਾਇਦ ਆਉਣਾ ਵੀ ਨਹੀਂ ਚਾਹੀਦਾ ਸੀ।

ਉਹ ਹਰੀਮੰਦਰ ਦੀ ਪ੍ਰਕਰਮਾ ਵਿਚੋਂ ਲੰਘਦਾ ਹੈ ਤਾਂ ਲੋਕ ਭੈਭੀਤ ਹੋ ਕੇ ਉਸ ਵੱਲ ਦੇਖਦੇ ਹਨ। ਨਗਾਰੇ ਵਾਲਾ ਮਰਦ ਜੋਰ ਜੋਰ ਨਾਲ ਹਾਲੇ ਵੀ ਨਗਾਰਾ ਵਜਾ ਰਿਹਾ ਹੈ। ਵਿਲੀਅਮ ਵਡ ਪ੍ਰਕਾਸ਼ ਅਤੇ ਪੁਲਿਸ ਮੁਖੀ ਦੇ ਸਿਰਾਂ ਨੂੰ ਆਪਣੇ ਬਰਛੇ 'ਤੇ ਤੰਗ ਕੇ ਸਹਿਜ ਨਾਲ ਆਪਣੀ ਗੱਡੀ 'ਚ ਜਾ ਬੈਠਦਾ ਹੈ। ਪੰਜੇ ਮਰਦ ਵੀ ਉਸ ਦੇ ਨਾਲ ਹਨ। ਜੇ ਕੋਈ ਨਹੀਂ ਤਾਂ ਸ਼ੇਰ ਕੌਰ ਉਸ ਦੇ ਨਾਲ ਨਹੀਂ ਸੀ। ਪਰ ਉਹਨਾਂ ਨੇ ਕਿਲ੍ਹਾ ਫਤਿਹ ਕਰ ਲਿਆ ਸੀ। ਪਚੀਸਾ ਹੁਣ ਪੂਰੀ ਤਰਾਂ ਅਜਾਦ ਸੀ।
...
50 ਸਾਲ ਬਾਅਦ
ਸੰਨ 2300

ਸਾਰੇ ਪਾਸੇ ਹਰਿਆਲੀ ਉਗ੍ਣੀ ਸ਼ੁਰੂ ਹੋ ਚੁੱਕੀ ਹੈ। ਬਜੁਰਗ ਵਿਲੀਅਮ ਸਿੰਘ ਨਿੱਕੇ ਨਿੱਕੇ ਬਚਿਆਂ ਨਾਲ ਪੌਦੇ ਲਗਾ ਰਿਹਾ ਹੈ। ਕੁਝ ਸਿਖ ਵਿਗਿਆਨੀ ਉਜਾੜ ਖੇਤਾਂ 'ਚੋਂ ਮਿੱਟੀ ਦੇ ਨਮੂਨੇ ਲੈ ਕੇ ਆਉਂਦੇ ਹਨ। - "ਲਓ ਸਰਦਾਰ ਜੀ, ਆਉਂਦੇ 20 ਸਾਲਾਂ ਤੱਕ ਇਥੇ ਫਸਲਾਂ ਅਤੇ ਸਬਜੀਆਂ ਦੀ ਪੈਦਾਵਾਰ ਸ਼ੁਰੂ ਹੋ ਜਾਵੇਗੀ। ਤੁਸੀਂ ਇਥੇ ਵੱਸਦੇ ਰਹੋ ਅਤੇ ਰੱਬ ਦੇ ਗੁਣ ਗਾਉਂਦੇ ਰਹੋ। ਹੁਣ ਅਸੀਂ ਚੱਲਦੇ ਹਾਂ...।"

ਵਿਲੀਅਮ ਸਿੰਘ ਖੜ੍ਹਾ ਹੋ ਗਿਆ। ਨਾਲ ਵੱਸੀਆਂ ਝੁੱਗੀਆਂ 'ਚੋਂ ਕੁਝ ਬੀਬੇ ਬੰਦੇ ਨਿਕਲ ਕੇ ਬਾਹਰ ਆ ਗਏ ਅਤੇ ਉਹਨਾਂ ਨੇ ਵੀ ਹਥ ਜੋੜ ਕੇ ਸਿਖ ਵਿਗਿਆਨੀਆਂ ਨੂੰ ਕੁਝ ਦੇਰ ਹੋਰ ਰੁਕਣ ਲਈ ਕਿਹਾ। ਉਹਨਾਂ 'ਚ ਪੰਜ ਮਰਦ ਬੰਦੇ ਵੀ ਸ਼ਾਮਲ ਸਨ।

"ਬਾਕੀ ਤਾਂ ਠੀਕ ਹੈ, ਹੁਣ ਇਹਨਾਂ ਪੰਜਾਂ ਨੂੰ ਵੀ ਆਪਣੇ ਨਾਲ ਹੀ ਲੈ ਜਾਵੋ। ਇਹਨਾਂ ਨੇ ਇਸ ਧਰਤੀ ਦੀ ਬਹੁਤ ਸੇਵਾ ਕੀਤੀ ਹੈ। ਜਿੰਨਾ ਕੰਮ ਬੀਬੀ ਸ਼ੇਰ ਕੌਰ ਨੇ ਕੀਤਾ ਹੈ ਉਸ 'ਚ ਇਹਨਾਂ ਦਾ ਵੀ ਓਨਾ ਹੀ ਯੋਗਦਾਨ ਹੈ।" - ਵਿਲੀਅਮ ਸਿੰਘ ਪੰਜਾਂ ਮਰਦਾਂ ਦਾ ਸ਼ੁਕਰੀਆ ਕਰਦਾ ਹੈ।

"ਇਹਨਾਂ ਨੂੰ ਅਸੀਂ ਆਪਣੇ ਨਾਲ ਨਹੀਂ ਲਿਜਾ ਸਕਦੇ। ਇਹਨਾਂ ਦੀ ਚਾਬੀ ਤਾਂ ਬੀਬਾ ਸ਼ੇਰ ਕੌਰ ਕੋਲ ਹੀ ਸੀ। ਸ਼ਾਇਦ ਓਹ ਵੀ ਇਹੋ ਚਾਹੁੰਦੀ ਸੀ ਕਿ ਇਹ ਇਸੇ ਧਰਤੀ 'ਤੇ ਰਹਿਣ ਅਤੇ ਲੋਕਾਂ ਨੂੰ ਸਚ ਨਾਲ ਜੋੜਨ, ਨਸ਼ਿਆਂ ਤੋਂ ਦੂਰ ਰੱਖਣ...। 

ਸੋ ਇਨ੍ਹਾਂ ਨੂੰ ਇਨ੍ਹਾਂ ਦਾ ਕੰਮ ਕਰਨ ਦਿਓ।"
...
ਸਮਾਪਤ
------------
(ਲੇਖਕ - ਸੁਰਿੰਦਰ ਸਿੰਘ 9466051048)



Archive

RECENT STORIES