Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਾਡੇ ਕੋਲੋਂ ਡਰਨ ਲੱਗ ਪਿਐ ਚੀਨ- ਰੱਖਿਆ ਮੰਤਰੀ ਏ ਕੇ ਐਂਟਨੀ

Posted on September 7th, 2013

ਨਵੀਂ ਦਿੱਲੀ : ਚੀਨ ਵਲੋਂ ਭਾਰਤ ਦੇ ਕਿਸੇ ਨਵੇਂ ਇਲਾਕੇ 'ਤੇ ਕਬਜ਼ਾ ਕਰਨ ਜਾਂ ਫ਼ੌਜ ਨੂੰ ਗਸ਼ਤ ਤੋਂ ਰੋਕਣ ਸਬੰਧੀ ਖ਼ਬਰਾਂ ਨੂੰ ਸਿਰਿਓਂ ਖ਼ਾਰਜ ਕਰਦੇ ਹੋਏ ਰੱਖਿਆ ਮੰਤਰੀ ਏਕੇ ਐਂਟਨੀ ਨੇ ਕਿਹਾ ਕਿ ਚੀਨੀਆਂ ਨੂੰ ਭਾਰਤੀ ਜ਼ਮੀਨ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਐਂਟਨੀ ਨੇ ਇਥੋਂ ਤਕ ਕਹਿ ਦਿੱਤਾ ਕਿ ਸਰਹੱਦੀ ਇਲਾਕਿਆਂ 'ਚ ਭਾਰਤ ਦੇ ਢਾਂਚਾਗਤ ਵਿਕਾਸ ਤੋਂ ਚੀਨ ਡਰਨ ਲੱਗ ਪਿਆ ਹੈ। ਚੀਨੀ ਘੁਸਪੈਠ ਦੀਆਂ ਘਟਨਾਵਾਂ ਨੂੰ ਲੈ ਕੇ ਸੰਸਦ 'ਚ ਉਠੀਆਂ ਚਿੰਤਾਵਾਂ ਦੇ ਜਵਾਬ 'ਚ ਰੱਖਿਆ ਮੰਤਰੀ ਨੇ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਹਰਸੰਭਵ ਉਪਾਅ ਕੀਤੇ ਜਾਣਗੇ। 

ਕੌਮੀ ਸੁਰੱਖਿਆ ਸਲਾਹਕਾਰ ਬੋਰਡ ਮੁਖੀ ਅਤੇ ਸਾਬਕਾ ਵਿਦੇਸ਼ ਸਕੱਤਰ ਸ਼ਿਆਮ ਸਰਨ ਦੀ ਸਰਕਾਰ ਨੂੰ ਸੌਂਪੀ ਰਿਪੋਰਟ ਦੇ ਹਵਾਲੇ ਤੋਂ ਆਈਆਂ ਖ਼ਬਰਾਂ 'ਚ ਚੀਨ ਵਲੋਂ 640 ਕਿਮੀ. ਜ਼ਮੀਨ 'ਤੇ ਕਬਜ਼ਾ ਕਰਨ ਦੀ ਗੱਲ ਕਹੀ ਗਈ ਸੀ। ਇਸ ਮਾਮਲੇ ਨੂੰ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਲੋਕ ਸਭਾ 'ਚ ਭਾਜਪਾ ਨੇਤਾ ਯਸ਼ਵੰਤ ਸਿਨ੍ਹਾ ਨੇ ਉਠਾਇਆ ਅਤੇ ਸਮਾਜਵਾਦੀ ਪਾਰਟੀ ਮੁਖੀ ਮੁਲਾਇਮ ਸਿੰਘ ਯਾਦਵ ਸਣੇ ਕਈ ਨੇਤਾਵਾਂ ਨੇ ਆਪਣੀ ਚਿੰਤਾ ਪ੍ਰਗਟ ਕਰਦੇ ਹੋਏ ਰੱਖਿਆ ਮੰਤਰੀ ਤੋਂ ਸਪਸ਼ਟੀਕਰਨ ਮੰਗਿਆ। ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਦਿੱਤੇ ਬਿਆਨ 'ਚ ਐਂਟਨੀ ਨੇ ਕਿਹਾ ਕਿ ਸਾਬਕਾ ਵਿਦੇਸ਼ ਸਕੱਤਰ ਨੇ ਆਪਣੀ ਰਿਪੋਰਟ 'ਚ ਚੀਨ ਵਲੋਂ ਭਾਰਤੀ ਜ਼ਮੀਨ 'ਤੇ ਕਬਜ਼ਾ ਕਰਨ ਸਬੰਧੀ ਕੋਈ ਗੱਲ ਨਹੀਂ ਕੀਤੀ ਹੈ।

ਐਂਟਨੀ ਮੁਤਾਬਿਕ, ਸਰਨ 2 ਤੋਂ 9 ਅਗਸਤ ਦਰਮਿਆਨ ਲੱਦਾਖ ਦੌਰੇ 'ਤੇ ਗਏ ਸੀ। ਉਨ੍ਹਾਂ ਦੀ ਰਿਪੋਰਟ 'ਚ ਲੱਦਾਖ ਅਤੇ ਗੁਆਂਢੀ ਮੁਲਕਾਂ ਵਿਚਕਾਰ ਸੰਪਰਕ ਯਕੀਨੀ ਕਰਨ ਤੇ ਲੋੜੀਂਦੀ ਸਰਹੱਦੀ ਢਾਂਚਾਗਤ ਉਸਾਰੀ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ। ਰਾਜ ਸਭਾ 'ਚ ਭਾਜਪਾ ਨੇਤਾ ਰਵਿਸ਼ੰਕਰ ਪ੍ਰਸਾਦ ਵਲੋਂ ਲੱਦਾਖ 'ਚ ਕਮਜ਼ੋਰ ਢਾਂਚਾਗਤ ਨਿਰਮਾਣ ਅਤੇ ਚੀਨੀ ਘੁਸਪੈਠ ਦੇ ਸਵਾਲਾਂ 'ਤੇ ਐਂਟਨੀ ਨੇ ਮੰਨਿਆ ਕਿ ਗੁਆਂਢੀ ਮੁਲਕ ਦੇ ਮੁਕਾਬਲੇ ਐਕਚੁਅਲ ਕੰਟਰੋਲ ਲਾਈਨ 'ਤੇ ਭਾਰਤੀ ਇਲਾਕਿਆਂ 'ਚ ਸੜਕ ਨੈਟਵਰਕ ਓਨਾ ਬਿਹਤਰ ਨਹੀਂ ਹੈ। ਹਾਲਾਂਕਿ ਰੱਖਿਆ ਮੰਤਰੀ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਭਾਰਤ ਵੀ ਤੇਜ਼ੀ ਨਾਲ ਆਪਣੇ ਫ਼ੌਜੀ ਢਾਂਚੇ ਨੂੰ ਸੁਧਾਰ ਰਿਹਾ ਹੈ, ਜਿਸ ਤੋਂ ਚੀਨ ਨੂੰ ਡਰ ਲੱਗਣ ਲੱਗ ਪਿਆ ਹੈ। 

ਉਨ੍ਹਾਂ ਫ਼ੌਜ ਦੀਆਂ ਦੋ ਮਾਊਂਟੇਨ ਡਵੀਜ਼ਨ ਬਣਾਉਣ, ਨਵੀਂ ਸਟ੍ਰਾਈਕ ਕੋਰ ਤਿਆਰ ਕਰਨ ਅਤੇ ਅਗਾਓਂ ਇਲਾਕਿਆਂ 'ਚ ਕਈ ਹਵਾਈ ਪੱਟੀਆਂ ਖੜਾ ਕਰਨ ਵਰਗੀਆਂ ਉਪਲਬਧੀਆਂ ਨੂੰ ਵੀ ਗਿਣਾਇਆ। ਰੱਖਿਆ ਮੰਤਰੀ ਮੁਤਾਬਿਕ ਇਸ ਢਾਂਚਾਗਤ ਸੁਧਾਰ ਕਾਰਨ ਹੀ ਹੁਣ ਦੋਵਾਂ ਪਾਸਿਆਂ ਦੀਆਂ ਫ਼ੌਜਾਂ ਪਹਿਲਾਂ ਦੇ ਮੁਕਾਬਲੇ ਵੱਧ ਨੇੜੇ ਆ ਗਈਆਂ ਹਨ। ਉਨ੍ਹਾਂ ਮੰਨਿਆ ਕਿ ਦੋਹਾਂ ਪਾਸਿਓਂ ਫ਼ੌਜੀ ਗਸ਼ਤੀ ਦਲਾਂ ਵਿਚਕਾਰ ਆਹਮੋ-ਸਾਹਮਣੇ ਦੀ ਸਥਿਤੀ ਵੀ ਆਉਂਦੀ ਰਹਿੰਦੀ ਹੈ। ਸਰਨ ਦੀ ਰਿਪੋਰਟ ਬਾਰੇ ਚੱਲ ਰਹੇ ਕਿਆਸਾਂ ਵਿਚਕਾਰ ਰੱਖਿਆ ਮੰਤਰੀ ਨੇ ਕਿਹਾ, 'ਮੈਂ ਸਦਨ ਨੂੰ ਯਕੀਨ ਦਿਵਾਉਂਦਾ ਹਾਂ ਕਿ ਭਾਰਤ ਦਾ ਆਪਣੇ ਇਲਾਕੇ ਦੇ ਕਿਸੇ ਵੀ ਹਿੱਸੇ ਨੂੰ ਚੀਨ ਨੂੰ ਦੇਣ ਦਾ ਕੋਈ ਸਵਾਲ ਹੀ ਨਹੀਂ ਹੈ।' ਸਰਕਾਰ ਰਾਸ਼ਟਰੀ ਹਿੱਤ ਦੀ ਸੁਰੱਖਿਆ ਲਈ ਸਰਹੱਦੀ ਇਲਾਕਿਆਂ 'ਚ ਦੇਸ਼ ਦੀ ਸਮਰੱਥਾ ਨੂੰ ਮਜ਼ਬੂਤ ਕਰਨਾ ਜਾਰੀ ਰੱਖੇਗੀ। ਚੀਨੀ ਘੁਸਪੈਠ ਦੇ ਮਾਮਲੇ 'ਤੇ ਸ਼ੁੱਕਰਵਾਰ ਨੂੰ ਸਰਕਾਰ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਸੀ। ਸਮਾਜਵਾਦੀ ਪਾਰਟੀ ਮੁਖੀ ਮੁਲਾਇਮ ਸਿੰਘ ਯਾਦਵ ਨੇ ਕਿਹਾ ਕਿ ਉਹ ਲਗਾਤਾਰ ਇਸ ਮਾਮਲੇ ਨੂੰ ਚੁੱਕ ਰਹੇ ਹਨ ਕਿ ਭਾਰਤ ਲਈ ਚੀਨ ਖ਼ਤਰਾ ਬਣ ਰਿਹਾ ਹੈ। ਉਨ੍ਹਾਂ ਚੀਨ ਪ੍ਰਤੀ ਰੱਖਿਆ ਨੀਤੀ ਨੂੰ ਲੈ ਕੇ ਸਰਕਾਰ ਦੀ ਤਿੱਖੀ ਨਿਖੇਧੀ ਵੀ ਕੀਤੀ।



Archive

RECENT STORIES