Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੋਈ ਸਬੂਤ ਨਹੀਂ ਪਰ ਉਹ ਫੇਰ ਵੀ 'ਦਹਿਸ਼ਤਗਰਦ'

Posted on September 7th, 2013



ਚੰਡੀਗੜ੍ਹ- ਪੰਜਾਬ ਪੁਲੀਸ ਦੇ ਇਕ ਅਫਸਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਸਨਸਨੀਖੇਜ਼ ਖੁਲਾਸਾ ਕਰਦਿਆਂ ਦੱਸਿਆ ਕਿ ਪੰਜਾਬ ਵਿਚ ਖਾੜਕੂਵਾਦ ਦੇ ਦੌਰ ਦੌਰਾਨ ਵਿਦੇਸ਼ ਜਾਣ ਵਾਲਿਆਂ ਦਾ ਨਾਂ 'ਕੱਟੜ ਦਹਿਸ਼ਤਗਰਦਾਂ ਦੀ ਸੂਚੀ' ਵਿਚ ਸ਼ਾਮਲ ਕਰ ਲਿਆ ਜਾਂਦਾ ਸੀ। ਸ਼ਿੰਗਾਰਾ ਸਿੰਘ ਨਾਮੀ ਵਿਅਕਤੀ ਵੱਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਦੌਰਾਨ ਬੰਗਾ ਦੇ ਡੀ ਐਸ ਪੀ ਨੇ ਦੱਸਿਆ ਕਿ ਪੰਜਾਬ ਵਿਚ ਉਸ ਦੌਰ ਦੌਰਾਨ, ਜੋ ਵਿਅਕਤੀ ਵੀ ਵਿਦੇਸ਼ ਗਏ, ਉਨ੍ਹਾਂ ਦਾ ਨਾਂ 'ਕੱਟੜ ਦਹਿਸ਼ਤਗਰਦਾਂ ਦੀ ਸੂਚੀ' ਵਿਚ ਸ਼ਾਮਲ ਕੀਤਾ ਜਾਂਦਾ ਸੀ। 

ਸ਼ਿੰਗਾਰਾ ਸਿੰਘ ਵੱਲੋਂ ਦਾਇਰ ਪਟੀਸ਼ਨ ਵਿਚ ਆਖਿਆ ਗਿਆ ਸੀ ਕਿ ਪੰਜਾਬ ਪੁਲੀਸ ਨੂੰ ਹਦਾਇਤ ਦਿੱਤੀ ਜਾਵੇ ਕਿ ਨਵਾਂ ਸ਼ਹਿਰ ਜ਼ਿਲ੍ਹੇ ਦੇ ਬਹਿਰਾਮ ਪੁਲੀਸ ਸਟੇਸ਼ਨ ਦੇ ਰਿਕਾਰਡ ਵਿਚਲੀ ਇਸ ਸੂਚੀ ਵਿਚ ਦਰਜ ਉਸ ਦਾ ਨਾਂ ਕੱਟਿਆ ਜਾਵੇ। ਸ਼ਿੰਗਾਰਾ ਸਿੰਘ ਨੇ ਕਿਹਾ ਕਿ ਆਪਣੀ ਸਾਰੀ ਜ਼ਿੰਦਗੀ ਵਿਚ ਉਹ ਕਿਸੇ ਵੀ ਅਪਰਾਧ ਵਿਚ ਸ਼ਾਮਲ ਨਹੀਂ ਰਿਹਾ। ਬੰਗਾ ਦੇ ਡੀ ਐਸ ਪੀ ਭਗਵੰਤ ਸਿੰਘ ਵੱਲੋਂ ਅਦਾਲਤ ਵਿਚ ਦਿੱਤੇ ਗਏ ਹਲਫ਼ਨਾਮੇ ਵਿਚ ਇਹ ਗੱਲ ਮੰਨੀ ਗਈ ਕਿ ਅਪਰਾਧ ਸ਼ਾਖਾ ਅਤੇ ਸੀ ਆਈ ਡੀ ਦੀ ਰਿਪੋਰਟ ਅਨੁਸਾਰ ਖਾੜਕੂਵਾਦ ਦੇ ਦੌਰ ਦੌਰਾਨ ਜਿਹੜੇ ਵਿਅਕਤੀ ਵੀ ਵਿਦੇਸ਼ ਗਏ ਉਨ੍ਹਾਂ ਦੇ ਨਾਂ ਇਸ ਸੂਚੀ ਵਿਚ ਸ਼ਾਮਲ ਹਨ। ਇਸੇ ਹਲਫ਼ਨਾਮੇ ਵਿਚ ਡੀ ਐਸ ਪੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਪੁਲੀਸ ਕੋਲ ਅਜਿਹਾ ਕੋਈ ਰਿਕਾਰਡ ਨਹੀਂ ਹੈ, ਜਿਸ ਤੋਂ ਇਹ ਸਾਬਤ ਹੁੰਦਾ ਹੋਵੇ ਕਿ ਮੁਲਜ਼ਮ ਕਿਸੇ ਕਿਸਮ ਦੀ ਖਾੜਕੂ ਕਾਰਵਾਈ ਵਿਚ ਸ਼ਾਮਲ  ਰਿਹਾ ਹੈ। ਇਸ ਕਰਕੇ ਜੇਕਰ ਪੁਲੀਸ ਨੂੰ ਪਟੀਸ਼ਨਰ ਦਾ ਨਾਂ ਇਸ ਸੂਚੀ ਵਿਚੋਂ ਕੱਟਣ ਦੇ ਹੁਕਮ ਦਿੱਤੇ ਜਾਂਦੇ ਹਨ ਤਾਂ ਇਸ 'ਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। 

ਇਸ ਹਲਫ਼ਨਾਮੇ ਦੀ ਸ਼ਬਦਾਵਲੀ 'ਤੇ ਗੰਭੀਰ ਇਤਰਾਜ਼ ਕਰਦਿਆਂ ਜਸਟਿਸ ਰਾਮ ਚੰਦਰ ਗੁਪਤਾ ਨੇ ਜ਼ੁਬਾਨੀ ਤੌਰ 'ਤੇ ਆਖਿਆ ਕਿ ਉਹ ਇਹ ਹਲਫ਼ਨਾਮਾ ਪੜ੍ਹ ਕੇ ਪੁਲੀਸ ਦੇ ਵਿਵਹਾਰ 'ਤੇ ਹੈਰਾਨ-ਪ੍ਰੇਸ਼ਾਨ ਹਨ ਕਿ ਕੋਈ ਰਿਕਾਰਡ ਨਾ ਹੋਣ ਦੇ ਬਾਵਜੂਦ ਪੁਲੀਸ ਨੇ ਪਟੀਸ਼ਨਰ ਦਾ ਨਾਂ 'ਦਹਿਸ਼ਤਗਰਦਾਂ ਦੀ ਸੂਚੀ 'ਚੋਂ ਖਾਰਜ ਕਰਨ ਦੀ ਬਜਾਏ ਅਜੇ ਵੀ ਇਹ ਗੱਲ ਅਦਾਲਤ 'ਤੇ ਛੱਡ ਦਿੱਤੀ ਹੈ ਕਿ ਉਹ ਇਸ ਨੂੰ ਪਟੀਸ਼ਨਰ ਦਾ ਨਾਂ 'ਦਹਿਸ਼ਤਗਰਦਾਂ ਦੀ ਸੂਚੀ' 'ਚੋਂ ਖਾਰਜ ਕਰਨ ਦਾ ਹੁਕਮ ਦੇਵੇ। 



Archive

RECENT STORIES