Posted on September 8th, 2013

<h2>ਦੇਸ਼ ਵੰਡ ਦੀ ਪੀੜ ਹੰਢਾਉਣ ਵਾਲੇ ਇਕ ਵਿਅਕਤੀ ਦੀਆਂ ਗੱਲਾਂ ਰਿਕਾਰਡ ਕਰਦੀ ਹੋਈ ਗੁਨੀਤਾ</h2>
ਬਰਕਲੇ (ਕੈਲੀਫੋਰਨੀਆ)-
ਕੈਲੀਫੋਰਨੀਆ ਯੂਨੀਵਰਸਿਟੀ ਦੀ ਰਿਸਰਚ ਸਕਾਲਰ ਗੁਨੀਤਾ ਸਿੰਘ ਭੱਲਾ (34) ਆਮ ਵਾਂਗ ਆਪਣੇ ਖੋਜ ਕਾਰਜਾਂ ਵਿਚ ਰੁੱਝੀ ਹੋਈ ਸੀ
ਪ੍ਰੰਤੂ ਉਸ ਦੇ ਅਚੇਤ ਮਨ ਵਿਚ ਕੁਝ ਖਿਆਲ ਵਾਰ-ਵਾਰ ਆ ਕੇ ਉਸ ਨੂੰ ਪ੍ਰੇਸ਼ਾਨ ਕਰਦੇ ਸਨ। ਦੇਸ਼ ਦੀ
ਵੰਡ ਬਾਰੇ ਉਸ ਦੀ ਦਾਦੀ ਵੱਲੋਂ ਸੁਣਾਏ ਕਿੱਸੇ ਉਸ ਨੂੰ ਅੰਦਰੋਂ ਝੰਜੋੜਦੇ ਸਨ।
ਅਖ਼ਬਾਰ ‘ਹਿੰਦੁਸਤਾਨ ਟਾਈਮਜ਼’ ਵਿਚ ਛਪੀ ਇਕ ਰਿਪੋਰਟ ਅਨੁਸਾਰ ਗੁਨੀਤਾ ਦੀ ਦਾਦੀ ਜਦੋਂ ਉਸ ਨੂੰ ਦੇਸ਼ ਦੀ ਵੰਡ ਦੇ ਕਿੱਸੇ ਸੁਣਾਉਂਦੀ ਤਾਂ ਉਸ ਦੀ ਰੂਹ ਕੰਬ ਉਠਦੀ। ਦੇਸ਼ ਵੰਡ ਵੇਲੇ ਉਜੜਨ ਵਾਲੇ ਲੋਕਾਂ ਵਿਚ ਉਸ ਦੀ ਦਾਦੀ ਵੀ ਸ਼ਾਮਲ ਸੀ। ਦਾਦੀ ਜਦੋਂ ਉਸ ਨੂੰ ਉਨ੍ਹਾਂ ਵੇਲਿਆਂ ਦੀ ਗੱਲ ਸੁਣਾਉਂਦੀ, ਦੁੱਖ ਦਾ ਇਹ ਅਹਿਸਾਸ ਗੁਨੀਤਾ ਉਤੇ ਵੀ ਭਾਰੂ ਹੋ ਜਾਂਦਾ। ਦਾਦੀ ਨੇ ਗੁਨੀਤਾ ਨੂੰ ਦੱਸਿਆ ਕਿ ਕਿਵੇਂ ਉਹ ਤਿੰਨ ਛੋਟੇ-ਛੋਟੇ ਬੱਚਿਆਂ ਨੂੰ ਉਂਗਲੀ ਲਾ ਕੇ ਲਾਸ਼ਾਂ ਨਾਲ ਭਰੇ ਰੇਲਗੱਡੀ ਦੇ ਡੱਬੇ ਵਿਚ ਸਵਾਰ ਹੋ ਕੇ ਭਾਰਤ ਪੁੱਜੀ ਸੀ। ਦਾਦੀ ਕਦੇ-ਕਦੇ ਉਨ੍ਹਾਂ ਕਾਲੇ ਵੇਲਿਆਂ ਦੀਆਂ ਗੱਲਾਂ ਗੁਨੀਤਾ ਨਾਲ ਸਾਂਝੀਆਂ ਕਰਦੀ, ਪਰ ਉਹ ਜਦੋਂ ਵੀ ਉਸ ਨੂੰ ਉਨ੍ਹਾਂ ਵੇਲਿਆਂ ਦੀਆਂ ਗੱਲਾਂ ਸੁਣਾਉਂਦੀ ਤਾਂ ਗੁਨੀਤਾ ਨੂੰ ਲਗਦਾ ਕਿ ਦਾਦੀ ਨੂੰ ਸਾਰਾ ਕੁਝ ਅੱਜ ਵੀ ਜਿਉਂ ਦਾ ਤਿਉਂ ਯਾਦ ਹੈ ਤੇ ਉਸ ਦੇ ਜ਼ਖਮ ਅੱਜ ਵੀ ਅੱਲ੍ਹੇ ਸਨ। ਉਹ ਅੱਜ ਵੀ ਆਪਣੇ ਲਾਹੌਰ ਵਿਚਲੇ ਘਰ ਜਾਣਾ ਤਾਂਘਦੀ ਹੈ। ਗੁਨੀਤਾ ਆਪਣੀ ਦਾਦੀ ਦੀਆਂ ਗੱਲਾਂ ਸੁਣਦੀ ਜ਼ਰੂਰ, ਪਰ ਉਸ ਨੇ ਇਨ੍ਹਾਂ ਗੱਲਾਂ ਨੂੰ ਉਦੋਂ ਤਕ ਕਿਸੇ ਹੋਰ ਨਜ਼ਰੀਏ ਤੋਂ ਨਾ ਦੇਖਿਆ ਜਦੋਂ ਤੱਕ 2008 ਵਿਚ ਉਸ ਨੇ ‘ਹੀਰੋਸ਼ੀਮਾ ਅਮਨ ਮੈਮੋਰੀਅਲ’ ਦਾ ਦੌਰਾ ਨਹੀਂ ਸੀ ਕੀਤਾ, ਜਿੱਥੇ ਪੀੜਤਾਂ ਵੱਲੋਂ ਜ਼ੁਬਾਨੀ ਦੱਸੇ ਆਪਣੇ ਦੁੱਖਾਂ ਦਾ ਵੇਰਵਾ ਸੰਭਾਲ ਕੇ ਰੱਖਿਆ ਗਿਆ ਹੈ। ਪੀੜਤਾਂ ਵੱਲੋਂ ਹੰਢਾਏ ਦੁੱਖ ਉਨ੍ਹਾਂ ਦੀ ਹੀ ਜ਼ੁਬਾਨੀ ਸੁਣ ਕੇ ਗੁਨੀਤਾ ’ਤੇ ਜੋ ਅਸਰ ਹੋਇਆ, ਉਹ ਸ਼ਾਇਦ ਇਸ ਵਿਸ਼ੇ ’ਤੇ ਕਿਸੇ ਕਿਤਾਬ ਪੜ੍ਹਨ ਜਾਂ ਫ਼ਿਲਮ ਦੇਖਣ ਨਾਲੋਂ ਕਿਤੇ ਵੱਧ ਤੀਬਰ ਸੀ। ਉਸ ਘੜੀ ਉਸ ਦੇ ਦਿਮਾਗ ਵਿਚ ਖਿਆਲ ਆਇਆ ਕਿ ਭਾਰਤ-ਪਾਕਿ ਵੰਡ ਵਿਚ ਬਚੇ ਲੋਕਾਂ ਵੱਲੋਂ ਉਨ੍ਹਾਂ ਵੇਲਿਆਂ ਬਾਰੇ ਦੱਸੇ ਜਾਣ ਵਾਲੇ ਬਿਰਤਾਂਤ ਨੂੰ ਰਿਕਾਰਡ ਕਰਕੇ ਸਾਂਭਣਾ ਚਾਹੀਦਾ ਹੈ। ਇਸ ਤੋਂ ਮਗਰੋਂ ਉਸ ਨੇ ਇਸ ਦਿਸ਼ਾ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ 2010 ਵਿਚ ਇਸ ਕੰਮ ਲਈ ਇਕ ਟੀਮ ਬਣਾ ਲਈ ਅਤੇ 2011 ਵਿਚ ਇਸ ਸਬੰਧੀ ਇਕ ਐਨਜੀਓ ਰਜਿਸਟਰਡ ਕਰਵਾ ਲਈ।
ਦੇਸ਼ ਵੰਡ ਦੌਰਾਨ ਉਜੜੇ ਲੱਖਾਂ ਲੋਕਾਂ ਵਿਚੋਂ ਉਸ ਦੀ ਦਾਦੀ ਵੀ ਇਕ ਸੀ। ਖੁਸ਼ਕਿਸਮਤੀ ਨੂੰ ਉਹ ਆਪਣੇ ਬੱਚਿਆਂ ਸਮੇਤ ਕਿਸੇ ਤਰ੍ਹਾਂ ਬਚ ਕੇ ਹਿੰਦੁਸਤਾਨ ਪੁੱਜਣ ’ਚ ਸਫਲ ਰਹੀ ਸੀ। ਦੇਸ਼ ਵੰਡ ਦੌਰਾਨ ਲੱਖਾਂ ਲੋਕ ਮਾਰੇ ਗਏ, ਪਰ ਏਨੇ ਵੱਡੇ ਪੱਧਰ ’ਤੇ ਮਨੁੱਖਤਾ ਦਾ ਘਾਣ ਹੋਣ ਦੇ ਬਾਵਜੂਦ ਇਸ ਵੰਡ ਦਾ ਕੋਈ ਜ਼ੁਬਾਨੀ ਇਤਿਹਾਸ ਨਹੀਂ ਸਾਂਭਿਆ ਗਿਆ ਅਤੇ ਨਾ ਹੀ ਪੀੜਤਾਂ ਦੇ ਬਿਆਨਾਂ ਜਾਂ ਉਨ੍ਹਾਂ ਵੱਲੋਂ ਦੱਸੇ ਵੇਰਵਿਆਂ ਨੂੰ ਸਾਂਭਿਆ ਗਿਆ ਹੈ। ਗੁਨੀਤਾ ਦੱਸਦੀ ਹੈ, ‘‘ਮੈਂ ਜਦੋਂ ਭਾਰਤ ਤੋਂ ਅਮਰੀਕਾ ਆਈ, ਉਦੋਂ ਮੈਂ ਮਿਡਲ ਸਕੂਲ ਵਿਚ ਪੜ੍ਹਦੀ ਸੀ ਅਤੇ ਹਾਈ ਸਕੂਲ ਵਿਚ ਇਕ ਸਮੈਸਟਰ ਵਿਚ ਮੈਂ ਯਹੂਦੀ ਨਸਲਕੁਸ਼ੀ ਬਾਰੇ ਪੜ੍ਹਿਆ ਸੀ। ਜਦੋਂ ਵੀ ਹਿੰਦੁਸਤਾਨ ਦੀ ਵੰਡ ਦਾ ਜ਼ਿਕਰ ਹੁੰਦਾ ਤਾਂ ਮਨ ਵਿਚ ਉਹੋ ਜਿਹੀਆਂ ਭਾਵਨਾਵਾਂ ਪੈਦਾ ਹੁੰਦੀਆਂ ਜੋ ਯਹੂਦੀ ਨਸਲਕੁਸ਼ੀ ਬਾਰੇ ਪੜ੍ਹ ਕੇ ਪੈਦਾ ਹੁੰਦੀਆਂ ਸਨ। ਭਾਵੇਂ ਹਿੰਦੁਸਤਾਨ ਦੀ ਵੰਡ ਦਾ ਜ਼ਿਕਰ ਸਾਡੀਆਂ ਪਾਠ-ਪੁਸਤਕਾਂ ਵਿਚ ਨਹੀਂ ਸੀ, ਪਰ ਇਸ ਦਾ ਇਹ ਮਤਲਬ ਨਹੀਂ ਸੀ ਕਿ ਇਹ ਘਟਨਾਕ੍ਰਮ ਕੋਈ ਘੱਟ ਮਹੱਤਵਪੂਰਨ ਸੀ।’’ਗੁਨੀਤਾ ਨੇ ਸੋਚਿਆ ਕਿ ਦੇਸ਼ ਵੰਡ, ਉਸ ਸਮੇਂ ਭੜਕੇ ਦੰਗਿਆਂ ਅਤੇ ਉਜਾੜੇ ਦੀ ਇਕ ਮਹੱਤਵਪੂਰਨ ਤੇ ਚਸ਼ਮਦੀਦ ਗਵਾਹ ਤਾਂ ਉਸ ਦੇ ਘਰ ਵਿਚ ਹੀ ਦਾਦੀ ਦੇ ਰੂਪ ’ਚ ਮੌਜੂਦ ਹੈ। ਉਸ ਨੂੰ ਲਗਦਾ ਸੀ ਉਸ ਵੇਲੇ ਦੇ ਸਮੁੱਚੇ ਹਾਲਾਤ ਬਾਰੇ ਉਸ ਦੀ ਦਾਦੀ ਅਤੇ ਉਸ ਜਿਹੇ ਬਚੇ ਹੋਏ ਹੋਰ ਲੋਕਾਂ ਦੀਆਂ ਗੱਲਾਂ, ਉਨ੍ਹਾਂ ਦੀ ਪੀੜ ਅਤੇ ਦੁੱਖ ਬਾਰੇ ਸਭ ਨੂੰ ਜਾਨਣ ਦੀ ਲੋੜ ਹੈ। ਗੁਨੀਤਾ ਨੇ ਇਸ ਦਿਸ਼ਾ ਵਿਚ ਪਹਿਲਾ ਕਦਮ ਪੁੱਟਦਿਆਂ ‘1947 PartitionArchive.org’ ਨਾਂ ਦੀ ਸਾਈਟ ਕਾਇਮ ਕੀਤੀ ਜਿੱਥੇ ਵੰਡ ਵੇਲੇ ਦੇ ਪੀੜਤਾਂ ਵੱਲੋਂ ਸੁਣਾਏ ਬਿਰਤਾਂਤ ਅਪਲੋਡ ਕੀਤੇ ਗਏ ਹਨ। ਇਸ ਸਾਈਟ ਦੀ ਲੋਕਪ੍ਰਿਯਤਾ ਦਾ ਹਾਲ ਇਹ ਹੈ ਕਿ ਬੀਤੇ ਦਿਨੀਂ ਭਾਰਤ ਤੇ ਪਾਕਿਸਤਾਨ ਜਦੋਂ ਆਪੋ-ਆਪਣੇ ਆਜ਼ਾਦੀ ਦਿਹਾੜੇ ਮਨਾ ਰਹੇ ਸਨ ਤਾਂ ਵੱਡੀ ਗਿਣਤੀ ਲੋਕਾਂ ਵੱਲੋਂ ਇਸ ਸਾਈਟ ’ਤੇ ਕੀਤੇ ਹਿਟ ਕਾਰਨ ਇਸ ਦਾ ਸਰਵਰ ਕਰੈਸ਼ ਹੋ ਗਿਆ।ਭਾਰਤ ਅਤੇ ਪਾਕਿਸਤਾਨ ਵਿਚਾਲੇ ਜਾਰੀ ਤਣਾਅ ਅਤੇ ਦੋਹਾਂ ਦੇਸ਼ਾਂ ਦੀ ਸਿਆਸਤ ਤੋਂ ਨਿਰਲੇਪ ਇਸ ਸੰਸਥਾ ਦੇ 150 ਵਾਲੰਟੀਅਰਾਂ ਵੱਲੋਂ ਦੇਸ਼ ਵੰਡ ਵੇਲੇ ਦੇ ਬਚੇ ਲੋਕਾਂ ਵੱਲੋਂ ਹੰਢਾਏ ਸੰਤਾਪ ਦਾ ਵੇਰਵਾ ਉਨ੍ਹਾਂ ਦੀ ਹੀ ਜ਼ੁਬਾਨੀ ਰਿਕਾਰਡ ਕੀਤਾ ਜਾ ਰਿਹਾ ਹੈ। ਇਸ ਵੈੱਬਸਾਈਟ ’ਤੇ ਬੰਗਲਾਦੇਸ਼ ਦੀ ਕਾਇਮੀ ਦਾ ਵੀ ਜ਼ਿਕਰ ਹੈ।
ਪੀੜਤਾਂ ਵੱਲੋਂ ਦੱਸੇ ਜਾਣ ਵਾਲੇ ਵੇਰਵੇ ਬਹੁਤ ਦਿਲ ਕੰਬਾਊ ਤੇ ਹੌਲਨਾਕ ਹਨ। ਇਹ ਵੇਰਵੇ ਰਿਕਾਰਡ ਕਰਨ ਵਾਲੇ ਇਕ ਵਾਲੰਟੀਅਰ ਦਾ ਕਹਿਣਾ ਹੈ, ‘‘ਮੈਂ ਹਿੰਦੁਸਤਾਨ ਦੀ ਵੰਡ ਬਾਰੇ ਸੁਣਿਆ ਹੋਇਆ ਸੀ ਪ੍ਰੰਤੂ ਇਸ ਨੂੰ ਮੈਂ ਕਦੇ ਇਸ ਨਜ਼ਰੀਏ ਨਾਲ ਨਹੀਂ ਸੀ ਦੇਖਿਆ। ਮੈਨੂੰ ਇਸ ਗੱਲ ਦਾ ਵੀ ਪਤਾ ਨਹੀਂ ਸੀ ਕਿ ਮੇਰੇ ਦਾਦੇ ਨੇ ਵੀ ਦੇਸ਼ ਵੰਡ ਦਾ ਸੰਤਾਪ ਹੰਢਾਇਆ ਸੀ। ਮੈਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਸੀ ਕਿ ਦੇਸ਼ ਵੰਡ ਕਾਰਨ ਉਜੜਨ ਵਾਲੇ ਲੋਕਾਂ ਦਾ ‘ਆਪੋ-ਆਪਣੇ’ ਦੇਸ਼ ਪੁੱਜਣ ਦਾ ਸਫਰ ਕਿੰਨਾ ਦੁਖਦਾਈ ਅਤੇ ਦੁਸ਼ਵਾਰੀਆਂ ਭਰਿਆ ਸੀ। ਇਸ ਐਨਜੀਓ ਦੇ ਵਾਲੰਟੀਅਰ ਭਾਰਤ ਅਤੇ ਪਾਕਿਸਤਾਨ ਦੇ ਦੂਰ-ਦੁਰਾਡੇ ਦੇ ਪਿੰਡਾਂ ਤਕ ਪਹੁੰਚ ਕੇ ਪੀੜਤਾਂ ਦੇ ਬਿਆਨ ਰਿਕਾਰਡ ਕਰਦੇ ਹਨ। ਇਕ ਵਾਲੰਟੀਅਰ ਦਾ ਕਹਿਣਾ ਹੈ ਕਿ ਭਾਵੇਂ ਇਹ ਪੀੜਤ ਹੁਣ ਬੁੱਢੇ ਹੋ ਗਏ ਹਨ ਅਤੇ ਇਨ੍ਹਾਂ ਦੇ ਚਿਹਰੇ ਝੁਰੜੀਆਂ ਨਾਲ ਭਰ ਗਏ ਹਨ, ਪਰ ਜਦੋਂ ਇਹ ਉਨ੍ਹਾਂ ਕਾਲੇ ਦਿਨਾਂ ਦੀ ਗੱਲ ਕਰਦੇ ਹਨ ਤਾਂ ਲਗਦੈ ਕਿ ਏਨਾ ਸਮਾਂ ਬੀਤਣ ਦੇ ਬਾਵਜੂਦ ਅੱਜ ਵੀ ਉਨ੍ਹਾਂ ਨੂੰ ਕੁਝ ਨਹੀਂ ਭੁੱਲਿਆ। ਇਸ ਐਨਜੀਓ ਨੇ ਹੁਣ ਤੱਕ ਦੇਸ਼ ਵੰਡ ਦੀ ਪੀੜ ਹੰਢਾਉਣ ਵਾਲੇ 650 ਵਿਅਕਤੀਆਂ ਦੇ ਬਿਆਨ ਰਿਕਾਰਡ ਕੀਤੇ ਹਨ।
ਵੰਡ ਵੇਲੇ ਪਾਕਿਸਤਾਨ ’ਚੋਂ ਸਿਆਲਕੋਟ ਤੋਂ ਗੱਡੀ ਰਾਹੀਂ ਫਿਰੋਜ਼ਪੁਰ ਪੁੱਜਣ ਵਾਲੇ ਰਵੀ ਚੋਪੜਾ ਦਾ ਕਹਿਣਾ ਹੈ ਕਿ ਉਸ ਗੱਡੀ ਵਿਚੋਂ ਉਹ ਇਕੱਲਾ ਹੀ ਜਿਊਂਦਾ ਬਚਿਆ, ਜਦੋਂਕਿ ਬਾਕੀ ਸਾਰਿਆਂ ਨੂੰ ਧਾੜਵੀਆਂ ਨੇ ਕਤਲ ਕਰ ਦਿੱਤਾ ਸੀ। ਗੁਨੀਤਾ ਦਾ ਕਹਿਣਾ ਹੈ ਕਿ ਉਨ੍ਹਾਂ ਬਹੁਤ ਹੀ ਨਿਰਪੱਖਤਾ ਨਾਲ ਫਿਰਕੂ ਨਜ਼ਰੀਏ ਤੋਂ ਉਪਰ ਉਠ ਕੇ ਦੇਸ਼ ਵੰਡ ਵੇਲੇ ਦੇ ਜ਼ੁਬਾਨੀ ਇਤਿਹਾਸ ਨੂੰ ਰਿਕਾਰਡ ਕਰਨ ਦਾ ਯਤਨ ਕੀਤਾ ਹੈ। ਅਜਿਹਾ ਕਰਨ ਦਾ ਮਕਸਦ ਇਹ ਹੈ ਕਿ ਅਜਿਹੀਆਂ ਹੌਲਨਾਕ ਘਟਨਾਵਾਂ ਤੋਂ ਸਬਕ ਲਿਆ ਜਾਵੇ ਤਾਂ ਜੋ ਭਵਿੱਖ ਵਿਚ ਅਜਿਹਾ ਕੁਝ ਨਾ ਵਾਪਰੇ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026