Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪਸ਼ੂਆਂ ਨੂੰ ਵੀ ਮੱਛਰਦਾਨੀਆਂ ਦਾ ਫਾਇਦਾ ਹੋਣ ਲੱਗਾ

Posted on September 8th, 2013


ਫਿਲੌਰ- ਮੱਛਰਾਂ ਤੋਂ ਬਚਾ ਲਈ ਸਿਰਫ਼ ਮਨੁੱਖਾਂ ਨੂੰ ਹੀ ਨਹੀਂ ਸਗੋਂ ਪਸ਼ੂਆਂ ਨੂੰ ਵੀ ਮੱਛਰਦਾਨੀਆਂ ਦਾ ਫਾਇਦਾ ਹੋਣ ਲੱਗਾ ਹੈ। ਵੱਡੀ ਗਿਣਤੀ ’ਚ ਲੋਕ ਮੱਛਰਾਂ ਤੋਂ ਬਚਾਅ ਲਈ ਮੱਛਰਦਾਨੀਆਂ ਦੀ ਵਰਤੋਂ ਕਰ ਰਹੇ ਹਨ ਪਰ ਪਸ਼ੂਆਂ ਲਈ ਮੱਛਰਦਾਨੀਆਂ ਲਗਾਉਣ ਦਾ ਰੁਝਾਨ ਹਾਲੇ ਪ੍ਰਚਲਤ ਹੋਣਾ ਆਰੰਭ ਹੋਇਆ ਹੈ। ਮਾਲਵੇ ਤੋਂ ਇਹ ਰੁਝਾਨ ਹੌਲੀ-ਹੌਲੀ ਦੁਆਬੇ ਵੱਲ ਨੂੰ ਵੀ ਖਿਸਕਣਾ ਸ਼ੁਰੂ ਹੋ ਗਿਆ ਹੈ। ਖਾਸ ਕਰ ਬਰਸਾਤੀ ਮੌਸਮ ’ਚ ਜਦੋਂ ਮੱਛਰ ਕੁਤੜੀ ਪਸ਼ੂਆਂ ਦਾ ਬੁਰਾ ਹਾਲ ਕਰਦੀ ਹੈ, ਉਸ ਵੇਲੇ ਰਵਾਇਤੀ ਤੌਰ ’ਤੇ ਪਸ਼ੂ ਪਾਲਕ ਪਸ਼ੂਆਂ ਦੇ ਲਾਗੇ ਧੰੂਆਂ ਕਰਨ ਲਈ ਧੂਣੀ ਬਾਲਦੇ ਹਨ। ਗਲੀ ਸੜੀ ਤੂੜੀ, ਖਰਾਬ ਹੋ ਚੁੱਕੇ ਪੱਠੇ ਅਤੇ ਹੋਰ ਬੇਕਾਰ ਸਾਮਾਨ ਨੂੰ ਧੂਣੀ ਬਾਲਣ ਦੇ ਕੰਮ ਲਿਆਂਦਾ ਜਾ ਰਿਹਾ ਹੈ। ਪਸ਼ੂਆਂ ਨੂੰ ਇਸ ਨਾਲ ਕੁਝ ਰਾਹਤ ਮਿਲਦੀ ਹੈ ਪਰ ਧੰੂਏਂ ਕਾਰਨ ਪਹਿਲਾ ਹੀ ਪਲੀਤ ਹੋ ਚੁੱਕੇ ਵਾਤਾਵਰਣ ਨੂੰ ਹੋਰ ਵੀ ਨੁਕਸਾਨ ਹੁੰਦਾ ਹੈ।

ਪਿੰਡ ਕੁਤਬੇਵਾਲ ਦੇ ਮਨਜੀਤ ਸਿੰਘ ਨੇ ਦੱਸਿਆ ਕਿ ਉਸ ਨੇ 6 ਪਸ਼ੂਆਂ ਲਈ ਕਰੀਬ 2200 ਰੁਪਏ ਖਰਚ ਕੇ ਮੱਛਰਦਾਨੀ ਦਾ ਪ੍ਰਬੰਧ ਕੀਤਾ ਹੈ, ਜਿਸ ਨਾਲ ਘੱਟੋ-ਘੱਟ ਦੋ ਸਾਲ ਮੌਜ ਰਹੇਗੀ। ਪਿੰਡ ਸ਼ਾਹਪੁਰ ਦੇ ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਸ਼ੂਆਂ ਨੂੰ ਮੱਛਰਾਂ ਤੋਂ ਬਚਾਉਣ ਲਈ ਪੂਰਾ ਥਾਨ ਹੀ ਮੱਛਰਦਾਨੀ ਦਾ ਲਿਆਉਂਦੇ ਹਨ ਅਤੇ ਦੋਹਰੀ ਸਿਲਾਈ ਕਰਕੇ ਪੂਰੇ ਵਰਾਂਡੇ ਨੂੰ ਢੱਕ ਦਿੰਦੇ ਹਨ, ਜਿਸ ਨਾਲ ਉਨ੍ਹਾਂ ਦੇ ਪਸ਼ੂਆਂ ਨੂੰ ਕਾਫੀ ਰਾਹਤ ਮਿਲਦੀ ਹੈ।

ਮੱਛਰਦਾਨੀਆਂ ਦੀ ਵਰਤੋਂ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਸ਼ੂ ਰਾਤ ਵੇਲੇ ਮਜੇ ’ਚ ਰਹਿੰਦੇ ਹਨ। ਮੱਛਰਦਾਨੀਆਂ ਨਾ ਲਗਾਉਣ ਕਾਰਨ ਪਹਿਲਾਂ ਸਾਰੀ ਰਾਤ ਉਨ੍ਹਾਂ ਦੇ ਪਸ਼ੂ ਪੂੰਛਾਂ ਮਾਰਦੇ ਰਹਿੰਦੇ ਸਨ। ਕਿਸਾਨਾਂ ਨੇ ਦੱਸਿਆ ਕਿ ਮੱਛਰਦਾਨੀਆਂ ਲਗਾਉਣ ਕਾਰਨ ਉਨ੍ਹਾਂ ਦੇ ਪਸ਼ੂਆਂ ਦੀ ਔਸਤ ਪੈਦਾਵਾਰ ਵੀ ਵਧੀ ਹੈ। ਪਿੰਡ ਮੁਠੱਡਾ ਕਲਾਂ ਦੇ ਹਰਨੇਕ ਸਿੰਘ ਨੇ ਦੱਸਿਆ ਕਿ ਲੁਧਿਆਣੇ ਦੇ ਚੌੜਾ ਬਾਜ਼ਾਰ ਲਾਗਿਓਂ ਕਈ ਤਰ੍ਹਾਂ ਦੀ ਮੱਛਰਦਾਨੀ ਦਾ ਕੱਪੜਾ ਮਿਲਦਾ ਹੈ, ਜਿਸ ਨੂੰ ਸਿਲਾਈ ਕਰਨ ਵੇਲੇ ਇੱਕ-ਦੋ ਇੰਚ ਕੱਪੜੇ ਦੀ ਚੌੜੀ ਪੱਟੀ ਦੀ ਵਰਤੋਂ ਕਰ ਲਈ ਜਾਂਦੀ ਹੈ ਤਾਂ ਜੋ ਮੱਛਰਦਾਨੀ ਦਾ ਕੱਪੜਾ ਜਲਦੀ ਨਾ ਪਾਟ ਜਾਵੇ। ਇਥੋਂ ਦੇ ਪਸ਼ੂ ਪਾਲਕ ਜਰਨੈਲ ਫਿਲੌਰ ਨੇ ਕਿਹਾ ਕਿ ਅਗਲੇ ਸਾਲ ਮੱਛਰਦਾਨੀ ਦਾ ਪ੍ਰਬੰਧ ਜ਼ਰੂਰ ਕਰਨਗੇ ਤਾਂ ਜੋ ਉਨ੍ਹਾਂ ਦੇ ਪਸ਼ੂ ਵੀ ਅਰਾਮ ਨਾਲ ਰਹਿ ਸਕਣ।



Archive

RECENT STORIES