Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਉਜਾੜੇ ਤੋਂ ਬਚੇ ਹਰਿਆਣਾ ਦੇ ਪੰਜਾਬੀ ਕਿਸਾਨ

Posted on September 11th, 2013

ਚੰਡੀਗੜ੍ਹ- ਹਰਿਆਣਾ ਵਿਧਾਨ ਸਭਾ ਨੇ ਅੱਜ ਮਾਨਸੂਨ ਇਜਲਾਸ ਦੇ ਆਖਰੀ ਦਿਨ 20 ਬਿੱਲ ਪਾਸ ਕਰ ਦਿੱਤੇ, ਜਿਨ੍ਹਾਂ ਵਿਚ ਕੁਝ ਸੋਧ ਬਿੱਲ ਤੇ ਕੁਝ ਨਵੇਂ ਬਿੱਲ ਸ਼ਾਮਿਲ ਹਨ। ਸਦਨ ਨੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਰਣਦੀਪ ਸਿੰਘ ਸੂਰਜੇਵਾਲਾ ਵੱਲੋਂ ਪੇਸ਼ ਕੀਤਾ ਗਿਆ 'ਪੰਜਾਬ ਵਿਲਿਜ ਕਾਮਨ ਲੈਂਡਜ਼ (ਰੈਗੂਲੇਸ਼ਨ) ਹਰਿਆਣਾ ਸੋਧ ਬਿੱਲ 2013' ਵੀ ਪਾਸ ਕਰ ਦਿੱਤਾ, ਜਿਸ ਦਾ ਮੰਤਵ ਕੁਰੂਕਸ਼ੇਤਰ ਤੇ ਕੈਥਲ ਜ਼ਿਲ੍ਹਿਆਂ ਵਿਚ ਆਬਾਦ ਪੰਜਾਬੀ ਪਟੇਦਾਰ ਕਿਸਾਨਾਂ ਨੂੰ ਉਜੜਨ ਤੋਂ ਬਚਾਉਣਾ ਹੈ। ਇਸ ਬਿੱਲ 'ਤੇ ਹੋਈ ਬਹਿਸ ਵਿਚ ਹਿੱਸਾ ਲੈਂਦੇ ਹੋਏ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਵਿਚਾਰ ਪ੍ਰਗਟ ਕੀਤਾ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਜੋ ਵਾਅਦਾ ਕੀਤਾ ਸੀ, ਉਹ ਪੂਰਾ ਕਰ ਵਿਖਾਇਆ ਹੈ। 

ਉਨ੍ਹਾਂ ਕਿਹਾ ਕਿ ਸਾਂਝੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਤਾਪ ਸਿੰਘ ਕੈਰੋਂ ਨੇ ਇਨ੍ਹਾਂ ਪੰਜਾਬੀ ਕਿਸਾਨਾਂ ਨੂੰ ਉਕਤ ਦੋਹਾਂ ਜ਼ਿਲ੍ਹਿਆਂ ਵਿਚ ਪਟੇ 'ਤੇ ਜ਼ਮੀਨਾਂ ਦੇ ਕੇ ਖੇਤੀਬਾੜੀ ਦਾ ਕੰਮ ਸ਼ੁਰੂ ਕਰਵਾਇਆ ਸੀ ਤੇ ਮੈਂ ਹੁਣ ਇਨ੍ਹਾਂ ਪਟੇਦਾਰਾਂ ਨੂੰ ਉਜੜਨ ਤੋਂ ਬਚਾਉਣ ਲਈ ਇਤਿਹਾਸਕ ਬਿੱਲ ਪਾਸ ਕਰਵਾ ਕੇ ਇਨ੍ਹਾਂ ਨੂੰ ਮਾਲਕਾਨਾ ਹਕ ਪ੍ਰਦਾਨ ਕਰ ਦਿੱਤੇ ਹਨ। 

ਬਹਿਸ ਵਿਚ ਹਿੱਸਾ ਲੈਂਦੇ ਹੋਏ ਵਿੱਤ ਮੰਤਰੀ ਸ: ਹਰਮੋਹਿੰਦਰ ਸਿੰਘ ਚੱਠਾ ਨੇ ਬਿੱਲ ਪਾਸ ਕਰਾਉਣ 'ਤੇ ਹੁੱਡਾ ਦਾ ਧੰਨਵਾਦ ਕੀਤਾ। ਵਰਨਣਯੋਗ ਹੈ ਕਿ ਸ੍ਰ ਚੱਠਾ ਤੇ ਸ੍ਰੀ ਸੂਰਜੇਵਾਲਾ ਦੇ ਵਿਧਾਨ ਸਭਾ ਹਲਕੇ ਕ੍ਰਮਵਾਰ ਪਿਹੋਵਾ ਅਤੇ ਕੈਥਲ ਹਨ, ਜਿਨ੍ਹਾਂ ਵਿਚ ਉਕਤ ਪੰਜਾਬੀ ਕਿਸਾਨ ਪਿਛਲੇ ਲਗਭਗ 50 ਸਾਲ ਤੋਂ ਪਟੇ ਦੀਆਂ ਜ਼ਮੀਨਾਂ 'ਤੇ ਖੇਤੀ ਕਰ ਰਹੇ ਹਨ। ਇਨ੍ਹਾਂ ਕਿਸਾਨਾਂ ਦੇ ਕੁਝ ਪ੍ਰਤੀਨਿਧੀ ਅੱਜ ਵਿਧਾਨ ਸਭਾ ਦੀ ਕਾਰਵਾਈ ਦੇਖਣ ਤੇ ਸੁਣਨ ਲਈ ਸਪੀਕਰ ਦੀ ਗੈਲਰੀ ਵਿਚ ਬਿਰਾਜਮਾਨ ਸਨ। ਸ੍ਰੀ ਹੁੱਡਾ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਸਦਨ ਨੂੰ ਇਕ ਮਤਾ ਪਾਸ ਕਰਕੇ ਗੁਜਰਾਤ ਸਰਕਾਰ ਨੂੰ ਅਪੀਲ ਕਰਨੀ ਚਾਹੀਦੀ ਹੈ ਕਿ ਉਹ ਗੁਜਰਾਤ ਦੇ ਸਰਹੱਦੀ ਇਲਾਕੇ ਵਿਚ ਆਬਾਦ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਨਾ ਉਜਾੜੇ ਤੇ ਉਨ੍ਹਾਂ ਨੂੰ ਉਥੇ ਹੀ ਵਸਾਇਆ ਜਾਏ। ਸ੍ਰੀ ਹੁੱਡਾ ਦੇ ਇਸ ਭਾਸ਼ਣ ਪਿੱਛੋਂ ਸਪੀਕਰ ਸ੍ਰੀ ਕੁਲਦੀਪ ਸ਼ਰਮਾ ਨੇ ਕਿਹਾ ਕਿ ਇਹ ਮਤਾ ਪਾਸ ਸਮਝਿਆ ਜਾਵੇ। ਸਦਨ ਦੇ ਬਾਹਰ ਸ੍ਰੀ ਹੁੱਡਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਚਾਰ ਪ੍ਰਗਟ ਕੀਤਾ ਕਿ ਹਰਿਆਣਾ ਸਰਕਾਰ ਮਤੇ ਦੀ ਕਾਪੀ ਗੁਜਰਾਤ ਸਰਕਾਰ ਨੂੰ ਭੇਜ ਦੇਵੇਗੀ। ਉਨ੍ਹਾਂ ਕਿਹਾ ਕਿ ਅੱਜ ਦੇ ਪਾਸ ਕੀਤੇ ਗਏ ਸੋਧ ਬਿੱਲ ਨਾਲ ਪਿਹੋਵਾ ਦੇ ਲਗਭਗ 2000 ਕਿਸਾਨਾਂ ਨੂੰ ਫਾਇਦਾ ਪਹੁੰਚੇਗਾ। 



Archive

RECENT STORIES