Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਫੇਸਬੁੱਕ ‘ਤੇ ਪਿਆਰ ਕਰ ਕੇ ਮੋਬਾਈਲ ‘ਤੇ ਵਿਆਹ ਦਾ ਦਿਨ ਮਿਥ ਕੇ ਬਾਰਾਤ ਆਈ ਤਾਂ ਲਾੜੀ ਗਾਇਬ

Posted on September 13th, 2013


40 ਕਾਰਾਂ, 100 ਬਰਾਤੀਆਂ ਨਾਲ ਬਰਾਤ ਇਧਰ ਉਧਰ ਘੁੰਮਦੀ ਰਹੀ


ਫਗਵਾੜਾ/ਬੰਗਾ- ਫੇਸਬੁਕ ‘ਤੇ ਪਿਆਰ ਹੋਇਆ, ਮੋਬਾਈਲ ‘ਤੇ ਵਿਆਹ ਦੀ ਤਰੀਕ ਤੈਅ ਕੀਤੀ ਗਈ, ਪਰ ਜਦ ਲਾੜਾ 40 ਕਾਰਾਂ ਦੇ ਕਾਫਲੇ, ਬੈਂਡ ਵਾਜ਼ੇ ਤੇ 100 ਬਰਾਤੀਆਂ ਨਾਲ ਪਿੰਡ ਪਹੁੰਚਿਆ ਤਾਂ ਨਾ ਲਾੜੀ ਮਿਲੀ ਤੇ ਨਾ ਬਰਾਤੀਆਂ ਦਾ ਸਵਾਗਤ ਕਰਨ ਲਈ ਲੜਕੀ ਵਾਲੇ। ਪੰਜ ਘੰਟੇ ਬਰਾਤ ਇਧਰ ਉਧਰ ਘੁੰਮਦੀ ਰਹੀ, ਪਰ ਲੜਕੀ ਵਾਲਿਆਂ ਦਾ ਥਹੁ ਪਤਾ ਨਾ ਲੱਗਾ। ਆਖਰ ਬਰਾਤ ਬੈਰੰਗ ਵਾਪਸ ਪਰਤ ਗਈ।

ਸਵੇਰੇ ਫੁੱਲਾਂ ਨਾਲ ਸਜੀ ਕਾਰ ਵਿੱਚ ਬੈਠ ਕੇ ਰਾਮ ਕਲੇਰ ਆਪਣੇ ਪਵਰਾਰ ਵਾਲਿਆਂ ਅਤੇ ਦੋਸਤਾਂ ਨਾਲ ਬਰਾਤ ਲੈ ਕੇ ਆਪਣੀ ਲਾੜੀ ਨੂੰ ਲੈਣ ਫਗਵਾੜਾ ਪਹੁੰਚਿਆ। ਬਰਾਤ ਇੱਕ ਪੈਲੇਸ ਤੋਂ ਦੂਸਰੇ, ਫਿਰ ਤੀਜੇ ਪੈਲੇਸ ਹੁੰਦੇ ਹੋਏ ਦੁਪਹਿਰ ਨੂੰ ਨਕੋਦਰ ਰੋਡ ਦੇ ਲਾਲ ਕਿਰਨ ਪੈਲੇਸ ਪਹੁੰਚੀ, ਪਰ ਲੜਕੀ ਵਾਲੇ ਕਿਤੇ ਨਹੀਂ ਮਿਲੇ। ਕਰੀਬ ਤਿੰਨ ਵਜੇ ਲਾੜੇ ਸਮੇਤ ਬਰਾਤ ਵਾਪਸ ਪਰਤ ਗਈ।

ਲਾੜੇ ਪਰਮਜੀਤ ਦਾ ਫੇਸਬੁੱਕ ਫ੍ਰੈਂਡ ਸੰਦੀਪ ਕੌਰ ਨਾਲ ਵਿਆਹ ਤੈਅ ਹੋਇਆ ਸੀ। ਫੋਨ ‘ਤੇ ਹੋਈ ਗੱਲਬਾਤ ਦੇ ਬਾਅਦ ਤੈਅਸ਼ੁਦਾ ਪ੍ਰੋਗਰਾਮ ਮੁਤਾਬਕ ਕੱਲ੍ਹ ਉਹ ਸੰਦੀਪ ਨਾਲ ਵਿਆਹ ਕਰਨ ਫਗਵਾੜਾ ਆਇਆ ਸੀ। ਨਕੋਦਰ ਰੋਡ ‘ਤੇ ਲਾਲ ਕਿਰਨ ਪੈਲੇਸ ਦੇ ਅੱਗੇ ਇੱਕ ਘਰ ਅੱਗੇ ਖੜੇ ਪਰਮਜੀਤ ਰਾਮ ਕਲੇਰ ਪੁੱਤਰ ਧਰਮਪਾਲ ਕਲੇਰ ਵਾਸੀ ਪਿੰਡ ਗੋਬਿੰਦਪੁਰ ਤਹਿਸੀਲ ਬੰਗਾ ਨੇ ਦੱਸਿਆ ਕਿ ਉਹ ਕਰੀਬ ਇੱਕ ਸਾਲ ਪਹਿਲਾਂ ਗ੍ਰੀਸ ਤੋਂ ਆਇਆ ਹੈ। ਉਸ ਦੀ ਮਾਂ ਨਹੀਂ ਹੈ ਤੇ ਪਿਤਾ ਕਾਫੀ ਬਿਮਾਰ ਰਹਿੰਦੇ ਹਨ। ਉਸ ਦਾ ਜ਼ਿਆਦਾ ਸਮਾਂ ਪਿਤਾ ਦੀ ਦੇਖ ਰੇਖ ਵਿੱਚ ਬੀਤਦਾ ਹੈ। ਉਸਦੀ ਵੱਡੀ ਭੈਣ ਵਿਆਹੀ ਹੋਈ ਹੈ ਅਤੇ ਛੋਟਾ ਭਰਾ ਵੀ ਵਿਦੇਸ਼ ਵਿੱਚ ਹੈ, ਜਿਸ ਨੇ ਉਥੇ ਵਿਆਹ ਕੀਤਾ ਹੈ।

ਪਰਮਜੀਤ ਮੁਤਾਬਕ ਜਦ ਉਹ ਗਰੀਸ ਵਿੱਚ ਸੀ ਤਾਂ ਕਰੀਬ ਚਾਰ ਸਾਲ ਪਹਿਲਾਂ ਫੇਸਬੁਕ ‘ਤੇ ਸੰਦੀਪ ਕੌਰ ਨਾਮਕ ਲੜਕੀ ਨਾਲ ਫ੍ਰੈਂਡਸ਼ਿਪ ਹੋ ਗਈ। ਹੌਲੀ ਹੌਲੀ ਉਨ੍ਹਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ। ਫਿਰ ਫੋਨ ‘ਤੇ ਗੱਲਬਾਤ ਦੌਰਾਨ ਸੰਦੀਪ ਕੌਰ ਨੇ ਕਿਹਾ ਕਿ ਉਹ ਪਿੰਡ ਕੋਟਲੀ ਡਾਕਖਾਨ ਮੰਡ ਜ਼ਿਲਾ ਕਪੂਰਥਲਾ ਦੀ ਰਹਿਣ ਵਾਲੀ ਹੈ ਤੇ ਉਸ ਦਾ ਪਰਵਾਰ ਸਾਊਥ ਅਫਰੀਕਾ ਵਿੱਚ ਬਿਜ਼ਨਸ ਕਰਦਾ ਹੈ, ਉਹ ਉਥੇ ਹੀ ਰਹਿੰਦੀ ਹੈ। ਪਰਮਜੀਤ ਮੁਤਾਬਕ ਸੰਦੀਪ ਨੇ ਉਸ ਨੂੰ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਚੰਡੀਗੜ੍ਹ ਵਿੱਚ ਕੋਠੀ ਹੈ। ਪਰਮਜੀਤ ਮੁਤਾਬਕ ਭਾਰਤ ਆਉਣ ਦੇ ਬਾਅਦ ਉਸ ਦੀ ਅਕਸਰ ਸੰਦੀਪ ਕੌਰ ਨਾਲ ਫੇਸਬੁਕ ‘ਤੇ ਗੱਲ ਹੁੰਦੀ ਸੀ ਤੇ ਕਦੀ ਕਦੀ ਫੋਨ ਆਉਂਦਾ ਸੀ। 10-12 ਦਿਨ ਪਹਿਲਾਂ ਸੰਦੀਪ ਕੌਰ ਗੱਡੀ ਵਿੱਚ ਫਗਵਾੜਾ ਆਈ ਤੇ ਉਸ ਨੂੰ ਲੈ ਕੇ ਆਪਣੇ ਪਿੰਡ ਲੈ ਕੇ ਗਈ ਅਤੇ ਦੂਰੋਂ ਇੱਕ ਕੋਠੀ ਦਿਖਾਉਂਦੇ ਹੋਏ ਉਸ ਨੂੰ ਆਪਣਾ ਘਰ ਦੱਸਿਆ। ਪਿਛਲੇ ਬੁੱਧਵਾਰ ਲੜਕੀ ਉਸ ਨੂੰ ਮਿਲਣ ਫਗਵਾੜਾ ਆਈ ਤੇ ਉਸ ਦਿਨ ਉਸ ਨੇ ਕਿਹਾ ਕਿ ਮੇਰੇ ਪਰਵਾਰ ਵਾਲੇ ਰਾਜ਼ੀ ਹਨ, ਤੁਸੀਂ ਜਲਦੀ ਵਿਆਹ ਦੇ ਕਾਰਡ ਛਪਵਾ ਲਵੋ। ਇਸਦੇ ਬਾਅਦ 20 ਹਜ਼ਰ ਰੁਪਏ ਵੀ ਲੈ ਲਏ। ਸੰਦੀਪ ਕੌਰ ਨੇ ਆਪਣੇ ਪਿਤਾ ਦਾ ਨਾਮ ਸੁਰਿੰਦਰ ਪਾਲ ਹਰ ਅਤੇ ਮਾਤਾ ਦਾ ਨਾਮ ਪਰਮਜੀਤ ਕੌਰ ਵਾਸੀ ਕੋਟਲੀ ਡਾਕਖਾਨਾ ਮੰਡ ਜ਼ਿਲਾ ਕਪੂਰਥਲਾ ਦੱਸਿਆ। ਪਰਮਜੀਤ ਨੂੰ ਮਿਲਣ ਜੋ ਲੜਕੀ ਫਗਵਾੜਾ ਆਈ ਸੀ, ਉਸੇ ਦੀ ਫੋਟੋ ਫੇਸਬੁੱਕ ਪ੍ਰੋਫਾਈਲ ‘ਤੇ ਲੱਗੀ ਹੈ।

ਲੜਕੀ ਨੇ ਉਸ ਨੂੰ ਕਿਹਾ ਕਿ ਅਸੀਂ ਚੰਡੀਗੜ੍ਹ ਵਿੱਚ ਵਿਆਹ ਨਹੀਂ ਕਰ ਸਕਦੇ, ਸਾਡੀ ਫੈਮਿਲੀ ਦਾ ਬਿਜ਼ਨਸ ਬਹੁਤ ਵੱਡਾ ਹੈ, ਸਾਨੂੰ ਖਤਰਾ ਹੈ। ਵਿਆਹ ਫਗਵਾੜਾ ਵਿੱਚ ਕੇ ਸੀ ਰਿਸੋਰਟ ਵਿੱਚ ਹੋਵੇਗਾ। ਕੁਝ ਦਿਨ ਪਹਿਲਾਂ ਉਸ ਨੇ ਕੇ ਸੀ ਰਿਸੋਰਟ ਕੈਂਸਲ ਕਰ ਕੇ ਕਿਸੇ ਹੋਰ ਰਿਸੋਰਟ ਵਿੱਚ ਵਿਆਹ ਦਾ ਇੰਤਜ਼ਾਮ ਕੀਤੇ ਜਾਣ ਦੀ ਗੱਲ ਕਹੀ। ਪਰਸੋਂ ਸੰਦੀਪ ਕੌਰ ਨੇ ਪਰਮਜੀਤ ਨੂੰ ਕਿਹਾ ਕਿ ਤੁਸੀਂ ਘਰੋਂ ਚੱਲਦੇ ਹੀ ਫੋਨ ਕਰਨਾ, ਮੈਂ ਤੁਹਾਨੂੰ ਦੱਸ ਦੇਵਾਂਗੀ ਕਿ ਕਿਹੜਾ ਪੈਲੇਸ ਹੈ। ਕੱਲ੍ਹ ਸਵੇਰੇ ਪਰਮਜੀਤ ਦੀ ਸੰਦੀਪ ਕੌਰ ਨਾਲ ਗੱਲ ਹੋਈ ਤਾਂ ਉਸ ਨੇ 1-2 ਪੈਲੇਸਾਂ ਦੇ ਨਾਮ ਲਏ ਅਤੇ ਦੋਬਾਰਾ ਉਸ ਦਾ ਫੋਨ ਸਵਿੱਚ ਆਫ ਆਉਣ ਲੱਗਾ। ਪਰਮਜੀਤ ਬਰਾਤ ਲੈ ਕੇ ਪਹਿਲਾਂ ਕੇ ਸੀ ਰਿਸੋਰਟ, ਫਿਰ ਲਾਲ ਪੈਲੇਸ ਤੇ ਅਖੀਰ ਵਿੱਚ ਲਾਲ ਕਿਰਨ ਪੈਲੇਸ ਨਕੋਦਰ ਰੋਡ ਪਹੁੰਚਿਆ। ਇਨ੍ਹਾਂ ਵਿੱਚੋਂ ਕਿਤੇ ਵੀ ਵਿਆਹ ਦੀ ਬੁਕਿੰਗ ਨਹੀਂ ਸੀ। ਇੰਨੇ ਵਿੱਚ ਪਰਮਜੀਤ ਤੇ ਹੋਰ ਬਰਾਤੀ ਸਮਝ ਚੁੱਕੇ ਸਨ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ। ਕੁਝ ਦੇਰ ਤੱਕ ਬਰਾਤ ਲਾਲ ਕਿਰਨ ਪੈਲੇਸ ਦੇ ਸਾਹਮਣੇ ਸਥਿਤ ਮੁਹੱਲੇ ਦੀ ਧਰਮਸ਼ਾਲਾ ਵਿੱਚ ਬੈਠੀ ਰਹੀ। ਅਖੀਰ ਥੱਕੇ ਹਾਰੇ ਨਿਰਾਸ਼ ਬਰਾਤੀ ਲਾੜੇ ਸਮੇਤ ਭੁੱਖੇ ਪਿਆਸੇ ਵਾਪਸ ਪਰਤ ਗਏ। ਜਾਣ ਤੋਂ ਪਹਿਲਾਂ ਪਰਮਜੀਤ ਅਤੇ ਉਸਦੇ ਪਰਵਾਰ ਵਾਲਿਆਂ ਨੇ ਇਸ ਸਬੰਧੀ ਥਾਣੇ ਨੂੰ ਵੀ ਸੂਚਿਤ ਕੀਤਾ।



Archive

RECENT STORIES