Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੀਰੀਆ ਦੇ ਰਸਾਇਣਕ ਹਥਿਆਰਾਂ 'ਤੇ ਅਮਰੀਕਾ ਤੇ ਰੂਸ 'ਚ ਸਮਝੌਤਾ

Posted on September 14th, 2013

ਜੇਨੇਵਾ- ਸੀਰੀਆ ਦੇ ਰਸਾਇਣਕ ਹਥਿਆਰਾਂ ਨੂੰ ਤਬਾਹ ਕਰਨ ਲਈ ਅਮਰੀਕਾ ਅਤੇ ਰੂਸ ਵਿਚਕਾਰ ਸਮਝੌਤਾ ਹੋ ਗਿਆ ਹੈ। ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨਾਲ ਤਿੰਨ ਦਿਨ ਚੱਲੀ ਗੱਲਬਾਤ ਤੋਂ ਬਾਅਦ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਜੌਨ ਕੈਰੀ ਨੇ ਸ਼ਨਿਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕੈਰੀ ਨੇ ਕਿਹਾ ਕਿ ਸਮਝੌਤੇ ਮੁਤਾਬਿਕ ਸੀਰੀਆ ਨੂੰ ਇਕ ਹਫ਼ਤੇ ਦੇ ਅੰਦਰ ਆਪਣੇ ਰਸਾਇਣਕ ਹਥਿਆਰਾਂ ਦੀ ਸੂਚੀ ਸੌਂਪਣੀ ਪਵੇਗੀ। ਲਾਵਰੋਵ ਨਾਲ ਪ੍ਰੈਸ ਕਾਨਫਰੰਸ 'ਚ ਕੈਰੀ ਨੇ ਕਿਹਾ ਕਿ ਸਮਝੌਤੇ ਮੁਤਾਬਿਕ ਨਵੰਬਰ ਤਕ ਸੰਯੁਕਤ ਰਾਸ਼ਟਰ ਦੇ ਹਥਿਆਰ ਨਿਰੀਖਕ ਸੀਰੀਆ ਪਹੁੰਚ ਜਾਣਗੇ। 2014 ਦੇ ਮੱਧ ਤਕ ਸੀਰੀਆ ਦੇ ਰਸਾਇਣਕ ਹਥਿਆਰਾਂ ਨੂੰ ਪੂਰਨ ਤੌਰ 'ਤੇ ਤਬਾਹ ਕਰਨ ਦਾ ਟੀਚਾ ਰੱਖਿਆ ਗਿਆ ਹੈ। 

ਦੋਵਾਂ ਵਿਦੇਸ਼ ਮੰਤਰੀਆਂ ਨੇ ਕਿਹਾ ਕਿ ਜੇਕਰ ਸੀਰੀਆ ਸਮਝੌਤੇ ਦਾ ਪਾਲਨ ਨਹੀਂ ਕਰਦੈ ਤਾਂ ਉਸ ਨੂੰ ਸੰਯੁਕਤ ਰਾਸ਼ਟਰ ਚਾਰਟਰ ਦੇ ਚੈਪਟਰ ਸੱਤ ਤਹਿਤ ਨਤੀਜੇ ਭੁਗਤਣੇ ਪੈਣਗੇ। ਇਸ ਚੈਪਟਰ ਤਹਿਤ ਪਾਬੰਦੀ ਅਤੇ ਫ਼ੌਜੀ ਕਾਰਵਾਈ ਦੀ ਵਿਵਸਥਾ ਹੈ। ਸਮਝੌਤੇ ਨੂੰ 'ਆਰਗੇਨਾਈਜ਼ੇਸ਼ਨ ਫਾਰ ਦੀ ਪ੍ਰੀਵੈਨਸ਼ਨ ਆਫ ਕੈਮਿਕਲ ਵੀਪੰਸ' ਵਲੋਂ ਆਖ਼ਰੀ ਰੂਪ ਦਿੱਤਾ ਜਾਣਾ ਹੈ। ਕੈਰੀ ਨੇ ਕਿਹਾ ਕਿ ਰਾਸ਼ਟਰਪਤੀ ਬਰਾਕ ਓਬਾਮਾ ਸਾਰੀਆ ਖ਼ਿਲਾਫ਼ ਫ਼ੌਜੀ ਕਾਰਵਾਈ ਦਾ ਅਧਿਕਾਰ ਸੁਰੱਖਿਅਤ ਰੱਖਦੇ ਹਨ। ਲਾਵਰੋਵ ਨੇ ਕਿਹਾ ਕਿ ਸਮਝੌਤੇ 'ਚ ਬਲ ਵਰਤੋਂ ਨੂੰ ਲੈ ਕੇ ਕੁਝ ਨਹੀਂ ਕਿਹਾ ਗਿਆ ਹੈ। ਫਰਾਂਸ ਨੇ ਇਸ ਸਮਝੌਤੇ ਦਾ ਸਵਾਗਤ ਕੀਤਾ। ਫਰਾਂਸ ਦੇ ਵਿਦੇਸ਼ ਮੰਤਰੀ ਲਾਰੇਨ ਫੈਬੀਅਸ ਨੇ ਕਿਹਾ ਹੈ ਕਿ ਇਹ ਸਮਝੌਤਾ ਇਕ ਮਹੱਤਵਪੂਰਨ ਕਦਮ ਹੈ। ਦੂਸਰੇ ਪਾਸੇ ਸੀਰੀਆ ਦੇ ਵਿਦਰੋਹੀ ਨੇਤਾਵਾਂ ਦਾ ਕਹਿਣਾ ਹੈ ਕਿ ਸੀਰੀਆਈ ਰਾਸ਼ਟਰਪਤੀ ਬਸ਼ਰ ਅਲ ਅਸਦ ਦੀ ਫ਼ੌਜ ਸੰਯੁਕਤ ਰਾਸ਼ਟਰ ਦੇ ਨਿਰੀਖਣ ਤੋਂ ਬਚਣ ਲਈ ਕੁਝ ਰਸਾਇਣਕ ਹਥਿਆਰਾਂ ਨੂੰ ਲਿਬਨਾਨ ਅਤੇ ਇਰਾਕ ਭੇਜ ਰਹੀ ਹੈ। ਜਨਰਲ ਸਲਿਮ ਇਦਰਿਸ ਨੂੰ ਕਿਹਾ ਹੈ ਕਿ ਵਿਦਰੋਹੀ ਅਮਰੀਕਾ ਅਤੇ ਰੂਸ ਵਿਚਕਾਰ ਹੋਏ ਸਮਝੌਤੇ ਨੂੰ ਅਸਦ ਨੂੰ ਸੱਤਾ ਤੋਂ ਉਖਾੜ ਸੁੱਟਣ ਦੇ ਆਪਣੇ ਢਾਈ ਸਾਲ ਦੇ ਵਿਦਰੋਹ ਲਈ ਝਟਕਾ ਮੰਨਦੇ ਹਨ। 




Archive

RECENT STORIES