Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮੁਜ਼ੱਫ਼ਰਨਗਰ ਹਿੰਸਾ ਭੜਕਾਉਣ ਦੇ ਦੋਸ਼ 'ਚ ਭਾਜਪਾ ਦਾ ਵਿਧਾਇਕ ਸੁਰੇਸ਼ ਰਾਣਾ ਗ੍ਰਿਫ਼ਤਾਰ

Posted on September 20th, 2013

ਲਖਨਊ- ਮੁਜ਼ੱਫਰਨਗਰ ਹਿੰਸਾ ਦੇ ਮਾਮਲੇ 'ਚ ਉੱਤਰ-ਪ੍ਰਦੇਸ਼ ਪੁਲਿਸ ਨੇ ਅੱਜ ਪਹਿਲੀ ਗ੍ਰਿਫ਼ਤਾਰੀ ਕੀਤੀ। ਪੁਲਿਸ ਨੇ ਗੋਮਤੀਨਗਰ ਇਲਾਕੇ ਤੋਂ ਭਾਜਪਾ ਵਿਧਾਇਕ ਸੁਰੇਸ਼ ਰਾਣਾ ਨੂੰ ਗ੍ਰਿਫ਼ਤਾਰ ਕੀਤਾ। ਰਾਣਾ 'ਤੇ ਹਿੰਸਾ ਭੜਕਾਉਣ ਦਾ ਦੋਸ਼ ਹੈ। ਮੁਜ਼ੱਫਰਨਗਰ ਹਿੰਸਾ 'ਚ 16 ਲੋਕਾਂ ਖਿਲਾਫ਼ ਵਾਰੰਟ ਜਾਰੀ ਹੋਏ ਹਨ। ਹਿੰਸਾ 'ਚ ਇਹ ਪਹਿਲੀ ਗ੍ਰਿਫ਼ਤਾਰੀ ਹੈ। ਰਾਣਾ ਦੀ ਗ੍ਰਿਫ਼ਤਾਰੀ ਐਸ ਟੀ ਐਫ ਤੇ ਲਖਨਊ ਪੁਲਿਸ ਨੇ ਮਿਲ ਕੇ ਕੀਤੀ। ਉੱਤਰ-ਪ੍ਰਦੇਸ਼ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਅੱਜ ਸਮਾਪਤ ਹੋ ਰਿਹਾ ਹੈ। ਸਮਝਿਆ ਜਾ ਰਿਹਾ ਸੀ ਕਿ ਪੁਲਿਸ ਅੱਜ ਮੁਜ਼ੱਫਰਨਗਰ ਹਿੰਸਾ ਦੇ ਮਾਮਲੇ 'ਚ ਦੋਸ਼ੀ ਬਣਾਏ ਗਏ ਭਾਜਪਾ ਦੇ ਚਾਰੇ ਵਿਧਾਇਕਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਕੋਈ ਫੈਸਲਾਕੁੰਨ ਕਦਮ ਚੁੱਕ ਸਕਦੀ ਹੈ। ਖਬਰ ਹੈ ਕਿ ਪੁਲਿਸ ਇਨ੍ਹਾਂ ਚਾਰੇ ਵਿਧਾਇਕਾਂ ਦੀ ਗ੍ਰਿਫ਼ਤਾਰੀ ਦੀ ਪੂਰੀ ਤਿਆਰੀ ਕਰ ਚੁੱਕੀ ਹੈ ਕਿਉਂਕਿ ਪੁਲਿਸ ਆਈ. ਜੀ. (ਕਾਨੂੰਨ ਵਿਵਸਥਾ) ਰਾਜ ਕੁਮਾਰ ਵਿਸ਼ਵਕਰਮਾ ਨੇ ਸਾਫ ਤੌਰ 'ਤੇ ਕਿਹਾ ਸੀ ਕਿ ਦੋਸ਼ੀ ਵਿਧਾਇਕਾਂ ਦੀ ਗ੍ਰਿਫ਼ਤਾਰੀ ਜਾਣ ਬੁੱਝ ਕੇ ਰੋਕੀ ਗਈ ਹੈ। ਇਹ ਪੁਲਿਸ ਤੇ ਪ੍ਰਸ਼ਾਸਨ ਦਾ ਸਾਂਝਾ ਫੈਸਲਾ ਹੈ। ਇਜਲਾਸ ਸਮਾਪਤ ਹੁੰਦੇ ਹੀ ਗ੍ਰਿਫ਼ਤਾਰੀਆਂ ਸ਼ੁਰੂ ਹੋਣਗੀਆਂ। 

ਇਸ ਦਰਮਿਆਨ ਭਾਜਪਾ ਨੇ ਵੀ ਆਪਣੇ ਵਿਧਾਇਕਾਂ ਦੀ ਗ੍ਰਿਫ਼ਤਾਰੀ ਦੀਆਂ ਸੰਭਾਵਨਾਵਾਂ ਨੂੰ ਦੇਖਦੇ ਹੋਏ ਆਪਣੀ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਗੌਰਤਲਬ ਹੈ ਕਿ ਮੁਜ਼ੱਫਰਨਗਰ 'ਚ ਭੜਕਾਊ ਭਾਸ਼ਣ ਕਰਵਾ ਕੇ ਹਿੰਸਾ ਕਰਾਉਣ ਦੇ ਦੋਸ਼ 'ਚ ਭਾਜਪਾ ਵਿਧਾਇਕਾਂ ਸੰਗੀਤ ਸੋਮ, ਭਾਰਤੇਂਦੂ ਸਿੰਘ, ਹੁਕਮ ਸਿੰਘ ਤੇ ਸੁਰੇਸ਼ ਰਾਣਾ ਦੀ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਕੀਤੇ ਹਨ।

ਰਾਣਾ ਸਮੇਤ 9 ਨੇਤਾਵਾਂ ਖਿਲਾਫ਼ 18 ਸਤੰਬਰ ਨੂੰ ਵਾਰੰਟ ਜਾਰੀ ਹੋਇਆ ਸੀ। ਸੁਰੇਸ਼ ਰਾਣਾ ਨੂੰ ਹੁਣ ਲਖਨਊ 'ਚ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਜਿਸ ਦੇ ਬਾਅਦ ਮੁਜ਼ੱਫਰਨਗਰ ਲੈ ਜਾਇਆ ਜਾਵੇਗਾ।



Archive

RECENT STORIES