Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਗੁਰਦਾਸਪੁਰ ਗੋਲੀਕਾਂਡ 'ਚ ਮਰੇ ਨੌਜਵਾਨ ਦੇ ਭਰਾ ਨੂੰ ਖ਼ਾਲਿਸਤਾਨੀ ਕਹਿ ਕੇ ਚੁੱਕਣ ਦਾ ਦੋਸ਼

Posted on September 20th, 2013


ਗੁਰਦਾਸਪੁਰ- ਪੰਜਾਬ ਪੁਲਿਸ ਵੱਲੋਂ ਬੀਤੇ ਦਿਨ ਗੁਰਦਾਸਪੁਰ ਵਿਖੇ ਖ਼ਾਲਿਸਤਾਨ ਕਮਾਂਡੋ ਫੋਰਸ (ਕੇ. ਐਲ. ਐਫ.) ਦੇ ਕਾਰਕੰਨ ਗਰਦਾਨ ਕੇ ਗਿ੍ਫ਼ਤਾਰ ਕੀਤੇ ਗਏ ਤਿੰਨ ਨੌਜਵਾਨਾਂ ਵਿਚੋਂ ਇੱਕ ਸੁਖਜਿੰਦਰ ਸਿੰਘ (26) 29 ਮਾਰਚ, 2012 ਨੂੰ ਪੰਜਾਬ ਪੁਲਿਸ ਦੀ ਗੋਲੀ ਨਾਲ ਮਰੇ ਜਸਪਾਲ ਸਿੰਘ (20) ਦਾ ਮਸੇਰਾ ਭਰਾ ਹੈ | ਮਿ੍ਤਕ ਜਸਪਾਲ ਸਿੰਘ ਦੇ ਪਿਤਾ ਗੁਰਚਰਨ ਜੀਤ ਸਿੰਘ ਨੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ 'ਤੇ ਉਕਤ ਗੋਲੀਕਾਂਡ ਬਾਰੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਚੱਲ ਰਹੇ ਕੇਸ ਬਾਬਤ ਉਨ੍ਹਾਂ ਦਾ ਪੱਖ ਕਮਜ਼ੋਰ ਕਰਨ ਅਤੇ ਕੇਸ ਵਾਪਿਸ ਕਰਵਾਉਣ ਦਾ ਦੋਸ਼ ਲਾਇਆ ਹੈ | ਉਨ੍ਹਾਂ ਜਸਪਾਲ ਦੇ ਮਮੇਰੇ ਭਰਾ ਗੁਰਪ੍ਰੀਤ ਸਿੰਘ (25) ਪੁੱਤਰ ਬਲਵੰਤ ਸਿੰਘ ਦੇ ਵੀ ਪਿਛਲੀ 14 ਸਤੰਬਰ ਤੋਂ ਹੀ ਸ਼ੱਕੀ ਹਾਲਤ ਵਿਚ ਗੁੰਮ ਹੋਣ ਦੀ ਗੱਲ ਕਹੀ ਹੈ | 

ਗੁਰਚਰਨ ਸਿੰਘ ਨੇ ਦੋਸ਼ ਲਾਇਆ ਕਿ ਸੁਖਜਿੰਦਰ ਨੂੰ 15 ਤਾਰੀਖ਼ ਨੂੰ ਪੰਚਾਇਤ ਮੈਂਬਰਾਂ ਦੀ ਮੌਜੂਦਗੀ ਵਿਚ ਪੁਲਿਸ ਨੇ ਪਿੰਡ ਗੁੜੀਆ ਪੁਰਾਣਾ ਸ਼ਾਲਾ ਤੋਂ ਉਸ ਦੇ ਘਰੋਂ ਚੁੱਕਿਆ ਪਰ ਬਾਅਦ ਵਿਚ ਤਿੰਨ ਹੋਰ ਨੌਜਵਾਨਾਂ ਸਣੇ ਉਸ ਨੂੰ ਇੱਕ ਕਾਰ 'ਚੋਂ ਏ. ਕੇ.-47 ਅਤੇ ਹੋਰ ਹਥਿਆਰਾਂ ਸਣੇ ਗਿ੍ਫ਼ਤਾਰ ਕੀਤਾ ਜਾਣ ਦਾ ਦਾਅਵਾ ਕਰ ਦਿੱਤਾ ਗਿਆ | ਇਸੇ ਤਰ੍ਹਾਂ ਜਸਪਾਲ ਦੇ ਮਾਮੇ ਦਾ ਮੁੰਡਾ ਗੁਰਪ੍ਰੀਤ ਸਿੰਘ ਜੋ ਕਿ ਪਿਛਲੇ ਕੁਝ ਸਾਲਾਂ ਤੋਂ ਖਾੜੀ ਮੁਲਕਾਂ ਵਿਚ ਗਿਆ ਹੋਇਆ ਹੈ ਦੇ ਭਾਰਤ ਪਰਤ ਆਉਣ ਦਾ ਦਾਅਵਾ ਕਰਦਿਆਂ ਪੁਲਿਸ ਵੱਲੋਂ ਉਸੇ ਦਿਨ ਉਸ ਦੇ ਪਿੰਡ ਖੋਖਰਾਂ ਵਿਚ ਉਸ ਦੇ ਘਰ ਵੀ ਛਾਪੇਮਾਰੀ ਕੀਤੀ | ਉਨ੍ਹਾਂ ਦੱਸਿਆ ਕਿ ਪਰਿਵਾਰ ਨੂੰ ਉਸੇ ਦਿਨ ਤੋਂ ਗੁਰਪ੍ਰੀਤ ਦੀ ਕੋਈ ਉੱਘ-ਸੁੱਘ ਨਹੀਂ ਹੈ ਅਤੇ ਨਾ ਹੀ ਵਿਦੇਸ਼ ਦੇ ਉਸ ਦੇ ਨੰਬਰ 'ਤੇ ਸੰਪਰਕ ਹੋ ਰਿਹਾ ਹੈ | ਉਨ੍ਹਾਂ ਗੁਰਪ੍ਰੀਤ ਦੇ ਝੂਠੇ ਮੁਕਾਬਲੇ ਦਾ ਖ਼ਦਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਹਾਈਕੋਰਟ ਕੋਲੋਂ ਗੋਲੀਕਾਂਡ ਬਾਰੇ ਖਿਚਾਈ ਹੋਣ ਤੋਂ ਬੁਰੀ ਤਰਾਂ ਬੁਖਲਾਈ ਹੋਈ ਹੈ | ਉਨ੍ਹਾਂ ਦੱਸਿਆ ਕਿ ਉਹ ਅੱਜ ਹੀ ਸੁਖਜਿੰਦਰ ਨੂੰ ਵੇਖ ਕੇ ਆਏ ਹਨ | ਉਨ੍ਹਾਂ ਮੁਤਾਬਿਕ ਪੁਲਿਸ ਵੱਲੋਂ ਉਸ ਉੱਤੇ ਬੇਤਹਾਸ਼ਾ ਤਸ਼ੱਦਦ ਕੀਤਾ ਜਾ ਰਿਹਾ ਹੈ | ਇਸ ਬਾਰੇ ਇੱਕ ਐਸ.ਡੀ.ਐਮ., ਇੱਕ ਐਸ.ਐਸ.ਪੀ. ਅਤੇ ਇੱਕ ਡੀ.ਐਸ.ਪੀ. ਨੂੰ ਪਹਿਲਾਂ ਹੀ ਚਾਰਜਸ਼ੀਟ ਕੀਤਾ ਜਾ ਚੁੱਕਾ ਹੈ | ਹਾਈਕੋਰਟ ਇਸ ਮਾਮਲੇ ਦੀ ਪਿਛਲੀ ਸੁਣਵਾਈ ਮੌਕੇ ਗੋਲੀਕਾਂਡ ਨਾਲ ਸੰਬੰਧਿਤ ਹਥਿਆਰਾਂ ਨੂੰ ਜਾਂਚ ਲਈ ਮੁਹਾਲੀ ਸਥਿਤ ਫੋਰੈਂਸਿਕ ਲੈਬਾਰਟਰੀ ਭੇਜੇ ਜਾਣ ਦੇ ਨਿਰਦੇਸ਼ ਵੀ ਜਾਰੀ ਕਰ ਚੁੱਕਾ ਹੈ | 

ਹਾਈਕੋਰਟ ਵਿਚ ਇਸ ਧਿਰ ਦੀ ਪੈਰਵੀ ਕਰ ਰਹੇ ਮਨੁੱਖੀ ਅਧਿਕਾਰਾਂ ਬਾਰੇ ਵਕੀਲ ਸ. ਨਵਕਿਰਨ ਸਿੰਘ ਨੇ ਇਸ ਬਾਰੇ 'ਨੋ ਕੁਮੈਂਟ' ਕਹਿੰਦਿਆਂ ਪੀੜਤ ਪਰਿਵਾਰ ਨਾਲ ਗੱਲ ਕਰਨ ਲਈ ਕਿਹਾ | ਇਸ ਬਾਰੇ ਪੰਜਾਬ ਦੇ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਨਾਲ ਵਾਰ-ਵਾਰ ਫ਼ੋਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਦੇ ਸਟਾਫ਼ ਮੁਤਾਬਿਕ ਮੀਟਿੰਗ ਵਿਚ ਮਸਰੂਫ਼ ਹੋਣ ਕਾਰਨ ਉਹ ਗੱਲਬਾਤ ਲਈ ਸਮਾਂ ਨਹੀਂ ਕੱਢ ਸਕੇ |



Archive

RECENT STORIES