Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੀਰੀਆ 'ਚ ਵਿਦਰੋਹੀਆਂ ਦੀ ਖ਼ਾਤਰ ਚਲ ਰਿਹੈ 'ਜਿਹਾਦ-ਅਲ-ਨਿਕਾਹ'

Posted on September 21st, 2013

ਟਿਊਨਿਸ਼ (ਟਿਊਨੀਸ਼ੀਆ)- ਘਰੇਲੂ ਜੰਗ ਦੇ ਸੰਕਟ ਨਾਲ ਜੂਝ ਰਹੇ ਸੀਰੀਆ 'ਚ ਹੁਣ ਸੈਕਸ ਜਿਹਾਦ ਚਲ ਰਿਹਾ ਹੈ ਤੇ ਅਜਿਹਾ ਟਿਊਨੀਸ਼ੀਆ ਦੀਆਂ ਔਰਤਾਂ ਕਰ ਰਹੀਆਂ ਹਨ। ਇਹ ਦਾਅਵਾ ਖ਼ੁਦ ਟਿਊਨੀਸ਼ੀਆ ਦੇ ਗ੍ਰਹਿ ਮੰਤਰੀ ਲੋਫੀ ਬੇਨ ਜੇਡਾਅ ਨੇ ਕੀਤਾ ਹੈ। ਉਨ੍ਹਾਂ ਦੇਸ਼ ਦੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਸੀਰੀਆ 'ਚ ਸਰਕਾਰ ਨਾਲ ਲੜ ਰਹੇ ਵਿਦਰੋਹੀਆਂ ਨੂੰ 'ਸੁਖ' ਦੇਣ ਲਈ ਸਾਡੇ ਦੇਸ਼ ਦੀਆਂ ਔਰਤਾਂ ਉਥੇ ਜਾ ਰਹੀਆਂ ਹਨ। 

ਬੇਨ ਨੇ ਵੀਰਵਾਰ ਨੂੰ ਨੈਸ਼ਨਲ ਅਸੈਂਬਲੀ ਦੇ ਮੈਂਬਰਾਂ ਨੂੰ ਦੱਸਿਆ ਕਿ ਇਹ ਔਰਤਾਂ ਵਿਦਰੋਹੀਆਂ ਨਾਲ ਜਿਨਸੀ ਸਬੰਧ ਬਣਾਉਂਦੀਆਂ ਹਨ। ਉਹ ਅਜਿਹਾ ਜਿਹਾਦ-ਅਲ-ਨਿਕਾਹ (ਸੈਕਸੁਅਲ ਹੋਲੀ ਵਾਰ) ਦੇ ਨਾਂ 'ਤੇ ਕਰਦੀਆਂ ਹਨ। ਇਸ ਤੋਂ ਬਾਅਦ ਉਹ ਗਰਭਵਤੀ ਹੋ ਕੇ ਘਰ ਪਰਤਦੀਆਂ ਹਨ। ਹਾਲਾਂਕਿ, ਬੇਨ ਨੇ ਇਹ ਨਹੀਂ ਦੱਸਿਆ ਕਿ ਹਾਲੇ ਤੱਕ ਕਿੰਨੀਆਂ ਔਰਤਾਂ ਇਸ ਕੰਮ ਲਈ ਸੀਰੀਆ ਗਈਆਂ ਤੇ ਵਿਦਰੋਹੀਆਂ ਨਾਲ ਜਿਨਸੀ ਸਬੰਧ ਬਣਾਉਣ ਤੋਂ ਬਾਅਦ ਕਿੰਨੀਆਂ ਗਰਭਵਤੀ ਹੋ ਕੇ ਟਿਊਨੀਸ਼ੀਆ ਪਰਤੀਆਂ ਹਨ। 

ਮੀਡੀਆ ਰਿਪੋਰਟਾਂ 'ਚ ਅਜਿਹੀਆਂ ਔਰਤਾਂ ਦੀ ਗਿਣਤੀ ਸੈਂਕੜਿਆਂ 'ਚ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜਿਹਾਦ-ਅਲ-ਨਿਕਾਹ ਤਹਿਤ ਕਈ ਗ਼ੈਰ ਮਰਦਾਂ ਨਾਲ ਜਿਨਸੀ ਸਬੰਧ ਬਣਾਇਆ ਜਾ ਸਕਦਾ ਹੈ ਤੇ ਕੁਝ ਕੱਟੜ ਮੁਸਲਿਮ ਜਿਹਾਦ ਦੇ ਨਾਂ 'ਤੇ ਇਸ ਨੂੰ ਗ਼ਲਤ ਨਹੀਂ ਮੰਨਦੇ। ਬਸ਼ਰ ਅਲ ਅਸਦ ਦੀ ਸਰਕਾਰ ਨੂੰ ਡੇਗਣ ਲਈ ਟਿਊਨੀਸ਼ੀਆ ਤੋਂ ਸੈਂਕੜੇ ਨੌਜਵਾਨ ਵੀ ਸੀਰੀਆ 'ਚ ਵਿਦਰੋਹੀਆਂ ਦਾ ਸਾਥ ਦੇਣ ਜਾ ਚੁੱਕੇ ਹਨ। ਬੇਨ ਦਾ ਕਹਿਣਾ ਹੈ ਕਿ ਮਾਰਚ 'ਚ ਉਨ੍ਹਾਂ ਜਦੋਂ ਤੋਂ ਅਹੁਦਾ ਸੰਭਾਲਿਆ ਹੈ ਛੇ ਹਜ਼ਾਰ ਨੌਜਵਾਨਾਂ ਨੂੰ ਸੀਰੀਆ ਜਾਣ ਤੋਂ ਰੋਕਿਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸੀਰੀਆ ਜਾਣ ਤੋਂ ਰੋਕਣ ਲਈ ਸਰਹੱਦ 'ਤੇ ਸਖ਼ਤੀ ਵਧਾਈ ਗਈ ਹੈ। 

ਮੀਡੀਆ ਰਿਪੋਰਟ 'ਚ ਕਿਹਾ ਗਿਆ ਹੈ ਕਿ ਪਿਛਲੇ 15 ਸਾਲਾਂ 'ਚ ਟਿਊਨੀਸ਼ੀਆ ਦੇ ਹਜ਼ਾਰਾਂ ਲੋਕ ਅਫਗਾਨਿਸਤਾਨ, ਇਰਾਕ ਤੇ ਸੀਰੀਆ ਸਮੇਤ ਕਈ ਦੇਸ਼ਾਂ 'ਚ ਜਿਹਾਦੀਆਂ ਦਾ ਸਾਥ ਦੇਣ ਲਈ ਜਾ ਚੁੱਕੇ ਹਨ। ਇਹ ਲੋਕ ਮੁੱਖ ਤੌਰ 'ਤੇ ਤੁਰਕੀ ਜਾਂ ਲੀਬੀਆ ਦੇ ਰਸਤੇ ਜਾਂਦੇ ਹਨ। 




Archive

RECENT STORIES