Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪਾਕਿ 'ਚ ਇਤਿਹਾਸਕ ਗਿਰਜਾ ਘਰ 'ਤੇ ਆਤਮਘਾਤੀ ਹਮਲਾ-70 ਮੌਤਾਂ

Posted on September 22nd, 2013

ਪੇਸ਼ਾਵਰ- ਪਾਕਿਸਤਾਨ ਦੇ ਖੈਬਰ ਪਖਤੂਨਖਵਾ ਰਾਜ ਵਿਚ ਇਕ ਇਤਿਹਾਸਕ ਗਿਰਜਾ ਘਰ 'ਤੇ ਹੋਏ ਅੱਤਵਾਦੀ ਹਮਲੇ ਵਿਚ ਔਰਤਾਂ ਤੇ ਬੱਚਿਆਂ ਸਮੇਤ 70 ਵਿਅਕਤੀ ਮਾਰੇ ਗਏ ਤੇ 120 ਜ਼ਖਮੀ ਹੋ ਗਏ ਹਨ। ਪਾਕਿਸਤਾਨ ਦੇ ਇਤਿਹਾਸ 'ਚ ਘਟ ਗਿਣਤੀ ਇਸਾਈ ਭਾਈਚਾਰੇ ਉਪਰ ਹੁਣ ਤਕ ਦਾ ਇਹ ਸਭ ਤੋਂ ਵਧ ਭਿਆਨਕ ਹਮਲਾ ਹੈ। ਐਤਵਾਰ ਹੋਣ ਕਾਰਨ ਗਿਰਜਾ ਘਰ ਵਿਚ ਸ਼ਰਧਾਲੂਆਂ ਦੀ ਗਿਣਤੀ ਆਮ ਦਿਨਾਂ ਨਾਲੋਂ ਵਧ ਸੀ। 

ਪੇਸ਼ਾਵਰ ਦੇ ਕੋਹਾਟੀ ਗੇਟ ਖੇਤਰ ਵਿਚ ਸਥਿੱਤ 'ਆਲ ਸੇਂਟਸ ਚਰਚ' ਵਿਖੇ ਆਤਮਘਾਤੀ 2 ਹਮਲਾਵਰਾਂ ਨੇ ਪਹਿਲਾਂ ਲੋਕਾਂ ਉਪਰ ਅੰਧਾਧੁੰਦ ਗੋਲੀਆਂ ਚਲਾਈਆਂ ਤੇ ਫਿਰ ਖੁਦ ਨੂੰ ਬੰਬਾਂ ਨਾਲ ਉੱਡਾ ਦਿੱਤਾ ਜਿਸ ਕਾਰਨ ਜਬਰਦਸਤ ਧਮਾਕੇ ਹੋਏ। ਇਸ ਉਪਰੰਤ ਗਿਰਜਾ ਘਰ ਵਿਚ ਚੀਕ ਚਿਹਾੜਾ ਪੈ ਗਿਆ। ਪੇਸ਼ਾਵਰ ਦੇ ਕਮਿਸ਼ਨਰ ਸਾਹਿਬਜ਼ਾਦਾ ਮੁਹੰਮਦ ਅਨੀਸ ਨੇ ਦਸਿਆ ਕਿ ਧਮਾਕੇ ਗਿਰਜਾ ਘਰ ਦੇ ਬਾਹਰ ਹੋਏ। ਉਨ੍ਹਾਂ ਦਸਿਆ ਕਿ ਹਮਲਾਵਰਾਂ ਨੇ ਸ਼ਰਧਾਲੂਆਂ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਜਦੋਂ ਉਹ ਪ੍ਰਾਰਥਨਾ ਤੋਂ ਬਾਅਦ ਬਾਹਰ ਆ ਰਹੇ ਸਨ। ਸ਼ਹਿਰ ਦਾ ਇਹ ਸਭ ਤੋਂ ਵਧ ਪੁਰਾਣਾ ਗਿਰਜਾ ਘਰ ਸੰਘਣੀ ਅਬਾਦੀ ਵਿਚ ਸਥਿੱਤ ਹੈ ਤੇ ਇਥੇ ਹਮਸ਼ਾਂ ਭੀੜ ਰਹਿੰਦੀ ਹੈ। ਇਥੇ ਬਜਾਰ ਤੇ ਖਰੀਦ ਸੈਂਟਰ ਹੋਣ ਕਾਰਨ ਲੋਕ ਜਿਨ੍ਹਾਂ ਵਿਚ ਜਿਆਦਾਤਰ ਔਰਤਾਂ ਹੁੰਦੀਆਂ ਹਨ, ਰੋਜਾਨਾ ਖਰੀਦਦਾਰੀ ਲਈ ਆਉਂਦੇ ਜਾਂਦੇ ਰਹਿੰਦੇ ਹਨ। ਇਸਾਈ ਭਾਈਚਾਰੇ ਦੇ ਲੋਕ ਆਸ ਪਾਸ ਦੇ ਖੇਤਰਾਂ ਵਿਚ ਰਹਿੰਦੇ ਹਨ ਪਰ ਹਰ ਐਤਵਾਰ ਉਹ ਭਾਰੀ ਗਿਣਤੀ 'ਚ ਇਸ ਗਿਰਜਾ ਘਰ ਵਿਚ ਇਕੱਤਰ ਹੁੰਦੇ ਹਨ। ਅਜੇ ਤੱਕ ਕਿਸੇ ਵੀ ਅੱਤਵਾਦੀ ਗਰੁੱਪ ਨੇ ਇਸ ਹਮਲੇ ਦੀ ਜਿੰਮੇਵਾਰੀ ਨਹੀਂ ਲਈ ਹੈ। 

ਇਕ ਸ਼ਰਧਾਲੂ ਨੇ ਦੱਸਿਆ ਕਿ ਪਹਿਲਾਂ ਗਿਰਜਾ ਘਰ ਦੇ ਅੰਦਰ ਪਟਾਖਾ ਸੁੱਟਿਆ ਗਿਆ ਤੇ ਬਾਅਦ ਵਿਚ ਸ਼ਕਤੀਸ਼ਾਲੀ ਧਮਾਕਾ ਹੋਇਆ। ਸ਼ਹਿਰ ਦੇ ਐਸ.ਪੀ ਇਸਮਾਈਲ ਖਰਕ ਨੇ ਹਮਲੇ ਨੂੰ ਕੌਮੀ ਦੁਖਾਂਤ ਦਸਦਿਆਂ ਕਿਹਾ ਹੈ ਕਿ ਸਾਨੂੰ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਆਤਮਘਾਤੀ ਬੰਬ ਧਮਾਕਿਆਂ ਨੂੰ ਰੋਕਣਾ ਬਹੁਤ ਮੁਸ਼ਕਿਲ ਹੈ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਮ੍ਰਿਤਕਾਂ ਵਿਚ 3 ਤੋਂ 8 ਸਾਲ ਦੇ 4 ਬੱਚੇ ਵੀ ਸ਼ਾਮਿਲ ਹਨ। ਨਵਾਜ਼ ਸ਼ਰੀਫ ਵੱਲੋਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਉਪਰੰਤ ਪਾਕਿਸਤਾਨ ਵਿਚ ਹੋਇਆ ਇਹ ਸਭ ਤੋਂ ਵਧ ਭਿਆਨਕ ਨਸਲੀ ਹਮਲਾ ਹੈ। ਜਿਸ ਸਮੇਂ ਹਮਲਾ ਹੋਇਆ ਉਸ ਵੇਲੇ ਗਿਰਜਾ ਘਰ ਵਿਚ 700 ਦੇ ਆਸ ਪਾਸ ਸ਼ਰਧਾਲੂ ਮੌਜੂਦ ਸਨ। ਧਮਾਕਾ ਏਨਾ ਜਬਰਦਸਤ ਸੀ ਕਿ ਨਾਲ ਲੱਗਦੀਆਂ ਇਮਾਰਤਾਂ ਵੀ ਨੁਕਸਾਨੀਆਂ ਗਈਆਂ। ਨਵਾਜ਼ ਸ਼ਰੀਫ ਨੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਅੱਤਵਾਦੀਆਂ ਦਾ ਕੋਈ ਧਰਮ ਨਹੀਂ ਹੈ ਤੇ ਉਹ ਇਸਲਾਮ ਸਮੇਤ ਸਾਰੇ ਧਰਮਾਂ ਦੀ ਸਿੱਖਿਆ ਦੇ ਉਲਟ ਨਿਰਦੋਸ਼ ਲੋਕਾਂ ਦੀਆਂ ਜਾਨਾਂ ਲੈ ਰਹੇ ਹਨ। ਘਟਨਾ ਵਿਰੁੱਧ ਕੌਮਾਂਤਰੀ ਧਰਮ ਕੌਂਸਲ ਨੇ ਤਿੰਨ ਦਿਨਾ ਸੋਗ ਦਾ ਐਲਾਨ ਕੀਤਾ ਹੈ ਜਿਸ ਦੌਰਾਨ ਪੇਸ਼ਵਾਰ ਵਿਚਲੇ ਮਿਸ਼ਨਰੀ ਸਕੂਲ ਤੇ ਕਾਲਜ ਵੀ ਬੰਦ ਰਹਿਣਗੇ।




Archive

RECENT STORIES