Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਖਾੜਕੂਵਾਦ ਦੌਰਾਨ ਉਜਾੜ ਕੇ ਪੰਜਾਬੋਂ ਬਾਹਰ ਭਜਾਏ ਗਏ ਹਿੰਦੂਆਂ ਬਾਰੇ ਆਪਣਾ ਪੱਖ ਸਪੱਸ਼ਟ ਕਰੇ ਬਾਦਲ ਤੇ ਭਾਜਪਾ

Posted on September 22nd, 2013

ਇੰਗਲੈਂਡ ‘ਚ ਖਾਲਿਸਤਾਨ ਪੱਖੀ ਆਗੂਆਂ ਨੂੰ ਪੰਜਾਬ  ਆਉਣ  ਦਾ ਸੱਦਾ ਦੇਣ ਦੀ ਪੰਜਾਬ ਕਾਂਗਰਸ ਨੇ ਤਿੱਖੀ ਆਲੋਚਨਾ


ਜਲੰਧਰ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਵਲੋਂ ਇੰਗਲੈਂਡ ‘ਚ ਖਾਲਿਸਤਾਨ ਪੱਖੀ ਆਗੂਆਂ ਨੂੰ ਪੰਜਾਬ  ਆਉਣ  ਦਾ ਸੱਦਾ ਦੇਣ ਦੀ ਪੰਜਾਬ ਕਾਂਗਰਸ ਨੇ ਤਿੱਖੀ ਆਲੋਚਨਾ ਕੀਤੀ ਹੈ। 

ਪੰਜਾਬ ਕਾਂਗਰਸ ਦੀ ਤਰਜ਼ਮਾਨ ਨਿਮਿਸ਼ਾ ਮਹਿਤਾ ਨੇ ਦੋਸ਼ ਲਾਉਂਦਿਆਂ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਵਲੋਂ ਇਹ ਸੱਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਸ਼ਹਿ ‘ਤੇ ਦਿੱਤਾ ਗਿਆ ਹੈ ਤਾਂ ਜੋ ਪੰਜਾਬ ਦੇ ਹਿੰਦੂ ਸਮਾਜ ‘ਚ ਦਹਿਸ਼ਤ ਪੈਦਾ ਕਰਕੇ ਉਨ੍ਹਾਂ ਨੂੰ ਮੁੜ ਉਜਾੜਿਆ ਜਾ ਸਕੇ। ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਪੰਜਾਬ ‘ਚ ਜਦੋਂ-ਜਦੋਂ ਵੀ ਸੱਤਾ ਪ੍ਰਕਾਸ਼ ਸਿੰਘ ਬਾਦਲ ਕੋਲ ਆਈ ਹੈ, ਉਦੋਂ-ਉਦੋਂ ਹੀ ਪੰਜਾਬ ‘ਚ ਵੱਖਵਾਦੀ ਅਨਸਰਾਂ ਨੂੰ ਸਿੱਧੇ ਤੇ ਅਸਿੱਧੇ ਤੌਰ ‘ਤੇ ਸ਼ਹਿ ਦਿੱਤੀ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਖਾੜਕੂਵਾਦ ਸਮੇਂ ਜਿਹੜੇ ਨਿਰਦੋਸ਼ ਹਿੰਦੂ ਪਰਿਵਾਰਾਂ ਨੂੰ ਉਜਾੜਿਆ ਗਿਆ ਸੀ, ਉਨ੍ਹਾਂ ਦੇ ਮੁੜ ਵਸੇਬੇ ਦੀ ਗੱਲ ਕਦੇ ਵੀ ਬਾਦਲ ਨੇ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਧਾਨ  ਵਲੋਂ ਖਾੜਕੂ ਆਗੂਆਂ ਨੂੰ ਪੰਜਾਬ ਆਉਣ ਦਾ ਸੱਦਾ ਦੇਣ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਇਸ ਦੇ ਪਿੱਛੇ ਬਾਦਲਾਂ ਦੀ ਮਨਸ਼ਾ ਕੀ ਹੈ? 

ਉਨ੍ਹਾਂ ਕਿਹਾ ਕਿ  ਇਸ ਤੋਂ ਪਹਿਲਾਂ ਵੀ ਬਾਦਲਾਂ ਨੇ ਖਾੜਕੂਆਂ ਦੀਆਂ ਤਸਵੀਰਾਂ  ਸ੍ਰੀ ਦਰਬਾਰ ਸਾਹਿਬ ਵਿਚ ਟੰਗਵਾ ਕੇ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਕੇ ਇਹ ਸਾਫ ਕਰ ਦਿੱਤਾ ਸੀ ਕਿ ਅਕਾਲੀ ਸਰਕਾਰ ਖਾਲਿਸਤਾਨ ਲਹਿਰ ਨੂੰ  ਮੁੜ  ਸੁਰਜੀਤ  ਕਰਨਾ  ਚਾਹੁੰਦੀ ਹੈ। ਨਿਮਿਸ਼ਾ ਨੇ ਕਿਹਾ ਕਿ ਅਕਾਲੀ ਦਲ ਇਹ ਸਾਰੇ ਕੰਮ ਪੰਜਾਬੀ  ਹਿੰਦੂਆਂ ਨੂੰ ਉਜਾੜਨ ਲਈ ਕਰ ਰਿਹਾ ਹੈ ਤੇ ਭਾਜਪਾ ਲਾਲ ਬੱਤੀਆਂ ਤੇ ਸੱਤਾ ਸੁੱਖ ਦੀ ਮਿੱਠੀ ਗੋਲੀ ਲੈ ਕੇ ਬੈਠੀ ਹੈ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਪੰਜਾਬ ਦਾ ਮਾਹੌਲ  ਮੁੜ ਖਰਾਬ ਕੀਤਾ ਗਿਆ ਤਾਂ ਪੰਜਾਬ ਕਾਂਗਰਸ ਚੁੱਪ ਕਰਕੇ ਨਹੀਂ ਬੈਠੇਗੀ।  ਪੰਜਾਬ ਕਾਂਗਰਸ ਨੇ ਮੰਗ ਕੀਤੀ ਕਿ ਭਾਜਪਾ ਖਾਲਿਸਤਾਨ ਦੀ ਮੰਗ ਕਰਨ ਵਾਲਿਆਂ ਨੂੰ ਦਿੱਤੇ ਜਾ ਰਹੇ ਸੱਦਿਆਂ ਬਾਰੇ ਆਪਣਾ ਸਟੈਂਡ ਸਪੱਸ਼ਟ ਕਰੇ। 

ਉਨ੍ਹਾਂ ਭਾਜਪਾ ਨੂੰ ਸਵਾਲ ਕੀਤਾ ਕਿ ਖਾੜਕੂਵਾਦ ਦੌਰਾਨ ਸੂਬੇ ‘ਚੋਂ ਉਜਾੜੇ ਬੇਕਸੂਰ ਤੇ ਨਿਰਦੋਸ਼ ਹਿੰਦੂਆਂ ਬਾਰੇ ਧਾਰੀ ਗਈ ਚੁੱਪ ਬਾਰੇ ਲੋਕਾਂ ਨੂੰ ਦੱਸਣ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ‘ਚ ਸਦਭਾਵਨਾ ਬਣਾਈ  ਰੱਖਣ ਲਈ ਆਪਣੇ ਆਗੂਆਂ ਦੀਆਂ ਕੁਰਬਾਨੀਆਂ ਦਿੱਤੀਆਂ ਪਰ ਸੂਬੇ ਵਿਚ ਮੁੜ ਗੜਬੜ ਨਹੀਂ ਹੋਣ ਦੇਵੇਗੀ ਜੋ ਕਿ ਸ਼੍ਰੋਮਣੀ ਅਕਾਲੀ ਦਲ ਚਾਹੁੰਦਾ ਹੈ।



Archive

RECENT STORIES