Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪ੍ਰਧਾਨ ਮੰਤਰੀ ਮਨਮੋਹਣ ਸਿੰਘ ਦੇ ਵਾਸ਼ਿੰਗਟਨ ਆਉਣ ਤੇ ਸਿੱਖਾਂ ਨੇ ਕੀਤੀ ਇਨਸਾਫ ਰੈਲੀ

Posted on September 28th, 2013

ਵਾਸ਼ਿੰਗਟਨ ਦੀਆਂ ਹਵਾਵਾਂ ਨੂੰ ਇਨਕਲਾਬੀ ਕਿਣਕਿਆਂ ਦੀ ਛੂਹ ਮਿਲੀ

ਵਾਸ਼ਿੰਗਟਨ/ਡੇਲੀ ਬਿਉਰੋ/ਸਤੰਬਰ 27-2013;- ਸਿੱਖਾਂ ਦੀ ਨਸਲਕੁਸ਼ੀ ਦੀ ਜ਼ਿੰਮੇਵਾਰ ਕਾਂਗਰਸ ਪਾਰਟੀ ਦੇ ਆਗੂ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਦੇ ਵਾਸ਼ਿੰਗਟਨ ਆਉਣ ਤੇ ਉੱਤਰੀ ਅਮਰੀਕਾ ਦੇ ਸਿੱਖਾਂ ਨੇ ਜੰਮ ਕੇ ਨਾਹਰੇਬਾਜ਼ੀ ਕੀਤੀ ਅਤੇ ਮਨਮੋਹਣ ਸਿੰਘ ਨੂੰ ਸਿੱਖਾਂ ਦੇ ਕਾਤਲਾਂ ਨੂੰ ਬਚਾਊਣ ਦੇ ਜ਼ਿੰਮੇਵਾਰ ਠਹਿਰਾਉਂਦਿਆਂ "ਇੰਡੀਅਨ ਪ੍ਰਾਈਮ ਮਨਿਸਟਰ ਗੋ ਬੈਕ" ਦੇ ਨਾਹਰੇ ਲਾਏ। ਹਜ਼ਾਰ ਦੇ ਕਰੀਬ ਵੀਕਡੇਜ਼ ਵਿੱਚ ਇਕੱਤਰ ਹੋਏ ਸਿੱਖਾਂ ਵਿੱਚ ਉੱਤਰੀ ਅਮਰੀਕਾ ਦੀਆਂ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਮੈਂਬਰਾਂ ਤੋਂ ਇਲਾਵਾ ਪ੍ਰੀਵਾਰਾਂ ਸਮੇਤ ਲੋਕ ਆਏ ਹੋਏ ਸਨ।

ਸਮੇਂ ਅਨੁਸਾਰ ਠੀਕ 12 ਵਜ੍ਹੇ ਵਾਈਟ ਹਾਊਸ ਦੇ ਸਾਹਮਣੇ ਲਾਫਾਇਤ ਪਾਰਕ ਵਿੱਚ ਸਿੱਖਾਂ ਦਾ ਤਾਂਤਾ ਲੱਗਣਾ ਸ਼ੁਰੂ ਹੋ ਗਿਆ। ਇਥੇ ਕੁੱਝ ਕੁ ਪਲ੍ਹਾਂ ਵਿੱਚ ਬੱਸਾਂ ਰਾਹੀਂ ਹਜ਼ਾਰ ਤੇ ਕਰੀਬ ਸਿੱਖ ਪੁੱਜ ਗਏ। ਵਾਈਟ ਹਾਊਸ, ਅੰਦਰ ਰਾਸ਼ਟਰਪਤੀ ਬਾਰਾਕ ਓਬਾਮਾ ਵਲੋਂ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਨੂੰ ਲੰਚ ਦਿੱਤਾ ਜਾ ਰਿਹਾ ਸੀ ਅਤੇ 100 ਫੁੱਟ ਦੀ ਦੂਰੀ ਤੇ ਸਿੱਖਾਂ ਵਲੋਂ ਜੰਮ ਕੇ ਨਾਹਰੇਬਾਜੀ ਕੀਤੀ ਜਾ ਰਹੀ ਸੀ। ਪੁਲੀਸ ਨੇ ਵਾਈਟ ਹਾਊਸ ਦੇ ਸਾਹਮਣੇ ਸਕਿਊਰਟੀ ਲਈ ਸੜਕ ਬੰਦ ਕੀਤੀ ਹੋਈ ਸੀ ਜਿਸ ਸਦਕਾ ਸਿੱਖਾਂ ਦੀ ਕਲੀਅਰ ਆਵਾਜ਼ਾਂ ਵਾਈਟ ਹਾਊਸ ਦੀਆਂ ਚਿੱਟੀਆਂ ਕੰਧਾਂ ਨਾਲ ਟਕਰਾਅ ਰਹੀਆਂ ਸਨ। ਕਈ ਵਾਰ ਵਾਈਟ ਹਾਊਸ ਦਾ ਮੁੱਖ ਦਰਵਾਜਾ ਵੀ ਖੁੱਲਦਾ ਰਿਹਾ,ਜਿਸ ਰਾਹੀਂ ਖਾਲਿਸਤਾਨ ਜ਼ਿੰਦਾਬਾਦ ਦੇ ਅਕਾਸ਼ ਗੁੰਜਾਊ ਨਾਹਰਿਆਂ ਨੇ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਦੇ ਕੰਨਾਂ ਨਾਲ ਵੀ ਜੱਫੀਆਂ ਪਾਈਆਂ।

ਇਥੇ ਭਾਰਤ ਸਰਕਾਰ ਦੇ ਏਜੰਟ ਸ਼ਰੇਆਮ ਇਸ ਇਨਸਾਫ ਰੈਲੀ ਦੀਆਂ ਫੋਟੂਆਂ ਖਿੱਚ ਅਤੇ ਵੀਡੀਓ ਬਣਾ ਰਹੇ ਸਨ ਅਤੇ ਸਿੱਖ ਬੇਖੌਫ ਹੋ ਕੇ ਉਨ੍ਹਾਂ ਨੂੰ ਵੀ ਤੱਤ ਤੱਤਾ ਕੜਾਅ ਪ੍ਰੋਸ ਰਹੇ ਸਨ। ਵਾਈਟ ਹਾਊਸ ਦਾ ਆਪਣਾ ਫੋਟੋਗਰਾਫਰ ਅਤੇ ਕਈ ਖੁਫੀਆ ਏਜੰਟ ਸ਼ਰੇਆਮ ਇਸ ਰੈਲੀ ਨੂੰ ਕੈਪਚਰ ਕਰਦੇ ਵੇਖੇ ਗਏ, ਜਿਸਦਾ ਸਿੱਖ ਸੰਗਤ ਨੇ ਗੁੱਸਾ ਨਹੀਂ ਮਨਾਇਆ ਸਗੋਂ ਉਨ੍ਹਾਂ ਨਾਲ ਗੱਲ ਕਰਕੇ ਹੋਰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ।

ਵਾਸ਼ਿੰਗਟਨ ਤੋਂ ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਬੁਲਾਰੇ ਡਾ. ਅਮਰਜੀਤ ਸਿੰਘ ਨੇ ਇਸ ਮੌਕੇ ਭਾਰਤ ਸਰਕਾਰ ਵਲੋਂ ਘੱਟ ਗਿਣਤੀ ਕੌਮਾਂ ਨਾਲ ਕੀਤੀ ਜਾ ਰਹੀ ਬਦਸਲੂਕੀ ਦਾ ਤੱਥਾਂ ਸੰਗ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਸਿੱਖ ਕੌਮ ਦੇ ਹਜ਼ਾਰਾਂ ਨੌਜੁਆਨਾਂ ਨੂੰ ਕੋਹ ਕੋਹ ਕੇ ਮਾਰਨ ਦੀ ਜ਼ਿੰਮੇਵਾਰ ਕਾਂਗਰਸ ਸਰਕਾਰ ਦੇ ਨੁਮਾਇੰਦੇ ਮਨਮੋਹਣ ਸਿੰਘ ਨੂੰ ਅਮਰੀਕਾ ਵਿੱਚ ਆਉਣ ਦੀ ਇਜਾਜ਼ਤ ਨਹੀਂ ਸੀ ਹੋਣੀ ਚਾਹੀਦੀ। ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਆਏ ਸਾਲ ਨਵੇਂ ਮੁਲਕ ਹੋਂਦ ਵਿੱਚ ਆ ਰਹੇ ਹਨ। ਵੱਖ ਵੱਖ ਥਾਵਾਂ ਤੇ ਰਾਏਸੁਮਾਰੀ ਕਰਵਾਈ ਜਾਂਦੀ ਹੈ ਅਤੇ ਲੋਕਾਂ ਦੀ ਇੱਛਾ ਅਨੁਸਾਰ ਮੁਲਕ ਘੜੇ ਜਾਂਦੇ ਹਨ, ਤਾਂ ਪੰਜਾਬ ਵਿੱਚ ਰਾਏਸ਼ੁਮਾਰੀ ਕਿਊਂ ਨਹੀਂ ਕਰਵਾਈ ਜਾਂਦੀ, ਤਾਂ ਕਿ ਸਿੱਖ ਆਪਣੇ ਭਵਿੱਖ ਦਾ ਆਪ ਫੈਸਲਾ ਕਰ ਸਕਣ।

ਸੁਖਮਿੰਦਰ ਸਿੰਘ ਹੰਸਰਾ ਨੇ ਬੋਲਦਿਆਂ ਕਿਹਾ ਕਿ ਅਮਰੀਕਾ ਵਲੋਂ ਸੰਸਾਰ ਭਰ ਵਿੱਚ ਮਨੁੱਖੀ ਅਧਿਕਾਰਾਂ ਦਾ ਡੰਕਾ ਵਜਾਇਆ ਜਾਂਦਾ ਹੈ, ਮਨਮੋਹਣ ਸਿੰਘ, ਜਿਸਦਾ ਦੇਸ਼ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਕਰਨ ਦਾ ਹੀ ਦੋਸ਼ੀ ਨਹੀਂ ਬਲਕਿ ਇਹ ਘੱਟ ਗਿਣਤੀ ਲੋਕਾਂ ਦਾ ਸ਼ਰੇਆਮ ਘਾਣ ਕਰਨ ਲਈ ਮਸ਼ਹੂਰ ਹੈ। ਉਨ੍ਹਾਂ ਕਿਹਾ ਕਿ ਘੱਟ ਗਿਣਤੀ ਲੋਕਾਂ ਵਿੱਚ ਸਿੱਖਾਂ ਤੋਂ ਇਲਾਵਾ ਮੁਸਲਮਾਨ, ਈਸਾਈ ਅਤੇ ਦਲਿਤ ਵਰਗ ਨੇ ਇਸ ਖੂਨੀ ਸਰਕਾਰ ਦੇ ਜ਼ੁਲਮੀ ਕੁਹਾੜਿਆਂ ਦੇ ਵਾਰ ਸਹੇ ਹਨ।

ਸਿੱਖਸ ਫਾਰ ਜਸਟਿਸ ਵਲੋਂ ਆਰਗੇਨਾਈਜ਼ ਕੀਤੀ ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਨੌਜੁਆਨ ਵਰਗ ਸ਼ਾਮਲ ਹੋਇਆ ਜਿੰਨ੍ਹਾਂ ਨੇ ਇਸ ਰੈਲੀ ਵਿੱਚ ਗਹਿ ਗੱਡਵਾਂ ਜੋਸ਼ ਭਰਿਆ। ਨੌਜੁਆਨ ਬੱਚੇ ਬੱਚੀਆਂ ਐਸੀ ਜੰਮ ਕੇ ਨਾਹਰੇਬਾਜ਼ੀ ਕੀਤੀ ਕਿ ਵਾਈਟ ਹਾਊਸ ਦੀਆਂ ਕੰਧਾਂ ਕੰਬਣ ਲੱਗ ਗਈਆਂ। ਇੱਕ ਨੌਜੁਆਨ ਨੇ ਰਾਸ਼ਟਰਪਤੀ ਓਬਾਮਾ ਨੂੰ ਸੰਬੋਧਤ ਹੁੰਦਿਆਂ ਕਿਹਾ ਕਿ ਅਸੀਂ ਪ੍ਰੈਜੀਡੈਂਟ ਅਤੇ ਅਮਰੀਕਾ ਦੀ ਮਦਦ ਕਰਦੇ ਹਾਂ। ਅਸੀਂ ਓਬਾਮਾ ਦੀਆਂ ਚੋਣਾਂ ਵਿੱਚ ਵਲੰਟੀਅਰ ਕੰਮ ਕੀਤਾ, ਡੋਨੇਸ਼ਨਾਂ ਦਿੱਤੀਆਂ, ਪਰ ਅਸੀਂ ਅੱਜ ਪ੍ਰੈਜੀਡੈਂਟ ਓਬਾਮਾ ਨੂੰ ਕਹਿਣਾ ਚਾਹੁੰਦੇ ਹਾਂ ਕਿ ਅਗਰ ਅਸੀਂ ਇਰਾਕ, ਅਫਗਾਨਿਸਤਾਨ, ਸੀਰੀਆ ਅਤੇ ਹੋਰ ਮੁਲਕਾਂ ਤੇ ਹਮਲੇ ਕਰਨ ਜਾਂਦੇ ਹਾਂ ਤਾਂ ਕਿ ਉਥੇ ਡੈਮੋਕਰੇਸੀ ਸਥਾਪਤ ਕੀਤੀ ਜਾ ਸਕੇ, ਫੇਰ ਭਾਰਤ ਜਿਥੇ ਡੈਮੋਕਰੇਸੀ ਦਾ ਢੌਂਗ ਰਚਿਆ ਜਾਂਦਾ ਹੈ, ਉਸ ਬਾਰੇ ਪ੍ਰੈਜੀਡੈਂਟ ਓਬਾਮਾ ਕੀ ਕਰਦੇ ਹਨ।

ਸ. ਬੂਟਾ ਸਿੰਘ ਖੜੌਦ ਨੇ ਕਿਹਾ ਕਿ ਕੌਮਾਂ ਦਾ ਸੰਘਰਸ਼ ਅਜਿਹੇ ਇਕੱਠਾ ਦੀ ਨਿਆਈਂ ਹੁੰਦਾ ਹੈ। ਅੱਜ ਦਾ ਇਕੱਠ ਦੁਨੀਆਂ ਭਰ ਦੇ ਲੋਕਾਂ ਨੂੰ ਸੰਦੇਸ਼ ਦਿੰਦਾ ਹੈ ਕਿ ਸਿੱਖਾਂ ਦਾ ਭਾਰਤ ਵਿੱਚ ਦਮ ਘੁੱਟਦਾ ਹੈ। ਸਿੱਖ ਆਜ਼ਾਦੀ ਲਈ ਤਿਆਰ ਹਨ। ਸਿੱਖਾਂ ਦਾ ਆਪਣਾ ਦੇਸ਼ "ਖਾਲਿਸਤਾਨ" ਆਜ਼ਾਦ ਹੋਣਾ ਚਾਹੀਦਾ ਹੈ।ਵਾਸ਼ਿੰਗਟਨ ਦੇ ਵਾਈਟ ਹਾਊਸ ਸਾਹਮਣੇ ਸਿੱਖਾਂ ਵਲੋਂ ਕੀਤੀ ਇਨਸਾਫ ਰੈਲੀ ਨੇ ਵਾਈਟ ਹਾਊਸ ਅੰਦਰ ਬੈਠੇ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਦਾ ਕੱਦ ਬੌਣਾ ਬਣਾ ਕੇ ਰੱਖ ਦਿੱਤਾ ਹੈ। ਨਿਰਸੰਦੇਹ ਅੱਜ ਦੇ ਇਕੱਠ ਤੋਂ ਬਾਅਦ ਮਨਮੋਹਣ ਸਿੰਘ ਦੇ ਬੋਲਦਿਆਂ ਬੁਲ੍ਹ ਕੰਭਦੇ ਹੋਣਗੇ, ਉਸ ਨੂੰ ਪਾਣੀ ਦਾ ਗਲਾਸ ਚੁੱਕ ਕੇ ਪੀਣਾ ਔਖਾ ਲੱਗ ਰਿਹਾ ਹੋਵੇਗਾ, ਕਿਉਂਕਿ ਉਹ ਆਪਣੇ ਆਪ ਨੂੰ ਇੱਕ ਚੰਗੇ ਸਿੱਖ ਆਗੂ ਵਜੋਂ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਸਿੱਖ ਕੌਮ ਬਾਹਰ ਉਸਨੂੰ "ਭਾਰਤੀ ਕੁੱਤਾ" ਕਹਿ ਕੇ ਸੰਬੋਧਤ ਹੋ ਰਹੀ ਹੈ।

ਇਸ ਇਨਸਾਫ ਰੈਲੀ ਵਿੱਚ ਲੱਗੇ ਕੌਮੀ ਨਾਹਰਿਆਂ ਨੇ ਵਾਸ਼ਿੰਗਟਨ ਦੀਆਂ ਹਵਾਵਾਂ ਵਿੱਚ ਇਨਕਲਾਬੀ ਧੁੰਨਾਂ ਰੁਣਕਣ ਲਾ ਦਿੱਤੀਆਂ ਹਨ। ਇਹ ਨਾਹਰੇ ਸਨ; "ਇੰਡੀਆ ਆਊਟ ਆਫ ਖਾਲਿਸਤਾਨ" "ਲੈ ਕੇ ਰਹਾਂਗੇ ਖਾਲਿਸਤਾਨ" "ਖਾਲਿਸਤਾਨ ਜ਼ਿੰਦਾਬਾਦ" "ਸਿੱਖਸ ਵਾਂਟ ਜਸਟਿਸ" "ਹੂ ਇਜ ਰੇਪਿਸਟ ਇੰਡੀਅਗ ਗਵਰਨਮੈਂਟ" "ਹੂ ਇਜ ਕਿਲਰ ਇੰਡੀਅਨ ਗਵਰਨਮੈਂਟ" "ਹੂ ਇਜ ਹਿਊਮਨ ਰਾਈਟਸ ਵਾਏਲੇਟਰ ਇੰਡੀਅਨ ਗਵਰਨਮੈਂਟ"  "ਪ੍ਰਾਈਮ ਮਨਿਸਟਰ ਮਨਮੋਹਣ ਸਿੰਘ ਗੋ ਬੈਕ" "ਇੰਡੀਅਨ ਪਪਟ ਗੋ ਬੈਕ" "ਮਨਹੋਹਣ ਸਿੰਘ ਇੱਜ਼ ਇੰਡੀਅਨ ਪਪਟ"।

ਲਗਾਤਾਰ ਚਾਰ ਘੰਟੇ ਸੰਸਾਰ ਭਰ ਦੇ ਮੀਡੀਏ ਨੂੰ ਆਪਣੀ ਗੱਲਬਾਤ ਦੱਸਣ ਤੋਂ ਬਾਅਦ ਇਨਸਾਫ ਰੈਲੀ ਰੁਖਸਤ ਹੋਈ। ਸਮੁੱਚੀ ਕੌਮ ਦੇ ਇਸ ਸਫਲ ਮੁਜਾਹਰੇ ਤੋਂ ਬਾਅਦ ਹਰ ਇੱਕ ਨੂੰ ਇਸ ਗੱਲ ਦੀ ਸੰਤੁਸ਼ਟੀ ਸੀ ਕਿ ਅਮਰੀਕੀ ਪ੍ਰਸਾਸ਼ਨ ਅੱਜ ਦੀ ਇਨਸਾਫ ਰੈਲੀ ਤੋਂ ਬਾਅਦ ਸੋਚਣ ਤੋਂ ਮਜਬੂਰ ਜਰੂਰ ਹੋਵੇਗਾ।ਇਸ ਰੈਲੀ ਵਿੱਚ ਸਿੱਖਸ ਫਾਰ ਜਸਟਿਸ ਵਲੋ ਮਨਮੋਹਣ ਸਿੰਘ ਦੇ ਅਦਾਲਤੀ ਸੰਮਨ ਜਾਰੀ ਕਰਵਾਊਣ ਦੀ ਸ਼ਲਾਘਾ ਕੀਤੀ ਗਈ। ਇੱਕ ਰਿਪੋਰਟ ਅਨੁਸਾਰ ਅਮਰੀਕਾ ਅਤੇ ਕੈਨੇਡਾ ਦੇ ਅਕਾਲੀ ਅਤੇ ਕਾਂਗਰਸੀਆਂ ਨੇ ਰਲ ਕੇ ਮਨਮੋਹਣ ਖਿਲਾਫ ਕੀਤੀ ਗਈ ਰੈਲੀ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ।



Archive

RECENT STORIES