Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਰੀ 'ਚ ਗੈਰ-ਕਾਨੂੰਨੀ ਬੇਸਮੈਂਟਾਂ ਵਾਲੇ ਸਾਵਧਾਨ - ਫੜੇ ਜਾਣ 'ਤੇ 1000 ਡਾਲਰ ਜ਼ੁਰਮਾਨਾ ਹੋਵੇਗਾ

Posted on September 28th, 2013

ਸਰੀ (ਗੁਰਪ੍ਰੀਤ ਸਿੰਘ ਸਹੋਤਾ) - 'ਸਿਟੀ ਆਫ ਸਰੀ' ਵਲੋਂ ਸ਼ਹਿਰ ਦੇ ਕੁਝ ਘਰਾਂ 'ਚ ਗੈਰ-ਕਾਨੂੰਨੀ ਢੰਗ ਨਾਲ ਬਣਾਈਆਂ ਗਈਆਂ ਬੇਸਮੈਂਟਾਂ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਲਈ ਗਈ ਹੈ। ਜਿਨ੍ਹਾਂ ਘਰਾਂ ਦੇ ਮਾਲਕਾਂ ਨੇ ਇੱਕ ਬੇਸਮੈਂਟ 'ਸਿਟੀ ਆਫ ਸਰੀ' ਪਾਸ ਰਜਿਸਟਰ ਕਰਵਾਈ ਹੋਈ ਹੈ, ਪਰ ਦੂਜੀ ਬੇਸਮੈਂਟ ਗੈਰ-ਕਾਨੂੰਨੀ ਤਰੀਕੇ ਨਾਲ ਕਿਰਾਏ 'ਤੇ ਚੜ੍ਹਾਈ ਹੋਈ ਹੈ, ਉਨ੍ਹਾਂ ਨੂੰ ਆਉਣ ਵਾਲੇ ਸਮੇਂ 'ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਬਸ਼ਰਤੇ ਕਿ ਇਹ ਲੋਕ ਇੱਕਮੁੱਠ ਹੋ ਕੇ 'ਸਿਟੀ ਆਫ ਸਰੀ' ਤੱਕ ਲਾਬਿੰਗ ਕਰਕੇ ਕੋਈ ਕਾਨੂੰਨੀ ਰਾਹ ਕੱਢ ਲੈਣ।

'ਸਿਟੀ ਆਫ ਸਰੀ' ਵਲੋਂ ਫਰਵਰੀ 2014 ਤੋਂ ਸ਼ਹਿਰ 'ਚ ਸਥਿਤ ਗੈਰ-ਕਾਨੂੰਨੀ ਬੇਸਮੈਂਟਾਂ ਦੇ ਮਾਲਕਾਂ ਤੋਂ 1000 ਡਾਲਰ ਜ਼ੁਰਮਾਨਾ ਵਸੂਲਣ ਦੀ ਗੱਲ ਕਹੀ ਗਈ ਹੈ। ਇਸ ਲਈ ਮੋਹਲਤ ਦਿੱਤੀ ਹੈ ਕਿ ਫਰਵਰੀ 2014 ਤੋਂ ਪਹਿਲਾਂ-ਪਹਿਲਾਂ ਜਿਨ੍ਹਾਂ ਲੋਕਾਂ ਨੇ ਆਪਣੀ ਬੇਸਮੈਂਟ ਰਜਿਸਟਰ ਨਹੀਂ ਕਰਵਾਈ, ਉਹ ਕਰਵਾ ਲੈਣ। ਇਹ ਗੱਲ ਧਿਆਨ 'ਚ ਰੱਖਣ ਵਾਲੀ ਹੈ ਕਿ ਸਰੀ ਵਿੱਚ ਕਾਨੂੰਨਨ ਹਰੇਕ ਘਰ 'ਚ ਕੇਵਲ ਇੱਕ ਹੀ ਬੇਸਮੈਂਟ ਬਣਾਈ ਜਾ ਸਕਦੀ ਹੈ, ਜਿਸ ਦਾ ਵੱਧ ਤੋਂ ਵੱਧ ਅਕਾਰ 968 ਸੁਕੇਅਰ ਫੁੱਟ ਹੋ ਸਕਦਾ ਹੈ। ਪਰ ਸਰੀ ਦੇ ਬਹੁਤ ਸਾਰੇ ਘਰ ਅਜਿਹੇ ਹਨ, ਜਿਨ੍ਹਾਂ 'ਚ ਦੋ-ਦੋ ਬੇਸਮੈਂਟਾਂ ਹਨ। ਕਈਆਂ ਨੇ ਤਾਂ 2 ਤੋਂ ਵੱਧ ਬੇਸਮੈਂਟਾਂ ਵੀ ਬਣਾਈਆਂ ਹੋਈਆਂ ਹਨ। 'ਸਿਟੀ ਆਫ ਸਰੀ' ਲਈ ਇਹ ਪਤਾ ਕਰਨਾ ਔਖਾ ਨਹੀਂ ਕਿ ਕਿਨ੍ਹਾਂ-ਕਿਨ੍ਹਾਂ ਘਰਾਂ 'ਚ ਦੋ-ਦੋ ਬੇਸਮੈਂਟਾਂ ਹਨ ਕਿਉਂਕਿ ਅਕਸਰ ਘਰ ਨੂੰ ਵੇਚਣ ਵੇਲੇ ਮਾਲਕ ਦੇ ਆਖੇ 'ਤੇ ਰਿਐਲਟਰ ਵਲੋਂ ਇਸ਼ਤਿਹਾਰਾਂ ਅਤੇ ਐਮਐਲ਼ ਐਸ ਲਿਸਟਿੰਗਜ਼ 'ਚ ਦੱਸਿਆ ਹੁੰਦਾ ਹੈ ਕਿ ਘਰ 'ਚ ਆਹ-ਆਹ ਖੂਬੀਆਂ ਹਨ, ਜਿਨ੍ਹਾਂ 'ਚ ਦੋ-ਦੋ ਬੇਸਮੈਂਟਾਂ ਦਾ ਜ਼ਿਕਰ ਵੀ ਕੀਤਾ ਹੁੰਦਾ ਹੈ। ਇਸ ਤੋਂ ਇਲਾਵਾ ਬਹੁਤੀ ਵਾਰ ਇੱਕੋ ਘਰ 'ਚ ਕੇਬਲ, ਇੰਟਰਨੈਟ ਜਾਂ ਫੋਨ ਦੇ ਬਿੱਲ ਤਿੰਨ ਵੱਖ-ਵੱਖ ਨਾਵਾਂ 'ਤੇ ਆਉਂਦੇ ਹਨ, ਜੋ ਸਾਬਤ ਕਰਦੇ ਹਨ ਕਿ ਇਸ ਘਰ 'ਚ ਤਿੰਨ ਪਰਿਵਾਰ ਰਹਿ ਰਹੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਫਰਵਰੀ 2014 ਤੋਂ ਬਾਅਦ ਸਿਟੀ ਦੇ ਬਾਈ ਲਾਅਜ਼ ਅਧਿਕਾਰੀ ਸ਼ਿਕਾਇਤ ਦੇ ਆਧਾਰ 'ਤੇ ਜਾਂ ਵੈਸੇ ਵੀ ਕਿਸੇ ਵੀ ਘਰ ਦਾ ਨਿਰੀਖਣ ਕਰ ਸਕਦੇ ਹਨ। ਦੋ ਬੇਸਮੈਂਟਾਂ ਫੜੇ ਜਾਣ ਦੀ ਸੂਰਤ ਵਿੱਚ ਘਰ ਦੇ ਮਾਲਕ ਨੂੰ 1000 ਡਾਲਰ ਜ਼ੁਰਮਾਨਾ ਕੀਤਾ ਜਾਵੇਗਾ ਅਤੇ ਜੇਕਰ ਉਸ ਵਲੋਂ ਦੂਜੀ ਬੇਸਮੈਂਟ ਸੁਈਟ ਬੰਦ ਨਹੀਂ ਕੀਤੀ ਜਾਂਦੀ ਅਤੇ ਦੁਬਾਰਾ ਚੈਕਿੰਗ ਦੌਰਾਨ ਪਤਾ ਲੱਗ ਜਾਂਦਾ ਹੈ ਕਿ ਦੂਜੀ ਬੇਸਮੈਂਟ ਹਾਲੇ ਵੀ ਕਿਰਾਏ 'ਤੇ ਦਿੱਤੀ ਹੋਈ ਹੈ ਤਾਂ ਘਰ ਦੇ ਮਾਲਕ ਨੂੰ ਅਦਾਲਤ 'ਚ ਘਸੀਟਿਆ ਜਾ ਸਕਦਾ ਹੈ, ਬਿਲਕੁਲ ਉਵੇਂ, ਜਿਵੇਂ ਹੁਣ ਗੈਰ-ਕਾਨੂੰਨੀ ਤਰੀਕੇ ਨਾਲ ਵਧਾਏ ਹੋਏ ਘਰਾਂ ਦੇ ਮਾਲਕਾਂ ਨੂੰ ਘਸੀਟਿਆ ਗਿਆ ਹੈ। ਕੇਸ ਅਦਾਲਤ ਵਿੱਚ ਚਲੇ ਜਾਣ 'ਤੇ ਘਰ ਦੇ ਮਾਲਕ ਦੀਆਂ ਪ੍ਰੇਸ਼ਾਨੀਆਂ ਵਧ ਜਾਂਦੀਆਂ ਹਨ ਕਿਉਂਕਿ ਅਦਾਲਤ ਵਲੋਂ ਘਰ ਦੇ ਰਿਕਾਰਡ 'ਤੇ ਇਹ ਲਿਖਤੀ ਪਾ ਦਿੱਤਾ ਜਾਂਦਾ ਹੈ ਕਿ ਇਸ ਘਰ ਸਬੰਧੀ ਮੁਕੱਦਮਾ ਚੱਲ ਰਿਹਾ ਹੈ, ਜੋ ਵੀ ਇਸ ਘਰ ਨੂੰ ਖਰੀਦੇਗਾ, ਉਹ ਇਸ ਮੁਕੱਦਮੇ ਲਈ ਜ਼ਿੰਮੇਵਾਰ ਹੋਵੇਗਾ। ਅਜਿਹੀ ਹਾਲਤ 'ਚ ਘਰ ਵੇਚਣਾ ਅਸੰਭਵ ਜਿਹਾ ਹੀ ਹੋ ਜਾਂਦਾ ਹੈ।

ਇਸ ਮਾਮਲੇ ਸਬੰਧੀ ਗੱਲਬਾਤ ਕਰਦਿਆਂ ਕੌਂਸਲਰ ਟੌਮ ਗਿੱਲ ਨੇ ਕਿਹਾ ਕਿ ਉਨ੍ਹਾਂ ਬਹੁਤ ਮਿਹਨਤ ਕਰਕੇ ਦੋ ਮਸਲੇ ਹੱਲ ਕਰਵਾਏ ਹਨ, ਜਿਨ੍ਹਾਂ 'ਚੋਂ ਇੱਕ ਘਰਾਂ ਦਾ ਅਕਾਰ ਵਧਾਉਣਾ ਤੇ ਦੂਜਾ ਇੱਕ ਬੇਸਮੈਂਟ ਨੂੰ ਕਾਨੂੰਨੀ ਮਾਨਤਾ ਦਿਵਾਉਣਾ। ਹੁਣ ਆਮ ਲਾਟਾਂ 'ਤੇ 600 ਤੋਂ ਲੈ ਕੇ 1000 ਸੁਕੇਅਰ ਫੁੱਟ ਤੱਕ ਘਰ ਦਾ ਆਕਾਰ ਵਧਾ ਦਿੱਤਾ ਗਿਆ ਹੈ ਪਰ ਇਹ ਨਾ ਹੋਵੇ ਕਿ ਲੋਕ ਇਸ ਵਧੇ ਹੋਏ ਅਕਾਰ ਨੂੰ ਇੱਕ ਹੋਰ ਬੇਸਮੈਂਟ ਸੁਈਟ ਬਣਾਉਣ ਲਈ ਵਰਤਣ ਲੱਗ ਜਾਣ, ਇਸ ਲਈ ਸਿਟੀ ਵਲੋਂ ਪਹਿਲਾਂ ਹੀ ਤਿਆਰੀ ਵਿੱਢੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰੇਕ ਇਲਾਕੇ 'ਚ ਘਰਾਂ ਦੇ ਹਿਸਾਬ ਨਾਲ ਸਕੂਲ, ਪਾਰਕ, ਰੈੱਕ ਸੈਂਟਰ ਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਪਰ ਕਈ ਇਲਾਕਿਆਂ 'ਚ ਕਾਗਜ਼ਾਂ 'ਚ 1000 ਪਰਿਵਾਰ ਰਹਿੰਦੇ ਹਨ ਪਰ ਗੈਰ-ਕਾਨੂੰਨੀ ਬੇਸਮੈਂਟਾਂ ਕਾਰਨ ਅਸਲੀਅਤ 'ਚ ਉੱਥੇ ਰਹਿਣ ਵਾਲੇ ਲੋਕਾਂ ਦੀ ਗਿਣਤੀ 15-16 ਸੌ ਹੁੰਦੀ ਹੈ। ਅਜਿਹੇ ਵਿੱਚ ਸਕੂਲਾਂ 'ਚ ਕਲਾਸਾਂ ਦਾ ਅਕਾਰ ਵਧ ਜਾਂਦਾ ਹੈ ਤੇ ਕਲਾਸਾਂ ਟਰੇਲਰ ਹਾਊਸਾਂ 'ਚ ਲਗਾਉਣੀਆਂ ਪੈਂਦੀਆਂ ਹਨ। ਬਾਕੀ ਸਹੂਲਤਾਂ 'ਤੇ ਵੀ ਇਸ ਦਾ ਇੰਝ ਹੀ ਪ੍ਰਭਾਵ ਪੈਂਦਾ ਹੈ। ਦੂਜੀ ਵੱਡੀ ਗੱਲ ਸੁਰੱਖਿਆ ਦੀ ਹੈ। ਗੈਰ-ਕਾਨੂੰਨੀ ਤਰੀਕੇ ਨਾਲ ਬਣੀਆਂ ਬੇਸਮੈਂਟਾਂ ਬਿਲਡਿੰਗ ਕੋਡ ਅਨੁਸਾਰ ਨਹੀਂ ਬਣੀਆਂ ਹੁੰਦੀਆਂ। ਅੱਗ ਲੱਗਣ ਜਾਂ ਹੋਰ ਹਾਦਸੇ ਦੀ ਸੂਰਤ 'ਚ ਇਹ ਜਗ੍ਹਾ ਬਹੁਤ ਹੀ ਅਸੁਰੱਖਿਅਤ ਸਾਬਤ ਹੋ ਸਕਦੀ ਹੈ। ਇੱਕ ਚੰਗੇ ਸ਼ਹਿਰੀ ਹੋਣ ਦੇ ਨਾਤੇ ਸਭ ਨੂੰ ਇਸ ਪਾਸੇ ਸੋਚਣ ਦੀ ਲੋੜ ਹੈ।

ਕੌਂਸਲਰ ਬਰਿੰਦਰ ਰਸੋਡੇ ਨੇ ਇਸ ਮਸਲੇ 'ਤੇ ਗੱਲ ਕਰਦਿਆਂ ਕਿਹਾ ਕਿ ਉਹ ਸਿਟੀ ਹਾਲ ਵਿੱਚ ਸ਼ਹਿਰ ਦੇ ਲੋਕਾਂ ਦੀ ਨੁਮਾਇੰਦਗੀ ਕਰਦੇ ਹਨ। ਉਹ ਜਾਣਦੇ ਹਨ ਕਿ ਬੇਸਮੈਂਟਾਂ ਮੌਰਗੇਜ ਚੁੱਕਣ ਲਈ ਸਹਾਈ ਹੁੰਦੀ ਹਨ ਅਤੇ ਸਾਨੂੰ ਸਰੀ 'ਚ ਹੋਰ ਸਸਤੇ ਕਿਰਾਏ ਦੇ ਘਰਾਂ ਦੀ ਲੋੜ ਹੈ ਪਰ ਇਸ ਲਈ ਸੁਰੱਖਿਆ ਨੂੰ ਦਾਅ 'ਤੇ ਨਹੀਂ ਲਗਾਇਆ ਜਾ ਸਕਦਾ। ਵੇਖਣ ਨੂੰ ਮਿਲਦਾ ਹੈ ਕਿ ਬਹੁਤੇ ਲੋਕ ਆਪਣੀ ਗੱਡੀ ਗੈਰਾਜ 'ਚ ਖੜ੍ਹੀ ਨਹੀਂ ਕਰਦੇ, ਜਿਸ ਕਾਰਣ ਸੜਕਾਂ 'ਤੇ ਭੀੜ ਵਧ ਜਾਂਦੀ ਹੈ ਅਤੇ ਪਾਰਕਿੰਗ ਦੀ ਸਮੱਸਿਆ ਵੀ ਬਹੁਤ ਆਉਂਦੀ ਹੈ। ਟੌਮ ਗਿੱਲ ਤੇ ਬਰਿੰਦਰ ਰਸੋਡੇ ਨਾਲ ਗੱਲਬਾਤ ਕਰਨ 'ਤੇ ਇਹੀ ਜਾਪਿਆ ਕਿ ਉਹ ਇਸ ਮਸਲੇ ਨੂੰ ਹੱਲ ਕਰਨ ਲਈ ਸੰਜੀਦਾ ਹਨ ਤੇ ਅਜਿਹਾ ਚਾਹੁੰਦੇ ਹਨ ਕਿ ਇਸ ਦਾ ਕੋਈ ਕਾਨੂੰਨੀ ਹੱਲ ਨਿੱਕਲੇ, ਜਿਸ ਨਾਲ ਬੇਸਮੈਂਟਾਂ ਬਿਲਡਿੰਗ ਕੋਡ ਦੇ ਹਿਸਾਬ ਨਾਲ ਸੁਰੱਖਿਅਤ ਵੀ ਹੋਣ।

ਕੁਝ ਅਰਸਾ ਪਹਿਲਾਂ ਸਰੀ ਦੇ ਦੋ ਇਲਾਕਿਆਂ 'ਚ ਕੁਝ ਨਿਵਾਸੀਆਂ ਨੇ ਇਕੱਠੇ ਹੋ ਕੇ ਆਪਣੇ ਇਲਾਕੇ ਦੇ ਘਰਾਂ ਦੇ ਆਕਾਰ ਘਟਵਾਏ ਸਨ ਤੇ ਕਈ ਹੋਰ ਬੰਦਿਸ਼ਾਂ ਵੀ ਲਗਵਾਈਆਂ ਸਨ। ਘਰਾਂ 'ਚ ਦੋ ਬੇਸਮੈਂਟਾਂ ਰੱਖਣ ਦੇ ਹਾਮੀ ਲੋਕ ਜੇ ਚਾਹੁੰਦੇ ਹਨ ਕਿ ਉਨ੍ਹਾਂ ਦੀ ਗੱਲ ਸੁਣੀ ਤੇ ਮੰਨੀ ਜਾਵੇ ਤਾਂ ਉਨ੍ਹਾਂ ਨੂੰ ਇਕੱਠੇ ਹੋ ਕੇ ਤੁਰਨਾ ਪਵੇਗਾ ਅਤੇ ਉਸ ਇਲਾਕੇ ਦੇ 75 ਫੀਸਦੀ ਲੋਕਾਂ ਦੀ ਸਹਿਮਤੀ ਵਾਲੀ ਪਟੀਸ਼ਨ 'ਸਿਟੀ ਆਫ ਸਰੀ' ਅੱਗੇ ਪੇਸ਼ ਕਰਨੀ ਪਵੇਗੀ, ਜਿਸ ਵਿੱਚ ਸਾਬਤ ਕਰਨਾ ਪਵੇਗਾ ਕਿ 75 ਫੀਸਦੀ ਇਲਾਕਾ ਨਿਵਾਸੀ ਇੱਕ ਘਰ 'ਚ ਦੋ-ਦੋ ਬੇਸਮੈਂਟਾਂ ਦੇ ਹੱਕ 'ਚ ਹਨ।

ਸਰੀ ਵਿੱਚ ਕਲੇਅਟਨ ਹਾਈਟਸ ਇੱਕ ਅਜਿਹਾ ਇਲਾਕਾ ਹੈ, ਜਿੱਥੇ ਸਿਟੀ ਨੇ ਘਰ ਦੀ ਬੇਸਮੈਂਟ ਅਤੇ ਪਿੱਛੇ ਗੈਰਾਜ 'ਤੇ ਵੀ ਕਿਰਾਏ ਲਈ ਜਗ੍ਹਾ ਬਣਾਉਣ ਦੀ ਆਗਿਆ ਦਿੱਤੀ ਹੋਈ ਹੈ। ਉਹ ਮਾਡਲ ਬੇਹੱਦ ਸਫਲ ਰਿਹਾ ਸੀ। ਵੈਨਕੂਵਰ ਤੇ ਵਿਕਟੋਰੀਆ ਆਦਿ ਸ਼ਹਿਰਾਂ ਵਿੱਚ ਵੀ ‘ਲੇਨ ਹਾਊਸ' ਬਣਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਤਾਂ ਕਿ ਆਮ ਲੋਕਾਂ ਨੂੰ ਸਸਤੀ ਅਤੇ ਸੁਰੱਖਿਅਤ ਰਿਹਾਇਸ਼ ਮਿਲ ਸਕੇ। ਹਰ ਮਹੀਨੇ ਸਰੀ 'ਚ 1000 ਤੋਂ ਵਧੇਰੇ ਵਿਅਕਤੀ ਰਹਿਣ ਲਈ ਆ ਰਹੇ ਹਨ, ਸੋ ਜ਼ਾਹਰ ਹੈ ਕਿ ਉਨ੍ਹਾਂ ਨੂੰ ਰਹਿਣ ਵਾਸਤੇ ਜਗ੍ਹਾ ਚਾਹੀਦੀ ਹੈ। ਜੇਕਰ 'ਸਿਟੀ ਆਫ ਸਰੀ' ਨੇ ਦੋ ਬੇਸਮੈਂਟਾਂ 'ਚੋਂ ਇੱਕ ਬੇਸਮੈਂਟ ਬੰਦ ਕਰਵਾ ਦਿੱਤੀ ਤਾਂ ਉਨ੍ਹਾਂ 'ਚ ਰਹਿੰਦੇ ਲੋਕ ਕਿੱਥੇ ਜਾਣਗੇ? ਇਸ ਨਾਲ ਬੇਸਮੈਂਟਾਂ ਦੇ ਕਿਰਾਏ 'ਚ ਵੀ ਭਾਰੀ ਵਾਧਾ ਹੋਵੇਗਾ, ਜੋ ਨਵੇਂ ਆਏ ਲੋਕਾਂ ਦਾ ਕਚੂੰਮਰ ਕੱਢ ਦੇਵੇਗਾ। ਯਾਦ ਰਹੇ ਕਿ ਸਰੀ 'ਚ ਦੋ-ਦੋ ਬੇਸਮੈਂਟਾਂ ਵਾਲੇ ਘਰਾਂ ਦੀ ਗਿਣਤੀ ਹਜ਼ਾਰਾਂ 'ਚ ਹੈ।

ਕੁਝ ਲੋਕਾਂ ਵਲੋਂ ਦੱਬੀ ਜ਼ੁਬਾਨ 'ਚ ਇਹ ਵੀ ਕਿਹਾ ਜਾ ਰਿਹਾ ਹੈ ਕਿ 'ਸਿਟੀ ਆਫ ਸਰੀ' 'ਤੇ ਕੰਡੋ ਡਿਵੈਲਪਰਾਂ ਦਾ ਦਬਾਅ ਹੈ, ਜੋ ਚਾਹੁੰਦੇ ਹਨ ਕਿ ਲੋਕ ਸਸਤੀਆਂ ਬੇਸਮੈਂਟਾਂ 'ਚੋਂ ਨਿਕਲ ਕੇ ਕਿਰਾਏ 'ਤੇ ਮਹਿੰਗੇ ਕੰਡੋ ਜਾਂ ਅਪਾਰਟਮੈਂਟਾਂ 'ਚ ਰਹਿਣ ਲਈ ਮਜਬੂਰ ਹੋਣ।

ਇਸ ਸਾਰੇ ਮਸਲੇ 'ਚ ਇਹੀ ਨਿਚੋੜ ਨਿੱਕਲਦਾ ਹੈ ਕਿ ਸਰੀ ਨੂੰ ਬੇਸਮੈਂਟਾਂ ਦੀ ਲੋੜ ਹੈ, ਜੋ ਘਰ ਦੇ ਮਾਲਕ ਦੀ ਕਿਸ਼ਤ ਚੁੱਕਣ 'ਚ ਵੀ ਸਹਾਈ ਹੁੰਦੀਆਂ ਹਨ ਤੇ ਨਵੇਂ ਆਏ ਲੋਕਾਂ ਨੂੰ ਸਸਤੇ ਕਿਰਾਏ 'ਤੇ ਉਪਲਬਧ ਹੋਣ ਕਾਰਨ ਉਨ੍ਹਾਂ ਨੂੰ ਕੈਨੇਡਾ 'ਚ ਜਲਦੀ ਸੈੱਟ ਹੋਣ 'ਚ ਵੀ ਮਦਦ ਕਰਦੀਆਂ ਹਨ ਪਰ ਨਾਲ ਹੀ 'ਸਿਟੀ ਆਫ ਸਰੀ' ਦਾ ਇਹ ਖਦਸ਼ਾ ਵੀ ਜਾਇਜ਼ ਹੈ ਕਿ ਅਣ-ਸੁਰੱਖਿਅਤ ਬੇਸਮੈਂਟਾਂ ਕਾਰਨ ਹਾਦਸੇ ਵਾਪਰਨ ਦਾ ਵੀ ਡਰ ਹੈ ਤੇ ਇਹ ਉਸ ਇਲਾਕੇ 'ਚ ਮਿਲ ਰਹੀਆਂ ਸਹੂਲਤਾਂ 'ਤੇ ਵੀ ਵਾਧੂ ਬੋਝ ਪਾ ਰਹੀਆਂ ਹਨ। ਜ਼ਿਆਦਾ ਬੇਸਮੈਂਟਾਂ ਕਾਰਨ ਕਈ ਵਾਰ ਤਾਂ ਕਈ ਸੜਕਾਂ ਤੋਂ ਲੰਘਣਾ ਵੀ ਮੁਹਾਲ ਹੋ ਜਾਂਦਾ ਹੈ ਕਿਉਂਕਿ ਸ਼ਾਮ ਵੇਲੇ ਸੜਕ ਦੇ ਦੋਵੇਂ ਪਾਸਿਆਂ 'ਤੇ ਕਾਰਾਂ ਪਾਰਕ ਹੁੰਦੀਆਂ ਹਨ। ਕਾਰਾਂ ਓਹਲੇ ਖੇਡਦੇ ਬੱਚਿਆਂ ਨੂੰ ਵੀ ਹਾਦਸੇ ਦਰਪੇਸ਼ ਆਉਣ ਦਾ ਖਤਰਾ ਬਣਿਆ ਰਹਿੰਦਾ ਹੈ।

ਫਰਵਰੀ 2014 ਤੋਂ ਸ਼ਿਕਾਇਤਾਂ ਦੇ ਆਧਾਰ 'ਤੇ ਬੇਸਮੈਂਟਾਂ ਦੀ ਚੈਕਿੰਗ ਤੇ ਜ਼ੁਰਮਾਨੇ ਦੀ ਕਾਰਵਾਈ ਸ਼ੁਰੂ ਹੋ ਜਾਣੀ ਹੈ। ਜ਼ਾਹਰ ਹੈ ਕਿ ਬਹੁਤਿਆਂ ਨੇ ਫੜੇ ਜਾਣ 'ਤੇ ਗੁਆਂਢੀਆਂ ਦਾ ਨਾਮ ਵੀ ਲੈਣਾ ਹੈ। ਬਹੁਤ ਸਾਰੇ ਲੋਕ ਪਹਿਲਾਂ ਇਹ ਕਰਦੇ ਰਹੇ ਹਨ ਕਿ ਸ਼ਿਕਾਇਤ ਮਿਲਣ 'ਤੇ ਬੇਸਮੈਂਟ 'ਚੋਂ ਸਟੋਵ ਚੁਕਵਾ ਕੇ ਜਾਂਚ ਕਰਵਾ ਲੈਂਦੇ ਸਨ ਤੇ ਦੁਬਾਰਾ ਥੋੜ੍ਹੀ ਦੇਰ ਬਾਅਦ ਬੇਸਮੈਂਟ ਫਿਰ ਕਿਰਾਏ 'ਤੇ ਦੇ ਦਿੰਦੇ ਸਨ। ਸ਼ਾਇਦ ਹੁਣ ਇਹ ਕਵਾਇਦ ਬਹੁਤੀ ਦੇਰ ਨਾ ਚੱਲੇ। ਇਸ ਲਈ ਲੋੜ ਹੈ ਕਿ ਇੱਕ ਬੇਸਮੈਂਟ ਵਾਲੇ ਘਰਾਂ ਦੇ ਮਾਲਕ ਫਰਵਰੀ 2014 ਤੋਂ ਪਹਿਲਾਂ-ਪਹਿਲਾਂ ਆਪਣੀ ਬੇਸਮੈਂਟ ਸਿਟੀ ਆਫ ਸਰੀ ਕੋਲ ਰਜਿਸਟਰ ਕਰਵਾ ਲੈਣ। ਜਿਹੜੇ ਲੋਕ ਇਸ ਗੱਲ ਦੇ ਹੱਕ 'ਚ ਹਨਕਿ ਉਨ੍ਹਾਂ ਦੇ ਘਰਾਂ 'ਚ ਦੋ ਬੇਸਮੈਂਟਾਂ ਚਾਹੀਦੀਆਂ ਹਨ, ਉਨ੍ਹਾਂ ਨੂੰ ਇਲਾਕਾ ਪੱਧਰ 'ਤੇ ਇਕੱਠੇ ਹੋ ਕੇ ਲਾਬਿੰਗ ਕਰਨ ਦੀ ਤੁਰੰਤ ਜ਼ਰੂਰਤ ਹੈ ਵਰਨਾ ਜ਼ੁਰਮਾਨਾ ਭਰਨ ਅਤੇ ਪ੍ਰੇਸ਼ਾਨੀ ਝੱਲਣ ਲਈ ਤਿਆਰ ਰਹਿਣਾ ਚਾਹੀਦਾ ਹੈ।



Archive

RECENT STORIES