Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੱਚੀ ਨਾਲ ਛੇੜਛਾੜ ਦੇ ਦੋਸ਼ ’ਚ ਬੀਐਸਐਫ ਦੇ ਦੋ ਜਵਾਨ ਗ੍ਰਿਫ਼ਤਾਰ

Posted on September 29th, 2013



ਅੰਬਾਲਾ- ਛਾਉਣੀ ਰੇਲਵੇ ਸਟੇਸ਼ਨ ’ਤੇ ਜੀਆਰਪੀ ਨੇ ਸਵੇਰੇ ਬੀ.ਐਸ.ਐਫ. ਦੇ ਦੋ ਜਵਾਨਾਂ ਨੂੰ ਇਕ 9 ਸਾਲ ਦੀ ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮੇਰਠ ਦਾ ਇਕ ਪਰਿਵਾਰ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਜੰਮੂ-ਤਵੀ ਐਕਸਪ੍ਰੈਸ ਦੇ ਐਸ-12 ਕੋਚ ਵਿੱਚ ਵਾਪਸ ਆ ਰਿਹਾ ਸੀ। ਇਨ੍ਹਾਂ ਦੋਨਾਂ ਜਵਾਨਾਂ ਨੇ ਚਲਾਕੀ ਖੇਡਦਿਆਂ ਪਰਿਵਾਰ ਦੇ ਮਰਦ ਮੈਂਬਰਾਂ ਨੂੰ ਐਸ-3 ਕੋਚ ਵਿਚ ਭੇਜ ਦਿੱਤਾ ਅਤੇ ਔਰਤਾਂ ਤੇ ਬੱਚਿਆਂ ਨੂੰ ਆਪਣੇ ਕੋਲ ਬਰਥ ’ਤੇ ਸੁਲਾ ਲਿਆ। ਇਸ ਤੋਂ ਬਾਅਦ ਦੋਵਾਂ ਨੇ ਸ਼ਰਾਬ ਪੀਤੀ ਅਤੇ ਬੱਚੀ ਨਾਲ ਛੇੜਛਾੜ ਆਰੰਭ ਕਰ ਦਿੱਤੀ। ਇਨ੍ਹਾਂ ਨੇ ਬੱਚੀ ਨਾਲ ਜਬਰ ਜਨਾਹ ਦੀ ਕੋਸ਼ਿਸ਼ ਵੀ ਕੀਤੀ  ਪ੍ਰੰਤੂ ਬੱਚੀ ਨੇ ਸ਼ੋਰ ਪਾ ਦਿੱਤਾ। ਬੱਚੀ ਦੇ ਪਿਤਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਸ ਦਾ ਪਤਾ ਲੱਗਿਆ ਤਾਂ ਉਨ੍ਹਾਂ ਇਨ੍ਹਾਂ ਨੂੰ ਛੇੜਛਾੜ ਕਰਨ ਬਾਰੇ ਪੁੱਛਿਆ ਪਰ ਉਨ੍ਹਾਂ ਨੇ ਉਲਟਾ ਉਸ ਦੀ ਅਤੇ ਲੜਕੀ ਦੇ ਚਾਚਾ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਦੋਵੇਂ ਜਵਾਨ ਸ਼ਰਾਬ ਦੇ ਨਸ਼ੇ ਵਿਚ ਧੁੱਤ ਸਨ। ਉਨ੍ਹਾਂ ਨੇ ਤੁਰੰਤ 100 ਨੰਬਰ ’ਤੇ ਫੋਨ ਕੀਤਾ ਤੇ ਉਨ੍ਹਾਂ ਨੂੰ ਘਟਨਾ ਬਾਰੇ ਦੱਸਿਆ। ਆਰ.ਪੀ.ਐਫ. ਵਾਲਿਆਂ ਨੇ ਉਨ੍ਹਾਂ ਦੀ ਮੱਦਦ ਕੀਤੀ। ਅੰਬਾਲਾ ਸਟੇਸ਼ਨ ’ਤੇ ਜੀ ਆਰ ਪੀ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ। 

ਰੇਲਵੇ ਪੁਲੀਸ ਅਨੁਸਾਰ ਮੁਲਜ਼ਮਾਂ ਦੀ ਪਛਾਣ ਬੀ.ਐਸ.ਐਫ ਦੇ ਸਬ ਇੰਸਪੈਕਟਰ ਸੁਖਬੀਰ ਅਤੇ ਕਾਂਸਟੇਬਲ ਰਾਜਬੀਰ ਵਜੋਂ ਹੋਈ ਹੈ। ਹਰਿਆਣਾ ਦੇ ਰਹਿਣ ਵਾਲੇ ਇਨ੍ਹਾਂ ਦੋਹਾਂ ਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਧਾਰਾ 354 ਅਤੇ 323 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਫੜੇ ਗਏ ਦੋਵੇਂ ਜਵਾਨ ਗੁਜਰਾਤ ਦੇ ਭੁਜ ਇਲਾਕੇ ਵਿਚ ਤਾਇਨਾਤ ਹਨ ਅਤੇ ਜਲੰਧਰ ਵਿਚ ਹੋਈਆਂ ਬੀ.ਐਸ.ਐਫ. ਖੇਡਾਂ ਵਿਚ ਹਿੱਸਾ ਲੈ ਕੇ ਵਾਪਸ ਡਿਊਟੀ ’ਤੇ ਜਾ ਰਹੇ ਸਨ।



Archive

RECENT STORIES