Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕਮਲਜੀਤ ਹੱਤਿਆ ਕੇਸ ’ਚ ਸਾਰੇ 14 ਡੇਰਾ ਪ੍ਰੇਮੀ ਬਰੀ

Posted on September 30th, 2013

<p>ਕਮਲਜੀਤ ਸਿੰਘ ਦੇ ਪਿਤਾ ਬੰਤ ਸਿੰਘ<br></p>


ਸੰਗਰੂਰ- ਇਥੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਵਧੀਕ ਸੈਸ਼ਨ ਜੱਜ ਵਰਿੰਦਰ ਅਗਰਵਾਲ ਦੀ ਅਦਾਲਤ ਵੱਲੋਂ ਕਰੀਬ ਸਾਢੇ ਛੇ ਸਾਲ ਪਹਿਲਾਂ ਡੇਰਾ ਸਿਰਸਾ ਪ੍ਰੇਮੀਆਂ ਅਤੇ ਸਿੱਖ ਸੰਗਤ ਵਿਚਕਾਰ ਸੁਨਾਮ ਵਿਖੇ ਹੋਏ ਟਕਰਾਅ ਦੌਰਾਨ ਮਾਰੇ ਗਏ ਨੌਜਵਾਨ ਕਮਲਜੀਤ ਸਿੰਘ ਦੇ ਕੇਸ ਦਾ ਫੈਸਲਾ ਸੁਣਾਉਂਦਿਆਂ 14 ਡੇਰਾ ਪ੍ਰੇਮੀਆਂ ਨੂੰ ਬਰੀ ਕਰ ਦਿੱਤਾ ਹੈ। ਦੂਜੇ ਪਾਸੇ ਮ੍ਰਿਤਕ ਕਮਲਜੀਤ ਸਿੰਘ ਦੇ ਪਿਤਾ ਬੰਤ ਸਿੰਘ ਨੇ ਅਦਾਲਤੀ ਫੈਸਲੇ ’ਤੇ ਨਾਖੁਸ਼ੀ ਪ੍ਰਗਟ ਕਰਦਿਆਂ ਭਰੇ ਮਨ ਨਾਲ ਕਿਹਾ ਕਿ ਸਮੁੱਚੇ ਸਿੱਖ ਪੰਥ ਨਾਲ ਬੇਇਨਸਾਫ਼ੀ ਹੋਈ ਹੈ ਅਤੇ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ। 
ਇਸਤਗਾਸਾ ਕੇਸ ਦੇ ਅਨੁਸਾਰ ਕੁਲਦੀਪ ਸਿੰਘ ਵਾਸੀ ਸੁਨਾਮ ਨੇ 17 ਮਈ 2007 ਨੂੰ ਬਿਆਨ ਦਰਜ ਕਰਵਾਇਆ ਸੀ ਕਿ ਡੇਰਾ ਪ੍ਰੇਮੀਆਂ ਦੇ ਮੁਖੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਨਕਲ ਕਰਕੇ ਆਪਣੇ ਸੇਵਕਾਂ ਨੂੰ ਅੰਮ੍ਰਿਤ ਛਕਾਇਆ ਸੀ ਜਿਸ ਦਾ ਸਿੱਖ ਕੌਮ ਵਿਰੋਧ ਕਰਦੀ ਸੀ। ਇਸੇ ਸਬੰਧ ਵਿਚ ਸਿੱਖ ਸੰਗਤ ਤਲਵੰਡੀ ਸਾਬੋ ਤੋਂ ਮੀਟਿੰਗ ਅਟੈਂਡ ਕਰਕੇ ਪਰਤ ਰਹੀ ਸੀ। ਜਿਉਂ ਹੀ ਸਾਡੇ ਟਰੱਕ ਸਤਿਸੰਗ ਘਰ ਚੀਮਾ ਰੋਡ ਸੁਨਾਮ ਪਾਸ ਪੁੱਜੇ ਤਾਂ ਸਤਿਸੰਗ ਭਵਨ ’ਚ ਮੌਜੂਦ ਡੇਰਾ ਪ੍ਰੇਮੀਆਂ ਦੇ ਇਕੱਠ ਨੇ ਬਾਹਰ ਆ ਕੇ ਸਾਡੀਆਂ ਗੱਡੀਆਂ ਰੋਕ ਲਈਆਂ। ਸ਼ਾਮ ਕਰੀਬ ਛੇ ਵਜੇ ਉਨ੍ਹਾਂ ’ਤੇ ਇੱਟਾਂ ਰੋੜ੍ਹੇ ਮਾਰਨੇ ਸ਼ੁਰੂ ਕਰ ਦਿੱਤੇ। ਇਸ ਮੌਕੇ ਡੇਰਾ ਪ੍ਰੇਮੀਆਂ ਵੱਲੋਂ ਕਥਿਤ ਤੌਰ ’ਤੇ ਚਲਾਈ ਗੋਲੀ ਕਮਲਜੀਤ ਸਿੰਘ ਵਾਸੀ ਸੰਗਰੂਰ ਦੇ ਲੱਗੀ ਅਤੇ ਇੱਟਾਂ ਰੋੜ੍ਹਿਆਂ ਨਾਲ ਕੀਤੇ ਹਮਲੇ ’ਚ ਇੱਕ ਦਰਜਨ ਵਿਅਕਤੀ ਜ਼ਖ਼ਮੀ ਹੋ ਗਏ। ਹਜੂਮ ਵੱਲੋਂ ਸਾਡੇ ਵਾਹਨ ਵੀ ਸਾੜ ਦਿੱਤੇ ਅਤੇ ਬਾਅਦ ਵਿਚ ਸਾਰੇ ਹਮਲਾਵਰ ਭੱਜ ਗਏ। ਜ਼ਖ਼ਮੀ ਸਾਥੀਆਂ ਨੂੰ ਚੁੱਕ ਕੇ ਸਿਵਲ ਹਸਪਤਾਲ ਸੁਨਾਮ ਲਿਜਾਇਆ ਗਿਆ, ਜਿਥੇ ਕਮਲਜੀਤ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਜਦੋਂ ਕਿ ਜ਼ਖ਼ਮੀਆਂ ਨੂੰ ਅੱਗੇ ਰੈਫ਼ਰ ਕਰ ਦਿੱਤਾ। ਥਾਣਾ ਸਿਟੀ ਪੁਲੀਸ ਸੁਨਾਮ ਵੱਲੋਂ 17 ਮਈ 2007 ਨੂੰ 16 ਵਿਅਕਤੀਆਂ ਸੱਤਪਾਲ ਸਿੰਘ,  ਅਜੈਬ ਸਿੰਘ ਵਾਸੀ ਖਡਿਆਲ, ਸੁਖਵਿੰਦਰ ਸਿੰਘ ਵਾਸੀ  ਸੁਨਾਮ, ਮੇਘ ਸਿੰਘ ਵਾਸੀ ਨੀਲੋਵਾਲ, ਜਗਸੀਰ ਸਿੰਘ ਵਾਸੀ ਹੰਬਲਵਾਸ ਜਖੇਪਲ, ਕਾਲਾ ਸਿੰਘ ਉਰਫ਼ ਰਾਜਵੀਰ ਸਿੰਘ ਵਾਸੀ ਚੱਠੇ ਸੇਖਵਾਂ, ਕਾਲਾ ਸਿੰਘ ਵਾਸੀ ਧਰਮਗੜ੍ਹ, ਰਾਮ ਪ੍ਰਕਾਸ਼ ਵਾਸੀ ਕਣਕਵਾਲ ਭੰਗੂਆਂ, ਰਾਜੇਸ਼ ਕੁਮਾਰ, ਮਹਿੰਦਰ ਸਿੰਘ, ਜੀਤ ਸਿੰਘ ਉਰਫ਼ ਜੀਤੀ ਵਾਸੀ ਸੁਨਾਮ, ਭੋਲਾ ਸਿੰਘ ਵਾਸੀ ਜਖੇਪਲ, ਭਜਨ ਸਿੰਘ ਉਰਫ਼ ਰੋਡਾ ਵਾਸੀ ਸੁਨਾਮ, ਹਰਨੇਕ ਸਿੰਘ ਉਰਫ਼ ਨੇਕ ਸਿੰਘ ਵਾਸੀ ਸੁਨਾਮ, ਸਾਧਾ ਸਿੰਘ ਵਾਸੀ ਭੂਟਾਲ ਅਤੇ ਸੰਜੀਵ ਕੁਮਾਰ ਉਰਫ਼ ਸੰਜੂ ਵਾਸੀ ਸੰਗਰੂਰ ਦੇ ਖਿਲਾਫ਼ ਜ਼ੇਰੇ ਦਫ਼ਾ 302, 307, 436, 427, 295, 353, 186, 188, 148, 149 ਆਈ.ਪੀ.ਸੀ. ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।  
ਕੇਸ ਦੀ ਸੁਣਵਾਈ ਦੌਰਾਨ ਪਾਇਆ ਗਿਆ ਕਿ ਡੇਰਾ ਪ੍ਰੇਮੀਆਂ ਅਤੇ ਸਿੱਖ ਸੰਗਤ ਵਿਚਕਾਰ ਹੋਏ ਟਕਰਾਅ ਦੌਰਾਨ ਬੇਕਾਬੂ ਹੋਈ ਭੀੜ ਨੂੰ ਖਿੰਡਾਉਣ ਲਈ ਪੁਲੀਸ ਵਲੋਂ ਲਾਠੀਚਾਰਜ ਕੀਤਾ ਗਿਆ ਅਤੇ ਹਵਾਈ ਫਾਇਰ ਵੀ ਕੀਤੇ ਸਨ। ਦੂਜੇ ਪਾਸੇ ਡੇਰਾ ਪ੍ਰੇਮੀਆਂ ਨੇ ਵੀ ਆਪਣੀ ਜਾਨ ਬਚਾਉਣ ਲਈ ਫਾਇਰ ਕੀਤੇ ਅਤੇ ਇੱਟਾਂ ਰੋੜ੍ਹੇ ਵੀ ਚਲਾਏ ਪਰੰਤੂ ਕੇਸ ਦੌਰਾਨ ਇਹ ਸਾਬਤ ਨਹੀਂ ਹੋ ਸਕਿਆ ਕਿ ਕਿਸ ਵਲੋਂ ਚਲਾਈ ਗੋਲੀ ਨਾਲ ਕਮਲਜੀਤ ਸਿੰਘ ਦੀ ਮੌਤ ਹੋਈ ਸੀ।  ਸਵੇਰ ਤੋਂ ਅਦਾਲਤੀ ਕੰਪਲੈਕਸ ਨੂੰ ਜਾਣ ਵਾਲੇ ਰਸਤਿਆਂ ’ਤੇ ਪੁਲੀਸ ਵਲੋਂ ਸਖਤ ਨਾਕੇਬੰਦੀ ਕੀਤੀ ਹੋਈ ਸੀ। ਅਦਾਲਤ ’ਚ ਫੈਸਲੇ ਸਮੇਂ ਸਾਰੇ 14 ਡੇਰਾ ਪ੍ਰੇਮੀ ਮੌਜੂਦ ਸਨ ਜਦੋਂ ਕਿ ਦੂਜੇ ਪਾਸੇ ਮ੍ਰਿਤਕ ਕਮਲਜੀਤ ਸਿੰਘ ਦੇ ਪਿਤਾ ਬੰਤ ਸਿੰਘ ਵੀ ਅਦਾਲਤ ਵਿਚ ਮੌਜੂਦ ਸਨ। ਕੇਸ ’ਚ ਸ਼ਾਮਲ ਕੁੱਲ 16 ਵਿਅਕਤੀਆਂ ਵਿਚੋਂ ਇੱਕ ਵਿਅਕਤੀ ਸਾਧਾ ਸਿੰਘ ਵਾਸੀ ਭੂਟਾਲ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਜਦੋਂ ਕਿ ਇੱਕ ਸੰਜੀਵ ਕੁਮਾਰ ਉਰਫ਼ ਸੰਜੂ ਵਾਸੀ ਸੰਗਰੂਰ ਅਦਾਲਤ ਵਲੋਂ ਭਗੌੜਾ ਹੈ। ਇਨ੍ਹਾਂ 14 ਵਿਚੋਂ ਸਿਰਫ਼ ਹਰਨੇਕ ਸਿੰਘ ਉਰਫ਼ ਨੇਕ ਸਿੰਘ ਹੀ ਜੇਲ੍ਹ ’ਚ ਬੰਦ ਸੀ ਜਦੋਂ ਕਿ 13 ਵਿਅਕਤੀ ਜ਼ਮਾਨਤ ’ਤੇ ਬਾਹਰ ਸਨ।

ਫੈਸਲੇ ਤੋਂ ਬਾਅਦ ਬੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਅਦਾਲਤੀ ਫੈਸਲੇ ’ਤੇ ਨਾਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਅਤੇ ਸਿੱਖ ਕੌਮ ਨੂੰ ਇਨਸਾਫ਼ ਨਹੀਂ ਮਿਲਿਆ ਕਿਉਂਕਿ ਇਹ ਮੇਰੀ ਨਹੀਂ ਸਗੋਂ ਸਮੁੱਚੀ ਸਿੱਖ ਕੌਮ ਦੀ ਲੜਾਈ ਸੀ। ਉਨ੍ਹਾਂ ਕਿਹਾ ਕਿ ਇਸ ਫੈਸਲੇ ਦੇ ਖਿਲਾਫ਼ ਉਹ ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਅਪੀਲ ਦਾਇਰ ਕਰਨਗੇ।



Archive

RECENT STORIES