Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਮਰੀਕਾ 'ਚ ਸਰਕਾਰੀ ਵਿਭਾਗਾਂ ਦਾ ਕੰਮਕਾਜ ਠੱਪ

Posted on October 1st, 2013

ਵਾਸ਼ਿੰਗਟਨ- ਅਮਰੀਕਾ ਵਿਚ ਬਜਟ ਨੂੰ ਲੈ ਕੇ ਰਾਜਨੀਤਕ ਅੜਿੱਕੇ ਕਾਰਨ ਅੱਜ ਲਗਪਗ 18 ਸਾਲ ਬਾਅਦ ਪਹਿਲੀ ਵਾਰ ਸਰਕਾਰੀ ਵਿਭਾਗਾਂ ਦਾ ਕੰਮਕਾਜ ਠੱਪ ਹੋ ਗਿਆ ਹੈ। ਇਹ ਸੰਕਟ ਮੁੱਖ ਰੂਪ ਵਿਚ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਿਹਤ ਸੰਭਾਲ ਪ੍ਰੋਗਰਾਮ 'ਤੇ ਖਰਚ ਨੂੰ ਲੈ ਕੇ ਵਿਰੋਧੀ ਪਾਰਟੀ ਰਿਪਬਲੀਕਨ ਅਤੇ ਸੱਤਾਧਾਰੀ ਡੈਮੋਕਰੈਟ ਸੰਸਦ ਮੈਂਬਰਾਂ ਵਿਚਕਾਰ ਚਲ ਰਹੇ ਘਰੇਲੂ ਵਿਵਾਦ ਕਾਰਨ ਪੈਦਾ ਹੋਇਆ ਹੈ। ਇਹ ਪ੍ਰੋਗਰਾਮ ਓਬਾਮਾਕੇਅਰ ਵਜੋਂ ਮਸ਼ਹੂਰ ਹੈ। ਦੋਵਾਂ ਧਿਰਾਂ ਚੋਂ ਕਿਸੇ ਵਲੋਂ ਵੀ ਆਪਣੇ ਰੁਖ ਤੋਂ ਪਿੱਛੇ ਨਾ ਹਟਣ ਕਾਰਨ ਰਾਸ਼ਟਰਪਤੀ ਭਵਨ ਤੋਂ ਹੁਕਮ ਜਾਰੀ ਕਰਨਾ ਪਿਆ ਕਿ ਫੈਡਰਲ ਸਰਕਾਰ ਦੀਆਂ ਏਜੰਸੀਆਂ ਦਾ ਕੰਮਕਾਜ ਬੰਦ ਕਰ ਦਿੱਤਾ ਹੈ। ਇਸ ਹੁਕਮ ਨਾਲ ਹਜ਼ਾਰਾਂ ਸਰਕਾਰੀ ਮੁਲਾਜ਼ਮਾਂ ਨੂੰ ਹਾਲ ਦੀ ਘੜੀ ਛੁੱਟੀ 'ਤੇ ਜਾਣਾ ਪਿਆ ਹੈ ਅਤੇ ਕਈ ਸੇਵਾਵਾਂ ਵਿਚ ਕਟੌਤੀ ਕਰ ਦਿੱਤੀ ਗਈ ਹੈ। 

ਇਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਸਥਿਤੀ 1995-96 ਵਿਚ ਪੈਦਾ ਹੋਈ ਸੀ। ਅੱਜ ਦੇ ਸੰਕਟ ਨੂੰ ਆਖਰੀ ਪਲ ਤਕ ਟਾਲਣ ਦਾ ਯਤਨ ਕੀਤਾ ਗਿਆ ਅਤੇ ਦੋਵੇਂ ਧਿਰਾਂ ਆਪਣੇ ਰੁਖ 'ਤੇ ਕਾਇਮ ਰਹੀਆਂ। 

ਬਰਾਕ ਓਬਾਮਾ ਨੇ ਹਥਿਆਰਬੰਦ ਸੈਨਾਵਾਂ ਦੇ ਨਾਂਅ ਇਕ ਵੀਡੀਓ ਸੰਦੇਸ਼ ਜਾਰੀ ਕਰਕੇ ਕਿਹਾ ਕਿ ਸੰਸਦ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ। ਇਹ ਬਜਟ ਪਾਸ ਕਰਨ 'ਚ ਨਾਕਾਮ ਰਹੀ ਹੈ। ਇਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਸਾਡੀ ਸਰਕਾਰ ਨੂੰ ਤਦ ਤਕ ਕੰਮ ਬੰਦ ਕਰਨਾ ਪੈ ਰਿਹਾ ਜਦੋਂ ਤਕ ਸੰਸਦ ਪੈਸੇ ਦੀ ਮਨਜੂਰੀ ਨਹੀਂ ਦਿੰਦੀ। ਇਹ ਸੰਦੇਸ਼ ਸਰਕਾਰੀ ਕੰਮਕਾਜ ਬੰਦ ਕਰਨ ਦੇ ਫ਼ੈਸਲੇ ਨੂੰ ਲਾਗੂ ਕੀਤੇ ਜਾਣ ਤੋਂ ਕੁਝ ਦੇਰ ਬਾਅਦ ਜਾਰੀ ਕੀਤਾ ਗਿਆ। ਓਬਾਮਾ ਨੇ ਕਿਹਾ ਕਿ ਸਾਡੀ ਕੌਮੀ ਸੁਰੱਖਿਆ ਲਈ ਖਤਰਾ ਟਲਿਆ ਨਹੀਂ ਅਤੇ ਤੁਸੀਂ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਚੌਕਸ ਰਹਿਣਾ ਹੈ। ਅਫਗਾਨਿਸਤਾਨ ਆਪਰੇਸ਼ਨ ਵਰਗੇ ਇਸ ਸਮੇਂ ਚਲ ਰਹੀਆਂ ਸੈਨਿਕ ਕਾਰਵਾਈਆਂ ਨੂੰ ਜਾਰੀ ਰੱਖਿਆ ਜਾਵੇਗਾ। ਜੇਕਰ ਤੁਸੀਂ ਦੇਸ਼ ਤੋਂ ਦੂਰ ਖਤਰੇ ਵਿਚ ਰਹਿ ਕੇ ਸੇਵਾ ਕਰ ਰਹੇ ਹੋ ਤਾਂ ਅਸੀਂ ਵੀ ਇਹ ਯਕੀਨੀ ਬਣਾਵਾਂਗੇ ਕਿ ਤੁਹਾਨੂੰ ਵੀ ਉਹ ਕੁਝ ਉਪਲਬਧ ਹੋਵੇ ਜੋ ਤੁਹਾਡੇ ਮਿਸ਼ਨ ਨੂੰ ਕਾਮਯਾਬ ਕਰਨ ਲਈ ਜ਼ਰੂਰੀ ਹੈ। ਰਾਸ਼ਟਰਪਤੀ ਨੇ ਸੈਨਿਕਾਂ ਨੂੰ ਭਰੋਸਾ ਦਿੱਤਾ ਕਿ ਇਸ ਅੜਿੱਕੇ ਕਾਰਨ ਉਨ੍ਹਾਂ ਦੀ ਤਨਖਾਹ ਅਤੇ ਉਨ੍ਹਾਂ ਦੇ ਪਰਿਵਾਰ ਕਲਿਆਣ 'ਤੇ ਕੋਈ ਅਸਰ ਨਹੀਂ ਪੈਣ ਦਿੱਤਾ ਜਾਵੇਗਾ। 

ਬਜਟ ਵਿਭਾਗ ਦੇ ਡਾਇਰੈਕਟਰ ਸਿਲਵੀਆ ਮੈਥਿਊਜ਼ ਬਰਵੇਲ ਨੇ ਦੱਸਿਆ ਕਿ ਏਜੰਸੀਆਂ ਨੂੰ ਪੈਸੇ ਖਰਚ ਕਰਨ ਦੀ ਮਨਜੂਰੀ ਨਾ ਹੋਣ ਕਾਰਨ ਫੈਡਰਲ ਸਰਕਾਰ ਦੇ ਕੰਮਕਾਜ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਹੈ। ਕੰਮਕਾਜ ਠੱਪ ਹੋਣ ਦਾ ਮਤਲਬ ਕੌਮੀ ਪਾਰਕ ਬੰਦ ਰਹਿਣਗੇ, ਖਾਣ ਵਾਲੀਆਂ ਚੀਜ਼ਾਂ ਦੀ ਜਾਂਚ ਦਾ ਕੰਮ ਬੰਦ ਰਹੇਗਾ। ਸਰਕਾਰੀ ਦਫ਼ਤਰਾਂ ਵਿਚ ਕਾਗਜ਼ੀ ਕਾਰਵਾਈ ਹੌਲੀ ਹੋ ਜਾਵੇਗੀ ਅਤੇ ਫੈਡਰਲ ਸਰਕਾਰ ਦੇ ਹਜ਼ਾਰਾਂ ਮੁਲਾਜ਼ਮਾਂ ਨੂੰ ਘਰ ਬਿਠਾ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਕੰਮਕਾਜ ਠੱਪ ਰਹਿਣ ਦੇ ਸਮੇਂ ਦੀ ਤਨਖਾਹ ਨਹੀਂ ਮਿਲੇਗੀ। ਇਸ ਤੋਂ ਪਹਿਲਾਂ ਓਬਾਮਾ ਨੇ ਕਿਹਾ ਸੀ ਕਿ ਕੰਮਕਾਜ ਬੰਦ ਰਹਿਣ ਨਾਲ ਆਰਥਿਕਤਾ ਅਤੇ ਲੋਕਾਂ 'ਤੇ ਤੁਰੰਤ ਗੰਭੀਰ ਪ੍ਰਭਾਵ ਪਵੇਗਾ। ਇਸ ਨਾਲ ਆਰਥਿਕਤਾ ਦੇ ਪਹੀਏ ਡਾਵਾਂਡੋਲ ਹੋ ਜਾਣਗੇ ਜਦਕਿ ਅਜੇ ਇਹ ਲੀਹ 'ਤੇ ਆਉਣ ਲੱਗੇ ਸਨ।



Archive

RECENT STORIES