Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਰੈਲੀਆਂ 'ਚ ਹਿੰਦੂਆਂ ਨੂੰ ਮੁਸਲਮਾਨਾਂ ਵਰਗਾ ਦਿਖਾਉਂਦੀ ਹੈ ਭਾਜਪਾ -ਸਟਿੰਗ ਅਪਰੇਸ਼ਨ 'ਚ ਖੁਲਾਸਾ

Posted on October 2nd, 2013


ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੈਂਬਰ ਐਤਵਾਰ ਨੂੰ ਦਿੱਲੀ ਦੇ ਜਾਪਾਨੀ ਪਾਰਕ 'ਚ ਹੋਈ ਨਰਿੰਦਰ ਮੋਦੀ ਦੀ ਰੈਲੀ ਲਈ ਭੀੜ ਜਟਾਉਣ ਬਦਲੇ ਪੈਸੇ ਦੇਣ ਬਾਰੇ ਵਿਚਾਰ ਵਟਾਂਦਰਾ ਕਰਦੇ ਕੈਮਰੇ 'ਚ ਕੈਦ ਕਰ ਲਏ ਗਏ। ਇਕ ਨਿੱਜੀ ਚੈਨਲ ਵੱਲੋਂ ਕੀਤੇ ਗਏ ਸਟਿੰਗ ਅਪਰੇਸ਼ਨ 'ਚ ਭਾਜਪਾ ਦੇ ਸ਼ਾਹਦਰਾ, ਮਯੂਰ ਵਿਹਾਰ ਅਤੇ ਨਵੀਂ ਦਿੱਲੀ ਜ਼ਿਲ੍ਹਿਆਂ ਦੇ ਘੱਟ ਗਿਣਤੀਆਂ ਸੈੱਲ ਦੇ ਪ੍ਰਧਾਨ, ਰੈਲੀਆਂ ਲਈ ਭੀੜ ਜਟਾਉਣ ਵਾਲੇ ਏਜੰਟ ਬਣ ਕੇ ਆਏ ਨਿੱਜੀ ਚੈਨਲ ਦੇ ਨੁਮਾਇੰਦਿਆਂ ਨਾਲ ਪੈਸਿਆਂ ਦਾ ਲੈਣ ਦੇਣ ਬਾਰੇ ਗੱਲਬਾਤ ਕਰਦੇ ਨਜ਼ਰ ਦਿਖਾਈ ਦਿੰਦੇ ਹਨ। 

ਸਟਿੰਗ ਅਪਰੇਸ਼ਨ 'ਚ ਜ਼ਿਲ੍ਹਾ ਇਕਾਈ ਦਾ ਇਕ ਪ੍ਰਧਾਨ ਇਹ ਵੀ ਦੱਸਦਾ ਦਿਖਾਈ ਦੇ ਰਿਹਾ ਹੈ ਕਿ 'ਮੁਸਲਮਾਨਾਂ ਵਾਂਗੂੰ ਨਜ਼ਰ ਆਉਂਦੇ ਹਿੰਦੂਆਂ' ਨੂੰ ਵੀ ਰੈਲੀਆਂ ਲਈ ਇਕੱਠਾ ਕਰਨ ਲਈ ਪੈਸਾ ਖਰਚ ਕੀਤਾ ਗਿਆ ਹੈ। ਉਸ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬਾਂ ਲਈ ਪੜ੍ਹੇ ਲਿਖੇ ਲੋਕਾਂ ਦਾ ਵੀ ਇੰਤਜ਼ਾਮ ਕੀਤਾ। ਦੂਸਰੇ ਪ੍ਰਧਾਨ ਇਹ ਦੱਸ ਰਹੇ ਹਨ ਕਿ ਉਨ੍ਹਾਂ ਨੇ ਤਾਂ ਪਾਰਟੀ ਕਾਰਕੁਨਾਂ ਦਾ ਹੀ ਇੰਤਜ਼ਾਮ ਕਰ ਲਿਆ ਸੀ ਅਤੇ ਉਨ੍ਹਾਂ ਨੂੰ ਦਿੱਲੀ ਰੈਲੀ ਲਈ ਲੋਕਾਂ ਦੀ ਲੋੜ ਨਹੀਂ ਸੀ ਪਈ। ਦਿੱਲੀ ਭਾਜਪਾ ਪ੍ਰਧਾਨ ਵਿਜੇ ਗੋਇਲ ਨੇ ਕਿਹਾ ਹੈ ਕਿ ਇਹ ਸਟਿੰਗ ਅਪਰੇਸ਼ਨ ਕੋਈ ਖਾਸ ਭੇਦ ਨਹੀਂ ਖੋਲ੍ਹ ਰਿਹਾ। ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਬੁਲਾਰੇ ਜਤਿੰਦਰ ਕੁਮਾਰ ਕੋਛੜ ਨੇ ਕਿਹਾ ਨਰਿੰਦਰ ਮੋਦੀ ਦੀ ਰੈਲੀ ਲਈ ਜੁਟਾਈ ਗਈ ਭੀੜ ਦਾ ਢੰਗ ਇਹ ਦੱਸਦਾ ਹੈ ਕਿ ਭਾਜਪਾ ਕਿਵੇਂ ਘੱਟ ਗਿਣਤੀ ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੀ ਹੈ। 

ਵਰਣਨਯੋਗ ਹੈ ਕਿ 29 ਸਤੰਬਰ ਨੂੰ ਪਾਰਟੀ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਰਿੰਦਰ ਮੋਦੀ ਦੀ ਰੈਲੀ ਨੂੰ ਦਿੱਲੀ ਇਕਾਈ ਨੇ ਦਿਨ ਰਾਤ ਮਿਹਨਤ ਕਰ ਕੇ ਕਾਮਯਾਬ ਬਣਾਇਆ ਸੀ।



Archive

RECENT STORIES