Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਘੱਟਗਿਣਤੀਆਂ ਨਾਲ ਸਬੰਧਤ ਨੌਜਵਾਨਾਂ ਨੂੰ ਬਚਾਉਂਣ ਲਈ ਟਾਡਾ-ਪੋਟਾ ਦੀ ਤਰਜ਼ 'ਤੇ ਸੋਧੇ ਯੂ.ਏ.ਪੀ. ਐਕਟ ਨੂੰ ਵਾਪਸ ਲੈਣਾ ਜਰੂਰੀ : ਪੰਚ ਪਰਧਾਨੀ

Posted on October 2nd, 2013



ਲੁਧਿਆਣਾ (ਮੰਝਪੁਰ)- ਕੇਂਦਰੀ ਗ੍ਰਹਿ ਮੰਤਰੀ ਵਲੋਂ ਮੁਲਖ ਭਰ ਦੇ ਮੁੱਖ ਮੰਤਰੀਆਂ ਨੂੰ ਬੇਕਸੂਰ ਮੁਸਲਿਮ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਤੰਗ ਨਾ ਕਰਨ ਦੀ ਅਪੀਲ ਕੀਤੀ ਹੈ ਜਿਸ ਤੋਂ ਸਪੱਸ਼ਟ ਹੈ ਕਿ ਅਜਿਹੀ ਅਪੀਲ ਕਰਕੇ ਗ੍ਰਹਿ ਮੰਤਰੀ ਨੇ ਅਸਿੱਧੇ ਰੂਪ ਵਿਚ ਦੱਸ ਦਿੱਤਾ ਹੈ ਕਿ ਇਸ ਤੋਂ ਪਹਿਲਾਂ ਮੁਸਲਮਾਨਾਂ ਜਾਂ ਘੱਟਗਿਣਤੀ ਨਾਲ ਸਬੰਧਤ ਨੌਜਵਾਨਾਂ ਨੂੰ ਨਾਜ਼ਾਇਜ ਰੂਪ ਵਿਚ ਤੰਗ ਕਰਨ ਉੱਤੇ ਕੋਈ ਇਤਰਾਜ਼ ਨਹੀਂ ਸੀ ਅਤੇ ਕਿਉਂਕਿ ਹੁਣ ਲੋਕ ਸਭਾ ਦੀਆਂ ਚੋਣਾਂ ਆ ਗਈਆਂ ਹਨ ਅਤੇ ਮੁਸਲਮਾਨਾਂ ਦੀਆਂ ਵੋਟਾਂ ਲੈਣ ਲਈ ਅਜਿਹੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਇਹਨਾਂ ਵਿਚਾਰਾਂ ਦਾ ਇਜ਼ਹਾਰ ਅਕਾਲੀ ਦਲ ਪੰਚ ਪਰਧਾਨੀ ਦੇ ਕਾਰਜਕਾਰੀ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਤੇ ਮੀਤ ਪ੍ਰਧਾਨ ਭਾਈ ਅਮਰੀਕ ਸਿੰਘ ਈਸੜੂ ਨੇ ਕੀਤਾ।


ਆਗੂਆਂ ਨੇ ਕਿਹਾ ਕਿ ਜੇਕਰ ਕਾਨੂੰਨ ਸਾਰਿਆਂ ਲਈ ਇਕ ਹੈ ਤਾਂ ਫਿਰ ਅਜਿਹੀਆਂ ਅਪੀਲਾਂ ਕਰਨ ਦੀ ਕੀ ਲੋੜ ਪੈਂਦੀ ਹੈ ? ਉਹਨਾਂ ਕਿਹਾ ਕਿ ਅਸਲ ਵਿਚ ਬਹੁਗਿਣਤੀ ਨੂੰ ਖੁਸ਼ ਰੱਖਣ ਅਤੇ ਆਪਣੇ ਕੌਮੀ ਹੱਕਾਂ ਲਈ ਸਿਆਸੀ ਲੜਾਈ ਲੜ੍ਹਣ ਵਾਲਿਆਂ ਖਿਲਾਫ ਹਮੇਸ਼ਾ ਕਾਲੇ ਕਾਨੂੰਨਾਂ ਦਾ ਸਹਾਰਾ ਲਿਆ ਜਾਂਦਾ ਹੈ ਅਤੇ ਉਹਨਾਂ ਨੂੰ ਲੰਮਾ ਸਮਾਂ ਜੇਲ੍ਹਾ ਵਿਚ ਰੱਖਿਆ ਜਾਂਦਾ ਹੈ, ਜਿਸ ਵਿਚ ਕੇਂਦਰੀ ਤੇ ਰਾਜ ਸਰਕਾਰਾਂ ਦੀ ਮਿਲੀ-ਭੁਗਤ ਹੁੰਦੀ ਹੈ।
ਆਗੂਆਂ ਨੇ ਕਿਹਾ ਕਿ ਪਹਿਲਾਂ ਟਾਡਾ, ਫਿਰ ਪੋਟਾ ਤੇ ਹੁਣ ਯੂ.ਏ.ਪੀ ਐਕਟ ਅਧੀਨ ਘੱਟਗਿਣਤੀਆਂ ਨੂੰ ਤਸ਼ੱਦਦ ਕਰਕੇ ਲੰਮਾ ਸਮਾਂ ਜੇਲ੍ਹਾਂ ਵਿਚ ਰੱਖਿਆ ਜਾਂਦਾ ਹੈ। ਉਹਨਾਂ ਕਿਹਾ ਕਿ ਟਾਡਾ ਦੀਆਂ ਧਾਰਾਵਾਂ 3,4,5,8 ਤੇ ਕਈ ਹੋਰ ਪ੍ਰਬੰਧਕੀ ਕੰਮਾਂ ਦੀਆਂ ਧਾਰਾਵਾਂ, ਪੋਟਾ ਦੀਆਂ ਧਾਰਾਵਾਂ 3,4,5,8 ਤੇ ਕਈ ਹੋਰ ਪ੍ਰਬੰਧਕੀ ਕੰਮਾਂ ਦੀਆਂ ਧਾਰਾਵਾਂ ਅਤੇ ਯੂ.ਏ.ਪੀ. ਦੀਆਂ ਧਾਰਾਵਾਂ 15,16,23,24 ਤੇ ਕਈ ਹੋਰ ਪ੍ਰਬੰਧਕੀ ਕੰਮਾਂ ਦੀਆਂ ਧਾਰਾਵਾਂ ਬਿਲਕੁਲ ਇਕ ਸਮਾਨ ਹਨ। 


ਆਗੂਆਂ ਨੇ ਕਿਹਾ ਕਿ ਜੇਕਰ ਕਿਸੇ ਬਹੁਗਿਣਤੀ ਨਾਲ ਸਬੰਧਤ ਨੌਜਵਾਨ ਕੋਲੋਂ ਕੋਈ ਨਾਜ਼ਾਇਜ਼ ਅਸਲਾ ਬਰਾਮਦ ਹੋਵੇ ਤਾਂ ਉਸ ਨੂੰ ਕੇਵਲ ਅਸਲਾ ਐਕਟ ਅਧੀਨ ਚਾਰਜ਼ ਕੀਤਾ ਜਾਂਦਾ ਹੈ ਜਿਸ ਨਾਲ ਉਸਨੂੰ 10-15 ਦਿਨ ਵਿਚ ਜ਼ਮਾਨਤ ਮਿਲ ਜਾਂਦੀ ਹੈ ਪਰ ਜੇਕਰ ਕਿਸੇ ਘੱਟਗਿਣਤੀ ਨਾਲ ਸਬੰਧਤ ਨੌਜਵਾਨ ਕੋਲੋਂ ਅਸਲਾ ਬਰਾਮਦ ਹੁੰਦਾ ਹੈ ਤਾਂ ਉਸਨੂੰ ਅੱਤਵਾਦ ਨਾਲ ਜੋੜ ਕੇ ਯੂ.ਏ.ਪੀ ਐਕਟ ਲਗਾ ਦਿੱਤਾ ਜਾਂਦਾ ਹੈ ਜਿਸ ਨਾਲ ਉਸਦੀ ਜਮਾਨਤ ਨੂੰ ਵੀ ਕਈ ਸਾਲ ਲੱਗ ਜਾਂਦੇ ਹਨ।


ਆਗੂਆਂ ਨੇ ਕਿਹਾ ਕਿ ਅਕਾਲੀ ਦਲ ਪੰਚ ਪਰਧਾਨੀ ਜੋ ਕਿ ਸਿੱਖ ਹਿੱਤਾਂ ਲਈ ਸਿਆਸੀ ਲੜਾਈ ਲੜ੍ਹਣ  ਵਾਲੀ ਜਮਾਤ ਹੈ ਦੇ ਖਿਲਾਫ ਕੇਂਦਰੀ ਤੇ ਪੰਜਾਬ ਦੀਆਂ ਏਜੰਸੀਆਂ ਵਲੋਂ ਰਲ ਕੇ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਦਲ ਦੇ ਆਗੂ ਭਾਈ ਦਲਜੀਤ ਸਿੰਘ ਬਿੱਟੂ ਤੇ ਭਾਈ ਕੁਲਵੀਰ ਸਿੰਘ ਬੜਾਪਿੰਡ ਨੂੰ ਪਿਛਲੇ ਇਕ ਸਾਲ ਤੋਂ ਯੂ.ਏ.ਪੀ ਐਕਟ ਅਧੀਨ ਜੇਲ੍ਹ ਵਿਚ ਨਜ਼ਰ ਬੰਦ ਰੱਖਿਆ ਗਿਆ ਹੈ ਅਤੇ ਹੁਣ ਵੀ ਪੰਜਾਬ ਪੁਲਿਸ ਵਲੋਂ 25-30 ਦੇ ਕਰੀਬ ਗ੍ਰਿਫਤਾਰ ਕੀਤੇ ਸਿੱਖ ਨੌਜਵਾਨਾਂ ਉਪਰ ਯੂ.ਏ.ਪੀ ਐਕਟ ਦੀਆਂ ਧਾਰਾਵਾਂ ਜੋੜ ਦਿੱਤੀਆਂ ਗਈਆਂ ਹਨ ਜਿਸ ਕਾਰਨ ਉਹਨਾਂ ਨੂੰ ਲੰਮਾ ਸਮਾਂ ਜੇਲ੍ਹ ਵਿਚ ਰੱਖਿਆ ਜਾਵੇਗਾ।


ਆਗੂਆਂ ਨੇ ਕਿਹਾ ਕਿ ਯੂ.ਏ.ਪੀ ਐਕਟ 1967 ਵਿਚ ਸੋਧ ਕਰਕੇ ਚਲਾਕੀ ਨਾਲ ਸ਼ਾਮਲ ਕੀਤੀਆਂ ਟਾਡਾ-ਪੋਟਾ ਦੀਆਂ ਧਾਰਾਵਾਂ ਨੂੰ ਵਾਪਸ ਲੈ ਕੇ ਘੱਟਗਿਣਤੀ ਨਾਲ ਸਬੰਧਤ ਨੌਜਵਾਨਾਂ ਨੂੰ ਇਨਸਾਫ ਮਿਲ ਸਕਦਾ ਹੈ ਨਹੀਂ ਤਾਂ ਸਿਆਸੀ ਬਿਆਨਬਾਜ਼ੀ ਵੋਟ-ਰਾਜਨੀਤੀ ਤੱਕ ਹੀ ਸੀਮਤ ਮੰਨੀ ਜਾਵੇਗੀ।



Archive

RECENT STORIES