Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਆਦਮਪੁਰਾ ਕਾਂਡ ਦਾ ਮਾਸਟਰ ਮਾਈਂਡ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਸੀ- ਲੱਖਾ ਸਿਧਾਣਾ

Posted on October 5th, 2013


ਬਠਿੰਡਾ- ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਅਸੈਂਬਲੀ ਹਲਕਾ ਫੂਲ ਤੋਂ ਪੀ. ਪੀ. ਪੀ. ਉਮੀਦਵਾਰ ਵਜੋਂ ਚੋਣ ਲੜਨ ਵਾਲੇ ਲਖਵੀਰ ਸਿੰਘ ਲੱਖਾ ਸਿਧਾਣਾ ਨੇ ਦੋਸ਼ ਲਾਇਆ ਹੈ ਕਿ ਆਦਮਪੁਰਾ ਕਾਂਡ, ਜਿਸ ਵਿਚ ਉਸ ‘ਤੇ ਜਾਨਲੇਵਾ ਹਮਲਾ ਹੋਇਆ, ਦਾ ਮਾਸਟਰ ਮਾਈਂਡ ਸਿੱਖਿਆ ਮੰਤਰੀ ਹੀ ਸੀ। ਲੱਖਾ ਸਿਧਾਣਾ ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।

ਜ਼ਿਕਰਯੋਗ ਹੈ ਕਿ 16 ਮਈ 2013 ਨੂੰ ਪਿੰਡ ਆਦਮਪੁਰਾ ਵਿਖੇ ਕਾਂਗਰਸ ਦੀ ਰੈਲੀ ‘ਚ ਕੁਝ ਵਿਅਕਤੀਆਂ ਨੇ ਪੀ. ਪੀ. ਪੀ. ਆਗੂ ਲਖਵੀਰ ਸਿੰਘ ਲੱਖਾ ਸਿਧਾਣਾ ਤੇ ਸਾਥੀਆਂ ‘ਤੇ ਗੋਲੀਆਂ ਚਲਾ ਦਿੱਤੀਆਂ ਸੀ। ਸਿੱਟੇ ਵਜੋਂ ਲੱਖਾ ਦੇ ਸਾਥੀ ਜਸਪ੍ਰੀਤ ਸਿੰਘ ਜੱਸਾ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ, ਜਦੋਂਕਿ ਲੱਖਾ ਸਿਧਾਣਾ, ਰਾਜਵਿੰਦਰ ਸਿੰਘ ਰਾਜੂ ਤੇ ਬਲਵੀਰ ਸਿੰਘ ਜ਼ਖਮੀ ਹੋ ਗਏ ਸਨ। ਫਿਰ ਬਠਿੰਡਾ ਪੁਲਸ ਨੇ ਕਰਮਜੀਤ ਸਿੰਘ ਮਹਿਰਾਜ, ਜਸਵੰਤ ਸਿੰਘ ਸਿਧਾਣਾ, ਜਗਸੀਰ ਸਿੰਘ ਸੀਰਾ, ਰਣਜੋਧ ਸਿੰਘ ਜੋਧਾ ਕੋਠਾਗੁਰੂ, ਤੀਰਥ ਸਿੰਘ ਢਿੱਲਵਾਂ ਜ਼ਿਲਾ ਫਿਰੋਜ਼ਪੁਰ, ਗੁਰਜੀਤ ਸਿੰਘ ਢਿੰਬਰੀ ਦੀ ਮੁਲਜ਼ਮਾਂ ਵਜੋਂ ਸ਼ਨਾਖਤ ਕਰਕੇ ਗ੍ਰਿਫਤਾਰ ਵੀ ਕਰ ਲਿਆ, ਜਦੋਂਕਿ ਕੇਂਦਰੀ ਜੇਲ ਬਠਿੰਡਾ ‘ਚ ਬੰਦ ਗੁਰਤੇਜ ਸਿੰਘ ਨੰਬਰਦਾਰ ਨੂੰ ਵੀ ਮੁਲਜ਼ਮਾਂ ‘ਚ ਸ਼ਾਮਲ ਕੀਤਾ ਗਿਆ, ਜਿਸ ‘ਤੇ ਦੋਸ਼ ਸੀ ਕਿ ਉਹ ਹੀ ਵਾਰਦਾਤ ਦਾ ਮਾਸਟਰ ਮਾਈਂਡ ਹੈ।

ਇਸ ਸੰਬੰਧ ਵਿਚ ਸਿਧਾਣਾ ਨੇ ਕਿਹਾ ਕਿ ਪੁਲਸ ਗੁਰਤੇਜ ਸਿੰਘ ਨੰਬਰਦਾਰ ਨੂੰ ਮਾਸਟਰ ਮਾਈਂਡ ਵਜੋਂ ਪੇਸ਼ ਕਰ ਰਹੀ ਹੈ, ਜਦੋਂਕਿ ਜਗਸੀਰ ਸੀਰਾ ਤੇ ਹੋਰਨਾਂ ਨੂੰ ਉਸ ਦਾ ਦੁਸ਼ਮਣ ਦੱਸ ਰਹੀ ਹੈ, ਜਿਨ੍ਹਾਂ ਨੇ ਪੁਰਾਣੀ ਦੁਸ਼ਮਣੀ ਕਾਰਨ ਉਸਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਇਹ ਪੂਰਾ ਸੱਚ ਨਹੀਂ ਹੈ। ਪੂਰਾ ਸੱਚ ਇਹ ਹੈ ਕਿ 2007 ‘ਚ ਉਹ ਅਕਾਲੀ ਦਲ ਦਾ ਹੀ ਸੱਚਾ ਸਿਪਾਹੀ ਸੀ ਅਤੇ ਸਿਕੰਦਰ ਸਿੰਘ ਮਲੂਕਾ ਸਿੱਖਿਆ ਮੰਤਰੀ ਦੇ ਵਫਾਦਾਰ ਸਾਥੀਆਂ ‘ਚੋਂ ਇਕ ਜਾਣਿਆ ਜਾਂਦਾ ਸੀ। ਉਹ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਕੰਮਾਂ ‘ਚ ਲੱਗਾ ਹੋਇਆ ਸੀ, ਜਿਸ ਕਾਰਨ ਇਲਾਕੇ ‘ਚ ਉਸਦੀ ਚੜ੍ਹਤ ਹੋਣ ਲੱਗੀ। ਮਲੂਕਾ ਨੂੰ ਉਸਦੀ ਚੜ੍ਹਤ ਤੋਂ ਖੌਫ ਹੋਣ ਲੱਗਾ। ਪਾਰਟੀ ‘ਚ ਰਹਿੰਦਿਆਂ ਹੀ ਉਸਨੂੰ ਇਕ ਵਿਅਕਤੀ ਨੂੰ ਅਗਵਾ ਕਰਨ ਦੇ ਮਾਮਲੇ ‘ਚ ਝੂਠਾ ਫਸਾਇਆ ਗਿਆ, ਜਿਸ ‘ਚੋਂ ਉਹ ਬਰੀ ਹੋ ਗਿਆ। ਉਸਨੂੰ ਇਹ ਵੀ ਪਤਾ ਲੱਗਾ ਕਿ ਮਲੂਕਾ ਨੇ ਪੁਲਸ ਅਧਿਕਾਰੀਆਂ ਨੂੰ ਸਿਫਾਰਸ਼ ਕੀਤੀ ਸੀ ਕਿ ਉਸਨੂੰ ਨਿਕਲਣ ਨਾ ਦਿੱਤਾ ਜਾਵੇ। ਉਸ ਤੋਂ ਬਾਅਦ ਉਹ ਅਕਾਲੀ ਦਲ ਤੋਂ ਬਾਗੀ ਹੋ ਗਿਆ। ਉਦੋਂ ਤੋਂ ਹੁਣ ਤੱਕ ਉਸ ਵਿਰੁੱਧ ਨਾਜਾਇਜ਼ ਅਸਲਾ ਐਕਟ ਦੇ 7 ਮੁਕੱਦਮੇ ਦਰਜ ਹੋਏ, ਜੋ ਸਾਰੇ ਦੇ ਸਾਰੇ ਝੂਠੇ ਹਨ। ਉਸਨੂੰ ਇਕ ਗੈਂਗਸਟਰ ਵਜੋਂ

ਮਸ਼ਹੂਰ ਕੀਤਾ ਗਿਆ, ਜਦੋਂਕਿ ਉਸ ਵਿਰੁੱਧ ਡਕੈਤੀ, ਖੂਨ, ਲੁੱਟ-ਖੋਹ ਆਦਿ ਜਿਹਾ ਇਕ ਵੀ ਮਾਮਲਾ ਦਰਜ ਨਹੀਂ ਹੈ। ਫਿਰ ਉਹ ਗੈਂਗਸਟਰ ਕਿਵੇਂ ਹੋਇਆ। ਉਨ੍ਹਾਂ ਕਿਹਾ ਕਿ ਹੁਣ ਸਾਬਿਤ ਵੀ ਹੋ ਗਿਆ ਹੈ ਕਿ ਹਮਲਾਵਰਾਂ ਦੇ ਅਕਾਲੀ ਦਲ ਨਾਲ ਸੰਬੰਧ ਹਨ। ਗੈਂਗਸਟਰਾਂ ਨਾਲ ਫੜੇ ਗਏ ਹਰਜਿੰਦਰ ਸਿੰਘ ਬਿੱਟੂ ਤੋਂ ਇਲਾਵਾ ਰਣਜੋਧ ਸਿੰਘ ਜੋਧਾ ਵੀ ਯੂਥ ਅਕਾਲੀ ਦਲ ਦਾ ਅਹੁਦੇਦਾਰ ਰਿਹਾ ਹੈ। ਸਿਧਾਣਾ ਨੇ ਕਿਹਾ ਕਿ ਹੁਣ ਤੱਕ ਉਸ ‘ਤੇ ਜਿੰਨੇ ਵੀ ਹਮਲੇ ਹੋਏ, ਉਸ ਦੇ ਪਿੱਛੇ ਸਿਕੰਦਰ ਸਿੰਘ ਮਲੂਕਾ ਦਾ ਹੀ ਹੱਥ ਹੈ। ਬੀਤੇ ਕੱਲ ਜਦੋਂ ਉਕਤ ਗੈਂਗਸਟਰ ਫੜੇ ਗਏ, ਉਸ ਦੌਰਾਨ ਵੀ ਪੁਲਸ ਅਧਿਕਾਰੀਆਂ ਤੇ ਮਲੂਕਾ ਵਿਚਕਾਰ ਗੱਲਬਾਤ ਹੋਈ ਇਸ ਲਈ ਉਸ ਸਮੇਂ ਦੌਰਾਨ ਮਲੂਕਾ, ਗੈਂਗਸਟਰ ਤੇ ਪੁਲਸ ਅਧਿਕਾਰੀਆਂ ਦੇ ਫੋਨਾਂ ਦੀ ਕਾਲ ਡਿਟੇਲ ਦੀ ਜਾਂਚ ਹੋਵੇ। ਉਨ੍ਹਾਂ ਕਿਹਾ ਕਿ ਸਾਰੇ ਮਾਮਲੇ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਈ ਜਾਵੇ ਕਿਉਂਕਿ ਪੁਲਸ ‘ਤੇ ਸਿਆਸੀ ਦਬਾਅ ਹੈ, ਜਿਸ ਕਾਰਨ ਉਸਨੂੰ ਇਨਸਾਫ ਮਿਲਣ ਦੀ ਕੋਈ ਆਸ ਨਹੀਂ ਹੈ।



Archive

RECENT STORIES