Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਜਾਗੋ ਕੱਢ ਰਹੀਆਂ ਮੇਲਣਾਂ ‘ਚ ਟਰੱਕ ਵੱਜਿਆ- 4 ਔਰਤਾਂ ਅਤੇ ਇਕ ਬੱਚੇ ਦੀ ਮੌਤ

Posted on October 9th, 2013


ਲਹਿਰਾਗਾਗਾ- ਇੱਥੇ ਸੁਨਾਮ ਜਾਖਲ ਮੁੱਖ ਸੜਕ ‘ਤੇ ਸੁਰਿੰਦਰ ਦੀ ਡੇਅਰੀ ਅੱਗੇ ਤੇਜ਼ ਰਫ਼ਤਾਰ ਟਰੱਕ ਵਿਆਹ ਵਿੱਚ ਸ਼ਾਮਲ ਹੋਣ ਆਈਆਂ ਮੇਲਣਾਂ ‘ਤੇ ਜਾ ਚੜ੍ਹਿਆ, ਜਿਸ ਕਰਕੇ ਚਾਰ ਔਰਤਾਂ ਤੇ ਬੱਚੇ ਸਣੇ ਪੰਜ ਜਣਿਆਂ ਦੀ ਮੌਤ ਹੋ ਗਈ ਅਤੇ ਦੋ ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ। ਇਸ ਘਟਨਾ ਕਾਰਨ ਭੜਕੇ ਲੋਕਾਂ ਨੇ ਸੜਕ ‘ਤੇ ਧਰਨਾ ਦੇਕੇ ਪੁਲੀਸ ਨੂੰ ਸਵੇਰੇ 11 ਵਜੇ ਤੱਕ ਲਾਸ਼ਾਂ ਨੂੰ ਚੱਕਣ ਨਹੀਂ ਦਿੱਤਾ।

ਪ੍ਰਾਪਤ ਜਾਣਕਾਰੀ ਅਨੁਸਾਰ ਇੱਥੇ ਜਾਖਲ ਰੋਡ ਵਾਸੀ ਅਮਰੀਕ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਸਰਬੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਆਈਆਂ ਔਰਤਾਂ ਬੀਤੀ ਰਾਤ ਪਿੰਡ ਵਿੱਚ ਜਾਗੋ ਕੱਢਣ ਮਗਰੋਂ ਘਰ ਪਰਤ ਰਹੀਆਂ ਸਨ ਕਿ ਲਹਿਰਾਗਾਗਾ ਟਰੱਕ ਯੂਨੀਅਨ ਦਾ ਟਰੱਕ ਪਿੱਛੇ ਤੋਂ ਇਨ੍ਹਾਂ ਔਰਤਾਂ ‘ਤੇ ਆ ਚੜ੍ਹਿਆ। ਲੋਕਾਂ ਨੇ ਰੌਲਾ ਪਾਕੇ ਟਰੱਕ ਰੁਕਵਾਇਆ।  ਇਸ ਘਟਨਾ ਵਿੱਚ ਅਕਾਲੀ ਦਲ ਦੀ ਸਰਕਲ ਪ੍ਰਧਾਨ ਅਤੇ ਪੰਚ ਬਲਦੇਵ ਕੌਰ (35 ਸਾਲ) ਵਾਸੀ ਧਰਮਗੜ੍ਹ, ਉਸਦੀ ਧੀ ਮਨਪ੍ਰੀਤ ਕੌਰ (14 ਸਾਲ), ਜਸਵੰਤ ਕੌਰ ਵਾਸੀ ਲਹਿਰਾਗਾਗਾ, ਵਿਆਂਦੜ ਮੁੰਡੇ ਦੀ ਨਾਨੀ ਬਲਵੀਰ ਕੌਰ ਵਾਸੀ ਲੱਲੂਆਣਾ ਜ਼ਿਲ੍ਹਾ ਮਾਨਸਾ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਤਿੰਨ ਮਹੀਨੇ ਦੇ ਬੱਚੇ ਜਗਰਾਜ ਸਿੰਘ ਪੁੱਤਰ ਹਰਪ੍ਰੀਤ ਸਿੰਘ ਨੇ ਸੰਗਰੂਰ ਜਾਕੇ ਦਮ ਤੋੜ ਦਿੱਤਾ।  ਗੰਭੀਰ ਜ਼ਖ਼ਮੀ ਜਸਵੀਰ ਕੌਰ (40 ਸਾਲ) ਅਤੇ ਪਰਮਜੀਤ ਕੌਰ (23 ਸਾਲ) ਦੋਵੇਂ ਵਾਸੀ ਲਹਿਰਾਗਾਗਾ ਨੂੰ ਪਹਿਲਾਂ ਇੱਥੇ ਅਤੇ ਫਿਰ ਸੰਗਰੂਰ ਦਾਖ਼ਲ ਕਰਵਾਇਆ ਗਿਆ, ਜਿਥੋਂ ਜਸਵੀਰ ਕੌਰ ਨੂੰ ਚੰਡੀਗੜ੍ਹ ਭੇਜਿਆ ਗਿਆ ਹੈ। ਪਰਮਜੀਤ ਕੌਰ ਨੂੰ ਇਲਾਜ ਲਈ  ਵਾਰਿਸ ਬਠਿੰਡਾ ਲੈ ਗਏ ਹਨ।

ਇਸ ਘਟਨਾ ਕਾਰਨ ਭੜਕੇ ਲੋਕਾਂ ਨੇ ਸੜਕ ‘ਤੇ ਧਰਨਾ ਲਾਕੇ ਪੁਲੀਸ ਨੂੰ ਸਵੇਰੇ 11 ਵਜੇ ਤੱਕ ਲਾਸ਼ਾਂ ਨਹੀਂ ਚੁੱਕਣ ਦਿੱਤੀਆਂ। ਲੋਕਾਂ ਨੇ ਲਹਿਰਾਗਾਗਾ-ਸੁਨਾਮ ਮੁੱਖ ਸੜਕ ਨੂੰ ਘੱਗਰ ਬ੍ਰਾਂਚ ਨਹਿਰ ਦੇ ਪੁਲ ਨੂੰ ਜਾਮ ਕਰ ਦਿੱਤਾ ਅਤੇ ਪੁਲੀਸ, ਪ੍ਰਸ਼ਾਸਨ ਤੇ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਦੋਸ਼ੀ ਨੂੰ ਸਖ਼ਤ ਸਜ਼ਾ ਅਤੇ  ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ।  ਇਸ ਜਾਮ ਕਾਰਨ ਪੁਲੀਸ ਨੂੰ ਆਵਾਜਾਈ ਬਦਲਵੇਂ ਰੂਟ ਤੋਂ ਲੰਘਾਉਣੀ ਪਈ। ਸ਼ਹਿਰ ਵਾਸੀਆਂ ਨੇ ਘਟਨਾ ਦੇ ਸੋਗ ਵਜੋਂ ਬਾਜ਼ਾਰ ਵਿੱਚ ਪੂਰਨ ਹੜਤਾਲ ਕੀਤੀ।




Archive

RECENT STORIES