Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮੰਦਰ ਦੇ ਬਾਹਰ ਭਾਜੜ ਪੈਣ ਕਾਰਨ 90 ਮੌਤਾਂ

Posted on October 13th, 2013


ਦਤੀਆ (ਮੱਧ ਪ੍ਰਦੇਸ਼)- ਮੱਧ ਪ੍ਰਦੇਸ਼ ਦੇ ਦਤੀਆ ਜ਼ਿਲ੍ਹੇ ਵਿਚ ਇਕ ਮੰਦਰ ਦੇ ਬਾਹਰ ਭਾਜੜ ਪੈ ਜਾਣ ਕਾਰਨ ਔਰਤਾਂ ਅਤੇ ਬੱਚਿਆਂ ਸਣੇ 90 ਜਣਿਆਂ ਦੀ ਮੌਤ ਹੋ ਗਈ ਜਦਕਿ 100 ਤੋਂ ਵੱਧ ਜ਼ਖਮੀ ਹੋ ਗਏ। ਇਹ ਹਾਦਸਾ ਰਤਨਗੜ੍ਹ ਕਸਬੇ ਵਿਚ ਵਾਪਰਿਆ ਜਿਥੇ ਮੰਦਰ ਤਕ ਜਾਣ ਵਾਲੇ ਸਿੰਧ ਨਦੀ ਉਪਰ ਬਣਿਆ ਪੁਲ  ਟੁੱਟਣ ਦੀ ਅਫ਼ਵਾਹ ਕਾਰਨ ਇਸ ਤੋਂ ਲੰਘ ਰਹੇ ਸ਼ਰਧਾਲੂਆਂ ਵਿਚ ਭਾਜੜ ਪੈ ਗਈ। 

ਚੰਬਲ ਰੇਂਜ ਦੇ ਡੀ.ਆਈ.ਜੀ. ਡੀ.ਕੇ. ਆਰੀਆ ਨੇ ਦਸਿਆ ਕਿ ਮੰਦਰ ਵਿਚ ਲੱਖਾਂ ਲੋਕ ਮੱਥਾ ਟੇਕਣ ਪੁੱਜੇ ਹੋਏ ਸਨ ਜਿਥੇ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਪੁਲ ਟੁੱਟਣ ਦੀ ਅਫ਼ਵਾਹ ਫੈਲਾਉਣ ਕਾਰਨ ਭਾਜੜ ਪੈ ਗਈ। ਸੂਬਾ ਸਰਕਾਰ ਨੇ ਮਾਮਲੇ ਦੀ ਨਿਆਇਕ ਜਾਂਚ ਦੇ ਹੁਕਮ ਦਿਤੇ ਹਨ। ਭੋਪਾਲ ਤੋਂ 320 ਕਿਲੋਮੀਟਰ ਦੂਰ ਸਥਿਤ ਰਤਨਗੜ੍ਹ ਕਸਬੇ ਦੇ ਦੁਰਗਾ ਮੰਦਰ ਵਿਖੇ ਵੱਡੀ ਗਿਣਤੀ ਵਿਚ ਲੋਕ ਨਰਾਤਿਆਂ ਦੇ ਆਖ਼ਰੀ ਦਿਨ ਇਕੱਠੇ ਹਏ ਸਨ। ਉਧਰ ਅਪੁਸ਼ਟ ਰੀਪੋਰਟਾਂ ਵਿਚ ਕਿਹਾ ਗਿਆ ਹੈ ਕਿ ਪੁਲਿਸ ਵਲੋਂ ਕੀਤੇ ਲਾਠੀਚਾਰਜ ਕਾਰਨ ਭਾਜੜ ਪੈ ਗਈ। ਡੀ.ਕੇ. ਆਰੀਆ ਮੁਤਾਬਕ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। 

ਘਟਨਾ ਸਥਾਨ 'ਤੇ ਦਿਲ ਕੰਬਾਊ ਹਾਲਾਤ ਵੇਖਣ ਨੂੰ ਮਿਲੇ ਜਿਥੇ ਲੋਕ ਅਪਣੇ ਪਰਵਾਰਕ ਮੈਂਬਰਾਂ ਦੀ ਭਾਲ ਵਿਚ ਠੋਕਰਾਂ ਖਾਂਦੇ ਫਿਰ ਰਹੇ ਸਨ ਜਦਕਿ ਇਕ ਪਾਸੇ ਲਾਸ਼ਾਂ ਦਾ ਢੇਰ ਲੱਗਾ ਹੋਇਆ ਸੀ। ਘਟਨਾ ਕਾਰਨ ਗੁੱਸੇ ਵਿਚ ਆਏ ਲੋਕਾਂ ਨੇ ਪੁਲਿਸ ਮੁਲਾਜ਼ਮਾਂ ਉਪਰ ਪਥਰਾਅ ਕੀਤਾ ਜਿਸ ਕਾਰਨ ਇਕ ਅਫ਼ਸਰ ਸਣੇ ਕਈ ਮੁਲਾਜ਼ਮ ਜ਼ਖ਼ਮੀ ਹੋ ਗਏ। 

ਮੱਧ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਕਾਰਨ ਜ਼ਾਬਤਾ ਲਾਗੂ ਹੋਣ ਕਰ ਕੇ ਸਰਕਾਰ ਨੇ ਚੋਣ ਕਮਿਸ਼ਨ ਦੀ ਪ੍ਰਵਾਨਗੀ ਨਾਲ ਮ੍ਰਿਤਕਾਂ ਦੇ ਵਾਰਸਾਂ ਨੂੰ ਡੇਢ-ਡੇਢ ਲੱਖ ਰੁਪਏ ਜਦਕਿ ਗੰਭੀਰ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਅਤੇ ਮਾਮੂਲੀ ਜ਼ਖ਼ਮੀਆਂ ਨੂੰ 25-25 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਸੂਬੇ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਅਜੇ ਸਿੰਘ ਨੇ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੂਬੇ ਦੇ ਮੁੱਖ ਸਕੱਤਰ ਐਂਟਨੀ ਦੇਸਾ ਅਤੇ ਪੁਲਿਸ ਮੁਖੀ ਨੰਦਨ ਦੁਬੇ ਹਾਲਾਤ ਦਾ ਜਾਇਜ਼ਾ ਲੈਣ  ਲਈ ਰਤਨਗੜ੍ਹ ਰਵਾਨਾ ਹੋ ਗਏ। 



Archive

RECENT STORIES