Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪੰਜਾਬ ਵਿੱਚ ਨਸ਼ੇ ਖ਼ਤਮ ਕਰਾਂਗਾ ਜਾਂ ਫਿਰ ਮੈਨੂੰ ਵੱਜੇਗੀ ਗੋਲੀ: ਸ਼ਸ਼ੀਕਾਂਤ

Posted on October 13th, 2013


ਚੰਡੀਗੜ੍ਹ- ਸਾਬਕਾ ਡੀਜੀਪੀ (ਜੇਲ੍ਹਾਂ) ਸ਼ਸ਼ੀਕਾਂਤ ਨੇ ਅਹਿਮ ਖੁਲਾਸਾ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਡਰੱਗ ਮਾਫੀਆ ਨੂੰ ਸਰਕਾਰੀ ਉਚ ਸਿਆਸੀ ਅਹੁਦਿਆਂ ਉਪਰ ਬੈਠੇ ਕੁਝ ਵਿਅਕਤੀਆਂ ਦੀ ਪੂਰੀ ਸ਼ਹਿ ਹੈ ਅਤੇ ਹੁਣ ਜਾਂ ਤਾਂ ਪੰਜਾਬ ਵਿੱਚੋਂ ਨਸ਼ੇ ਖਤਮ ਹੋਣਗੇ ਅਤੇ ਜਾਂ ਫਿਰ ਉਸ (ਸ਼ਸ਼ੀਕਾਂਤ) ਨੂੰ ਗੋਲੀ ਵੱਜੇਗੀ।

ਉਨ੍ਹਾਂ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ 7 ਸਾਲ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੀ ਰਿਪੋਰਟ ਵਿਚ ਡਰੱਗ ਮਾਫੀਆ ਨੂੰ ਸ਼ਹਿ ਦੇ ਰਹੇ ਸਰਕਾਰੀ ਉਚ ਸਿਆਸੀ ਅਹੁਦਿਆਂ ਉਪਰ ਬਿਰਾਜਮਾਨ ਲੀਡਰਾਂ ਦੇ ਨਾਮ ਵਰਨਣ ਕੀਤੇ ਸਨ ਅਤੇ ਬਾਅਦ ਵਿਚ ਸ੍ਰੀ ਬਾਦਲ ਨੇ ਇਸ ਮੁੱਦੇ ਉਪਰ ਉਨ੍ਹਾਂ ਨੂੰ ਚਰਚਾ ਕਰਨ ਲਈ ਵੀ ਸੱਦਿਆ ਸੀ। ਸਾਬਕਾ ਆਈਪੀਐਸ ਅਧਿਕਾਰੀ ਨੇ ਦਾਅਵਾ ਕੀਤਾ ਕਿ ਜਦੋਂ ਉਹ ਇਸ ਮੁੱਦੇ ਉਪਰ ਚਰਚਾ ਕਰਨ ਗਏ ਸਨ ਤਾਂ ਮੁੱਖ ਮੰਤਰੀ ਨੇ ਉਨ੍ਹਾਂ ਦੀ ਮੌਜੂਦਗੀ ਦੌਰਾਨ ਰਿਪੋਰਟ ’ਚ ਸ਼ਾਮਲ ਅਜਿਹੇ ਇਕ-ਦੋ ਲੀਡਰਾਂ ਨਾਲ ਇਸ ਬਾਰੇ ਫੋਨ ’ਤੇ ਵੀ ਗੱਲਬਾਤ  ਕੀਤੀ ਸੀ। ਇਸ ਰਿਪੋਰਟ ਵਿਚ ਕੁਝ ਉਚ ਆਗੂਆਂ ਸਮੇਤ ਵੱਖ ਵੱਖ ਪਾਰਟੀਆਂ ਨਾਲ ਸਬੰਧਿਤ 5-6 ਮੌਜੂਦਾ ਤੇ ਸਾਬਕਾ ਵਿਧਾਇਕਾਂ ਦੇ ਨਾਮ ਵੀ ਸਨ। ਇਸ ਤੋਂ ਇਲਾਵਾ ਡਰੱਗ ਮਾਫੀਏ ਨਾਲ ਜੁੜੇ ਪੰਜਾਬ ਪੁਲੀਸ ਦੇ ਕੁਝ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਨਾਮ ਵੀ ਇਸ ਸੂਚੀ ਵਿਚ ਸ਼ਾਮਲ ਸਨ। 

ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਉਨ੍ਹਾਂ ਨੂੰ ਹੁਣ ਕਿਸੇ ਤਰ੍ਹਾਂ ਦਾ ਖੁਲਾਸਾ ਕਰਨ ਵਿਚ ਕੋਈ ਖ਼ੌਫ ਨਹੀਂ ਹੈ ਅਤੇ ਪੰਜਾਬ ਵਿਚੋਂ ਜਾਂ ਤਾਂ ਨਸ਼ੇ ਖਤਮ ਹੋਣਗੇ ਜਾਂ ਫਿਰ ਸ਼ਸ਼ੀਕਾਂਤ ਨੂੰ ਗੋਲੀ ਵੱਜੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਨਾ ਤਾਂ ਉਹ ਸਿਆਸਤ ਵਿਚ ਜਾਣਗੇ ਅਤੇ ਨਾ ਹੀ ਕੋਈ ਚੋਣ ਲੜਨਗੇ। ਉਨ੍ਹਾਂ ਦਾ ਟੀਚਾ ਪੰਜਾਬ ਦੇ ਲੋਕਾਂ ਦੇ ਅਧਾਰਿਤ ਪ੍ਰੈਸ਼ਰ ਗਰੁੱਪ ਬਣਾ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਅਤੇ ਇਸ ਲਈ ਉਹ ਕੋਈ ਵੀ ਕੀਮਤ ਅਦਾ ਕਰਨ ਲਈ ਤਿਆਰ ਹਨ। ਉਨ੍ਹਾਂ ‘ਨਸ਼ਾ ਵਿਰੋਧੀ ਮੰਚ’ ਬਣਾ ਕੇ ਪੰਜਾਬ ਵਿਚ ਵੱਖ ਵੱਖ ਵਰਗਾਂ ਨੂੰ ਨਾਲ ਲੈ ਕੇ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਹੈ ਅਤੇ ਸਾਲ 2014 ਦੀਆਂ ਲੋਕ ਸਭਾ ਚੋਣਾਂ  ਦੌਰਾਨ ਨਸ਼ਿਆਂ ਨੂੰ ਚੋਣਾਂ ਦਾ ਮੁੱਦਾ ਬਣਾਇਆ ਜਾਵੇਗਾ। ਫਿਰ ਸਾਲ 2017 ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਨਸ਼ਿਆਂ ਦੇ ਪ੍ਰਕੋਪ ਨੂੰ ਸਮੂਹ ਸਿਆਸੀ ਪਾਰਟੀਆਂ ਨੂੰ ਮੁੱਖ ਮੁੱਦਾ ਬਣਾਉਣ ਲਈ ਮਜਬੂਰ ਕਰ ਦਿੱਤਾ ਜਾਵੇਗਾ। ਉਨ੍ਹਾਂ ਵਲੋਂ ਇਸ ਲਈ ਹਰੇਕ ਪਿੰਡ ਅਤੇ ਸ਼ਹਿਰ ਵਿਚ ਪੰਜ-ਪੰਜ ਮੈਂਬਰਾਂ ’ਤੇ ਅਧਾਰਿਤ ਚੇਤਨਾ ਗਰੁੱਪ ਸਥਾਪਿਤ ਕੀਤੇ ਜਾ ਰਹੇ ਹਨ। ਉਨ੍ਹਾਂ ਦੀ ਇਸ ਲਹਿਰ ਨਾਲ ਕਈ ਵਰਗ ਜੁੜ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇ ਇਥੋਂ ਤੁਰੰਤ ਨਸ਼ੇ ਖਤਮ ਨਾ ਹੋਏ ਤਾਂ ਪੰਜਾਬ ਦੀ ਹੋਂਦ ਖਤਰੇ ਵਿਚ ਪੈ ਸਕਦੀ ਹੈ। 

ਇਸ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਦੀਆਂ ਜੇਲ੍ਹਾਂ ਵਿਚ ਕਰੋੜਾਂ ਰੁਪਏ ਦੇ ਨਸ਼ਿਆਂ ਦੀ ਵਰਤੋਂ ਹੋ ਰਹੀ ਹੈ ਅਤੇ ਪੰਜਾਬ ਵਿਚ ਸਾਲਾਨਾ ਨਸ਼ਿਆਂ ਦਾ 60 ਹਜ਼ਾਰ ਕਰੋੜ ਰੁਪਏ ਦਾ ਵਪਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਅੰਕੜਿਆਂ ਅਨੁਸਾਰ ਨਸ਼ਿਆਂ ਦੀ ਕੁੱਲ ਖਪਤ ਦੀ ਮਹਿਜ਼ 5-10 ਫੀਸਦ ਹੀ ਬਰਾਮਦਗੀ ਹੁੰਦੀ ਹੈ ਅਤੇ ਪੰਜਾਬ ਵਿੱਚ ਮਹਿਜ਼ 5 ਫੀਸਦ ਹੀ ਬਰਾਮਦਗੀ ਹੋ ਰਹੀ ਹੈ। ਦੱਸਣਯੋਗ ਹੈ ਕਿ ਪੰਜਾਬ ਪੁਲੀਸ ਦੇ ਅੰਕੜਿਆਂ ਅਨੁਸਾਰ ਸਾਲ 1999 ਤੋਂ ਲੈ ਕੇ 2009 ਤੱਕ 11 ਸਾਲਾਂ ਦੌਰਾਨ ਪੰਜਾਬ ਵਿਚੋਂ 784 ਕਿਲੋ ਹੈਰੋਇਨ, 278 ਕਿਲੋ ਸਮੈਕ, 890 ਕਿਲੋ ਚਰਸ ਅਤੇ 5660 ਕਿਲੋ ਅਫੀਮ ਬਰਾਮਦ ਹੋਈ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਵਿੱਚ ਨਸ਼ਿਆਂ ਦੀ ਸਮਗਲਿੰਗ ਵੱਡੇ ਪੱਧਰ ’ਤੇ ਹੋ ਰਹੀ ਹੈ।


ਸ਼ਸ਼ੀਕਾਂਤ ਨੇ ਦੱਸਿਆ ਕਿ ਉਨ੍ਹਾਂ ਵਲੋਂ ਕੀਤੀ ਸਟੱਡੀ ਅਨੁਸਾਰ ਸਾਲ 1981 ਤੋਂ 1993 ਤੱਕ ਦੇ ਪੰਜਾਬ ਦੇ ਮਾੜੇ ਦੌਰ ਦੌਰਾਨ ਰਾਜ ਵਿਚ ਨਸ਼ਿਆਂ ਦੀ ਵਰਤੋਂ ਨਾਮਾਤਰ ਸੀ ਅਤੇ ਇਥੋਂ ਤੱਕ ਕਿ ਸ਼ਰਾਬ ਦੀ ਵਰਤੋਂ ਵਿੱਚ ਵੀ ਭਾਰੀ ਗਿਰਾਵਟ ਆਈ ਸੀ। ਫਿਰ ਸਾਲ 1994 ਤੋਂ ਕੁਝ ਸਿਆਸੀ ਆਗੂਆਂ ਅਤੇ ਸੁਰੱਖਿਆ ਏਜੰਸੀਆਂ (ਪੰਜਾਬ ਪੁਲੀਸ, ਬੀਐਸਐਫ, ਕਸਟਮ) ਦੇ ਕੁਝ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਹੈਰੋਇਨ, ਸਮੈਕ ਤੇ ਚਰਸ ਆਦਿ ਨਸ਼ਿਆਂ ਦਾ ਵਪਾਰ ਸ਼ੁਰੂ ਹੋਇਆ। ਅੱਜ ਵੀ ਨਸ਼ਿਆਂ ਦਾ ਇਕ ਪੁਰਾਣਾ ਸਮਗਲਰ ਇਸ ਧੰਦੇ ਦਾ ਮੁੱਖ ਧੁਰਾ ਹੈ ਜਿਸ ਦਾ ਉਹ ਅਗਲੇ ਦਿਨੀਂ ਖੁਲਾਸਾ ਕਰਨਗੇ। 

ਪਹਿਲੇ ਦੌਰ ਵਿੱਚ ਪੰਜਾਬ ਦਾ ਡਰੱਗ ਮਾਫੀਆ ਨਸ਼ਿਆਂ ਨੂੰ ਮੁੱਖ ਤੌਰ ’ਤੇ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਸਪਲਾਈ ਕਰਦਾ ਸੀ ਪਰ ਉਦੋਂ ਇੰਟਰਨੈਟ ਆਦਿ ਦੇ ਸਾਧਨ ਨਾ ਹੋਣ ਕਾਰਨ ਅਦਾਇਗੀਆਂ ਬੜੀਆਂ ਪਛੜ ਕੇ ਮਿਲਦੀਆਂ ਸਨ ਅਤੇ ਡਰੱਗ ਮਾਫੀਏ ਨੂੰ ਵਿੱਤੀ ਤੋਟ ਦਾ ਸਾਹਮਣਾ ਕਰਨਾ ਪੈਂਦਾ ਸੀ। ਫਿਰ ਇਥੋਂ ਦੇ ਡਰੱਗ ਮਾਫੀਏ ਨੇ ਇਸ ਤੋਟ ਨੂੰ ਖਤਮ ਕਰਨ ਲਈ ਪੰਜਾਬ ਵਿੱਚ ਪ੍ਰਚੂਨ ’ਚ ਨਸ਼ਾ ਵੇਚਣ ਦਾ ਨੈਟਵਰਕ ਕਾਇਮ ਕੀਤਾ ਤਾਂ ਜੋ ਹੱਥੋ-ਹੱਥੀ ਵੇਚ-ਵਟਕ ਜੇਬ ਵਿਚ ਪੈ ਸਕੇ। ਹੌਲੀ-ਹੌਲੀ ਇਸ ਪ੍ਰਕਿਰਿਆ ਨੇ ਸਮੁੱਚੇ ਪੰਜਾਬ ਨੂੰ ਨਸ਼ਿਆਂ ਦੀ ਗ੍ਰਿਫਤ ਵਿਚ ਲੈ ਲਿਆ ਹੈ ਅਤੇ ਪੰਜਾਬ ਵਿਚ ਰਵਾਇਤੀ ਨਸ਼ੇ ਅਫੀਮ ਦੀ ਥਾਂ ਹੁਣ ਹੈਰੋਇਨ, ਸਮੈਕ ਤੇ ਕੋਕੀਨ ਸਮੇਤ ਨਸ਼ੀਲੀਆਂ ਦਵਾਈਆਂ ਵੱਡੇ ਪੱਧਰ ’ਤੇ ਖਪਤ ਹੋ ਰਹੀਆਂ ਹਨ। ਸਕੂਲੀ ਬੱਚਿਆਂ ਤੇ ਨੌਜਵਾਨਾਂ ਤੋਂ ਲੈ ਕੇ ਹਰੇਕ ਵਰਗ ਨਸ਼ਿਆਂ ਵਿਚ ਧੱਸਦਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਨਸ਼ਿਆਂ ਦੇ ਮੁੱਦੇ ਉਪਰ ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਪਈ ਇਕ ਜਨਹਿੱਤ ਰਿੱਟ ਤਹਿਤ ਸ਼ਸ਼ੀਕਾਂਤ ਆਪਣੀ ਰਿਪੋਰਟ ਪਿਛਲੇ ਮਹੀਨੇ ਪੇਸ਼ ਕਰ ਚੁੱਕੇ ਹਨ ਅਤੇ ਇਸ ਦੀ ਅਗਲੀ ਸੁਣਵਾਈ 23 ਅਕਤੂਬਰ ਨੂੰ ਹੋ ਰਹੀ ਹੈ।



Archive

RECENT STORIES