Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਿੱਧੂ ਦੀਆਂ ਸਿੱਧੀਆਂ: ਮਸਤਾਂ ਦੀਆਂ ਮੌਜਾਂ, ਆਪ ਮੁਹਾਰੀਆਂ ਫੌਜਾਂ

Posted on October 13th, 2013


                                                           
-ਸੁਖਨੈਬ ਸਿੰਘ ਸਿੱਧੂ
94175-25762

ਜਦੋਂ ਇਤਿਹਾਸ ਦੇ ਵਰਕੇ ਗਾਹੇ ਬਗਾਹੇ ਪੜ੍ਹੇ ਜਾਂਦੇ ਹਨ ਤਾਂ ਪੰਜਾਬੀਆਂ ਦੇ ਸੁਭਾਅ, ਰਹਿਣ ਸਹਿਣ, ਦਲੇਰੀ, ਇਮਾਨਦਾਰੀ ਅਤੇ ਕੁਰਬਾਨੀ ਦੇ ਜਜ਼ਬੇ  ਦੀ ਕਹਾਣੀ ਮੱਲੋ-ਮੱਲੀ ਸਾਹਮਣੇ ਆਉਂਦੀ ਹੈ। ਆਪਾਂ ਵੀ ਨਿੱਕੇ ਹੁੰਦਿਆਂ   ਦਾਦੀ ਨਾਨੀ ਕੋਲੋਂ ਛੋਟੇ ਸਾਹਿਬਜ਼ਾਦਿਆਂ ਦੀ ਦਿਲ ਕੰਬਾਊ ਸ਼ਹਾਦਤ, ਹਰੀ ਸਿੰਘ ਨਲੂਏ ਦੇ ਕਾਰਨਾਮੇ,  ਸ਼ਹੀਦ ਊਧਮ ਸਿੰਘ ਦੇ ਕਿੱਸੇ ਕਹਾਣੀਆਂ ਸੁਣਦਿਆਂ ਸੁਰਤ ਸੰਭਾਲੀ ਹੈ। ਪੰਜਾਬੀ  ਕੌਮ ਆਪਣੇ ਕੁਰਬਾਨੀ ਦੇ ਜਜ਼ਬੇ ਕਾਰਨ ਪੂਰੀ ਦੁਨੀਆਂ ਵਿੱਚ ਜਾਣੀ ਜਾਂਦੀ ਸੀ ਪਰ ਹੁਣ ਇਹ ਬੀਰਰਸ ਸਾਡੇ ਕਿੱਸੇ ਕਹਾਣੀਆਂ ਵਿੱਚੋਂ ਤਾਂ ਖਤਮ ਹੋ ਰਿਹਾ ਹੈ ਨਾਲ-ਨਾਲ  ਪੰਜਾਬੀਆਂ ਦੇ ਖੂਨ ਵਿੱਚੋਂ ਖਤਮ ਕਰਨ ਦੀਆਂ ਲੰਬੀਆਂ ਵਿਉਤਾਂ ਹਨ, ਜੋ ਹੌਲੀ-ਹੌਲੀ ਸਿਰੇ ਚੜ੍ਹ ਰਹੀਆਂ ਹਨ।

ਦੇਸ਼ ਭਗਤਾਂ, ਗਦਰੀ ਯੋਧਿਆਂ ਅਤੇ  ਜੱਗੇ, ਜਿਊਣੇ, ਦੁੱਲੇ ਦੇ ਬਾਰੇ ਦੱਸਣ ਦੀ ਕਿਸੇ ਕੋਲ ਵਿਹਲ ਨਹੀਂ ਮਸਤਾਂ ਦੇ ਗੁਣਗਾਣ ਕਾਰਨ ਵਾਲਾ ਕਲਚਰ ਨਵਾਂ ਵਿਕਸਤ ਹੋ ਰਿਹਾ ਹੈ। ਜਦੋਂ ਅਸੀਂ ਕੁਰਬਾਨੀ ਵਾਲੇ ਕਾਰਨਾਮੇ ਪੜ੍ਹਦੇ-ਸੁਣਦੇ ਸੀ ਤਾਂ ਆਪਣੇ ਵੀ ਲੂ-ਕੰਡੇ ਖੜੇ ਹੋ ਜਾਂਦੇ, ਸਰੋਤਾ/ਪਾਠਕ ਆਪ ਉਸ ਕਹਾਣੀ ਦਾ ਪਾਤਰ ਬਣਿਆ ਜ਼ੁਲਮ ਦੇ ਖਿਲਾਫ਼ ਹਥਿਆਰ ਚੁੱਕਣ ਅਤੇ ਵੈਰੀਆਂ ਨਾਲ ਆਢਾ ਲਾਉਣ ਲਈ ਤਿਆਰ ਰਹਿੰਦਾ। ਬਹੁਤ  ਕੁਰਬਾਨੀਆਂ  ਆਪਣੇ ਵਿਰਸੇ 'ਤੇ ਝਾਤ ਮਾਰ ਕੇ ਕੀਤੀਆਂ ਜਾਂਦੀਆਂ ਹਨ ਪਰ ਗਿਣੀ-ਮਿੱਥੀ ਸ਼ਾਜਿਸ ਤਹਿਤ ਇਹ ਸਭ ਕੁਝ ਨੌਜਵਾਨਾਂ ਤੋਂ ਪਾਸੇ  ਕੀਤਾ ਜਾ ਰਿਹਾ ਹੈ। 

1947 ਤੋਂ ਬਾਅਦ ਪੰਜਾਬ ਵਿੱਚ ਡੇਰਾਵਾਦ ਨੇ ਜੜ੍ਹਾਂ ਲਾਉਣੀਆਂ ਸ਼ੁਰੂ ਕੀਤੀਆਂ। ਹੁਣ ਇਹੀ ਡੇਰੇ ਸਿੱਖ ਕੌਮ ਦੀਆਂ ਜੜ੍ਹਾਂ ਵਿੱਚ ਤੇਲ ਦੇ ਰਹੇ ਹਨ। ਪ੍ਰਚਾਰਕ ਭਾਵੇਂ ਸਿੱਖੀ ਭੇਸ ਵਿੱਚ ਹਨ ਪਰ ਸਿੱਖੀ ਸਿਧਾਂਤਾਂ 'ਤੇ ਪਹਿਰਾ ਦੇਣ ਵਾਲੀ ਕੋਈ ਗੱਲ ਨਹੀਂ ਕਰਦਾ। ਬਹੁਤੇ ਪ੍ਰਚਾਰਕਾਂ ਨੇ ਆਪਣੀ ਦੁਕਾਨਦਾਰੀ  ਚਮਕਾਉਣ ਲਈ ਸਿੱਖ ਪੰਥ ਨੂੰ ਵੱਖ-ਵੱਖ ਧੜਿਆਂ ਵੰਡ ਵਿੱਚ ਦਿੱਤਾ ।  ਪੰਜਾਬ ਵਿੱਚ ਗੁਰੂ ਦੇ ਸਿੱਖ ਨਜ਼ਰ ਨਹੀਂ ਆਉਂਦੇ ਪਰ ਡੇਰਿਆਂ ਦੇ ਭਗਤ  ਬਹੁਤ ਹਨ ਜਾਂ ਫਿਰ ਜੱਟ ਸਿੱਖ, ਮਜ੍ਹਬੀ ਸਿੱਖ, ਨਾਈ ਸਿੱਖ, ਛੀਂਬੇ ਸਿੱਖ ਅਤੇ ਰਾਮਦਾਸੀਏ ਸਿੱਖ। ਕਿਸੇ ਲੋੜਵੰਦ ਦੀ ਸਹਾਇਤਾ ਕਰਨ ਲਈ ਕਿਸੇ ਭਾਈ ਘਨੱਈਆ ਦੇ ਵਾਰਿਸ ਧਿਆਨ ਨਹੀਂ ਦਿੰਦੇ, ਸੰਤਾਂ ਨੂੰ ਬਹੁਤ ਕੁਝ ਭੇਂਟ ਕਰ ਰਹੇ ਹਨ। ਇਹੀ ਸਾਧ ਸੰਤ ਸ਼ਰਧਾਲੂਆਂ ਦੇ ਪੈਸੇ 'ਤੇ ਮੌਜਾਂ ਕਰਦਿਆਂ  ਇੱਜ਼ਤਾਂ ਤੱਕ ਲੁੱਟ ਰਹੇ ਹਨ।  

ਜੇ ਕੋਈ ਹਿੰਦੂ ਹੈ ਤਾਂ ਉਸ ਕੋਲ ਭਗਵਤ ਗੀਤਾ ਅਤੇ ਚਾਰ ਵੇਦ ਹਨ, ਸਿੱਖਾਂ ਕੋਲ ਗੁਰੂ ਗ੍ਰੰਥ ਸਾਹਿਬ ਹੈ, ਇਸਾਈ ਭਾਈਆਂ ਕੋਲ ਪਵਿੱਤਰ ਬਾਈਬਲ ਅਤੇ ਮੁਸਲਮਾਨ ਭਾਈਚਾਰੇ ਕੋਲ ਕੁਰਾਨ ਸ਼ਰੀਫ਼ ਹੈ, ਜਿਸ ਨੂੰ ਪੜ੍ਹ ਕੇ/ਵਿਚਾਰ ਕੇ   ਇਹਨਾਂ ਧਾਰਮਿਕ ਗੰ੍ਰਥਾਂ ਦੀਆਂ ਸਿੱਖਿਆਵਾਂ ਪੜ੍ਹ/ਸੁਣ ਕੇ ਜੀਵਨ ਜਾਂਚ ਸਿੱਖੀ ਜਾ ਸਕਦੀ ਹੈ। ਧਰਮ ਦਾ ਰਸਤਾ ਅਖਤਿਆਰ ਕੀਤਾ ਜਾ ਸਕਦਾ ਹੈ, ਪਰ ਫਿਰ ਵੀ ਪਤਾ ਨਹੀਂ ਕਿਉਂ ਲੋਕ ਡੇਰਿਆਂ ਵੱਲ ਲਾਈਨਾਂ ਲਾ-ਲਾ ਕਿਉਂ ਜਾ ਰਹੇ ਹਨ?

ਪੰਜਾਬੀ ਜਾਂ ਭਾਰਤੀ ਔਰਤਾਂ ਦੀ ਭੀੜ ਧਾਰਮਿਕ ਸਥਾਨਾਂ 'ਤੇ ਇਸ ਕਰਕੇ ਵੱਧ ਹੁੰਦੀ ਹੈ ਕਿ ਸਾਡੇ ਸੱਭਿਆਚਾਰ ਨੇ ਹਾਲੇ ਵੀ ਔਰਤਾਂ ਨੂੰ ਮਨਪ੍ਰਚਾਵੇ ਲਈ ਕਿਤੇ ਜਾਣ ਦੀ ਬਹੁਤੀ ਖੁੱਲ੍ਹ ਨਹੀਂ ਦਿੱਤੀ। ਅੱਜ ਵੀ ਕਿਸੇ ਧੀ-ਭੈਣ ਨੂੰ ਕੋਈ  ਸਿਨੇਮਾ ਘਰ ਜਾਂ ਅਖਾੜੇ ਜਾਂ ਖੇਡ ਮੇਲੇ ਵਿੱਚ ਲਿਜਾ ਕੇ ਦਿਲੋਂ ਖੁਸ਼ ਨਹੀਂ ਹੁੰਦਾ ਪਰ ਧਾਰਮਿਕ ਥਾਵਾਂ 'ਤੇ ਖੁਸ਼ੀ-ਖੁਸ਼ੀ ਭੇਜ ਦਿੱਤਾ ਜਾਂਦਾ ਹੈ ਪਰ ਉੱਥੋਂ ਹੀ ਸ਼ੁਰੂ ਹੁੰਦੀ ਹੈ ਲੁੱਟ। ਇਹ ਲੁੱਟ ਸਰੀਰ, ਮਨ ਅਤੇ ਆਰਥਿਕਤਾ ਦੀ ਹੁੰਦੀ ਹੈ।

1947 ਤੋ ਪਹਿਲਾਂ ਅੰਗਰੇਜ਼ਾਂ ਦੇ ਸਮੇਂ ਵਿੱਚ ਫੌਜ ਵਿੱਚੋਂ ਤਿੰਨ ਵਿਅਕਤੀ ਸੰਤ ਬਣ ਕੇ ਪ੍ਰਗਟ ਹੋਏ ਤੇ ਤਿੰਨਾਂ ਨੇ ਹੋਰ ਜੋ ਕੁਝ ਮਰਜ਼ੀ ਕੀਤਾ ਹੋਵੇ ਪਰ ਸਿੱਖ ਕੌਮ ਦਾ ਇੱਕ ਪ੍ਰਤੀਸ਼ਤ ਭਲਾ ਨਹੀਂ ਕੀਤਾ, ਨੁਕਸਾਨ ਦੇ ਅੰਕੜੇ ਬਹੁਤ ਹਨ।
ਉਦੋਂ ਸ਼ਾਇਦ ਅੰਗਰੇਜ਼ਾਂ ਨੇ ਇਸ ਮਾਰਸ਼ਲ ਕੌਮ ਦਾ ਧਿਆਨ ਹਟਾਉਣ ਲਈ  ਸੰਤ ਪ੍ਰਗਟ ਕੀਤੇ ਹੋਣ। ਉਹ ਇਸ ਗੱਲ ਵੀ ਕਾਮਯਾਬ ਵੀ ਰਹੇ ਇਸ ਮਗਰੋਂ ਬਹੁਤ ਸਾਰੇ ਵਿਹਲਿਆਂ ਬੰਦਿਆਂ ਨੇ  ਪੰਜਾਬੀਆਂ ਨੂੰ 'ਤਾਰਨ' ਦਾ  ਕਾਰੋਬਾਰ ਕੀਤਾ, ਜੋ ਬਿਨਾ ਕਿਸੇ ਨੁਕਸਾਨ ਦੇ ਨਫੇ ਨਾਲ ਚੱਲ ਰਿਹਾ ਹੈ।

ਖਾੜਕੂਵਾਦ ਦੇ ਦੌਰ ਮਗਰੋਂ ਪੰਜਾਬ ਵਿੱਚ ਮਸਤਾਂ ਦੇ ਡੇਰੇ ਹਰੇ ਹੋਣ ਲੱਗੇ ਹਨ। ਨੌਜਵਾਨ ਪੀੜੀ 'ਜੈ ਮਸਤਾਂ ਦੀ' ਕਹਿਣ ਲੱਗੀ ਹੈ ਪਰ ਸੋਚਣ ਨਹੀਂ ਲੱਗੀ ਕਿ ਇਹਨਾ ਮਸਤਾਂ ਨੇ ਪੰਜਾਬ ਨੂੰ ਦਿੱਤਾ ਕੀ ਹੈ? ਨਾ ਤਾਂ ਇਹਨਾਂ ਨੇ ਕੋਈ ਅਜਿਹੀ ਸੂਫੀਇਜ਼ਮ ਵਾਲੀ ਫਿਲਾਸਫੀ, ਜਿਸ ਨੂੰ ਗ੍ਰਹਿਣ ਕਰਕੇ ਬੰਦਾ ਰੂਹਾਨੀ ਰੰਗ ਵਿੱਚ ਰੰਗਿਆ ਜਾਵੇ ਦਿੱਤੀ ਅਤੇ ਨਾ ਕੋਈ ਵਿਸ਼ੇਸ਼ ਤਰ੍ਹਾਂ ਦੀ ਵਿਚਾਰਾਧਾਰਾ, ਬੱਸ ਜੇ ਹੈ ਤਾਂ ਚਿਲਮਾਂ, ਸੂਟੇ, ਸਿਗਰਟਾਂ। ਕੀ ਇਹ ਪੰਜਾਬੀਆਂ ਦੇ ਰੋਲ ਮਾਡਲ ਹਨ?  

ਨਸ਼ੇ ਦੀ ਵਰਤੋਂ ਸਿਹਤ ਦਾ ਨੁਕਸਾਨ ਹੋਣ ਬਾਰੇ ਕਿੰਨਾ ਪ੍ਰਚਾਰ ਕੀਤਾ ਜਾ ਰਿਹਾ ਪਰ ਅਸੀਂ ਪੰਜਾਬੀ, ਨਸ਼ੇੜੀਆਂ ਦੇ ਪੈਰ ਫੜਕੇ ਉਹਨਾਂ ਨੂੰ ਰੱਬ  ਮੰਨ ਰਹੇ ਹਾਂ ਅਤੇ ਫਿਰ ਨਾਲੇ ਪੰਜਾਬ ਦੀ ਖੁਸ਼ਹਾਲੀ ਦੀ ਗੱਲ ਕਰਦੇ ਹਾਂ। ਖੁਸ਼ਹਾਲੀ ਕਿਵੇਂ ਆਊ? ਕਿਰਤ ਤਾਂ ਆਪਣੀ ਡੇਰਿਆਂ ਅਤੇ ਮਸਤਾਂ ਨੂੰ ਚੜ੍ਹਾ ਰਹੇ ਹਾਂ।

ਜੇਕਰ ਕਿਸੇ ਦੀ ਸਮਾਜ ਨੂੰ ਕੁਝ ਦੇਣ ਹੋਵੇ ਤਾਂ ਗੱਲ ਵੀ ਮੰਨਣ ਵਿੱਚ  ਆਉਂਦੀ ਹੈ ਪਰ ਅਸੀਂ ਸੋਚਣ/ਵਿਚਾਰਨ ਵਾਲਾ ਵਰਕਾ ਹੀ ਪਾੜੀ ਬੈਠੇ ਹਾਂ।
ਰਹਿੰਦੀ ਕਸਰ ਵੱਡੇ ਵੱਡੇ ਗਾਇਕਾਂ ਨੇ ਪੂਰੀ ਕਰ ਦਿੱਤੀ, ਜਿਹੜੇ ਇਹਨਾਂ  ਡੇਰਿਆਂ ਵਿੱਚ ਜਾ ਕੇ ਲੋਕਾਂ ਨੂੰ ਭੁੰਬਲਭੂਸਾ ਪਾ ਰਹੇ ਹਨ। ਪੰਜਾਬ ਦੀ ਜਵਾਨੀ ਗਾਇਕਾਂ ਨੂੰ ਆਪਣਾ ਰੋਲ ਮਾਡਲ ਸਮਝਦੀ ਹੈ। ਕਲਾਕਾਰਾਂ ਦੀ ਕਲਾ ਦੀ ਕਦਰ ਪੰਜਾਬੀ ਕਰਦੇ ਹਨ। ਜਦੋਂ ਵੀ  ਵੱਡਾ ਗਾਇਕ ਕਿਸੇ ਡੇਰੇ ਵਿੱਚ ਪ੍ਰੋਗਰਾਮ ਕਰਨ ਜਾਂਦਾ ਤਾਂ ਨੌਜਵਾਨ ਵੀ ਉਹਨਾਂ ਡੇਰਿਆਂ ਨੂੰ ਵਹੀਰਾਂ ਘੱਤ ਦਿੰਦੇ ਹਨ। ਅੱਜ ਪੰਜਾਬ ਦੇ ਦੋ ਵੱਡੇ ਗਾਇਕ ਵੱਡੇ ਡੇਰਿਆਂ ਦੀ ਚੌਧਰ ਸੰਭਾਲੀ ਬੈਠੇ ਹਨ।

ਡੇਰਿਆਂ ਵਾਲੇ ਮਸਤ ਵੀ ਇਹਨਾ ਗਾਇਕਾਂ 'ਤੇ ਨੋਟਾਂ ਦਾ ਮੀਂਹ ਵਰ੍ਹਾ ਦਿੰਦੇ ਹਨ। ਨੋਟਾਂ ਦਾ ਮੀਂਹ ਵਰ੍ਹਾਉਣ ਵੀ ਕਿਉਂ ਨਾ, ਮਸਤਾਂ ਨੇ ਕਿਹੜਾ ਮੂੰਗੀ ਵੇਚ ਕੇ ਕਮਾਏ ਹੁੰਦੇ ਆ? ਦਰਸ਼ਕਾਂ ਦੀ ਅੰਨ੍ਹੀ ਸ਼ਰਧਾ ਉਦੋਂ ਹੋਰ ਵੱਧ ਜਾਂਦੀ ਜਦੋਂ  ਵੱਡੇ ਗਾਇਕ ਬਿਨਾਂ ਪੈਸੇ ਲਏ ਆਪਣਾ ਪ੍ਰੋਗਰਾਮ ਕਰਕੇ ਆਪਣੇ ਆਪ ਨੂੰ 'ਧੰਨਭਾਗ' ਸਮਝਦੇ ਹਨ। ਪਰ ਦਰਸ਼ਕ ਕਦੇ ਇਹ ਨਹੀਂ ਸੋਚਦੇ ਕਿ ਜੇ ਗੁਰਦਾਸ ਮਾਨ ਜਾਂ ਹੰਸ ਰਾਜ ਹੰਸ ਸਾਲ ਵਿੱਚ ਦੋ ਪ੍ਰੋਗਰਾਮ ਮੁਫ਼ਤ ਵਿੱਚ ਕਰਕੇ ਲੱਖਾਂ ਸਰੋਤੇ ਸਿੱਧੇ ਆਪਣੇ ਨਾਲ ਜੋੜ ਲੈਦਾਂ ਤਾਂ ਇਸ ਵਿੱਚ ਬਿਜ਼ਨਸ ਦਾ ਫੰਡਾ ਵੀ ਜੁੜਿਆ ਹੁੰਦਾ!

ਪਰ ਸੋਚੇ ਕੌਣ -----? ਮੀਡੀਆ ਤੇ ਮੀਡੀਆ ਕਰਮੀ ਇਹਨਾਂ ਗਾਇਕਾਂ , ਡੇਰਿਆਂ ਅਤੇ ਮਸਤਾਂ ਤੋਂ ਆਪਣਾ ਬਿਜ਼ਨਸ ਲੈਂਦੇ ਹਨ। ਇਹ ਹੀ ਕਾਰਨ ਹੈ  ਗਾਇਕਾਂ ਦੇ ਇਹਨਾਂ ਅਡੰਬਰਾਂ ਬਾਰੇ ਕਦੇ ਕੋਈ ਲਾਈਨ ਲਿਖੀ-ਪੜ੍ਹੀ ਨਹੀਂ ਜਾਂਦੀ।

ਬਹੁਤੇ ਲੋਕਾਂ ਦੀਆਂ ਭਾਵਨਾਵਾਂ ਡੇਰਿਆਂ ਜਾਂ ਮਸਤਾਂ ਨਾਲ ਜੁੜੀਆਂ ਹੋਣਗੀਆਂ ਪਰ ਦੋਸਤੋਂ ਕਦੇ ਨਿਰਪੱਖ ਹੋ ਕੇ ਸੋਚੋ ਕਿ ਇਹਨਾਂ ਨੇ ਸਾਨੂੰ ਦਿੱਤਾ ਕੀ ਹੈ  ਅਤੇ ਖੋਹਿਆ ਕੀ-ਕੀ ਹੈ? ਕਿਰਤੀ, ਜਾਂਬਾਜ਼, ਕੁਰਬਾਨੀਆਂ ਕਰਨ ਵਾਲੇ ਪੰਜਾਬੀ ਜਦੋਂ ਨਸੇæੜੀਆਂ ਦੇ ਪੈਰ ਫੜਨਗੇ, ਫਿਰ ਭਲਾ ਪੰਜਾਬ ਦਾ ਕਿੱਥੋਂ ਹੋਣਾ?



Archive

RECENT STORIES