Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸ਼੍ਰੋਮਣੀ ਕਮੇਟੀ ਵੀ ਦੁਸਹਿਰੇ ਮਨਾਉਣ ਲੱਗੀ

Posted on October 14th, 2013


ਚਮਕੌਰ ਸਾਹਿਬ ’ਚ ਦਸਹਿਰੇ ਮੌਕੇ ਨਗਰ ਕੀਰਤਨ ਸਜਾਇਆ

ਚਮਕੌਰ ਸਾਹਿਬ-  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਵਾਰ ਵੀ ਨਗਰ ਕੀਰਤਨ ਕੱਢ ਕੇ ਦੁਸਿਹਰਾ ਮਨਾਇਆ। ਸਵੇਰ ਤੋਂ ਹੀ ਭਾਰੀ ਗਿਣਤੀ ’ਚ ਸੰਗਤਾਂ ਇਤਿਹਾਸਕ ਗੁਰਦੁਆਰੇ ਸ਼੍ਰੀ ਕਤਲਗੜ੍ਹ ਸਾਹਿਬ, ਸ਼੍ਰੀ ਗੜ੍ਹੀ ਸਾਹਿਬ, ਸ਼੍ਰੀ ਦਮਦਮਾ ਸਾਹਿਬ, ਸ਼੍ਰੀ ਤਾੜ੍ਹੀ ਸਾਹਿਬ, ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰੇ ਸਮੇਤ ਹੋਰ ਧਾਰਮਿਕ ਥਾਵਾਂ ’ਚ ਨਤਮਸਤਕ ਹੋਣ ਪੁੱਜਣੀਆਂ ਸ਼ੁਰੂ ਹੋ ਗਈਆਂ ਸਨ। ਸ਼ਹਿਰ ਵਿੱਚ ਬਾਹਰੋਂ ਆਏ ਦੁਕਾਨਦਾਰਾਂ ਨੇ ਵੱਖ-ਵੱਖ ਪ੍ਰਕਾਰ ਦੀਆਂ ਦੁਕਾਨਾਂ ਸਜਾਈਆਂ। ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਤੇ ਹੋਰ ਸ਼ਹੀਦ ਸਿੰਘਾਂ ਨੂੰ ਸ਼ਰਧਾਂਜਲੀ ਵਜੋਂ ਨਗਰ ਕੀਰਤਨ ਸਜਾਏ ਗਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਏ ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਅਮਰੀਕ ਸਿੰਘ ਨੇ ਕੀਤੀ। ਨਗਰ ਕੀਰਤਨ ਦੇ ਅੱਗੇ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਇੰਟਰਨੈਸ਼ਨਲ ਅਖਾੜਾ ਚਮਕੌਰ ਸਾਹਿਬ ਦੀ ਗੱਤਕਾ ਪਾਰਟੀ, ਮੀਰੀ ਪੀਰੀ ਗੱਤਕਾ ਅਖਾੜਾ ਚਮਕੌਰ ਸਾਹਿਬ ਦੀ ਗੱਤਕਾ ਪਾਰਟੀ ਤੇ ਫੌਜੀ ਬੈਂਡ ਪਾਰਟੀ ਦੇ ਮੈਂਬਰ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੇ ਸਨ। ਨਗਰ ਕੀਰਤਨ ਵੱਖ ਵੱਖ ਗੁਰਧਾਮਾਂ ਨੂੰ ਨਤਮਸਤਕ ਹੁੰਦਾ ਹੋਇਆ ਵਾਪਸ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਵਿਖੇ ਹੀ ਸਮਾਪਤ ਹੋਇਆ।

ਇਸ ਨਗਰ ਕੀਰਤਨ ਵਿੱਚ ਸਾਬਕਾ ਮੰਤਰੀ ਬੀਬੀ ਸਤਵੰਤ ਕੌਰ ਸੰਧੂ, ਮੈਨੇਜਰ ਭਾਈ ਨੱਥਾ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ ਤੇ ਬੀਬੀ ਦਲਜੀਤ ਕੌਰ, ਸਮਿਤੀ ਦੇ ਚੇਅਰਮੈਨ ਗੁਰਦੀਪ ਸਿੰਘ ਮਹਿਤੋਤ, ਵਰਲਡ ਸਿੱਖ ਮਿਸ਼ਨ ਦੇ ਪ੍ਰਧਾਨ ਜਥੇਦਾਰ ਨਰਿੰਦਰ ਸਿੰਘ ਹਰਨੋਲੀ, ਤੀਰਥ ਸਿੰਘ ਭਟੋਆ, ਭਾਈ ਕੁਲਵੰਤ ਸਿੰਘ, ਜਥੇਦਾਰ ਸੁਰਿੰਦਰ ਸਿੰਘ ਕਿਸ਼ਨਪੁਰਾ, ਜਥੇਦਾਰ ਗੁਰਮੀਤ ਸਿੰਘ ਮਕੜੌਨਾ, ਆੜ੍ਹਤੀ ਉੱਜਲ ਸਿੰਘ, ਜਥੇਦਾਰ ਜਗਜੀਤ ਸਿੰਘ ਰਤਨਗੜ੍ਹ, ਮਨਹੋਰ ਸਿੰਘ ਮੱਕੜ, ਪਰਮਜੀਤ ਸਿੰਘ ਚੱਢਾ ਸਮੇਤ ਕੋਈ ਹੋਰ ਸ਼ਖ਼ਸੀਅਤਾਂ ਸ਼ਾਮਲ ਹੋਈਆਂ। ਮੇਲੇ ਦੌਰਾਨ ਜ਼ਿਲ੍ਹਾ ਪੁਲੀਸ ਮੁਖੀ ਇੰਦਰਮੋਹਣ ਸਿੰਘ ਭੱਟੀ, ਡੀ.ਐਸ.ਪੀ. ਵਜ਼ੀਰ ਸਿੰਘ ਖਹਿਰਾ, ਨਾਇਬ ਤਹਿਸੀਲਦਾਰ ਵਿਸ਼ਵਜੀਤ ਸਿੰਘ ਸਿੱਧੂ, ਥਾਣਾ ਮੁਖੀ ਇੰਸਪੈਕਟਰ ਪਲਵਿੰਦਰ ਸਿੰਘ ਅਤੇ ਟ੍ਰੈਫਿਕ ਦੇ ਜ਼ਿਲ੍ਹਾ ਇੰਸਪੈਕਟਰ ਸੁਰਜੀਤ ਸਿੰਘ ਵਿਰਕ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਰਹੇ।



Archive

RECENT STORIES