Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪਾਕਿਸਤਾਨ 'ਚ ਕਾਰ ਤੋਂ ਮਹਿੰਗਾ ਹੈ ਕੁਰਬਾਨੀ ਦਾ ਜਾਨਵਰ

Posted on October 15th, 2013

ਇਸਲਾਮਾਬਾਦ : ਪਾਕਿਸਤਾਨ 'ਚ ਈਦ ਉਲ ਜੁਹਾ ਨੂੰ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਇਸ ਦੇ ਨਾਲ ਹੀ ਇਥੇ ਕੁਰਬਾਨੀ ਲਈ ਖਰੀਦੇ ਜਾਣ ਵਾਲੇ ਜਾਨਵਰਾਂ ਦੀਆਂ ਕੀਮਤਾਂ ਅਸਮਾਨੀਂ ਚੜ੍ਹ ਰਹੀਆਂ ਹਨ। ਇਸ ਸਾਲ ਕੁਰਬਾਨ ਕੀਤੇ ਜਾਣ ਵਾਲੇ ਜਾਨਵਰਾਂ ਦੀ ਕੀਮਤ ਵੀਹ ਹਜ਼ਾਰ ਰੁਪਏ ਤੋਂ ਲੈ ਕੇ 16 ਲੱਖ ਪਾਕਿਸਤਾਨ ਰੁਪਏ ਹਨ ਜਦਕਿ ਪਾਕਿਸਤਾਨ 'ਚ ਕਰੀਬ ਸੱਤ ਲੱਖ ਰੁਪਏ 'ਚ ਨਵੀਂ ਕਾਰ ਖਰੀਦੀ ਜਾ ਸਕਦੀ ਹੈ। ਪਿਛਲੇ ਕੁਝ ਸਾਲਾਂ ਦੌਰਾਨ ਇਹ ਪਹਿਲਾ ਮੌਕਾ ਹੈ, ਜਦੋਂ ਜਾਨਵਰਾਂ ਦੀ ਕੀਮਤ ਇੰਨੀ ਜ਼ਿਆਦਾ ਵੱਧ ਗਈ ਹੈ। ਇਹ ਕੀਮਤ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੀ ਹੈ। ਕਹਿਣ ਦਾ ਅਰਥ ਇਹ ਹੈ ਕਿ ਹੁਣ ਕੁਰਬਾਨੀ ਲਈ ਜਾਨਵਰ ਖਰੀਦਣਾ ਆਮ ਵਿਅਕਤੀ ਲਈ ਇਕ ਸੁਪਨਾ ਬਣ ਕੇ ਰਹਿ ਜਾਵੇਗਾ। 

ਜਾਨਵਰਾਂ ਦੀਆਂ ਵਧਦੀਆਂ ਕੀਮਤਾਂ ਕਾਰਨ ਕਈ ਘਰਾਂ 'ਚੋਂ ਜਾਨਵਰ ਚੋਰੀ ਹੋਣ ਦੀਆਂ ਵੀ ਖਬਰਾਂ ਹਨ। ਇਸ ਦੀ ਸਭ ਤੋਂ ਵੱਡੀ ਉਦਾਹਰਣ ਕ੍ਰਿਕਟਰ ਇਮਰਾਨ ਫਰਹਤ ਹੈ। ਉਸ ਨੇ ਕੁਰਬਾਨੀ ਲਈ ਇਕ ਲੱਖ ਰੁਪਏ 'ਚ ਬੱਕਰਾ ਖਰੀਦਿਆ ਸੀ, ਜੋ ਬੀਤੀ ਰਾਤ ਲਾਹੌਰ ਦੇ ਵਾਲੇਂਸੀਆ ਟਾਊਨ ਸਥਿਤ ਉਨ੍ਹਾਂ ਦੇ ਘਰੋਂ ਚੋਰੀ ਹੋ ਗਿਆ। ਇਸ ਸਬੰਧੀ ਪੁਲਸ ਨੇ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਇਸ ਬੱਕਰੇ ਦਾ ਕੁਝ ਪਤਾ ਨਹੀਂ ਲੱਗਾ ਪਰ ਇਹ ਖਬਰ ਕਈ ਸਥਾਨਕ ਚੈਨਲਾਂ 'ਤੇ ਬਰੇਕਿੰਗ ਨਿਊਜ਼ ਵਜੋਂ ਦਿਖਾਈ ਗਈ। ਟੀਵੀ 'ਤੇ ਉਚੀਆਂ ਕੀਮਤਾਂ ਵਾਲੇ ਜਾਨਵਰਾਂ ਨੂੰ ਵੀ ਦਿਖਾਇਆ ਜਾ ਰਿਹਾ ਹੈ। ਇਨ੍ਹਾਂ 'ਚ ਇਕ ਬੱਕਰੀ ਵੀ ਅਜਿਹੀ ਦਿਖਾਈ ਜਾ ਰਹੀ ਹੈ, ਜੋ ਸਪਰਾਈਟ ਪੀਂਦੀ ਹੈ ਤੇ ਪਾਨ ਖਾਂਦੀ ਹੈ। ਟੀਵੀ 'ਤੇ ਇਕ ਬੱਕਰਾ ਦਿਖਾਇਆ ਜਾ ਰਿਹਾ ਹੈ, ਜਿਸ ਦੀ ਕੀਮਤ 6 ਲੱਖ ਰੁਪਏ ਸੀ ਜਦਕਿ ਸਭ ਤੋਂ ਮਹਿੰਗੀ ਮੱਝ ਦੀ ਕੀਮਤ ਕਰੀਬ 16 ਲੱਖ ਰੁਪਏ ਸੀ। ਜੇ ਕੋਈ ਜਾਨਵਰ ਖਰੀਦਣ ਲਈ ਬਾਜ਼ਾਰ ਨਹੀਂ ਵੀ ਜਾ ਸਕਦਾ ਤਾਂ ਉਸ ਲਈ ਵੀ ਕਈ ਵੈਬਸਾਈਟਸਾਂ ਮੁਹੱਈਆ ਹਨ। ਕੁਰਬਾਨੀ ਆਨਲਾਈਨ ਨਾਮਕ ਵੈਬਸਾਈਟ ਆਰਡਰ ਦੇਣ 'ਤੇ ਜਾਨਵਰ ਨੂੰ ਗਾਹਕ ਦੀ ਦੱਸੀ ਥਾਂ 'ਤੇ ਪਹੁੰਚਾਉਣ ਦਾ ਦਾਅਵਾ ਕਰ ਰਹੀ ਹੈ ਪਰ ਇਹ ਸੇਵਾ ਸਿਰਫ਼ ਕਰਾਚੀ ਤਕ ਹੀ ਸੀਮਤ ਹੈ।




Archive

RECENT STORIES