Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਿਆਸਤ ਵਿੱਚ ਕਿਸੇ ਦੇ ਦਬਾਅ ਹੇਠ ਨਹੀਂ ਚੱਲਾਂਗਾ- ਵਿਧਾਇਕ ਪ੍ਰਗਟ ਸਿੰਘ

Posted on October 18th, 2013

ਸਰੀ (ਗੁਰਪ੍ਰੀਤ ਸਿੰਘ ਸਹੋਤਾ) - ''ਪੰਜਾਬ 'ਚ ਡਰੱਗ ਡੀਲਰਾਂ ਤੇ ਭੂ-ਮਾਫੀਏ ਦੀ ਸਿਆਸਤਦਾਨਾਂ ਨਾਲ ਨੇੜਤਾ ਦੀ ਗੱਲ ਸਹੀ ਹੈ ਪਰ ਮੈਂ ਅਜਿਹੇ ਅਨਸਰਾਂ ਨੂੰ ਆਪਣੀ ਗੱਡੀ ਦੇ ਨੇੜੇ ਨਹੀਂ ਫਟਕਣ ਦਿੰਦਾ। ਅਜਿਹੇ ਕਾਰਨ ਹੀ ਹਨ ਕਿ ਅੱਜਕੱਲ੍ਹ ਕਿਸੇ ਨੂੰ ਸਿਆਸਤਦਾਨ ਕਹਿਣਾ ਗਾਲ੍ਹ ਕੱਢਣ ਦੇ ਬਰਾਬਰ ਸਮਝਿਆ ਜਾਂਦਾ ਹੈ। ਸਾਰਾ ਢਾਂਚਾ ਖਰਾਬ ਹੋ ਚੁੱਕਾ ਹੈ, ਜਿਸ ਨੂੰ ਸੁਧਾਰਨ ਦੀ ਲੋੜ ਹੈ ਪਰ ਅਮੀਰਾਂ ਨੂੰ ਲੋੜ ਨਹੀਂ,  ਗਰੀਬ ਦੀ ਪਹੁੰਚ ਨਹੀਂ ਤੇ ਮੱਧ ਵਰਗ ਸਮਾਜ ਸੁਧਾਰ ਤਾਂ ਚਾਹੁੰਦਾ ਹੈ ਪਰ ਆਪ ਇਸ ਲਈ ਕੁਝ ਕਰਨ ਵਾਸਤੇ ਰਾਜ਼ੀ ਨਹੀਂ। ਮੱਧ ਵਰਗ ਨੂੰ ਸਮਾਜ ਸੁਧਾਰ ਲਈ ਆਪ ਅੱਗੇ ਲੱਗ ਕੇ ਤੁਰਨਾ ਪਵੇਗਾ ਬਜਾਇ ਕਿ ਉਹ ਇਹ ਚਾਹੇ ਕਿ ਕੋਈ ਹੋਰ ਉਸ ਲਈ ਆ ਕੇ ਸਮਾਜ ਸੁਧਾਰ ਜਾਵੇ।'' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਲੰਧਰ-ਛਾਉਣੀ ਹਲਕੇ ਤੋਂ ਅਕਾਲੀ ਵਿਧਾਇਕ ਤੇ ਹਾਕੀ ਉਲੰਪੀਅਨ ਸ. ਪ੍ਰਗਟ ਸਿੰਘ ਨੇ ਪੰਜਾਬੀ ਪ੍ਰੈਸ ਕਲੱਬ ਆਫ ਬੀ. ਸੀ. ਦੇ ਮੈਂਬਰਾਂ 'ਤੇ ਹੋਰ ਮੀਡੀਆਕਾਰਾਂ ਨੂੰ ਪੰਜਾਬ ਦੇ ਮੌਜੂਦਾ ਹਾਲਤਾਂ ਦੇ ਮੱਦੇਨਜ਼ਰ ਸੰਬੋਧਨ ਕਰਦਿਆਂ ਕਹੇ। 

ਸਥਾਨਕ 'ਰੌਇਲ ਕਿੰਗ ਪੈਲੇਸ' ਵਿੱਚ ਆਯੋਜਿਤ ਲੰਮਾ ਸਮਾਂ ਚੱਲੀ ਪ੍ਰੈਸ ਕਾਨਫਰੰਸ ਦੌਰਾਨ ਸ. ਪ੍ਰਗਟ ਸਿੰਘ ਨੇ ਦੋ ਦਰਜਨ ਦੇ ਕਰੀਬ ਪੱਤਰਕਾਰਾਂ ਵਲੋਂ ਪੁੱਛੇ ਤਿੱਖੇ ਸਵਾਲਾਂ ਦੇ ਜਵਾਬ ਬਹੁਤ ਤਹੱਮਲ ਤੇ ਵਿਸਥਾਰ ਨਾਲ ਦਿੱਤੇ ਅਤੇ ਇਸ ਗੱਲ 'ਤੇ ਹੈਰਾਨੀ ਪ੍ਰਗਟਾਈ ਕਿ ਪੰਜਾਬ ਤੋਂ ਆਉਂਦੇ ਅਕਾਲੀ ਲੀਡਰ ਬੀ ਸੀ ਵਿੱਚ ਪੱਤਰਕਾਰਾਂ ਦੇ ਸਾਹਮਣੇ ਹੋਣ ਤੋਂ ਭੱਜਦੇ ਕਿਉਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਤੱਕ ਆਪਣੀ ਅਵਾਜ਼ ਪਹੁੰਚਾਉਣ ਲਈ ਤੇ ਲੋਕਾਂ ਦੀਆਂ ਭਾਵਨਾਵਾਂ ਸਿਆਸਤਦਾਨਾਂ ਤੱਕ ਪੁੱਜਦੀਆਂ ਕਰਨ ਲਈ ਮੀਡੀਏ ਨੂੰ ਜ਼ਰੀਆ ਬਣਾਉਣਾ ਚਾਹੀਦਾ ਹੈ ਨਾ ਕਿ ਇਸ ਤੋਂ ਮੂੰਹ ਛੁਪਾਉਣਾ ਚਾਹੀਦਾ ਹੈ। 

ਮਲੇਸ਼ੀਆ ਵਿੱਚ 'ਸੁਲਤਾਨ ਅਜ਼ਲਾਨ ਸ਼ਾਹ ਅੰਤਰਰਾਸ਼ਟਰੀ ਟੂਰਨਾਮੈਂਟ' ਵਿੱਚ ਕਈ ਦਫਾ ਖੇਡ ਚੁੱਕੇ ਸ. ਪ੍ਰਗਟ ਸਿੰਘ ਕਿਹਾ ਕਿ ਇੱਕ ਵਾਰ ਸੁਲਤਾਨ ਅਜ਼ਲਾਨ ਸ਼ਾਹ ਨੇ ਉਨ੍ਹਾਂ ਨਾਲ ਵਿਚਾਰ ਸਾਂਝੇ ਕਰਦਿਆਂ ਆਖਿਆ ਸੀ ਕਿ ਕਿਸੇ ਸਿਸਟਮ ਨੂੰ ਬਦਲਣ ਲਈ ਉਸ ਵਿੱਚ ਵੜਨਾ ਪਵੇਗਾ ਅਤੇ ਆਪ ਕੁਝ ਕਰਨਾ ਪਵੇਗਾ, ਜਿਸ ਤੋਂ ਉਹ ਬਹੁਤ ਪ੍ਰਭਾਵਿਤ ਹੋਏ। ਆਪਣੇ ਖੇਡ ਜੀਵਨ, ਆਪਣੇ ਪੁਲਿਸ ਕਾਰਜਕਾਲ ਤੇ ਡਾਇਰੈਕਟਰ ਆਫ ਸਪੋਰਟਸ ਹੁੰਦਿਆਂ ਸ਼ਾਇਦ ਇਸੇ ਕਰਕੇ ਮੈਂ ਸਾਬਕਾ ਡੀ. ਜੀ. ਪੀ. ਕੇ. ਪੀ. ਐਸ. ਗਿੱਲ ਜਾਂ ਕਲਮਾਡੀ ਵਰਗੇ ਸਿਆਸਤਦਾਨਾਂ ਨਾਲ ਸਿਧਾਂਤਾਂ ਦੇ ਅਧਾਰ 'ਤੇ ਸੰਘਰਸ਼ ਲੜਿਆ। ਉਨ੍ਹਾਂ ਕਿਹਾ ਕਿ ਉਹ ਸਿਆਸਤ ਵਿੱਚ ਵੀ ਕਿਸੇ ਦੇ ਦਬਾਅ ਹੇਠ ਨਹੀਂ ਚੱਲਦੇ ਬਲਕਿ ਦਬਾਅ-ਮੁਕਤ ਹੋ ਕੇ ਲੋਕਾਂ ਦੇ ਕੰਮ ਆਉਣ ਦਾ ਸਿਲਸਿਲਾ ਜਾਰੀ ਰੱਖਣਗੇ, ਜੋ ਕਿ ਇੱਕ ਚੁਣੇ ਹੋਏ ਵਿਧਾਇਕ ਦਾ ਕੰਮ ਹੈ। 

ਅਕਾਲੀ ਲੀਡਰਸ਼ਿਪ ਅਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਸਬੰਧੀ ਪੁੱਛੇ ਕਈ ਸਵਾਲਾਂ ਤੋਂ ਉਨ੍ਹਾਂ ਇਹ ਕਹਿ ਕੇ ਕਿਨਾਰਾ ਕੀਤਾ ਕਿ ਇਸ ਸਬੰਧੀ ਜਵਾਬ ਦੇਣਾ ਉਨ੍ਹਾਂ ਦੇ ਅਧਿਕਾਰ ਖੇਤਰ 'ਚ ਨਹੀਂ ਪਰ ਜੇਕਰ ਉਨ੍ਹਾਂ ਦੇ ਹਲਕੇ 'ਚ ਕਿਸੇ ਐਨ. ਆਰ. ਆਈ. ਨਾਲ ਸਿਆਸੀ ਆਗੂ ਜਾਂ ਅਫਸਰਸ਼ਾਹੀ ਦੇ ਦਬਾਅ ਹੇਠ ਧੱਕਾ ਹੁੰਦਾ ਹੈ ਤਾਂ ਸਿੱਧਾ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇ ਕਿਉਂਕਿ ਆਪਣੇ ਹਲਕੇ 'ਚ ਅਜਿਹਾ ਵਰਤਾਰਾ ਰੋਕਣ ਲਈ ਉਹ ਪੂਰਨ ਤੌਰ 'ਤੇ ਜਵਾਬਦੇਹ ਹਨ। 

ਪੰਜਾਬ 'ਚ ਹੋਏ ਵਿਸ਼ਵ ਕਬੱਡੀ ਕੱਪਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਇੰਕਸ਼ਾਫ ਕੀਤਾ ਕਿ ਪਿਛਲੇ ਕੱਪ 'ਚ ਸਰਕਾਰ ਦਾ ਕੁੱਲ ਖਰਚਾ ਪੌਣੇ ਗਿਆਰਾਂ ਕਰੋੜ ਸੀ ਜਦਕਿ ਉਸ ਤੋਂ ਬਾਰਾਂ ਕਰੋੜ ਦੀ ਆਮਦਨ ਹੋਈ, ਇਸ ਤਰ੍ਹਾਂ ਸਰਕਾਰ ਨੂੰ ਸਵਾ ਕਰੋੜ ਦਾ ਫਾਇਦਾ ਹੋਇਆ। ਕਬੱਡੀ ਕੱਪ 'ਚ ਬੇਲੋੜੇ ਨਾਚ ਗਾਣੇ ਅਤੇ ਫਿਲਮੀ ਹਸਤੀਆਂ ਦੇ ਨਾਚ 'ਤੇ ਪੈਸਾ ਬਰਬਾਦ ਕਰਨ ਸਬੰਧੀ ਇੱਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਕਬੱਡੀ ਨੂੰ ਇਸ ਪੱਧਰ 'ਤੇ ਪ੍ਰਮੋਟ ਕਰਨ ਲਈ ਫਿਲਮੀ ਸਿਤਾਰਿਆਂ ਦਾ ਸਹਾਰਾ ਲਿਆ ਗਿਆ ਪਰ ਇਹ ਕੋਈ ਪੱਕਾ ਸਿਸਟਮ ਨਹੀਂ, ਜੋ ਬਦਲਿਆ ਨਹੀਂ ਜਾ ਸਕਦਾ। ਕਬੱਡੀ ਕੱਪਾਂ 'ਚ ਦੇਸੀ ਤੇ ਵਿਦੇਸ਼ੀ ਡਰੱਗ ਡੀਲਰਾਂ ਦੀ ਚੌਧਰ ਸਬੰਧੀ ਪੁੱਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਇਹ ਗੱਲ ਧਿਆਨ 'ਚ ਲਿਆਉਣ ਲਈ ਮੀਡੀਏ ਦਾ ਧੰਨਵਾਦ ਕੀਤਾ ਤੇ ਇਸ ਸਬੰਧੀ ਚੌਕਸੀ ਵਰਤਣ ਦਾ ਭਰੋਸਾ ਦਿੱਤਾ।

ਆਪਣੀ ਇੱਛਾ ਪ੍ਰਗਟਾਉਂਦਿਆਂ ਸ. ਪ੍ਰਗਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਹਾਕੀ ਦਾ 'ਅੰਤਰਰਾਸ਼ਟਰੀ ਗੋਲਡ ਕੱਪ' ਸ਼ੁਰੂ ਕੀਤਾ ਜਾਵੇ, ਜੋ ਕਿ ਇੱਕ ਸਾਲ ਪੰਜਾਬ 'ਚ ਹੋਵੇ, ਦੂਜੇ ਸਾਲ ਕੈਨੇਡਾ, ਤੀਜੇ ਸਾਲ ਅਮਰੀਕਾ ਤੇ ਫਿਰ ਇੰਗਲੈਂਡ ਆਦਿ ਵਿੱਚ। ਭਾਰਤੀ ਹਾਕੀ ਵਿੱਚ ਪੰਜਾਬੀਆਂ ਦੀ ਨੁਮਾਇੰਦਗੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਸੀਨੀਅਰ ਤੇ ਜੂਨੀਅਰ ਹਾਕੀ ਟੀਮਾਂ 'ਚ ਖੇਡ ਰਹੇ ਕੁੱਲ 36 ਖਿਡਾਰੀਆਂ 'ਚੋਂ 22 ਪੰਜਾਬੀ ਹਨ, ਜੋ ਸਮੁੱਚੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ। ਹਾਕੀ ਦੀ ਬਿਹਤਰੀ ਲਈ ਉਹ ਆਪਣਾ ਪੁਰਾ ਤਾਣ ਲਗਾਉਂਦੇ ਰਹਿਣਗੇ। 

ਇੱਕ ਸਟਾਰ ਉਮੀਦਵਾਰ ਵਜੋਂ ਜਿੱਤ ਕੇ ਵਿਧਾਨ ਸਭਾ 'ਚ ਪੁੱਜਣ ਉਪਰੰਤ ਖੇਡ ਵਿਭਾਗ ਦਾ ਮੰਤਰੀ ਨਾ ਬਣਾਏ ਜਾਣ ਸਬੰਧੀ ਸਵਾਲ ਤੋਂ ਉਨ੍ਹਾਂ 'ਨੋ ਕੁਮੈਂਟਸ' ਕਹਿ ਕੇ ਪੱਲਾ ਝਾੜਿਆ। ਉਨ੍ਹਾਂ ਵਾਅਦਾ ਕੀਤਾ ਕਿ ਉਹ ਜਦੋਂ ਕਦੇ ਵੀ ਕੈਨੇਡਾ ਆਏ ਤਾਂ ਸਥਾਨਕ ਲੋਕਾਂ ਅਤੇ ਮੀਡੀਏ ਦੇ ਰੂਬਰੂ ਹੁੰਦੇ ਰਹਿਣਗੇ ਅਤੇ ਆਪਣੀਆਂ ਕਹੀਆਂ ਗੱਲਾਂ 'ਤੇ ਵੀ ਖਰੇ ਉਤਰਨਗੇ। 

ਇਸ ਮੌਕੇ ਉਨ੍ਹਾਂ ਦੇ ਨਾਲ ਹਰਪ੍ਰੀਤ ਸਿੰਘ ਅਟਵਾਲ, ਤੇਜਿੰਦਰ ਸਿੰਘ ਔਜਲਾ, ਬੌਬੀ ਵਿਕਟੋਰੀਆ ਅਤੇ ਬਹੁਤ ਸਾਰੇ ਹੋਰ ਹਾਕੀ ਪ੍ਰੇਮੀ ਮੌਜੂਦ ਸਨ।



Archive

RECENT STORIES