Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪਾਰਟੀ ਦਾ ਫੈਸਲਾ ਉਡੀਕੇ ਬਿਨਾਂ ਸਮਰਥਕਾਂ ਨੇ ਬੀਬੀ ਗੁਲਸ਼ਨ ਨੂੰ ਉਮੀਦਵਾਰ ਐਲਾਨਿਆ

Posted on October 19th, 2013


ਫਰੀਦਕੋਟ- ਸ਼੍ਰੋਮਣੀ ਅਕਾਲੀ ਦਲ ਵਿੱਚ ਅੰਦਰੂਨੀ ਫੁੱਟ ਉਸ ਸਮੇਂ ਜੱਗ ਜ਼ਾਹਿਰ ਹੋ ਗਈ ਜਦੋਂ ਬੀਬੀ ਪਰਮਜੀਤ ਕੌਰ ਗੁਲਸ਼ਨ ਦੇ ਸਮਰਥਕਾਂ ਨੇ ਪਾਰਟੀ ਦਾ ਫੈਸਲਾ ਉਡੀਕੇ ਬਿਨਾਂ ਹੀ ਉਨ੍ਹਾਂ ਨੂੰ 2014 ਲੋਕ ਸਭਾ ਚੋਣਾਂ ਲਈ ਉਮੀਦਵਾਰ ਐਲਾਨ ਦਿੱਤਾ ਅਤੇ ਖੁਸ਼ੀ ਵਿੱਚ ਲੱਡੂ ਵੀ ਵੰਡ ਦਿੱਤੇ। ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਗੁਲਸ਼ਨ ਨੂੰ ਉਮੀਦਵਾਰ ਐਲਾਨੇ ਜਾਣ ਦਾ ਖੰਡਨ ਕੀਤਾ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨਿੱਜੀ ਸਕੱਤਰ ਸੁਖਪਾਲ ਸਿੰਘ ਨੇ ਕਿਹਾ ਕਿ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਪੰਜਾਬ ’ਚੋਂ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਵਿਦੇਸ਼ ਦੌਰ ’ਤੇ ਹਨ, ਜਿਸ ਕਾਰਨ ਕਿਸੇ ਉਮੀਦਵਾਰ ਦੇ ਐਲਾਨ ਦਾ ਸਵਾਲ ਹੀ ਨਹੀਂ ਉੱਠਦਾ।

ਦੱਸਣਯੋਗ ਹੈ ਕਿ ਕਾਂਗਰਸੀ ਆਗੂ ਅਜੀਤ ਸਿੰਘ ਸ਼ਾਂਤ ਨੂੰ ਕੁਝ ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕੀਤਾ ਗਿਆ ਹੈ। ਪਾਰਟੀ ਦੇ ਸੂਤਰਾਂ ਅਨੁਸਾਰ ਸ੍ਰੀ ਸ਼ਾਂਤ ਨੂੰ ਲੋਕ ਸਭਾ ਚੋਣਾਂ ਲਈ ਸੀਟ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਇਸ ਦੇ ਚੱਲਦਿਆਂ ਸ੍ਰੀ ਸ਼ਾਂਤ ਨੇ ਲੋਕ ਸਭਾ ਹਲਕਾ ਫਰੀਦਕੋਟ ਦਾ ਦੌਰਾ ਵੀ ਕੀਤਾ ਹੈ। ਫ਼ਰੀਦਕੋਟ ਲੋਕ ਸਭਾ ਹਲਕਾ ਰਾਖਵਾਂ ਹੋਣ ਕਰਕੇ ਬਹੁਤੇ ਅਕਾਲੀ ਆਗੂਆਂ ਨੇ ਸ੍ਰੀ ਸ਼ਾਂਤ ਨੂੰ ਇਸ ਹਲਕੇ ਤੋਂ ਲੋਕ ਸਭਾ ਚੋਣ ਲੜਾਉਣ ਦੇ ਫੈਸਲੇ ਨੂੰ ਸਹਿਮਤੀ ਵੀ ਦੇ ਦਿੱਤੀ ਹੈ। ਜੇਕਰ ਸ੍ਰੀ ਸ਼ਾਂਤ ਲੋਕ ਸਭਾ ਚੋਣ ਫ਼ਰੀਦਕੋਟ ਤੋਂ ਲੜਦੇ ਹਨ ਤਾਂ ਮੌਜੂਦਾ ਸੰਸਦ ਮੈਂਬਰ ਪਰਮਜੀਤ ਕੌਰ ਗੁਲਸ਼ਨ ਦਾ ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਪੱਤਾ ਸਾਫ਼ ਹੋਣਾ ਨਿਸ਼ਚਿਤ ਹੈ। ਇਸ  ਕਾਰਨ ਫ਼ਰੀਦਕੋਟ, ਜੈਤੋ, ਪੰਜਗਰਾਈਂ ਅਤੇ ਮੋਗਾ ਵਿਧਾਨ ਸਭਾ ਹਲਕਿਆਂ ਵਿੱਚ ਬੀਬੀ ਗੁਲਸ਼ਨ ਦੇ ਸਮਰਥਕਾਂ ਨੇ ਬਕਾਇਦਾ ਤੌਰ ’ਤੇ ਕਾਨਫਰੰਸ ਕਰਕੇ ਲੱਡੂ ਵੰਡੇ ਅਤੇ ਐਲਾਨ ਕੀਤਾ ਕਿ ਪਾਰਟੀ ਨੇ ਬੀਬੀ ਗੁਲਸ਼ਨ ਨੂੰ ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨ ਦਿੱਤਾ ਹੈ।

ਬੀਬੀ ਗੁਲਸ਼ਨ ਨੇ ਸਮਰਥਕਾਂ ਵੱਲੋਂ ਟਿਕਟ ਮਿਲਣ ਦੀ ਖੁਸ਼ੀ ਵਿੱਚ ਲੱਡੂ ਵੰਡਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਭਾਵੇਂ ਪਾਰਟੀ ਨੇ ਉਨ੍ਹਾਂ ਨੂੰ ਬਕਾਇਦਾ ਤੌਰ ’ਤੇ ਹਾਲੇ ਉਮੀਦਵਾਰ ਨਹੀਂ ਐਲਾਨਿਆ ਹੈ ਪਰ ਉਨ੍ਹਾਂ ਨੂੰ ਭਰੋਸਾ ਹੈ ਕਿ ਪਾਰਟੀ ਉਨ੍ਹਾਂ ਨੂੰ ਹੀ ਉਮੀਦਵਾਰ ਐਲਾਨੇਗੀ। ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਨਿਧੜਕ ਸਿੰਘ ਬਰਾੜ, ਜਨਰਲ ਕੌਂਸਲ ਮੈਂਬਰ ਅਵਤਾਰ ਸਿੰਘ ਖੋਸਾ ਨੇ ਸਪੱਸ਼ਟ ਕੀਤਾ ਹੈ ਕਿ ਪਾਰਟੀ ਨੇ ਅਜੇ ਤੱਕ ਕਿਸੇ ਨੂੰ ਵੀ ਉਮੀਦਵਾਰ ਨਹੀਂ ਐਲਾਨਿਆ ਹੈ। ਟਿਕਟ ਦੇ ਮੁੱਖ ਦਾਅਵੇਦਾਰ ਮੰਨੇ ਜਾਂਦੇ ਅਜੀਤ ਸਿੰਘ ਸ਼ਾਂਤ ਨੇ ਇਸ ਮਾਮਲੇ ’ਤੇ ਕੋਈ ਟਿੱਪਣੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪਾਰਟੀ ਸਮੇਂ ਸਿਰ ਫੈਸਲਾ ਲਵੇਗੀ ਜੋ ਸਾਰਿਆਂ ਨੂੰ ਮਨਜ਼ੂਰ ਹੋਵੇਗਾ। ਅਕਾਲੀ ਆਗੂ ਅਵਤਾਰ ਸਿੰਘ ਖੋਸਾ ਨੇ ਪਾਰਟੀ ਅੰਦਰ ਧੜੇਬੰਦੀ ਤੋਂ ਸਾਫ ਇਨਕਾਰ ਕੀਤਾ ਹੈ।



Archive

RECENT STORIES