Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪਟਿਆਲਾ ਤੋਂ ਲੋਕ ਸਭਾ ਚੋਣ ਲੜੇਗੀ ਰਾਜੋਆਣਾ ਦੀ ਭੈਣ

Posted on October 19th, 2013


ਪਟਿਆਲਾ- ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਲੋਕ ਸਭਾ ਹਲਕਾ ਪਟਿਆਲਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇਗੀ। ਇਹ ਜਾਣਕਾਰੀ ਬੀਬੀ ਕਮਲਦੀਪ ਕੌਰ ਨੇ ਇੱਥੇ ਰਾਜੋਆਣਾ ਵੱਲੋਂ ਜੇਲ੍ਹ ਤੋਂ ਭੇਜੀ ਚਿੱਠੀ ਪੜ੍ਹਦਿਆਂ ਪੱਤਰਕਾਰਾਂ ਨੂੰ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਕਰੀਬ ਸੌ ਸਮਰਥਕ ਵੀ ਮੌਜੂਦ ਸਨ।

ਫ਼ਾਂਸੀ ਦੀ ਸਜ਼ਾਯਾਫ਼ਤਾ ਬਲਵੰਤ ਸਿੰਘ ਰਾਜੋਆਣਾ ਨੇ ਇਸ ਚਿੱਠੀ ਵਿੱਚ ਆਪਣੀ ਭੈਣ ਨੂੰ ‘ਪੰਥ ਦੀ ਧੀ’ ਦੱਸਦਿਆਂ ਸਮੁੱਚੇ ਪੰਥ ਨੂੰ ਇਸ ਚੋਣ ਵਿੱਚ ਉਸ ਨੂੰ ਪੂਰਨ ਸਹਿਯੋਗ ਦੇਣ ਦੀ ਬੇਨਤੀ ਕੀਤੀ ਹੈ। ਉਸਦਾ ਕਹਿਣਾ ਹੈ ਕਿ ਚੋਣ ਪ੍ਰਕਿਰਿਆ ਤੋਂ ਦੂਰ ਰਹਿ ਕੇ ਕਦੇ ਵੀ ਕੌਮੀ ਹੱਕ ਅਤੇ ਇਨਸਾਫ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ ਅਤੇ ਨਾ ਹੀ ਸੜਕਾਂ ’ਤੇ ਨਾਅਰੇਬਾਜ਼ੀ ਤੇ ਰੈਲੀਆਂ ਜ਼ਰੀਏ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਵੋਟ ਦੇ ਮਿਲੇ ਅਧਿਕਾਰ ਨਾਲ ਪੰਥ ਵਿਰੋਧੀ ਧਿਰਾਂ ਨੂੰ ਹਰਾ ਕੇ ਕੌਮੀ ਫ਼ਰਜ਼ ਅਦਾ ਕੀਤੇ ਜਾ ਸਕਦੇ ਹਨ।

ਰਾਜੋਆਣਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਚੋਣ ਮੁਹਿੰਮ ਦੌਰਾਨ ਨਸ਼ੇ ਅਤੇ ਪੈਸੇ ਆਦਿ ਦੀ ਵੰਡ ਕਰਕੇ ਮਾਨਵਤਾ ਦਾ ਅਪਮਾਨ ਨਹੀਂ ਕੀਤਾ ਜਾਵੇਗਾ। ਇਹ ਚੋਣ ਅਜਿਹੇ ਲੋਕਾਂ ਲਈ ਕਸੌਟੀ ਹੋਵੇਗੀ, ਜੋ ਪਿਛਲੇ ਸਾਲ ਫ਼ਾਂਸੀ ਦੇ ਹੁਕਮ ਆਉਣ ਮਗਰੋਂ ਰਾਜਨੀਤਕ ਅਤੇ ਧਾਰਮਿਕ ਤੌਰ ’ਤੇ ਉਨ੍ਹਾਂ ਦੀ ਸੋਚ ਦੇ ਹਾਮੀ ਬਣਕੇ ਲੋਕਾਂ ਵਿੱਚ ਵਿਚਰਦੇ ਰਹੇ ਹਨ। ਇਹ ਚੋਣ ਪਰਖ ਕਰੇਗੀ ਕਿ ਉਹ ਸੱਚ ਦੇ ਮਾਰਗ ਦੇ ਪਾਂਧੀ ਸਨ ਜਾਂ ਫੇਰ ਇਸ ਪਿੱਛੇ ਨਿੱਜੀ ਸਵਾਰਥ ਛੁਪੇ ਹੋਏ ਸਨ। ਪੱੱਤਰ ਵਿੱਚ ਉਸਨੇ ਸਮੂਹ ਬੁੱਧੀਜੀਵੀਆਂ, ਧਾਰਮਿਕ ਸੰਸਥਾਵਾਂ, ਟਕਸਾਲਾਂ ਤੇ ਸੰਤਾਂ ਮਹਾਂਪੁਰਸ਼ਾਂ ਨੂੰ  ਬੇਨਤੀ ਕੀਤੀ ਹੈ ਕਿ ਉਹ ਕਮਲਦੀਪ ਕੌਰ ਨੂੰ ਸਹਿਯੋਗ ਦੇ ਕੇ ਖ਼ਾਲਸਾ ਪੰਥ ਦੀ ਜਿੱਤ ਦੇ ਝੰਡੇ ਝੁਲਾਉਣ ਨੂੰ ਯਕੀਨੀ ਬਣਾਉਣ।

ਰਾਜੋਆਣਾ ਨੇ ਕਿਹਾ ਕਿ ਪਟਿਆਲਾ ਸੀਟ ’ਤੇ ਸਿੱਖ ਧਰਮ ਅਤੇ ਪੰਥ ਵਿਰੁੱਧ ਸਾਜ਼ਿਸ਼ਾਂ ਰਚਣ ਵਾਲੀ ਕਾਂਗਰਸ ਪਾਰਟੀ ਦੀ ਨੁਮਾਇੰਦਗੀ ਕਰਦੇ ਆ ਰਹੇ ਮੋਤੀ ਮਹਿਲ ਦਾ 15 ਸਾਲਾਂ ਤੋਂ ਕਬਜ਼ਾ ਹੈ। ਮੋਤੀ ਮਹਿਲ ਨੂੰ ਪੰਥ ਵਿਰੋਧੀ ਸਾਜਿਸ਼ਾਂ ਦਾ ਕੇਂਦਰ ਬਿੰਦੂ ਦੱਸਦਿਆਂ ਰਾਜੋਆਣਾ ਨੇ ਕਿਹਾ ਕਿ ਇਹ ਮਹਿਲ ਸਿੱਖੀ ਦੇ ਭੇਸ ਵਿੱਚ ਵਿਚਰਦੇ ਦਿੱਲੀ ਦਰਬਾਰ ਦੇ ਕਰਿੰਦਿਆਂ ਦਾ ਮੁੱਖ ਦਫ਼ਤਰ ਹੈ।

ਬੀਬੀ ਕਮਲਦੀਪ ਕੌਰ ਜਦੋਂ ਇਹ ਚਿੱਠੀ ਪੜ੍ਹਕੇ ਸੁਣਾ ਰਹੀ ਸੀ ਤਾਂ ਰਾਜੋਆਣਾ ਦਾ ਭਤੀਜਾ ਰਵੀ ਜੈਕਾਰਿਆਂ ਸਮੇਤ ਰਾਜੋਆਣਾ ਦੇ ਪੱਖ ਵਿੱਚ ਨਾਅਰੇ ਲਾ ਰਿਹਾ ਸੀ, ਜਿਸ ਦਾ ਮੌਕੇ ’ਤੇ ਮੌਜੂਦ ਉਨ੍ਹਾਂ ਦੇ ਹਮਾਇਤੀ ਗਰਮਜੋਸ਼ੀ ਨਾਲ ਜਵਾਬ ਦੇ ਰਹੇ ਸਨ।

ਇਸੇ ਦੌਰਾਨ ਜਦੋਂ ਬੀਬੀ ਕਮਲਦੀਪ ਕੌਰ ਨੂੰ ਖ਼ਾਲਿਸਤਾਨ ਪੱਖੀ ਹੋਣ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ। ਬਹੁਤੇ ਸਵਾਲਾਂ ਦੇ ਜਵਾਬ ਉਹ ‘ਵੀਰ ਜੀ (ਰਾਜੋਆਣਾ) ਹੀ ਦੱਸਣਗੇ’ ਕਹਿ ਕੇ ਟਾਲਦੀ ਰਹੀ। ਉਨ੍ਹਾਂ ਦਾ ਕਹਿਣਾ ਸੀ ਕਿ ਚੋਣ ਮੁਹਿੰਮ ਦੀ ਸਾਰੀ ਰੂਪ ਰੇਖਾ ਰਾਜੋਆਣਾ ਵੱਲੋਂ ਉਲੀਕੀ ਜਾਵੇਗੀ, ਜਿਸ ਬਾਰੇ ਅਗਲੇ ਸਮੇਂ ਵਿੱਚ ਸਪੱਸ਼ਟ ਕਰ ਦਿੱਤਾ ਜਾਵੇਗਾ। ਕਿਸੇ ਚੋਣ ਸਮਝੌਤੇ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਉਹ ਪੰਥ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਚੋਣ ਲੜਨਗੇ, ਕਿਸੇ ਵੀ ਰਾਜਨੀਤਕ ਪਾਰਟੀ ਨਾਲ ਉਹ ਕੋਈ ਸਮਝੌਤਾ ਨਹੀਂ ਕਰਨਗੇ। ਚੋਣ ਲਈ ਲੋੜੀਂਦੇ ਫੰਡਾਂ ਦੇ ਪ੍ਰਬੰਧਾਂ ਬਾਰੇ ਬੀਬੀ ਕਮਲਦੀਪ ਨੇ ਕਿਹਾ ਕਿ ਇਸ ਸਬੰਧੀ ਪੰਥ ਨਾਲ ਜੁੜੀ ਦੇਸ਼ ਵਿਦੇਸ਼ ਵਿਚਲੀ ਸੰਗਤ ਵੱਲੋਂ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ।



Archive

RECENT STORIES