Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਹੈਰੋਇਨ ਲਿਜਾ ਰਿਹਾ ਸਿਪਾਹੀ ਅਤੇ ਸਾਬਕਾ ਸਿਪਾਹੀ ਗ੍ਰਿਫਤਾਰ

Posted on October 20th, 2013


ਕਪੂਰਥਲਾ- ਇੱਕ ਪਾਸੇ ਪੰਜਾਬ ਪੁਲਸ ਨਸ਼ਾ ਤਸਕਰਾਂ ‘ਤੇ ਸ਼ਿਕੰਜਾ ਕੱਸਣ ਲਈ ਰੋਜ਼ ਨਾਕੇ ਲਾ ਰਹੀ ਹੈ ਤੇ ਛਾਪੇਮਾਰੀ ਕਰ ਰਹੀ ਹੈ। ਪੰਜਾਬ ਪੁਲਸ ਦੇ ਹੀ ਕੁਝ ਕਰਮਚਾਰੀ ਨਸ਼ਾ ਸਪਲਾਈ ਕਰਨ ਲੱਗੇ ਹੋਏ ਹਨ। ਅਜਿਹਾ ਹੀ ਮਾਮਲਾ ਕਪੂਰਥਲਾ ਵਿੱਚ ਸਾਹਮਣੇ ਆਇਆ ਹੈ, ਜਿੱਥੇ ਸੀ ਆਈ ਏ ਸਟਾਫ ਪੁਲਸ ਨੇ ਕੋਹੜੀਆਂ ਦੇ ਆਸ਼ਰਮ ਕੋਲੋਂ ਇੱਕ ਇੰਡੀਕਾ ਕਾਰ ‘ਚੋਂ ਪੰਜਾਬ ਪੁਲਸ ਦੇ ਕਾਂਸਟੇਬਲ ਸੁਖਵਿੰਦਰ ਸਿੰਘ ਨੂੰ ਸੌ ਗਰਾਮ ਹੈਰੋਇਨ ਅਤੇ 530 ਗਰਾਮ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕੀਤਾ। ਉਸ ਦੇ ਸਾਥੀ ਬੂਟਾ ਰਾਮ ਤੋਂ ਵੀ ਦਸ ਗਰਾਮ ਹੈਰੋਇਨ ਮਿਲੀ। ਬੂਟਾ ਰਾਮ ਵੀ ਪੁਲਸ ਕਾਂਸਟੇਬਲ ਸੀ, ਜਿਸ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਹੈਰੋਇਨ ਮਿਲਣ ਦੇ ਬਾਅਦ ਕਾਂਸਟੇਬਲ ਸੁਖਵਿੰਦਰ ਸਿੰਘ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ। ਪੁਲਸ ਨੇ ਦੋਵਾਂ ਦੋਸ਼ੀਆਂ ਨੂੰ ਅਦਾਲਤ ਤੋਂ ਪੁੱਛਗਿੱਛ ਕਰਨ ਲਈ ਇੱਕ ਦਿਨਾਂ ਰਿਮਾਂਡ ਲੈ ਲਿਆ ਹੈ।

ਸੀ ਆਈ ਏ ਸਟਾਫ ਵਿੱਚ ਏ ਐਸ ਆਈ ਪਵਨ ਕੁਮਾਰ ਨੇ ਦੱਸਿਆ ਕਿ ਸੀ ਆਈ ਏ ਸਟਾਫ ਦੇ ਡੀ ਐਸ ਪੀ ਸੁਰਿੰਦਰ ਸਿੰਘ ਅਤੇ ਇੰਚਾਰਜ ਲਖਵਿੰਦਰ ਸਿੰਘ ਨੂੰ ਬੀਤੀ ਸ਼ਾਮ ਸੱਤ ਵਜੇ ਸੂਚਨਾ ਮਿਲੀ ਕਿ ਇੱਕ ਇੰਡੀਕਾ ਕਾਰ ਤੇ ਕੁਝ ਲੋਕ ਹੈਰੋਇਨ ਲੈ ਕੇ ਵੇਚਣ ਜਾ ਰਹੇ ਹਨ। ਇਸ ‘ਤੇ ਡੀ ਐਸ ਪੀ ਸੁਰਿੰਦਰ ਸਿੰਘ ਅਤੇ ਇੰਚਾਰਜ ਲਖਵਿੰਦਰ ਸਿੰਘ ਨੇ ਕੋਹੜੀ ਆਸ਼ਰਮ ਨੇੜੇ ਨਾਕਾਬੰਦੀ ਕਰ ਦਿੱਤੀ। ਇਸੇ ਦੌਰਾਨ ਗੋਇੰਦਵਾਲ ਸਾਹਿਬ ਵੱਲੋਂ ਇੱਕ ਇੰਡੀਕਾ ਕਾਰ ਆਈ। ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿੱਚੋਂ ਹੈਰੋਇਨ ਬਰਾਮਦ ਹੋਈ। ਦੋਵਾਂ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਇੱਕ ਦੋਸ਼ੀ ਨੇ ਆਪਣਾ ਨਾਮ ਸੁਖਵਿੰਦਰ ਸਿੰਘ ਵਾਸੀ ਮਿਰਜ਼ਾਪੁਰ ਕਪੂਰਥਲਾ ਦੱਸਿਆ, ਜੋ ਸਿਟੀ ਥਾਣੇ ਕਪੂਰਥਲਾ ਵਿੱਚ ਕਾਂਸਟੇਬਲ ਤੈਨਾਤ ਸੀ। ਦੂਜਾ ਦੋਸ਼ੀ ਬੂਟਾ ਰਾਮ ਕਪੂਰਥਲਾ ਦਾ ਰਹਿਣ ਵਾਲਾ ਹੈ।



Archive

RECENT STORIES