Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਮਰੀਕਾ ਦੇ ਦਖ਼ਲ ਨਾਲ ਸੁਲਝ ਸਕਦੈ ਕਸ਼ਮੀਰ ਮਸਲਾ: ਸ਼ਰੀਫ਼

Posted on October 20th, 2013


ਇਸਲਾਮਾਬਾਦ- ਰਾਸ਼ਟਰਪਤੀ ਬਰਾਕ ਓਬਾਮਾ ਨਾਲ ਆਪਣੀ ਮੁਲਾਕਾਤ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਕਸ਼ਮੀਰ ਮਸਲਾ ਸੁਲਝਾਉਣ ’ਚ ਅਮਰੀਕਾ ਤੋਂ ਮਦਦ ਮੰਗੀ ਹੈ। ਸ਼ਰੀਫ਼ ਨੇ ਆਖਿਆ ਕਿ ਕਾਰਗਿਲ ਟਕਰਾਅ ਵੇਲੇ ਜੁਲਾਈ 1999 ਦੇ ਆਪਣੇ ਅਮਰੀਕੀ ਦੌਰੇ ਵੇਲੇ ਵੀ ਉਨ੍ਹਾਂ ਉਸ ਵੇਲੇ ਦੇ ਰਾਸ਼ਟਰਪਤੀ ਬਿੱਲ ਕਲਿੰਟਨ ਨੂੰ ਸਪਸ਼ਟ ਕੀਤਾ ਸੀ ਕਿ ਜੇ ਅਮਰੀਕਾ ਦਖਲ ਦੇਵੇ ਤਾਂ ਕਸ਼ਮੀਰ ਮਸਲਾ ਸੁਲਝ ਸਕਦਾ ਹੈ। 

ਇਕ ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਆਖਿਆ, ‘‘ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਜੇ ਉਹ ਮੱਧ ਪੂਰਬ ਵਿੱਚ ਲਾਏ ਜਾਂਦੇ ਆਪਣੇ ਵਕਤ ਦਾ 10 ਫੀਸਦ ਹਿੱਸਾ ਵੀ ਇਸ ਪਾਸੇ ਲਾ ਦੇਣ ਤਾਂ ਦੋਵੇਂ ਦੇਸ਼ਾਂ ਵਿਚਾਲੇ ਕਸ਼ਮੀਰ ਮਸਲਾ ਸੁਲਝ ਜਾਵੇਗਾ।’’ 

ਸ਼ਰੀਫ਼ ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਨੂੰ ਮਿਲਣਗੇ ਅਤੇ ਉਨ੍ਹਾਂ ਇਥੇ ਲੰਡਨ ’ਚ ਆਪਣੇ ਠਹਿਰਾਅ ਦੌਰਾਨ ਇਹ ਗੱਲਾਂ ਕਹੀਆਂ। ਹਾਲਾਂਕਿ ਪਾਕਿਸਤਾਨ ਵੱਲੋਂ ਇਸ ਮਸਲੇ ’ਤੇ ਅਮਰੀਕੀ ਦਖਲ ਲਈ ਜ਼ੋਰ ਪਾਇਆ ਜਾ ਰਿਹਾ ਹੈ, ਪਰ ਵਾਸ਼ਿੰਗਟਨ ਵਾਰ-ਵਾਰ ਇਹ ਕਹਿੰਦਾ ਰਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਨੂੰ ਗੱਲਬਾਤ ਰਾਹੀਂ ਆਪਣੇ ਮਸਲੇ ਹੱਲ ਕਰਨੇ ਚਾਹੀਦੇ ਹਨ।  ਸ਼ਰੀਫ਼ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਪਰਮਾਣੂ ਤਾਕਤਾਂ ਹਨ ਅਤੇ ਦੱਖਣੀ ਏਸ਼ੀਆ ਟਕਰਾਅ ਦਾ ਅਖਾੜਾ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਇਸ ਤਰ੍ਹਾਂ ਦੇ ਦਖਲ ਦਾ ਵਿਰੋਧ ਕਰਦਾ ਆ ਰਿਹਾ ਹੈ ਅਤੇ ਆਲਮੀ ਸ਼ਕਤੀਆਂ ਨੂੰ ਮਸਲਾ ਸੁਲਝਾਉਣ ਲਈ ਪਹਿਲਕਦਮੀ ਕਰਨੀ ਚਾਹੀਦੀ। 

ਵਿਦੇਸ਼ੀ ਦਖ਼ਲ ਪ੍ਰਵਾਨ ਨਹੀਂ: ਖੁਰਸ਼ੀਦ

ਨਵੀਂ ਦਿੱਲੀ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵੱਲੋਂ ਕਸ਼ਮੀਰ ਮਸਲਾ ਹੱਲ ਕਰਨ ਲਈ ਅਮਰੀਕੀ ਦਖ਼ਲ ਦੀ ਕੀਤੀ ਮੰਗ ਰੱਦ ਕਰਦਿਆਂ, ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸਲਮਾਨ ਖੁਰਸ਼ੀਦ ਨੇ ਆਖਿਆ ਕਿ ਭਾਰਤ ਨੂੰ ਇਹ ਮਨਜ਼ੂਰ ਨਹੀਂ ਹੋਵੇਗੀ, ਕਿਉਂਕਿ ਇਹ ਇਕ ਦੁਵੱਲਾ ਮਾਮਲਾ ਹੈ, ਜਿਸ ਬਾਰੇ ਦੋਵਾਂ ਦੇਸ਼ਾਂ ਦੇ ਪੱਧਰ ’ਤੇ ਗੱਲਬਾਤ ਕਰਨ ਦੀ ਸਹਿਮਤੀ ਬਣੀ ਹੋਈ ਹੈ। ਉਨ੍ਹਾਂ ਅਸਲ ਕੰਟਰੋਲ ਰੇਖਾ ’ਤੇ ਗੋਲੀਬੰਦੀ ਦੀ ਵਾਰ-ਵਾਰ ਹੋ ਰਹੀ ਉਲੰਘਣਾ ’ਤੇ ਚਿੰਤਾ ਜ਼ਾਹਰ ਕਰਦਿਆਂ ਉਮੀਦ ਪ੍ਰਗਟ ਕੀਤੀ ਕਿ ਗੋਲੀਬਾਰੀ ’ਚ ਹੋਰ ਜਾਨੀ ਨੁਕਸਾਨ ਨਹੀਂ ਹੋਵੇਗਾ। 
ਉਂਜ, ਉਨ੍ਹਾਂ ਇਹ ਧਾਰਨਾ ਖ਼ਾਰਜ ਕਰ ਦਿੱਤੀ ਕਿ ਇਨ੍ਹਾਂ ਘਟਨਾਵਾਂ ਕਾਰਨ ਦੋਵੇਂ ਦੇਸ਼ਾਂ ਵਿਚਾਲੇ ਗੋਲੀਬੰਦੀ ਦਾ ਸਮਝੌਤਾ ਟੁੱਟ ਗਿਆ ਹੈ। ਜਨਾਬ ਖੁਰਸ਼ੀਦ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਨੂੰ ਦਿੱਤੀ ਜਾਂਦੀ ਅਮਰੀਕੀ ਇਮਦਾਦ ਇਸ ਢੰਗ ਨਾਲ ਵਰਤੀ ਜਾਣੀ ਚਾਹੀਦੀ ਹੈ ਕਿ ਭਾਰਤ ਦੇ ਸੁਰੱਖਿਆ ਅਤੇ ਰਣਨੀਤਕ ਹਿੱਤਾਂ ਨੂੰ ਢਾਹ ਨਾ ਲੱਗੇ।       


Archive

RECENT STORIES