Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨਵਜੋਤ ਸਿੰਘ ਸਿੱਧੂ ਨੇ ਗੁਰੂ ਨਗਰੀ ’ਚ ਬਣਾਏ ਆਪਣੇ ਨਵੇਂ ਘਰ ਵਿੱਚ ਹਵਨ ਯੱਗ ਕਰਵਾਇਆ।

Posted on October 20th, 2013

<p>ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਐਤਵਾਰ ਨੂੰ ਅੰਮ੍ਰਿਤਸਰ ਵਿੱਚ ਆਪਣੀ ਪਤਨੀ ਨਵਜੋਤ ਕੌਰ ਸਿੱਧੂ ਨਾਲ ਹਵਨ ਕਰਦੇ ਹੋਏ<br></p>


ਅੰਮ੍ਰਿਤਸਰ- ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਗੁਰੂ ਨਗਰੀ ’ਚ ਬਣਾਏ ਆਪਣੇ ਨਵੇਂ ਘਰ ਵਿੱਚ ਆਪਣਾ 50ਵਾਂ ਜਨਮ ਦਿਨ ਮਨਾਉਂਦਿਆਂ ਹਵਨ ਯੱਗ ਕਰਵਾਇਆ। ਇਸ ਮੌਕੇ ਉਨ੍ਹਾਂ ਅੰਮ੍ਰਿਤਸਰ ਛੱਡ ਕੇ ਜਾਣ ਦੀਆਂ ਸਮੂਹ ਕਿਆਸਅਰਾਈਆਂ ਨੂੰ ਖ਼ਤਮ ਕਰ ਦਿੱਤਾ। ਉਹ ਆਪਣੇ ਨਵੇਂ ਘਰ ਵਿੱਚ ਦਸੰਬਰ  ਵਿੱਚ ਪ੍ਰਵੇਸ਼ ਕਰਨਗੇ। ਇਸ ਮੌਕੇ ਉਨ੍ਹਾਂ ਆਖਿਆ ਕਿ ਅੰਮ੍ਰਿਤਸਰ ਨਾਲ ਉਸਦਾ ਅਟੁੱਟ ਰਿਸ਼ਤਾ ਹੈ।

ਇੱਥੇ ਹੋਲੀ ਸਿਟੀ ਕਲੋਨੀ ਵਿੱਚ ਸਿੱਧੂ ਨੇ ਆਪਣੇ ਨਵੇਂ ਬਣਾਏ ਘਰ ਵਿੱਚ ਪਹਿਲੀ ਵਾਰ ਹਵਨ ਯੱਗ ਕਰਵਾਇਆ ਹੈ। ਇਹ ਹਵਨ ਯੱਗ ਉਨ੍ਹਾਂ ਆਪਣੇ 50ਵੇਂ ਜਨਮ ਦਿਨ ਦੇ ਸਬੰਧ ਵਿੱਚ ਕਰਵਾਇਆ। ਇਹ ਹਵਨ ਯੱਗ ਲਗਪਗ ਪੰਜ ਘੰਟੇ ਚੱਲਿਆ ਜਿਸ ਵਿੱਚ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਦੋਵਾਂ ਨੇ ਹਿੱਸਾ ਲਿਆ। ਸਿੱਧੂ ਹੁਣ ਤੱਕ ਇੱਥੇ ਮਾਲ ਰੋਡ ਸਥਿਤ ਕੋਠੀ ਵਿੱਚ ਰਹਿ ਰਹੇ ਹਨ, ਜੋ ਉਨ੍ਹਾਂ ਦੇ ਕਿਸੇ ਨਜ਼ਦੀਕੀ ਸਾਥੀ ਦੀ ਹੈ। ਹੁਣ ਉਨ੍ਹਾਂ ਹੋਲੀ ਸਿਟੀ ਕਲੋਨੀ ਵਿੱਚ ਲਗਪਗ 5 ਹਜ਼ਾਰ ਵਰਗ ਗਜ਼ ਰਕਬੇ ਵਿੱਚ ਆਪਣੀ ਦੋ ਮੰਜ਼ਲਾ ਨਵੀਂ ਕੋਠੀ ਦੀ ਉਸਾਰੀ ਕਰਵਾਈ ਹੈ। ਉਨ੍ਹਾਂ ਦਾ ਜੱਦੀ ਘਰ ਪਟਿਆਲਾ ਵਿੱਚ ਹੈ ਉੱਥੇ ਉਨ੍ਹਾਂ ਦੇ ਆਪਣੇ ਦੋ ਘਰ ਸਨ, ਜਿਨ੍ਹਾਂ ਵਿੱਚੋਂ ਇਕ ਘਰ ਉਨ੍ਹਾਂ ਵੇਚ ਦਿੱਤਾ ਸੀ ਅਤੇ ਹੁਣ ਆਪਣਾ ਪੱਕਾ ਠਿਕਾਣਾ ਅੰਮ੍ਰਿਤਸਰ ਵਿੱਚ ਬਣਾਇਆ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਆਖਿਆ ਕਿ ਉਨ੍ਹਾਂ ਦਾ ਗੁਰੂ ਨਗਰੀ ਨਾਲ ਅਟੁੱਟ ਰਿਸ਼ਤਾ ਹੈ ਅਤੇ ਕਦੇ ਵੀ ਉਹ ਅੰਮ੍ਰਿਤਸਰ ਛੱਡ ਕੇ ਨਹੀਂ ਜਾਣਗੇ। ਉਹ ਹਮੇਸ਼ਾਂ ਅੰਮ੍ਰਿਤਸਰ ਵਾਸੀਆਂ ਦੀ ਸੇਵਾ ਵਿੱਚ ਹਾਜ਼ਰ ਰਹਿਣਗੇ। ਇਸ ਦੌਰਾਨ ਉਨ੍ਹਾਂ ਸਿਆਸੀ ਗੱਲਬਾਤ ਕਰਨ ਤੋਂ ਗੁਰੇਜ਼ ਕੀਤਾ। ਇਸ ਵਾਰ ਲੋਕ ਸਭਾ ਚੋਣਾਂ ਦਿੱਲੀ ਤੋਂ ਲੜਨ ਦੀ ਚੱਲ ਰਹੀ ਚਰਚਾ ਬਾਰੇ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਪਾਰਟੀ ਵੱਲੋਂ ਕੋਈ ਅਜਿਹੀ ਗੱਲ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਜਦੋਂ ਪਾਰਟੀ ਵੱਲੋਂ ਇਸ ਬਾਰੇ ਦੱਸਿਆ ਜਾਵੇਗਾ ਤਾਂ ਉਹ ਵਿਚਾਰ ਕਰਨਗੇ। ਉਨ੍ਹਾਂ ਆਖਿਆ ਕਿ ਸਿਆਸਤ ਇੱਕ ਮਿਸ਼ਨ ਹੈ ਅਤੇ ਉਨ੍ਹਾਂ ਇਸ ਮਿਸ਼ਨ ਨੂੰ ਲੋਕਾਂ ਦੀ ਸੇਵਾ ਕਰਨ ਲਈ ਅਪਣਾਇਆ ਹੈ। ਆਪਣੀ ਉਮਰ ਦੇ ਹੁਣ ਤੱਕ ਦੇ ਤਜਰਬੇ ਬਾਰੇ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਇਸ ਉਮਰ ਦੌਰਾਨ ਉਨ੍ਹਾਂ ਵੱਡੇ ਸੰਘਰਸ਼ ਕੀਤੇ ਹਨ ਜਿਨਾਂ ਵਿੱਚ ਕ੍ਰਿਕਟ ਖਿਡਾਰੀ ਬਣਨਾ, ਸਿਆਸਤ ਵਿੱਚ ਆਉਣਾ, ਕੁਮੈਂਟੇਟਰ ਬਣਨਾ, ਟੀ.ਵੀ ਕਲਾਕਾਰ ਬਣਨਾ ਆਦਿ ਸ਼ਾਮਲ ਹੈ। ਉਨ੍ਹਾਂ ਆਖਿਆ ਕਿ ਉਹ ਆਪਣੀ ਬਾਕੀ ਜ਼ਿੰਦਗੀ ਲੋਕਾਂ ਦੀ ਸੇਵਾ ਅਤੇ ਪ੍ਰਮਾਤਮਾ ਦੇ ਲੇਖੇ ਲਾਉਣਗੇ।

ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਜਦੋਂ ਸਿੱਧੂ ਅੰਮ੍ਰਿਤਸਰ ਤੋਂ ਗ਼ੈਰਹਾਜ਼ਰ ਸਨ ਤਾਂ ਇੱਥੇ ਸਿਆਸੀ ਹਲਕਿਆਂ ਵਿੱਚ ਚਰਚਾ ਸੀ ਕਿ ਉਹ ਅੰਮ੍ਰਿਤਸਰ ਛੱਡ ਕੇ ਜਾ ਰਹੇ ਹਨ। ਉਨ੍ਹਾਂ ਦੀ ਗ਼ੈਰਹਾਜ਼ਰੀ ਵਿੱਚ ਕੁਝ ਲੋਕਾਂ ਵੱਲੋਂ ਉਨ੍ਹਾਂ ਦੇ ਅੰਮ੍ਰਿਤਸਰ ਤੋਂ ਗ਼ੈਰਹਾਜ਼ਰ ਹੋਣ ਬਾਰੇ ਇਸ਼ਤਿਹਾਰ ਵੀ ਲਾ ਦਿੱਤੇ ਗਏ ਸਨ। ਹੁਣ ਵੀ ਇਹ ਚਰਚਾ ਹੈ ਕਿ ਸਿੱਧੂ ਨੂੰ ਭਾਜਪਾ ਵੱਲੋਂ ਅੰਮ੍ਰਿਤਸਰ ਦੀ ਥਾਂ ਦਿੱਲੀ ਤੋਂ ਚੋਣ ਲੜਾਈ ਜਾ ਰਹੀ ਹੈ।



Archive

RECENT STORIES