Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

1 ਨਵੰਬਰ ਨੂੰ ਜਲੰਧਰ ਵਿਖੇ 'ਅਜ਼ਾਦੀ ਮਾਰਚ' ਕੱਢਣ ਦਾ ਐਲਾਨ

Posted on October 21st, 2013



ਭਾਈ ਬੇਅੰਤ ਸਿੰਘ ਦਾ 29ਵਾਂ ਸ਼ਹੀਦੀ ਦਿਹਾੜਾ 31 ਅਕਤੂਬਰ ਨੂੰ ਅਕਾਲ ਤਖਤ ਸਾਹਿਬ ਵਿਖੇ ਮਨਾਇਆ ਜਾਵੇਗਾ


ਹੁਸ਼ਿਆਰਪੁਰ- ਭਾਈ ਗਜਿੰਦਰ ਸਿੰਘ ਅਤੇ ਭਾਈ ਦਲਜੀਤ ਸਿੰਘ ਦੀ ਦਿਸ਼ਾ-ਨਿਰਦੇਸ਼ ਹੇਠ ਚਲ ਰਹੇ ਸਿੱਖ ਸੰਗਠਨ ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਸਿੱਖ ਕਤਲੇਆਮ ਦੀ 29ਵੀ ਵਰੇਗੰਢ ਮੌਕੇ 1 ਨਵੰਬਰ ਨੂੰ ਜਲੰਧਰ ਵਿਖੇ 'ਅਜ਼ਾਦੀ ਮਾਰਚ' ਕੱਢਣ ਦਾ ਐਲਾਨ ਕੀਤਾ ਹੈ।

ਦੋਨਾਂ ਜਥੇਬੰਦੀਆਂ ਦੇ ਮੌਜੂਦਾ ਮੁਖੀਆਂ ਹਰਚਰਨਜੀਤ ਸਿੰਘ ਧਾਮੀ ਅਤੇ ਹਰਪਾਲ ਸਿੰਘ ਚੀਮਾ ਨੇ ਏਥੇ ਸਾਂਝਾ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਨਵੰਬਰ '84 ਦੇ ਸਿੱਖ ਕਤਲੇਆਮ ਦੀ ਵਰੇਗੰਢ ਮੌਕੇ ਉਹਨਾਂ ਦੇ ਪਾਰਟੀ ਮੈਂਬਰ ਹੱਥਾਂ ਵਿੱਚ ਤਖਤੀਆਂ ਲੈ ਕੇ ਜਲੰਧਰ ਸ਼ਹਿਰ ਦੀਆਂ ਸੜਕਾਂ ਉਤੇ ਮਾਰਚ ਕੱਢਣਗੇ। ਉਹਨਾਂ ਕਿਹਾ ਕਿ ਮਾਰਚ ਤੋਂ ਪਹਿਲਾਂ ਗੁਰਦੁਆਰਾ ਮਾਡਲ ਟਾਊਨ ਵਿਖੇ ਇਕੱਤਰ ਹੋ ਕੇ ਹਿੰਦੂਤਵੀ ਮਹਾਂ ਤਾਂਡਵ ਦੇ ਸ਼ਿਕਾਰ ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਮਾਰਚ ਦਾ ਮੰਤਵ ਜਿੱਥੇ ਸਿੱਖ ਮਨਾਂ ਦੀ ਪੀੜ ਅਤੇ ਰੋਹ ਨੂੰ ਜ਼ਾਹਰ ਕਰਨਾ ਹੈ, ਉਥੇ ਆਜ਼ਾਦੀ ਦੀ ਭਾਵਨਾ ਨੂੰ ਪ੍ਰਚੰਡ ਕਰਨਾ ਵੀ ਹੈ। 

ਉਹਨਾਂ ਕਿਹਾ ਕਿ ਨਵੰਬਰ '84 ਦਾ ਸਿੱਖ ਕਤਲੇਆਮ, ਨਸਲਕੁਸ਼ੀ ਸੀ ਨਾ ਕਿ ਦੰਗੇ, ਜਿਵੇਂ ਕਿ ਮੀਡੀਆ ਦਰਸਾਉਂਦਾ ਆ ਰਿਹਾ ਹੈ। ਉਹਨਾਂ ਕਿਹਾ ਕਿ ਮੁਲਕ ਦੇ ਸ਼ਾਸਕਾਂ ਨੂੰ ਸ਼ਰਮਸਾਰ ਕਰਨ ਲਈ ਪਿਛਲੇ 29 ਵਰਿਆਂ ਤੋਂ ਸਿੱਖ ਇਨਸਾਫ ਲਈ ਹਾਲ-ਦੁਹਾਈ  ਪਾ ਰਹੇ ਹਨ ਪਰ ਅਫਸੋਸ ਕਿ ਸਿੱਖਾਂ ਨਾਲ ਧੱਕੇਸ਼ਾਹੀਆਂ ਤੇ ਬੇਇਨਸਾਫੀ ਅੱਜ ਵੀ ਜਾਰੀ ਹੈ। ਦੇਸ਼ ਦੇ ਨਿਆਇਕ ਸਿਸਟਮ ਤਹਿਤ ਇਨਸਾਫ ਲੈਣ ਦੀਆਂ ਸਿੱਖਾਂ ਦੀਆਂ ਤਮਾਮ ਕੋਸ਼ਿਸ਼ਾਂ ਵੀ ਅਸਫਲ ਹੀ ਰਹੀਆਂ ਹਨ। ਉਹਨਾਂ ਕਿਹਾ ਕਿ ਸਿੱਖ ਭਾਈਵਾਰੇ ਨੇ ਇਨਸਾਫ ਲਈ ਯੂ.ਐਨ.ਓ ਨੂੰ ਦਖਲਅੰਦਾਜ਼ੀ ਲਈ ਅਪੀਲ ਕੀਤੀ ਹੈ, ਜਿਸਦੇ ਨਤੀਜਿਆਂ ਦੀ ਉਡੀਕ ਹੈ। 

ਉਹਨਾਂ ਦੇਸ਼ ਦੀ ਰਾਜਨੀਤਿਕ ਲੀਡਰਸ਼ਿਪ ਨੂੰ ਸਿੱਖ ਕਤਲੇਆਮ ਲਈ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਜੇਕਰ ਨਵੰਬਰ 1984 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜਾ ਕੀਤਾ ਗਿਆ ਹੁੰਦਾ ਤਾਂ 2002 ਦਾ ਗੁਜਰਾਤ ਅਤੇ 2008 ਦਾ ਉੜੀਸਾ ਕਤਲੇਆਮ ਨਾ ਵਾਪਰਦੇ। 

ਦੋਨਾਂ ਜਥੇਬੰਦੀਆਂ ਨੇ ਦਰਬਾਰ ਸਾਹਿਬ ਉਤੇ ਹਮਲਾ ਕਰਵਾਉਣ ਲਈ ਜ਼ਿੰਮੇਵਾਰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮਾਰਨ ਵਾਲੇ ਭਾਈ ਬੇਅੰਤ ਸਿੰਘ ਦਾ 29ਵਾਂ ਸ਼ਹੀਦੀ ਦਿਹਾੜਾ 31 ਅਕਤੂਬਰ ਨੂੰ ਅਕਾਲ ਤਖਤ ਸਾਹਿਬ ਵਿਖੇ ਮਨਾਉਣ ਦਾ ਐਲਾਨ ਵੀ ਕੀਤਾ।  

ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਦੱਸਿਆ ਕਿ ਉਸ ਦਿਨ ਅਕਾਲ ਤਖਤ ਸਾਹਿਬ ਵਿਖੇ ਸ਼ਰਧਾਂਜਲੀ ਸ਼ਮਾਰੋਹ ਆਯੋਜਿਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਜਾਵੇਗੀ ਕਿ ਉਹ ਖੁਦ ਸਮਾਗਮ ਵਿੱਚ ਹਾਜ਼ਰ ਹੋ ਕੇ ਸ਼ਹੀਦ ਬੇਅੰਤ ਸਿੰਘ ਦੇ ਸਪੁੱਤਰ ਨੂੰ ਸਨਮਾਨਿਤ ਕਰਨ। ਉਹਨਾਂ ਕਿਹਾ ਦੂਜੀਆਂ ਪੰਥਕ ਜਥੇਬੰਦੀਆਂ ਜਿਵੇਂ ਕਿ ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ ਆਦਿ ਨੂੰ ਇਹਨਾਂ ਦੋਨਾਂ ਸਮਾਗਮਾਂ ਲਈ ਸੱਦਾ-ਪੱਤਰ ਭੇਜੇ ਜਾਣਗੇ।



Archive

RECENT STORIES