Posted on October 22nd, 2013

ਅੰਮ੍ਰਿਤਸਰ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਕਬੂਲੀਅਤ ਨਾ ਕੇਵਲ ਸਿੱਖਾਂ ਦੇ ਸਰਵ ਉੱਚ ਧਾਰਮਿਕ ਅਸਥਾਨ ਕਾਰਨ ਹੈ, ਬਲਕਿ ਇਸ ਆਤਮਿਕ ਸ਼ਾਂਤੀ ਦੇ ਚਾਨਣ ਮੁਨਾਰੇ ਅਤੇ ਸੁਨਿਹਰੀ ਮੁਜੱਸਮੇ ਦੀ ਮਨਮੋਹਕ ਦਿੱਖ ਕਾਰਨ ਵੀ ਦੇਸ਼ ਵਿਦੇਸ਼ ਤੋਂ ਕਰੋੜਾਂ ਸ਼ਰਧਾਲੂ ਹਰ ਸਾਲ ਇਥੇ ਦਰਸ਼ਨਾਂ ਦੀ ਤਾਂਘ ਲੈ ਕੇ ਉਮੜਦੇ ਹਨ। ਵੇਰਵੇ ਅਨੁਸਾਰ ਰੋਜ਼ਾਨਾ ਸਵਾ ਤੋਂ ਡੇਢ ਲੱਖ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁੱਜਦੇ ਹਨ ਅਤੇ ਇਹ ਗਿਣਤੀ ਵਿਸ਼ੇਸ਼ ਦਿਨ ਦਿਹਾੜਿਆਂ 'ਤੇ ਦੁੱਗਣੀ ਤੱਕ ਪਹੁੰਚ ਜਾਂਦੀ ਹੈ।
ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਵਧਦੀ ਆਮਦ ਜਿਥੇ ਸਿੱਖਾਂ ਲਈ ਮਾਣ ਦੀ ਗੱਲ ਹੈ ਉਥੇ ਵਧੇਰੇ ਗਿਣਤੀ ਸ਼ਰਧਾਲੂਆਂ ਕਾਰਨ ਮੱਥਾ ਟੇਕਣ ਲਈ ਕਰਨੀ ਪੈਂਦੀ ਲੰਬਾ ਸਮਾਂ ਉਡੀਕ ਇਕ ਮੁਸ਼ਕਿਲ ਵਜੋਂ ਉੱਭਰ ਰਹੀ ਹੈ। ਵਿਸ਼ੇਸ਼ ਦਿਹਾੜਿਆਂ, ਜਿਨ੍ਹਾਂ 'ਚ ਗੁਰਪੁਰਬ, ਸੰਗਰਾਂਦ ਤੇ ਮੱਸਿਆ, ਕੌਮੀ ਤੇ ਸਥਾਨਕ ਛੁੱਟੀਆਂ ਵਾਲੇ ਦਿਨ, ਸਨਿਚਰਵਾਰ ਤੇ ਐਤਵਾਰ, ਗਰਮੀਆਂ ਦੀਆਂ ਛੁੱਟੀਆਂ ਆਦਿ ਸ਼ਾਮਿਲ ਹਨ, ਦੌਰਾਨ ਕਿਸੇ ਆਮ ਸ਼ਰਧਾਲੂ ਨੂੰ ਮੱਥਾ ਟੇਕਣ ਲਈ ਕਈ ਵਾਰ ਤਿੰਨ ਤੋਂ ਚਾਰ ਘੰਟੇ ਕਤਾਰਾਂ 'ਚ ਖਲੋ ਕੇ ਲੰਘਾਉਣੇ ਪੈਂਦੇ ਹਨ, ਅਜਿਹੇ 'ਚ ਛੋਟੇ ਬੱਚਿਆਂ, ਬਜ਼ੁਰਗਾਂ ਅਤੇ ਅੰਗਹੀਣ ਸ਼ਰਧਾਲੂਆਂ ਦੀ ਸਮੱਸਿਆ ਦਾ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਸਥਿਤੀ ਇਹ ਬਣਦੀ ਹੈ ਕਿ ਆਮ ਤੌਰ 'ਤੇ 25 ਫੀਸਦੀ ਤੋਂ ਵਧੇਰੇ ਸੰਗਤ ਦਰਸ਼ਨ ਕਰਨ ਤੋਂ ਵਾਂਝੀ ਹੀ ਵਾਪਸ ਮੁੜ ਜਾਂਦੀ ਹੈ। ਭੀੜ ਕਾਰਨ ਸੰਗਤ 'ਚ ਸ਼ਾਮਿਲ ਹੋਏ ਗੈਰ ਸਮਾਜਿਕ ਤੱਤ ਸ਼ਰਧਾਲੂਆਂ ਦੀ ਜੇਬਾਂ ਕੱਟਣ ਅਤੇ ਬੀਬੀਆਂ ਨੂੰ ਪ੍ਰੇਸ਼ਾਨ ਕਰਨ ਵਰਗੇ ਘ੍ਰਿਣਤ ਕਾਰਿਆਂ ਨੂੰ ਅਸਾਨੀ ਨਾਲ ਅੰਜ਼ਾਮ ਦੇ ਜਾਂਦੇ ਹਨ। ਦਰਸ਼ਨੀ ਡਿਓੜੀ ਦੇ ਬਾਹਰ ਹਜ਼ਾਰਾਂ ਸ਼ਰਧਾਲੂਆਂ ਦੇ ਇਕੱਠ ਕਾਰਨ ਕਈ ਵਾਰ ਸ਼ਰਧਾਲੂ ਨਿਕਾਸੀ ਰਸਤੇ ਰਾਹੀਂ ਵੀ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਹਨ। ਇਸ ਤੋਂ ਇਲਾਵਾ ਜ਼ਿਆਦਾ ਭੀੜ ਕਾਰਨ ਕਿਸੇ ਸ਼ਰਧਾਲੂ ਦੀ ਤਬੀਅਤ ਵਿਗੜਨ 'ਤੇ ਉਸ ਨੂੰ ਪਾਣੀ ਜਾਂ ਡਾਕਟਰੀ ਸਹੂਲਤ 'ਚ ਵੀ ਰੁਕਾਵਟ ਪੈਂਦੀ ਹੈ।
ਅਜਿਹੇ 'ਚ ਇਕ ਵਿਸ਼ੇਸ਼ ਧਿਆਨ ਦੇਣ ਯੋਗ ਗੱਲ ਹੈ ਕਿ ਮੱਥਾ ਟੇਕਣ ਪਿੱਛੋਂ ਸੰਗਤ ਦੀ ਵਾਪਸੀ ਨਿਕਾਸੀ ਵਾਲਾ ਰਸਤਾ ਛੋਟਾ ਹੋਣ ਦੇ ਬਾਵਜੂਦ ਵੀ ਉਥੇ ਭੀੜ ਨਹੀਂ ਹੁੰਦੀ ਅਤੇ ਜਾਣ ਵਾਲੇ ਰਸਤੇ 'ਤੇ ਭੀੜ ਹੋਣ ਦਾ ਕਾਰਨ 'ਸੱਚਖੰਡ' ਅੰਦਰ ਮੱਥਾ ਟੇਕਣ ਪਿੱਛੋਂ ਨਿਕਾਸੀ ਦਾ ਰਸਤਾ ਘੱਟ ਹੋਣਾ ਹੀ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰੂਨੀ ਪ੍ਰਬੰਧਾਂ ਤਹਿਤ ਮੌਜੂਦਾ ਸਮੇਂ ਦਰਸ਼ਨਾਂ ਪਿੱਛੋਂ ਕੇਵਲ ਪੂਰਬੀ ਰਸਤੇ ਰਾਹੀਂ ਹੁੰਦੀ ਸੰਗਤ ਦੀ ਨਿਕਾਸੀ ਸ਼ਰਧਾਲੂਆਂ ਦੀ ਆਮਦ ਝੱਲਣ ਦੇ ਸਮਰੱਥ ਨਹੀਂ, ਅਜਿਹੇ 'ਚ ਪੱਛਮੀ ਦਰਵਾਜ਼ੇ ਰਾਹੀਂ ਵੀ ਸੰਗਤ ਦੇ ਨਿਕਾਸ ਦੇ ਪ੍ਰਬੰਧ ਕੀਤੇ ਜਾਣ ਨਾਲ ਭੀੜ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ।
ਪਿਛਲੇ ਲੰਬੇ ਸਮੇਂ ਤੋਂ ਇਸ ਸਮੱਸਿਆ ਦੇ ਹੱਲ ਲਈ ਵਿਊਤਾਂ ਬਣਾ ਰਹੇ ਗੁਰੂ ਘਰ ਦੇ ਇਕ ਸ਼ਰਧਾਲੂ ਵੱਲੋਂ ਆਪਣਾ ਨਾਂਅ ਨਾ ਛਾਪਣ ਦੀ ਸੂਰਤ 'ਤੇ ਇਸ ਭੀੜ ਦੇ ਹੱਲ ਲਈ ਨਕਸ਼ੇ ਸਹਿਤ ਜਾਣਕਾਰੀ ਦਿੱਤੀ। ਨਕਸ਼ੇ ਅਨੁਸਾਰ ਸੰਗਤ ਦੀ ਆਮਦ ਵਾਲੇ ਦਰਵਾਜ਼ੇ ਅੰਦਰੋਂ ਦਾਖਲ ਹੋ ਕੇ ਮੱਥਾ ਟੇਕਣ ਮਗਰੋਂ ਖੱਬੇ ਪਾਸੇ ਪੂਰਬੀ ਦਰਵਾਜ਼ੇ ਵਾਂਗ ਹੀ ਸੱਜੇ ਪਾਸੇ ਪੱਛਮੀ ਦਰਵਾਜ਼ੇ ਤੱਕ ਵੀ ਲਾਂਘਾ ਬਣਾ ਕੇ ਜੰਗਲਾ ਲਗਾ ਦਿੱਤਾ ਜਾਵੇ ਅਤੇ ਦੋਵਾਂ ਦਰਵਾਜ਼ਿਆਂ ਰਾਹੀਂ ਸੰਗਤ ਦਾ ਨਿਕਾਸ ਹੋਵੇ। ਇਸ ਤਬਦੀਲੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰੰਪਰਿਕ ਪਾਵਨ ਅਸਥਾਨ ਹੂਬਹੂ ਰਹਿਣਗੇ ਕੇਵਲ ਬੀਬੀਆਂ ਦੇ ਬੈਠਣ ਲਈ ਰਾਖਵੀਂ ਜਗ੍ਹਾ ਥੋੜ੍ਹੀ ਕੁ ਘਟੇਗੀ। ਜ਼ਿਕਰਯੋਗ ਹੈ ਕਿ ਇਸ ਸਥਾਨ 'ਤੇ ਪਹਿਲਾਂ ਵੀ ਵਧੇਰੇ ਪੁਰਸ਼ ਸ਼ਰਧਾਲੂ ਹੀ ਬੈਠਦੇ ਹਨ। ਪੱਛਮੀ ਦਰਵਾਜ਼ੇ ਰਾਹੀਂ ਬਾਹਰ ਆਈ ਸੰਗਤ ਦੇ ਚੂਲਾ ਲੈਣ ਲਈ 'ਹਰ ਕੀ ਪੌੜੀ' ਤੱਕ 'ਸੱਚਖੰਡ' ਦੀ ਦੱਖਣ ਪੱਛਮੀ ਬਾਹੀ ਬਾਹਰ ਤਿੰਨ ਫੁੱਟ ਰਸਤੇ ਦਾ ਜੰਗਲਾ ਲਗਾ ਦਿੱਤਾ ਜਾਵੇ ਜੋ ਦੱਖਣੀ ਦਰਵਾਜ਼ੇ ਤੱਕ ਹੋਵੇ।
ਨਕਸ਼ੇ ਅਨੁਸਾਰ ਦਰਸ਼ਨੀ ਡਿਓੜੀ ਤੋਂ ਆਮ ਸ਼ਰਧਾਲੂਆਂ ਲਈ ਆਮਦ ਰਸਤੇ ਦੇ ਨਾਲ ਵਿਚਲਾ ਵਿਸ਼ੇਸ਼ ਰਸਤਾ ਜੋ ਸੰਗਤ ਨੂੰ ਪੱਛਮੀ ਦਰਵਾਜ਼ੇ ਰਾਹੀਂ ਦਰਸ਼ਨ ਕਰਨ ਲਈ ਲਿਜਾਂਦਾ ਹੈ, ਜੇਕਰ ਬਰਕਰਾਰ ਰੱਖਣਾ ਹੋਵੇ ਤਾਂ ਪੱਛਮੀ ਦਰਵਾਜ਼ੇ 'ਤੇ ਖੜਾ ਸੇਵਾਦਾਰ ਨਿਕਾਸੀ ਵਾਲੀ ਸੰਗਤ ਨੂੰ ਰੋਕ ਕੇ ਤਰਤੀਬਵਾਰ ਆਮਦ ਵਾਲੀ ਸੰਗਤ ਨੂੰ ਦਰਸ਼ਨਾਂ ਲਈ ਭੇਜ ਸਕਦਾ ਹੈ। ਤਜ਼ਵੀਜ਼ ਅਨੁਸਾਰ ਦਰਸ਼ਨੀ ਡਿਓੜੀ ਦੇ ਬਾਹਰ ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਦਰਸ਼ਨ ਕਰਨ ਜਾਣ ਲਈ ਇਕੱਠੀ ਹੋਈ ਸੰਗਤ ਲਈ ਲਗਾਏ ਜੰਗਲੇ ਕਤਾਰਵਾਰ ਹੋਣ। ਅੰਗਹੀਣ, ਬਜ਼ੁਰਗ, ਛੋਟੇ ਬੱਚਿਆਂ, ਪ੍ਰਮੱਖ ਸ਼ਖਸ਼ੀਅਤਾਂ (ਵੀ. ਆਈ. ਪੀ.) ਲਈ ਦਰਸ਼ਨੀ ਡਿਓੜੀ ਦੇ ਖੱਬੇ ਪਾਸੇ ਸਿੰਘ ਸਾਹਿਬ ਦੇ ਦਫਤਰ ਤੋਂ ਬਾਹਰ ਨਵੇਂ ਬਣੇ ਵਿਸ਼ੇਸ਼ ਰਸਤੇ ਰਾਹੀਂ ਤਿੰਨ ਫੁੱਟ ਤੱਕ ਜੰਗਲਾ ਲਗਾਕੇ ਬਾਹਰ ਬਾਹਰ ਲਾਂਘਾ ਬਣਾ ਦਿੱਤਾ ਜਾਵੇ, ਜਿਸ ਨਾਲ ਇਕ ਤਾਂ ਆਮ ਸੰਗਤ ਨੂੰ ਅੜਚਣ ਨਹੀਂ ਆਵੇਗੀ ਦੂਸਰਾ ਸ੍ਰੀ ਹਰਿਮੰਦਰ ਸਾਹਿਬ ਦੇ ਨਜ਼ਦੀਕ ਤੱਕ 'ਵੀਲ੍ਹ ਚੇਅਰ' ਲਿਜਾਈ ਜਾ ਸਕੇਗੀ।
ਜਾਣਕਾਰੀ ਅਨੁਸਾਰ ਉਕਤ ਤਜ਼ਵੀਜ਼ ਨੂੰ ਪ੍ਰਬੰਧਕਾਂ ਦੀ ਸਹਿਮਤੀ ਦੇ ਬਾਵਜੂਦ ਅਮਲ 'ਚ ਨਹੀਂ ਲਿਆਂਦਾ ਜਾ ਰਿਹਾ। ਸੂਤਰਾਂ ਅਨੁਸਾਰ ਪਹਿਲਾਂ ਵੀ ਇਸ ਤਜਵੀਜ਼ ਮੁਤਾਬਿਕ ਜੰਗਲੇ ਬਣਵਾ ਲਏ ਗਏ ਸਨ ਪਰ ਲਾਗੂ ਨਹੀਂ ਕੀਤੇ ਗਏ। ਸ਼੍ਰੋਮਣੀ ਕਮੇਟੀ ਦੇ ਇਕ ਐਗਜੈਕਟਿਵ ਮੈਂਬਰ ਵੱਲੋਂ ਹੁਣ ਇਸ ਤਜਵੀਜ ਨੂੰ ਬੈਠਕ 'ਚ ਰੱਖਣ ਦਾ ਵੀ ਭਰੋਸਾ ਦਿੱਤਾ ਗਿਆ ਹੈ। ਇਸ ਨਕਸ਼ਾ ਤਿਆਰ ਕਰਨ ਵਾਲੇ ਸ਼ਰਧਾਲੂ ਅਨੁਸਾਰ ਰਹਿਰਾਸ ਸਾਹਿਬ ਵੇਲੇ ਸੱਚਖੰਡ ਅੰਦਰਲੇ ਛੋਟੇ ਜੰਗਲੇ ਨੂੰ ਬੰਦ ਕਰਨਾ, ਉਲਟ ਰਸਤਿਆਂ ਤੋਂ ਸੰਗਤ ਤੇ ਸੇਵਾਦਾਰਾਂ ਦਾ ਅੰਦਰ ਆਉਣਾ, ਚੌਂਕੀ ਸਾਹਿਬ ਦਾ ਅੰਦਰ ਵਧੇਰੇ ਸਮਾਂ ਲੱਗਣਾ, ਟੀ. ਵੀ. 'ਤੇ ਤਸਵੀਰ ਦੇ ਲਾਲਚ 'ਚ ਸ਼ਰਧਾਲੂਆਂ ਦਾ ਅੰਦਰੇ ਬੈਠੇ ਰਹਿਣਾ, ਪ੍ਰਕਰਮਾ ਨਿਗਰਾਨ ਅਤੇ ਮੀਤ ਮੈਨੇਜਰ ਦਾ ਪ੍ਰਬੰਧ ਵੇਖਣ ਲਈ ਘੱਟ ਆਉਣਾ ਆਦਿ ਕਾਰਨ ਵੀ ਸੰਗਤ ਲਈ ਰੁਕਾਵਟ ਦਾ ਕਾਰਨ ਬਣਦੇ ਹਨ।
ਅਜਿਹੇ 'ਚ ਗੁਰਮਤਿ ਮਰਿਆਦਾ ਅਨੁਸਾਰ ਢੁੱਕਵੀਆਂ ਹੋਣ 'ਤੇ ਜੇਕਰ ਉਕਤ ਤਜਵੀਜ਼ਾਂ ਪ੍ਰਬੰਧਕਾਂ ਵੱਲੋਂ ਲਾਗੂ ਕਰ ਦਿੱਤੀਆਂ ਜਾਣ ਤਾਂ ਸੈਂਕੜੇ ਹਜ਼ਾਰਾਂ ਮੀਲਾਂ ਤੋਂ ਆਉਂਦੇ ਸ਼ਰਧਾਲੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਭਰਪੂਰ ਆਸਥਾ ਨਾਲ ਦਰਸ਼ਨ ਕਰ ਸਕਣਗੇ।

Posted on January 9th, 2026

Posted on January 8th, 2026

Posted on January 7th, 2026

Posted on January 6th, 2026

Posted on January 5th, 2026

Posted on January 2nd, 2026

Posted on December 31st, 2025

Posted on December 30th, 2025

Posted on December 29th, 2025

Posted on December 24th, 2025

Posted on December 23rd, 2025

Posted on December 22nd, 2025