Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪੰਜਾਬੀ ਪੱਤਰਕਾਰੀ ’ਚ ਬੁਰਕੀਆਂ ਪਿਛੇ ਹਿਲਦੀਆਂ ਪੂਛਾਂ

Posted on October 22nd, 2013


ਪਿਛਲੇ 20 ਸਾਲ ਤੋ ਵੱਖ-ਵੱਖ ਟੀ. ਵੀ. ਚੈਨਲਾਂ ਅਤੇ ਅਖਬਾਰਾਂ ’ਚ ਕੰਮ ਕਰ ਚੁੱਕੇ ਪੱਤਰਕਾਰ ਸੁਰਿੰਦਰ ਸਿੰਘ ਨੇ ਪੰਜਾਬ ਦੀ ਸਰਕਾਰ ਵੱਲੋਂ ਨਿਰਪੱਖ ਪੱਤਰਕਾਰੀ ਦੀ ਸੰਘੀ ਘੁੱਟਣ ਵਾਲੀ ਨੀਤੀ ਤੋਂ ਖਫਾ ਹੋ ਕੇ ਪ੍ਰਸਿੱਧ ਪੱਤਰਕਾਰ ‘ਕੰਵਰ ਸੰਧੂ ਦੇ ਨਾਲ ਹੀ ‘ਡੇਅ ਐਂਡ ਨਾਈਟ ਨਿਊਜ਼ ਚੈਨਲ’ ਤੋਂ ਅਸਤੀਫਾ ਦੇ ਦਿਤਾ ਹੈ। ਐਮ. ਏ. ਪੰਜਾਬੀ, ਐਮ ਫਿਲ, ਬੈਚੂਲਰ ਇੰਨ ਲਾਅ, ਪੋਸਟ ਗਰੇਜੂਏਟ ਇਨ ਜਰਨਾਲਿਜ਼ਮ ਸੁਰਿੰਦਰ ਵੱਲੋਂ ਪੰਜਾਬੀ ਪੱਤਰਕਾਰੀ ਸਬੰਧੀ ਲਿਖੇ ਕੁਝ ਕੌੜੇ ਤਜਰਬੇ ਅਤੇ ਤਲਖ ਹਕੀਕਤਾਂ ਨੂੰ ਪਾਠਕਾਂ ਲਈ ਪੇਸ਼ ਕਰ ਰਹੇ ਹਾਂ।

ਪੇਸ਼ਕਸ- ਸੁਰਿੰਦਰ ਸਿੰਘ

ਜਦੋਂ ਪੰਜਾਬ ਬਾਰੇ ਪੱਤਰਕਾਰੀ ਦੀ ਗੱਲ ਕਰਨੀ ਹੋਵੇ ਤਾਂ ਬਹੁਤ ਕੁੱਝ ਬਚਾਅ ਕੇ ਗੱਲ ਕੀਤੀ ਜਾਂਦੀ ਹੈ। ਇਹ ਕਿਉਂ ਹੈ ਜਾਂ ਅਜਿਹਾ ਕਿਉਂ ਕੀਤਾ ਜਾਂਦਾ ਹੈ? ਇਸ ਬਾਰੇ ਪਤਾ ਕਰਨ ਦੀ ਕੋਸ਼ਿਸ਼ ’ਚ ਸਦਾ ਬਹੁਤ ਸਾਰਾ ਸਮਾਂ ਖਰਾਬ ਹੋਵੇਗਾ ਅਤੇ ਕੁੱਝ ਪੱਤਰਕਾਰੀ ਨਾਲ ਜੁੜੇ ਹੋਏ ਲੋਕਾਂ ਦੀ ਚੁਗਲੀ ਵੀ ਹੋਵੇਗੀ, …ਸੋ ਇਸ ਤੋਂ ਮੈਂ ਬਚਾਅ ਹੀ ਕਰਾਂਗਾ। ਜਦਕਿ ਇਹ ਗੱਲ ਵੀ ਕਿਸੇ ਤੋਂ ਲੁਕੀ ਹੋਈ ਨਹੀਂ ਕਿ ਮੇਰੇ ਭਾਈਚਾਰੇ ਦੇ ਬਹੁਗਿਣਤੀ ਲੋਕ ਬੁਰਕੀਆਂ ਲਈ ਪੂਛਾਂ ਹਿਲਾਉਣ ਵਾਲੇ ਹੀ ਹਨ। ਕਿਸੇ ਨੇ ਸਰਕਾਰ ਤੋਂ ਕੋਈ ਕੰਮ ਲੈਣਾ ਹੈ ਅਤੇ ਕਿਸੇ ਨੇ ਕੋਈ, ਕਿਸੇ ਨੇ ਲਾਲ ਬੱਤੀ ਵਾਲੀ ਗੱਡੀ, ਕਿਸੇ ਨੇ ਆਪਣੇ ਬੱਚੇ ਕਾਨਵੇਂਟ ਸਕੂਲ ’ਚ ਦਾਖਲ ਕਰਵਾਉਣੇ ਹਨ ਅਤੇ ਕਿਸੇ ਨੇ ਪੈਸੇ ਲੈ ਕੇ ਕਿਸੇ ਦੀ ਬਦਲੀ ਕਰਵਾਉਣੀ ਹੈ। ਇਸ ਲਈ ਉਹ ਸਾਡੇ ਵੀਰ ਅਸਲ ਗੱਲ ਤੁਹਾਡੇ ਤੱਕ ਪਹੁੰਚਾਉਣ ’ਚ ਢਿੱਲ ਕਰ ਜਾਂਦੇ ਹਨ। ਪੱਤਰਕਾਰੀ ਦਾ ਪੇਸ਼ਾ ਇਸ ਲਈ ਅੱਜ ਸੌਖਾ ਕੰਮ ਨਹੀਂ ਰਹਿ ਗਿਆ ਅਤੇ ਇਹ ਵਾਕਿਆ ਹੀ ਹਿੰਮਤ ਵਾਲਾ ਕੰਮ ਹੈ। ਇਸ ਲਈ ਮੈਂ ਵੀ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਹੀ ਸਮਝਾਂਗਾ ਕਿ ਮੇਰਾ ਇਹ ਲੇਖ ਕਿਸੇ ਪੰਜਾਬੀ ਅਖਬਾਰ ਵਿਚ ਛਪ ਰਿਹਾ ਹੈ।

ਪੱਤਰਕਾਰ ਦੋ-ਤਿੰਨ ਤਰਾਂ ਦੇ ਹੁੰਦੇ ਹਨ। ਅਸਲ ਪੱਤਰਕਾਰ ਤਾਂ ਸਮਾਜ ’ਚ ਤਬਦੀਲੀ ਲਿਆਉਣ ਜਾਂ ਇਸ ਨੂੰ ਚੰਗਾ ਬਣਾਉਣ ਲਈ ਅਤੇ ਠੱਗਾਂ ਨੂੰ ਨੰਗਾ ਕਰਨ ਵਾਲਾ ਹੁੰਦਾ ਹੈ। ਨਾ ਕਿ ਠੱਗਾਂ ਦੀਆਂ ਸੁੱਟੀਆਂ ਬੁਰਕੀਆਂ ’ਤੇ ਡੰਗ ਟਪਾਉਣ ਵਾਲਾ। ‘ਡੇਅ ਐਂਡ ਨਾਈਟ ਨਿਊਜ਼’ ਵਿੱਚ ਕੰਮ ਕਰਦਿਆਂ ਅਜਿਹੇ ਕਈ ਮੌਕੇ ਆਏ ਜਦੋਂ ਠੱਗਾਂ ਨੇ ਮੈਨੂੰ ਵੀ ਬੁਰਕੀਆਂ ਸੁੱਟੀਆਂ, ਪਰ ਸ਼ਾਇਦ ਮੇਰੀ ਜਿੰਦਗੀ ’ਚ ਆਰਾਮ ਜਾਂ ਐਸ਼ ਪ੍ਰਸਤੀ ਲਿਖੀ ਹੀ ਨਹੀਂ ਹੋਈ। ਮੇਰੇ ਜਿਹੇ ਬੰਦੇ ਨੂੰ ਚੰਡੀਗੜ੍ਹ ਦੇ ਬਹੁਤੇ ਪੱਤਰਕਾਰ ਇਸ ਲਈ ਨਹੀਂ ਬੁਲਾਉਂਦੇ, ਕਿ ਕਿਤੇ ਉਹਨਾਂ ਦੀ ਖਬਰ ਬਾਦਲਾਂ ਕੋਲ ਨਾ ਪਹੁੰਚ ਜਾਵੇ । ਜੇਕਰ ਉਹ ਕਿਤੇ ਮੇਰੇ ਨਾਲ ਖੜ੍ਹੇ ਹੋ ਕੇ ਚਾਹ ਦਾ ਕੱਪ ਵੀ ਪੀ ਲੈਣਗੇ ਤਾਂ ਉਹਨਾਂ ਨੂੰ ਇੰਜ ਮਹਿਸੂਸ ਹੁੰਦਾ ਹੈ ਕਿ ਮਾਨੋ ਉਹ ਕਿਸੇ ਅਪਰਾਧੀ ਨਾਲ ਖੜ੍ਹੇ ਹੋਣ, ਪਰ ਮੇਰੇ ਹਿਸਾਬ ਨਾਲ ਜਾਂ ਨਿਰਪੱਖ ਪੱਤਰਕਾਰੀ ਦੇ ਹਿਸਾਬੇ ਉਹਨਾਂ ਮਿੱਤਰਾਂ ਦੇ ਖਾਤੇ ’ਚ ਸਮਾਜ ਲਈ ਕੁੱਝ ਕਾਰਜ ਕਰਨਾ ਵੱਡਾ ਪਾਪ ਹੀ ਹੋਵੇਗਾ। ਇਸ ਲਈ ਪੰਜਾਬ ’ਚ ਪੱਤਰਕਾਰੀ ਦੇ ਅਰਥ ਸਿਰਫ ਚਾਪਲੂਸੀ, ਝੋਲੀ ਚੁੱਕਣ ਜਾਂ ਫੇਰ ਕੌਲੀਆਂ ਚੱਟਣ ਤੱਕ ਸੀਮਤ ਹੋ ਕੇ ਰਹਿ ਗਏ ਹਨ। 

ਪੰਜਾਬੀ ਦੇ ਉਹਨਾਂ ਪੱਤਰਕਾਰਾਂ ਲਈ ਗਰੀਬ ਮਜਲੂਮ ਜਾਂ ਪੁਲਿਸ ਦੀਆਂ ਡਾਂਗਾਂ ਖਾ ਰਿਹਾ ਬੇਰੁਜ਼ਗਾਰ ਅਧਿਆਪਕ ਕੋਈ ਅਰਥ ਹੀ ਨਹੀਂ ਰੱਖਦਾ। ਉਹਨਾਂ ਲਈ ਸਰਕਾਰ ਦੀਆਂ ‘ਸ਼ਰਾਬ’ ਪਾਰਟੀਆਂ ਹੀ ਸਭ ਕੁਝ ਹਨ। ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਵਿਧਾਨ ਸਭਾ ’ਚ ਕੱਢੀ ਗਈ ‘ਗਾਹਲ’ ਉਹਨਾਂ ਪੱਤਰਕਾਰਾਂ ਨੂੰ ਸੁਣਾਈ ਹੀ ਨਹੀਂ ਦਿਤੀ । ਉਹਨਂ ਪੱਤਰਕਾਰਾਂ ਨੂੰ ਪੰਜਾਬ ਪੁਲਸ ਦੇ ‘ਸਬ ਇੰਸਪੈਕਟਰ ਸੁਰਜੀਤ ਸਿੰਘ’ ਵੱਲੋਂ ਬੇਗੁਨਾਹ ਸਿੱਖ ਨੌਜਵਾਨ ਮੁੰਡਿਆਂ ਨੂੰ ਕਤਲ ਕਰਨ ਦਾ ਕੀਤਾ ਗਿਆ ਖੁਲਾਸਾ ਮਹਿਜ਼ ਡਰਾਮੇਬਾਜ਼ੀ ਹੀ ਪ੍ਰਤੀਤ ਹੁੰਦਾ ਹੈ। ਉਹਨਾਂ ਲਈ ਬੇਰੁਜ਼ਗਾਰ ਅਧਿਆਪਕਾਂ ਦੇ ਪਿੰਡਿਆਂ ’ਤੇ ਪੈਂਦੀਆਂ ਪੁਲਿਸ ਦੀਆਂ ਡਾਂਗਾਂ ਮਹਿਜ ਇੱਕ ਤਮਾਸ਼ਾ ਹੈ। ਪੰਜਾਬ ਦੇ ਲੋਕਾਂ ’ਤੇ ਸਰਕਾਰ ਵੱਲੋਂ ਲਾਇਆ ਗਿਆ ਟੈਕਸ ਉਹਨਾਂ ਪੱਤਰਕਾਰਾਂ ਇਹ ਆਸ ਹੈ ਕਿ ਹੁਣ ਉਹਨਾਂ ਦੇ ਹਿੱਸੇ ਵੀ ਵੱਡੀ ਬੁਰਕੀ ਲੱਗੇਗੀ। 

ਪੰਜਾਬ ’ਚ ਚੱਲ ਰਹੀ ਨਸ਼ੇ ਦੀ ਤਸਕਰੀ ਅਤੇ ਪੰਜਾਬ ਦੇ ਥਾਣਿਆਂ ’ਚ ਵਿਕਦੇ ਨਸ਼ੇ ਬਾਰੇ ਕਈ ਉਹਨਾਂ ਪਤਰਕਾਰਾਂ ਨੂੰ ਉਕਾ ਹੀ ਨਹੀਂ ਪਤਾ? ਕੀ ਉਹਨਾਂ ਪੱਤਰਕਾਰਾਂ ਨੂੰ ਨਹੀਂ ਪਤਾ ਕਿ ਪੰਜਾਬ ਦੇ ਸਾਬਕਾ ਡੀਜੀਪੀ ਜੇਲਾਂ ਸ਼ਸ਼ੀ ਕਾਂਤ ਨੇ ਆਪਣੀ ਰਿਪੋਰਟ ’ਚ ਕਈ ਸੀਨੀਅਰ ਪੁਲਿਸ ਅਫਸਰਾਂ ਅਤੇ ਰਾਜਨੀਤਕ ਆਗੂਆਂ ਦਾ ਸ਼ਰੇਆਮ ਨਾਮ ਲਿਆ ਹੈ? ਸਾਰਾ ਕੁੱਝ ਪਤਾ ਹੈ, ਪਰ ਜੇ ਪਤਾ ਹੈ ਤਾਂ ਫੇਰ ਉਹ ਚੁਪ ਕਿਉਂ ਹਨ? ਇਸ ਚੁੱਪ ਬਾਰੇ ਮੈਂ ਆਪਣੇ ਲੇਖ ਦੇ ਸ਼ੁਰੂ ਵਿਚ ਬਿਆਨ ਕਰ ਹੀ ਦਿਤਾ ਹੈ।

ਭਾਰਤ ਦੇ ਹਿੰਦੀ ਅਤੇ ਅੰਗਰੇਜ਼ੀ ਮੀਡੀਆ ’ਚ ਅਜਿਹਾ ਬਿਲਕੁਲ ਨਹੀਂ ਹੈ, ਇਹ ਬਿਮਾਰੀ ਸਿਰਫ ਪੰਜਾਬੀ ਦੇ ਖਾਸ ਕਰਕੇ ਪੰਜਾਬ ਦੇ ਪੱਤਰਕਾਰਾਂ ਨੂੰ ਹੀ ਲੱਗੀ ਹੋਈ ਹੈ। ਇਸ ਬਿਮਾਰੀ ਦੀ ਗੱਲ ਅਸੀਂ ਕਰ ਦਿਤੀ ਹੈ, ਇਹ ਗੱਲ ਮੈਂ ਪੰਜਾਬ ’ਚ ਰਹਿੰਦਿਆਂ ਵੀ ਤੁਹਾਡੇ ਸਹਿਯੋਗ ਨਾਲ ਕਰ ਰਿਹਾ ਹਾਂ, ਪਰ ਇਹ ਗੱਲ ਹਰ ਆਮ ਖਾਸ ਬੰਦੇ ਤੱਕ ਪਹੁੰਚਾਉਣ ਦੀ ਲੋੜ ਹੈ, ਤਾਂ ਕਿ ਕੌਲੀ ਚੱਟ ਪੱਤਰਕਾਰਾਂ ਦਾ ਅਸੀਂ ਲੋਕ ਬਾਈਕਾਟ ਕਰੀਏ ਅਤੇ ਚੰਗੇ ਹਿੰਮਤੀ ਅਤੇ ਨਿਰਪੱਖ ਪੱਤਰਕਾਰਾਂ ਨੂੰ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਮਿਲੇ।ਵਿਸ਼ਵ ਭਰ ’ਚ ਰਹਿੰਦੇ ਪੰਜਾਬੀਆਂ ਲਈ ਇਹ ਇੱਕ ਸੁਨਿਹਰੀ ਮੌਕਾ ਹੈ ਕਿ ਉਹ ਸਮਾਜ ਦੇ ਗੰਦ ਦੀ ਪਛਾਣ ਕਰ ਕੇ ਉਹਨਾਂ ਨੂੰ ਦੁਰਕਾਰ ਦੇਣ। ਇਸ ਤਰਾਂ ਅਸੀਂ ਇੱਕ ਸੋਹਣਾ ਪੰਜਾਬ ਸਿਰਜ ਸਕਾਂਗੇ ਅਤੇ ਚੰਗੀ ਹਿੰਮਤੀ ਪਤਰਕਾਰੀ ਨਾਲ ਲੀਡਰਾਂ ਦੇ ਕਚੇ ਚਿੱਠੇ ਸਾਡੇ ਸਮਾਜ ’ਚ ਜੱਗ ਜਾਹਰ ਕਰੇਗੀ। ਫਿਰ ਇਹਨਾਂ ਲੋਕਾਂ ਦੀ ਬੁਰਕੀ ਆਪੇ ਬੰਦ ਹੋ ਜਾਵੇਗੀ ਅਤੇ ਮਜਬੂਰਨ ਇਹਨਾਂ ਨੂੰ ਵੀ ਸਮਾਜ ਦੀ ਸੇਵਾ ਕਰਨ ਦਾ ਸ਼ੌਂਕ ਜਾਗ ਪਵੇਗਾ।

ਸੁਰਿੰਦਰ ਸਿੰਘ

94660-51048




Archive

RECENT STORIES