Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮੇਰੀ ਦਾਦੀ ਨੂੰ ਮਾਰ ਦਿੱਤਾ ਗਿਆ, ਮੇਰੇ ਪਿਤਾ ਨੂੰ ਕਤਲ ਕਰ ਦਿੱਤਾ ਗਿਆ ਅਤੇ ਹੋ ਸਕਦਾ ਹੈ ਕਿ ਕਿਸੇ ਦਿਨ ਮੈਂ ਵੀ ਮਾਰਿਆ ਜਾਵਾਂ, ਪਰ ਮੈਨੂੰ ਇਸ ਦੀ ਪਰਵਾਹ ਨਹੀਂ- ਰਾਹੁਲ

Posted on October 23rd, 2013


ਚੁਰੂ/ ਅਲਵਰ- ਫਿਰਕੂ ਸਿਆਸਤ ’ਤੇ ਕਰਾਰਾ ਵਾਰ ਕਰਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਆਖਿਆ ਕਿ ਉਸ ਦੇ ਮਨ ਵਿੱਚ ਆਪਣੀ ਦਾਦੀ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਤਲਾਂ ਪ੍ਰਤੀ ਲੰਮਾ ਸਮਾਂ ਨਫ਼ਰਤ ਭਰੀ ਰਹੀ ਸੀ, ਪਰ ਹੁਣ ਉਹ ਇਸ ਤੋਂ ਮੁਕਤ ਹੋ ਗਿਆ ਹੈ ਕਿਉਂਕਿ ਉਸ ਦੇ ਮਨ ਦਾ ਕਰੋਧ ਸੁਭਾਵਕ ਪੈਦਾ ਨਹੀਂ ਹੋਇਆ ਸੀ, ਸਗੋਂ ਦੂਜਿਆਂ ਨੇ ਫੈਲਾਇਆ ਸੀ।

ਰਾਜਸਥਾਨ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਥਾਵਾਂ ’ਤੇ ਰੈਲੀਆਂ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਆਖਿਆ ਕਿ ਆਪਣੇ ਸਿਆਸੀ ਮੁਫਾਦ ਲਈ ਦੰਗੇ ਭੜਕਾਉਣ ਵਾਲੀਆਂ ਪਾਰਟੀਆਂ ਦੇਸ਼ ਦੇ ਧਰਮ-ਨਿਰਪੱਖ ਤਾਣੇ ਖਿਲਾਫ਼ ਅਪਰਾਧ ਕਰ ਰਹੀਆਂ ਹਨ।

ਉਨ੍ਹਾਂ ਕਿਹਾ, ‘‘ਮੇਰੀ ਦਾਦੀ ਨੂੰ ਮਾਰ ਦਿੱਤਾ ਗਿਆ। ਮੇਰੇ ਪਿਤਾ ਨੂੰ ਕਤਲ ਕਰ ਦਿੱਤਾ ਗਿਆ ਅਤੇ ਹੋ ਸਕਦਾ ਹੈ ਕਿ ਕਿਸੇ ਦਿਨ ਮੈਂ ਵੀ ਮਾਰਿਆ ਜਾਵਾਂ, ਪਰ ਮੈਨੂੰ ਇਸ ਦੀ ਪਰਵਾਹ ਨਹੀਂ। ਮੈਂ ਜੋ ਮਹਿਸੂਸ ਕਰਦਾ ਹਾਂ ਉਹੀ ਤੁਹਾਨੂੰ ਦੱਸ ਰਿਹਾ ਹਾਂ।’’

ਉਨ੍ਹਾਂ ਇਕ ਘਟਨਾ ਦਾ ਬਿਰਤਾਂਤ ਦਿੰਦਿਆਂ ਕਿਹਾਕਿ ਪੰਜਾਬ ਦੇ ਇਕ ਵਿਧਾਇਕ ਨੇ ਹਾਲ ਹੀ ਵਿੱਚ ਉਸ ਦੇ ਦਫਤਰ ਆ ਕੇ ਕਿਹਾ ਸੀ ਕਿ ਜੇ ਕਿਤੇ ਉਹ 20 ਸਾਲ ਪਹਿਲਾਂ ਮਿਲੇ ਹੁੰਦੇ ਤਾਂ ਉਸ ਨੇ ਗੁੱਸੇ ’ਚ ਆ ਕੇ ਉਸ (ਰਾਹੁਲ ਗਾਂਧੀ) ਨੂੰ ਮਾਰ ਦੇਣਾ ਸੀ।

ਜ਼ਿਕਰਯੋਗ ਹੈ ਕਿ 31 ਅਕਤੂਬਰ, 1984 ਨੂੰ ਸਿੱਖ ਅੰਗ ਰੱਖਿਅਕਾਂ ਵੱਲੋਂ ਸਾਕਾ ਨੀਲਾ ਤਾਰਾ ਦੇ ਰੋਸ ਵਜੋਂ ਗੋਲੀਆਂ ਚਲਾ ਕੇ ਪ੍ਰਧਾਨ ਮੰਤਰੀ ਇਦਰਾ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ ਸੀ, ਜਦਕਿ ਰਾਹੁਲ ਦੇ ਪਿਤਾ ਰਾਜੀਵ ਗਾਂਧੀ 1991 ਵਿੱਚ ਤਾਮਿਲ ਗੁਰੀਲਿਆਂ ਵੱਲੋਂ ਕੀਤੇ ਇਕ ਆਤਮਘਾਤੀ ਹਮਲੇ ’ਚ ਮਾਰੇ ਗਏ ਸਨ।

ਰਾਹੁਲ ਗਾਂਧੀ ਨੇ ਦੱਸਿਆ ਕਿ ਉਹ ਉਸ ਦੀ ਦਾਦੀ (ਇੰਦਰਾ ਗਾਂਧੀ) ਦੇ ਅੰਗ ਰੱਖਿਅਕਾਂ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਨਾਲ ਖੇਡਿਆ ਕਰਦਾ ਸੀ। ‘‘ਇਕ ਦਿਨ ਉਨ੍ਹਾਂ ਗੁੱਸੇ ’ਚ ਆ ਕੇ ਮੇਰੀ ਦਾਦੀ ਨੂੰ ਮਾਰ ਦਿੱਤਾ। ਮੈਂ ਲੰਮਾ ਸਮਾਂ ਆਪਣੇ ਮਨ ’ਚ ਕ੍ਰੋਧ ਲੈ ਕੇ ਵੱਡਾ ਹੁੰਦਾ ਰਿਹਾ ਅਤੇ ਇਸ ਗੁੱਸੇ ਦੀ ਅੱਗ ਨੂੰ ਦਬਾਉਂਦਾ ਰਿਹਾ… ਫਿਰ ਮੈਂ ਮਹਿਸੂਸ ਕੀਤਾ ਕਿ ਕ੍ਰੋਧ ਦੀ ਇਹ ਭਾਵਨਾ ਸੁਭਾਵਕ ਨਹੀਂ ਹੈ, ਸਗੋਂ ਇਹ ਦੂਜਿਆਂ ਨੇ ਫੈਲਾਈ ਹੈ।’’

ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ’ਚ ਹੋਈ ਫਿਰਕੂ ਹਿੰਸਾ ਵਿੱਚ 62 ਜਣੇ ਮਾਰੇ  ਗਏ ਸਨ। ਕੁਝ ਸਮਾਂ ਪਹਿਲਾਂ ਉਹ ਮੁਜ਼ੱਫਰਨਗਰ ਗਏ ਸਨ ਅਤੇ ਉਨ੍ਹਾਂ ਹਿੰਦੂਆਂ ਤੇ ਮੁਸਲਮਾਨਾਂ ਨਾਲ ਗੱਲਬਾਤ ਕੀਤੀ ਸੀ, ਜਿਨ੍ਹਾਂ ਦੀਆਂ ਗੱਲਾਂ ਉਸ ਦੀ ਆਪਣੀ ਕਹਾਣੀ ਜਾਪਦੀਆਂ ਹਨ।’’ ਮੈਨੂੰ ਉਨ੍ਹਾਂ ਦੇ ਸੰਤਾਪ ’ਚੋਂ ਆਪਣਾ ਚਿਹਰਾ ਨਜ਼ਰ ਆ ਰਿਹਾ ਸੀ। ਇਸੇ ਕਰਕੇ ਮੈਂ ਉਨ੍ਹਾਂ (ਭਾਜਪਾ) ਦੀ ਰਾਜਨੀਤੀ ਦੇ ਖਿਲਾਫ਼ ਹਾਂ…ਉਹ ਕੀ ਕਰਦੇ ਹਨ। ਉਹ ਮੁਜ਼ੱਫਰਨਗਰ ਵਿੱਚ ਫਿਰਕੂ ਲਾਂਬੂ ਲਾਉਂਦੇ ਸਨ, ਕਦੇ ਗੁਜਰਾਤ ਵਿੱਚ ਅਤੇ ਕਦੇ ਕਸ਼ਮੀਰ ਵਿੱਚ ਅੱਗ ਦੇ ਭਾਂਬੜ ਬਾਲਦੇ ਹਨ ਅਤੇ ਤੁਹਾਨੂੰ ਥਾਂ-ਥਾਂ ਇਸ ਫਿਰਕੂ ਹਿੰਸਾ ਦੇ ਭਾਂਬੜ ਸ਼ਾਂਤ ਕਰਨੇ ਪੈਂਦੇ ਹਨ। ਹਿੰਦੂਆਂ ਨੂੰ ਮੁਸਲਮਾਨਾਂ ਖਿਲਾਫ਼ ਖੜ੍ਹੇ ਕੀਤਾ ਜਾਂਦਾ ਹੈ ਅਤੇ ਜਦੋਂ ਲੋਕ ਮਰਦੇ ਹਨ ਤਾਂ ਇਨ੍ਹਾਂ (ਭਾਜਪਾ) ਦਾ ਕੋਈ ਆਗੂ ਨੇੜੇ ਨਹੀਂ ਆਉਂਦਾ।


-ਪੀ.ਟੀ.ਆਈ.



Archive

RECENT STORIES