Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਵਰ੍ਹੇ ਬਾਅਦ ਵੀ ਨਹੀਂ ਖੁੱਲ੍ਹਿਆ ਸ਼ਾਹੀ ਤਸਵੀਰ ਗੁੰਮ ਹੋਣ ਦਾ ਭੇਤ

Posted on October 25th, 2013

<p>ਮਹਾਰਾਜਾ ਬਲਬੀਰ ਸਿੰਘ ਦੀ ਚੋਰੀ ਹੋਈ ਸ਼ਾਹੀ ਤਸਵੀਰ&nbsp;<br></p>


ਫ਼ਰੀਦਕੋਟ- ਫ਼ਰੀਦਕੋਟ ਰਿਆਸਤ ਦੇ ਮਹਾਰਾਜਾ ਬਲਬੀਰ ਸਿੰਘ ਦੀ 100 ਸਾਲ ਤੋਂ ਵੀ ਜ਼ਿਆਦਾ ਪੁਰਾਣੀ ਇਤਿਹਾਸਕ ਤੇ ਕੀਮਤੀ ਤਸਵੀਰ ਚੋਰੀ ਹੋਣ ਦੇ ਮਾਮਲੇ ਨੂੰ ਜ਼ਿਲ੍ਹਾ ਪੁਲੀਸ ਇੱਕ ਸਾਲ ਬਾਅਦ ਵੀ ਨਹੀਂ ਸੁਲਝਾ ਸਕੀ। ਹੁਣ ਜ਼ਿਲ੍ਹਾ ਪੁਲੀਸ ਨੇ ਇਸ ਤਸਵੀਰ ਦੇ ਮਾਮਲੇ ਨੂੰ ਸੁਲਝਾਉਣ ਲਈ ਵਿਸ਼ੇਸ਼ ਜਾਂਚ ਟੀਮ ਬਣਾਈ ਹੈ ਜਿਸ ਦੀ ਅਗਵਾਈ ਐਸਪੀ (ਐਚ) ਫ਼ਰੀਦਕੋਟ ਕਰਨਗੇ।

ਸੂਤਰਾਂ ਅਨੁਸਾਰ ਪੁਲੀਸ ਇਸ ਮਾਮਲੇ ਨੂੰ ਅਣਸੁਲਝਿਆ ਸਮਝ ਕੇ ਬੰਦ ਕਰਨਾ ਚਾਹੁੰਦੀ ਸੀ ਪਰ ਸੀਨੀਅਰ ਨਿਆਇਕ ਅਧਿਕਾਰੀ ਦੀ ਜੁਬਾਨੀ ਹਦਾਇਤ ਤੋਂ ਬਾਅਦ ਪੁਲੀਸ ਹੁਣ ਇਸ ਮਾਮਲੇ ਦੀ ਪੜਤਾਲ ਵਿੱਚ ਮੁੜ ਸਰਗਰਮ ਹੋ ਗਈ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੂੰ ਖੁਫ਼ੀਆ ਸੂਚਨਾ ਮਿਲੀ ਹੈ ਕਿ ਮਹਾਰਾਜਾ ਬਲਬੀਰ ਸਿੰਘ ਦੀ ਹੱਥ ਨਾਲ ਬਣੀ ਤਸਵੀਰ ਲੰਡਨ ਦੇ ਬਾਜ਼ਾਰ ਵਿੱਚ ਵੇਚੀ ਗਈ ਹੈ। ਪੁਲੀਸ ਹੁਣ ਇਸ ਤੱਥ ਦੀ ਪੜਤਾਲ ਕਰ ਰਹੀ ਹੈ ਕਿ ਇਸ ਤਸਵੀਰ ਨੂੰ ਫ਼ਰੀਦਕੋਟ ਦੀ ਇਤਿਹਾਸਕ ਲਾਲ ਕੋਠੀ ਵਿੱਚੋਂ ਚੁੱਕ ਕੇ ਕੌਣ ਲੈ ਗਿਆ ਤੇ ਇਹ ਤਸਵੀਰ ਵਿਦੇਸ਼ ਵਿੱਚ ਕਿਵੇਂ ਪਹੁੰਚੀ?

ਇਸ ਜਾਂਚ ਦੇ ਘੇਰੇ ਵਿੱਚ ਇੱਕ ਸਾਬਕਾ ਜ਼ਿਲ੍ਹਾ ਜੱਜ ਨੂੰ ਵੀ ਲਿਆ ਗਿਆ ਹੈ। ਪੁਲੀਸ ਆਪਣੀ ਪੜਤਾਲ ਦੌਰਾਨ ਸੰਭਾਵਿਤ ਸ਼ੱਕੀਆਂ ਦੀ ਸੂਚੀ ਤਿਆਰ ਕਰ ਰਹੀ ਹੈ ਜੋ ਖੁਦ ਵਿਦੇਸ਼ ਗਏ ਸਨ ਜਾਂ ਉਨ੍ਹਾਂ ਦੇ ਕਰੀਬੀ ਵਿਦੇਸ਼ ਗਏ ਹਨ। ਜ਼ਿਲ੍ਹਾ ਪੁਲੀਸ ਮੁਖੀ ਗੁਰਮੀਤ ਸਿੰਘ ਰੰਧਾਵਾ ਨੇ ਕਿਹਾ ਕਿ ਪੁਲੀਸ ਤਸਵੀਰ ਲਈ ਵਿਦੇਸ਼ ਜਾਣ ਵਾਲੇ ਤੱਥਾਂ ਦੀ ਪੁਸ਼ਟੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋੜ ਪੈਣ ’ਤੇ ਇਸ ਮਾਮਲੇ ਵਿੱਚ ਇੰਟਰਪੋਲ ਦੀ ਮਦਦ ਵੀ ਲਈ ਜਾਵੇਗੀ। ਪੁਲੀਸ ਸੂਤਰਾਂ ਅਨੁਸਾਰ ਜਿਸ ਇਤਿਹਾਸਕ ਇਮਾਰਤ ਵਿੱਚੋਂ ਤਸਵੀਰ ਚੋਰੀ ਹੋਈ ਹੈ, ਉਹ ਪਿਛਲੇ ਲੰਬੇ ਸਮੇਂ ਤੋਂ ਜੱਜਾਂ ਦੀ ਰਿਹਾਇਸ਼ ਵਜੋਂ ਵਰਤੀ ਜਾ ਰਹੀ ਹੈ। ਇਸ ਲਈ ਵਿਦੇਸ਼ ਜਾਣ ਵਾਲੇ ਜੱਜ ਵੀ ਜਾਂਚ ਦੇ ਘੇਰੇ ਵਿੱਚ ਆ ਸਕਦੇ ਹਨ।
ਜ਼ਿਕਰਯੋਗ ਹੈ ਕਿ ਸਿਟੀ ਪੁਲੀਸ ਫ਼ਰੀਦਕੋਟ ਨੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਫ਼ਰੀਦਕੋਟ ਦੀ ਸ਼ਿਕਾਇਤ ’ਤੇ 17 ਸਤੰਬਰ, 2012 ਨੂੰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਹਾਰਾਜਾ ਬਲਬੀਰ ਸਿੰਘ ਦੀ ਇਤਿਹਾਸਕ ਤਸਵੀਰ ਚੋਰੀ ਕਰਨ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਸੀ। ਸੂਤਰਾਂ ਅਨੁਸਾਰ ਫ਼ਰੀਦਕੋਟ ਵਿੱਚ ਇਤਿਹਾਸਕ ਲਾਲ ਕੋਠੀ ਜਿਸ ਨੂੰ ਅੱਜਕੱਲ੍ਹ ਜੱਜਾਂ ਦੀ ਰਿਹਾਇਸ਼ ਲਈ ਵਰਤਿਆ ਜਾ ਰਿਹਾ ਹੈ, ਵਿੱਚ ਮਹਾਰਾਜਾ ਬਲਬੀਰ ਸਿੰਘ ਦੀ 1890 ਵਿੱਚ ਬਣੀ ਤਸਵੀਰ ਪਈ ਸੀ ਜੋ ਉੱਥੋਂ 28 ਅਕਤੂਬਰ, 2010 ਨੂੰ ਅਚਾਨਕ ਗੁੰਮ ਹੋ ਗਈ। ਫ਼ਰੀਦਕੋਟ ਦੇ ਜ਼ਿਲ੍ਹਾ ਜੱਜ ਵੱਲੋਂ ਤਸਵੀਰ ਗੁੰਮ ਹੋਣ ਦੇ ਮਾਮਲੇ ਵਿੱਚ ਫ਼ਰੀਦਕੋਟ ਦੇ ਇੱਕ ਸਾਬਕਾ ਜੱਜ ਨੂੰ ਵੀ ਜਾਂਚ ਦੇ ਘੇਰੇ ਵਿੱਚ ਲਿਆਂਦਾ ਸੀ। ਸੂਤਰਾਂ ਅਨੁਸਾਰ ਇਹ ਇਤਿਹਾਸਕ ਤਸਵੀਰ ਇਸੇ ਜੱਜ ਦੇ ਕਾਰਜਕਾਲ ਦੌਰਾਨ ਗੁੰਮ ਹੋਈ ਦੱਸੀ ਜਾਂਦੀ ਹੈ।



Archive

RECENT STORIES