Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਕਾਲੀ ਆਗੂ ਵੱਲੋਂ ਪੰਜਾਬ ਪੁਲੀਸ ਦੇ ਏ.ਐਸ.ਆਈ. ਜਗਮਾਲ ਸਿੰਘ ਦੀ ਕੁੱਟਮਾਰ

Posted on October 26th, 2013

<p>ਪੰਜਾਬ ਪੁਲੀਸ ਦਾ ਏ.ਐਸ.ਆਈ. ਜਗਮਾਲ ਸਿੰਘ (ਸੱਜੇ) ਜਿਸ ਨੂੰ ਅਕਾਲੀ ਆਗੂਆਂ ਨੇ ਕੁੱਟ ਧਰਿਆ<br></p>


ਮੁਹਾਲੀ- ਪੰਜਾਬ ਵਿੱਚ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀਆਂ ਕਥਿਤ ਵਧੀਕੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਮੁਹਾਲੀ ਵਿੱਚ ਅਕਾਲੀ ਦਲ ਦੇ ਸੋਹਾਣਾ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਲੇਬਰਫੈਡ ਪੰਜਾਬ ਦੇ ਵਾਈਸ ਚੇਅਰਮੈਨ ਪਰਮਿੰਦਰ ਸਿੰਘ ਸੋਹਾਣਾ ਨੇ ਲੰਘੀ ਰਾਤ ਪੰਜਾਬ ਪੁਲੀਸ ਦੇ ਇਕ ਏ.ਐਸ.ਆਈ. ਜਗਮਾਲ ਸਿੰਘ ਦੀ ਕੁੱਟਮਾਰ ਕਰ ਦਿੱਤੀ। ਪੁਲੀਸ ਨੇ ਅਕਾਲੀ ਆਗੂ ਪਰਮਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਸਮੇਤ ਕਈ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਸੈਂਟਰਲ ਥਾਣਾ ਫੇਜ਼-8 ਵਿੱਚ ਆਈ.ਪੀ.ਸੀ. ਦੀ ਧਾਰਾ 323,341,506,148 ਤੇ 149 ਅਧੀਨ ਕੇਸ ਦਰਜ ਕਰ ਲਿਆ ਹੈ। ਝਗੜੇ ਦਾ ਕਾਰਨ ਸੜਕ ’ਤੇ ਅਕਾਲੀ ਆਗੂ ਨੂੰ ਰਾਹ ਨਾ ਦੇਣਾ ਅਤੇ ਕਾਰ ਨੂੰ ਹਿੱਟ ਕਰਨਾ ਦੱਸਿਆ ਗਿਆ ਹੈ।
ਸੈਂਟਰਲ ਥਾਣਾ ਫੇਜ਼-8 ਦੇ ਐਸ.ਐਚ.ਓ. ਕੁਲਬੀਰ ਸਿੰਘ ਸੰਧੂ ਨੇ ਅਕਾਲੀ ਆਗੂ ਖ਼ਿਲਾਫ਼ ਕੇਸ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ। ਪੀੜਤ ਥਾਣੇਦਾਰ ਜਗਮਾਲ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਤੇ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਪਾਇਲਟ ਜਿਪਸੀ ਦਾ ਡਰਾਈਵਰ ਹੈ, ਜੋ ਇੱਥੋਂ ਦੇ ਸੈਂਟਰਲ ਥਾਣਾ ਫੇਜ਼-8 ਸਥਿਤ ਪੁਲੀਸ ਰਿਹਾਇਸ਼ੀ ਕੰਪਲੈਕਸ ਵਿੱਚ ਰਹਿੰਦਾ ਹੈ।

ਥਾਣੇਦਾਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਬੀਤੀ ਸ਼ਾਮ ਉਹ ਆਪਣੇ ਪਰਿਵਾਰ ਨਾਲ ਮੁਹਾਲੀ ਨੇੜਲੇ ਪਿੰਡ ਸਨੇਟਾ ਸਥਿਤ ਆਪਣੀ ਰਿਸ਼ਤੇਦਾਰੀ ਵਿੱਚ ਗਿਆ ਸੀ ਤੇ ਦੇਰ ਸ਼ਾਮ ਵਾਪਸੀ ਵੇਲੇ ਜਦੋਂ ਉਹ ਲਾਂਡਰਾਂ ਚੌਕ ’ਤੇ ਪੁੱਜਾ ਤਾਂ ਉਥੇ ਬੱਸ ਦੀ ਉਡੀਕ ਕਰ ਰਹੇ ਇਕ ਵਿਅਕਤੀ ਨੇ ਉਸ ਨੂੰ ਹੱਥ ਦੇ ਕੇ ਰੋਕ ਲਿਆ ਅਤੇ ਮੁਹਾਲੀ ਤੱਕ ਲਿਫ਼ਟ ਮੰਗੀ। ਥਾਣੇਦਾਰ ਨੇ ਰਾਹਗੀਰ ਨੂੰ ਆਪਣੀ ਕਾਰ ਵਿੱਚ ਬਿਠਾ ਲਿਆ ਅਤੇ ਮੁਹਾਲੀ ਪਹੁੰਚ ਕੇ ਉਸ ਨੂੰ ਕੁੰਭੜਾ ਚੌਕ ’ਤੇ ਲਾਹ ਦਿੱਤਾ। ਇਸ ਮਗਰੋਂ ਉਹ ਆਪਣੇ ਘਰ ਨੇੜੇ ਪੁੱਜਾ ਹੀ ਸੀ ਕਿ ਪਿੱਛੋਂ ਅਕਾਲੀ ਆਗੂ ਤੇ ਸਾਥੀਆਂ ਨੇ ਅੱਗੇ ਹੋ ਕੇ ਉਸ ਨੂੰ ਘੇਰ ਲਿਆ। ਜਿਨ੍ਹਾਂ ਉਸ ਦੀ (ਥਾਣੇਦਾਰ) ਦੀ ਬੜੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਕਾਰਨ  ਉਸ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਹਨ। ਬਾਅਦ ਵਿੱਚ ਜਦੋਂ ਹਮਲਾਵਰਾਂ ਨੂੰ ਇਸ ਗੱਲ ਦਾ ਪਤਾ ਚੱਲਿਆ ਕਿ ਜਿਸ ਏ.ਐਸ.ਆਈ. ਦੀ ਉਨ੍ਹਾਂ ਨੇ ਕੁੱਟਮਾਰ ਕੀਤੀ ਹੈ, ਉਹ ਸੀਨੀਅਰ ਅਕਾਲੀ ਆਗੂ ਦਾ ਡਰਾਈਵਰ ਹੈ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।

ਦੂਜੇ ਪਾਸੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਪਰਮਿੰਦਰ ਸਿੰਘ ਨੇ ਪ੍ਰੈੱਸ ਕਲੱਬ ਐਸ.ਏ.ਐਸ. ਨਗਰ ਵਿਚ ਥਾਣੇਦਾਰ ਵੱਲੋਂ ਰਸਤੇ ਵਿੱਚ ਘੇਰ ਕੇ ਕੁੱਟਮਾਰ ਕਰਨ ਦੇ ਲਗਾਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਮਨਘੜਤ ਦੱਸਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਥਾਣੇਦਾਰ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਸ ਨੇ ਪਹਿਲਾਂ ਪਿੰਡ ਲਖਨੌਰ ਕੋਲ ਉਸ ਦੀ ਗੱਡੀ ਨੂੰ ਸਾਈਡ ਮਾਰੀ ਅਤੇ ਥੋੜ੍ਹਾ ਅੱਗੇ ਜਾ ਕੇ ਫਿਰ ਕਾਰ ਨੂੰ ਹਿੱਟ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਥਾਣੇਦਾਰ ਨੂੰ ਅੱਗੇ ਘੇਰ ਲਿਆ। ਇਸ ਦੌਰਾਨ ਤੂੰ-ਤੂੰ ਮੈਂ-ਮੈਂ ਤੋਂ ਬਾਅਦ ਗੱਲ ਹੱਥੋਪਾਈ ਤੱਕ ਪਹੁੰਚ ਗਈ। ਅਕਾਲੀ ਆਗੂ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਝੂਠਾ ਕੇਸ ਦਰਜ ਕੀਤਾ ਗਿਆ ਹੈ ਪਰ ਨਾਲ ਹੀ ਉਨ੍ਹਾਂ ਇਹ ਵੀ ਆਖਿਆ ਕਿ ਉਸ ਨੂੰ ਕਾਨੂੰਨ ’ਤੇ ਪੂਰਾ ਭਰੋਸਾ ਹੈ।



Archive

RECENT STORIES