Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਤੀਜੇ ਮੋਰਚੇ ਦੇ ਗਠਨ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਦੀ ਇਕੱਤਰਤਾ

Posted on October 30th, 2013


ਨਵੀਂ ਦਿੱਲੀ- ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ (ਯੂ) ਦੇ ਪ੍ਰਧਾਨ ਨਿਤਿਸ਼ ਕੁਮਾਰ ਦੇ ਮੁਤਾਬਿਕ 2014 ਦੀਆਂ ਲੋਕ ਸਭਾ ਚੋਣਾਂ ਲਈ ਕਿਸੇ ਵੀ ਗਠਜੋੜ ਦੀ ਸੰਭਾਵਨਾ ਬਾਰੇ ਅਜੇ ਕੁਝ ਕਹਿਣਾ 'ਜਲਦਬਾਜ਼ੀ' ਹੋਵੇਗੀ ਪਰ ਨਾਲ ਹੀ ਸੰਭਾਵਿਤ ਸਿਆਸੀ ਗਠਜੋੜ ਦੇ ਆਸਾਰ ਹਰ ਇਕੱਠ 'ਤੇ ਮੌਜੂਦ ਵੀ ਨਜ਼ਰ ਆਉਂਦੇ ਹਨ। ਬੱਧਵਾਰ ਨੂੰ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਚ ਖੱਬੇ-ਪੱਖੀ ਪਾਰਟੀਆਂ ਵੱਲੋਂ ਸੱਦੀ ਮੀਟਿੰਗ 'ਚ ਨਿਤਿਸ਼ ਕੁਮਾਰ ਅਤੇ ਸਮਾਜਵਾਦੀ ਪਾਰਟੀ ਦੇ ਨੇਤਾ ਮੁਲਾਇਮ ਸਿੰਘ ਯਾਦਵ ਨੇ ਹਿੱਸਾ ਲਿਆ। ਇਹ ਪਾਰਟੀਆਂ ਤੀਸਰੇ ਮੋਰਚੇ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ ਕਰਨ ਲਈ ਇਕੱਠੀਆਂ ਹੋਈਆਂ ਸਨ। ਮੀਟਿੰਗ 'ਚ ਖੱਬੇ-ਪੱਖੀ ਪਾਰਟੀ, ਜਨਤਾ ਦਲ (ਯੂ), ਸਮਾਜਵਾਦੀ ਪਾਰਟੀ, ਬੀਜੂ ਜਨਤਾ, ਆਸਾਮ ਗਣ ਪ੍ਰੀਸ਼ਦ ਅਤੇ ਦੇਵਗੌੜਾ ਦੇ ਜਨਤਾ ਦਲ (ਸੈਕੂਲਰ) ਸਮੇਤ 14 ਪਾਰਟੀਆਂ ਨੇ ਹਿੱਸਾ ਲਿਆ। ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਨੇ ਪਹਿਲਾਂ ਵੀ ਇਸ ਗੱਲ ਦੇ ਸੰਕੇਤ ਦਿੱਤੇ ਸਨ ਕਿ ਕੇਂਦਰ 'ਚ ਗੈਰ-ਕਾਂਗਰਸੀ ਅਤੇ ਗ਼ੈਰ-ਭਾਜਪਾਈ ਸਰਕਾਰ ਇਕ ਬਿਹਤਰ ਬਦਲ ਹੋ ਸਕਦਾ ਹੈ। 

ਨਿਤਿਸ਼ ਕੁਮਾਰ ਵੱਲੋਂ ਵੀ ਭਾਜਪਾ ਨਾਲ 17 ਸਾਲ ਪੁਰਾਣਾ ਸੰਬੰਧ ਤੋੜਨ ਤੋਂ ਫੌਰਨ ਬਾਅਦ ਤ੍ਰਿਣਮੂਲ ਕਾਂਗਰਸ ਦੇ ਮੁਖੀ ਮਮਤਾ ਬੈਨਰਜੀ ਅਤੇ ਹੋਰ ਦਲਾਂ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ ਗਈ। ਸਿਆਸੀ ਹਲਕਿਆਂ 'ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਬਿਹਾਰ 'ਚ ਨਿਤਿਸ਼ ਦੇ ਮੁੱਖ ਵਿਰੋਧੀ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘੁਟਾਲੇ 'ਚ ਹੋਈ ਜੇਲ੍ਹ ਤੋਂ ਬਾਅਦ ਉਨ੍ਹਾਂ ਦੇ ਸਿਆਸੀ ਕੈਰੀਅਰ ਬਾਰੇ ਕਿਆਸ ਲਗਾਏ ਜਾ ਰਹੇ ਹਨ ਅਤੇ ਅਜਿਹੇ ਮੌਕੇ 'ਤੇ ਲਾਲੂ ਦੇ 'ਸੰਭਾਵਿਤ ਭਾਈਵਾਲ' ਕਾਂਗਰਸ ਨਾਲ ਗਠਜੋੜ ਬਾਰੇ ਵੀ ਨਿਤਿਸ਼ ਪੂਰੀ ਤਰ੍ਹਾਂ ਇਨਕਾਰੀ ਨਹੀਂ ਹਨ। ਮੀਡੀਆ ਵੱਲੋਂ ਇਸ ਸਬੰਧ 'ਚ ਪੁੱਛੇ ਜਾਣ 'ਤੇ ਸ੍ਰੀ ਨਿਤਿਸ਼ ਦਾ ਜਵਾਬ ਸੀ, 'ਇਸ ਬਾਰੇ ਸਹੀ ਸਮੇਂ 'ਤੇ ਫ਼ੈਸਲਾ ਲਿਆ ਜਾਵੇਗਾ।' ਹਾਲਾਂਕਿ ਇਸ ਮੀਟਿੰਗ 'ਚ ਤੇਲਗੂ ਦੇਸ਼ਮ ਪਾਰਟੀ ਦੇ ਮੁਖੀ ਚੰਦਰ ਬਾਬੂ ਨਾਇਡੂ ਦੀ ਕਮੀ ਕਾਫੀ ਰੜਕੀ। 

ਮਾਰਕਸੀ ਪਾਰਟੀ ਦੇ ਨੇਤਾ ਸੀਤਾ ਰਾਮ ਯੇਚੁਰੀ ਨੇ ਕਿਹਾ ਕਿ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਸੀ ਅਤੇ ਆਉਣ ਦਾ ਭਰੋਸਾ ਵੀ ਦਿੱਤਾ ਸੀ ਪਰ ਹਾਲੇ ਤੱਕ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਆਇਆ। ਕਿਸੇ ਸਮੇਂ 'ਤੇ ਨਰਿੰਦਰ ਮੋਦੀ ਦਾ ਵਿਰੋਧ ਕਰਨ ਵਾਲੇ ਨਾਇਡੂ ਨੇ ਹਾਲ 'ਚ ਹੀ ਭਾਜਪਾ ਨਾਲ ਗਠਜੋੜ ਦੇ ਸੰਕੇਤ ਵੀ ਦਿੱਤੇ ਸਨ। ਪਿਛਲੇ ਮਹੀਨੇ ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਸੀ ਕਿ ਉਹ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਰਹੇ।



Archive

RECENT STORIES