Posted on October 30th, 2013

ਮਾਲੇਰਕੋਟਲਾ– ਮਾਲੇਰਕੋਟਲਾ ਦੇ ਇਕ ਕਾਰੋਬਾਰੀ ਦੇ ਘਰ ਆਪਣੇ ਲੱਕ ਨਾਲ ‘ਬੰਬ’ ਬੰਨ੍ਹ ਕੇ ਪੰਜ ਕਰੋੜ ਰੁਪਏ ਦੀ ਫਿਰੌਤੀ ਮੰਗਣ ਆਏ ਨੌਜਵਾਨ ਨੂੰ ਮਾਲੇਰਕੋਟਲਾ ਪੁਲਿਸ ਨੇ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਬਿਨਾਂ ਕਿਸੇ ਖ਼ੂਨ ਖ਼ਰਾਬੇ ਦੇ ਕਾਬੂ ਕਰ ਲਿਆ , ਕਾਬੂ ਕੀਤੇ ਵਿਅਕਤੀ ਦੀ ਪਛਾਣ ਗਗਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਪਿੰਡ ਮੰਨਵੀਂ ਵਜੋਂ ਕੀਤੀ ਗਈ ਹੈ |
ਜਾਣਕਾਰੀ ਮੁਤਾਬਿਕ ਮਾਲੇਰਕੋਟਲਾ-ਧੂਰੀ ਮੁੱਖ ਸੜਕ ‘ਤੇ ਪੁਲਿਸ ਥਾਣਾ ਸਿਟੀ-1 ਦੇ ਬਿਲਕੁਲ ਨਾਲ ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਸਵ: ਕੇਵਲ ਕਿ੍ਸ਼ਨ ਸੂਦ ਦੇ ਪੁੱਤਰ ਸੰਜੀਵ ਸੂਦ ਦੀ ਕੋਠੀ ਵਿਚ ਸਵੇਰੇ ਕਰੀਬ 9:00 ਵਜੇ ਹੱਥ ‘ਚ ਕੁਹਾੜੀ ਫੜੀ ਇਕ ਨੌਜਵਾਨ ਦਾਖਲ ਹੋਇਆ | ਘਰ ਦਾ ਮਾਲਕ ਸਜੀਵ ਸੂਦ ਆਪਣੇ ਕਾਰੋਬਾਰੀ ਰੁਝੇਵਿਆਂ ‘ਚ ਦਿੱਲੀ ਗਿਆ ਹੋਣ ਕਰਕੇ ਉਸ ਸਮੇਂ ਘਰ ਵਿਚ ਉਸ ਦਾ ਬੇਟਾ ਵਰੁਣ ਸੂਦ ਅਤੇ ਪਰਿਵਾਰ ਦੀਆਂ ਚਾਰ ਔਰਤਾਂ ਹੀ ਮੌਜੂਦ ਸਨ | ਆਪਣੇ ਆਪ ਨੂੰ ਬੱਬਰ ਖ਼ਾਲਸਾ ਦਾ ਖਾੜਕੂ ਦੱਸਦੇ ਉਸ ਨੌਜਵਾਨ ਨੇ ਸਾਰੇ ਪਰਿਵਾਰ ਨੂੰ ਇਕੱਠਾ ਕਰ ਕੇ ਕਿਹਾ ਕਿ ਬੱਬਰ ਖ਼ਾਲਸਾ ਨੂੰ 100 ਕਰੋੜ ਰੁਪਏ ਦੀ ਜ਼ਰੂਰਤ ਹੈ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪੰਜ ਕਰੋੜ ਰੁਪਏ ਦੇਣੇ ਹੀ ਪੈਣਗੇ। ਵਰੁਣ ਸੂਦ ਮੁਤਾਬਿਕ ਉਹ ਨੌਜਵਾਨ ਆਪਣੇ ਲੱਕ ਦੁਆਲੇ ਬੰਨ੍ਹੇ ‘ਬੰਬ’ ਦਿਖਾ ਕੇ ਧਮਕੀ ਦੇ ਰਿਹਾ ਸੀ ਕਿ ਜੇਕਰ ਉਨ੍ਹਾਂ ਨੇ ਇਹ ਰਕਮ ਨਾ ਦਿੱਤੀ ਤਾਂ ਉਨ੍ਹਾਂ ਦੀਆਂ ਫ਼ੈਕਟਰੀਆਂ ‘ਚ ਪਹਿਲਾਂ ਹੀ ਫਿੱਟ ਕੀਤੇ ‘ਬੰਬਾਂ’ ਸਮੇਤ ਉਹ ਆਪਣੇ ਲੱਕ ਨਾਲ ਬੰਨ੍ਹੇ ‘ਬੰਬਾਂ’ ਨਾਲ ਉਨ੍ਹਾਂ ਦਾ ਸਭ ਕੁਝ ਉਡਾ ਦੇਵੇਗਾ।
ਅਖੌਤੀ ਖਾੜਕੂ ਦੀ ਧਮਕੀ ਤੋਂ ਬੇਸ਼ੱਕ ਪਰਿਵਾਰ ਦੀਆਂ ਔਰਤਾਂ ਬੇਹੱਦ ਭੈ-ਭੀਤ ਹੋ ਗਈਆਂ ਪ੍ਰੰਤੂ ਨੌਜਵਾਨ ਵਰਨ ਸੂਦ ਨੇ ਦਲੇਰੀ ਦਿਖਾਉਂਦਿਆਂ ਰਕਮ ਦਾ ਪ੍ਰਬੰਧ ਕਰਨ ਦੇ ਬਹਾਨੇ ਅਖੌਤੀ ਖਾੜਕੂ ਦੇ ਸਾਹਮਣੇ ਹੀ ਆਪਣੇ ਚਾਚਾ ਗੋਪਾਲ ਸੂਦ ਨੂੰ ਸਾਰੀ ਘਟਨਾ ਫ਼ੋਨ ‘ਤੇ ਦੱਸ ਦਿੱਤੀ। ਬੁਰੀ ਤਰ੍ਹਾਂ ਡਰੇ ਹੋਏ ਚਾਚਾ ਗੋਪਾਲ ਸੂਦ ਨੇ ਆਪਣੇ ਪਰਿਵਾਰਕ ਸਬੰਧੀ ਅਕਾਲੀ ਆਗੂ ਸੰਜੀਵ ਚੋਪੜਾ ਕਿੱਟੀ ਨੂੰ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਜਿਨ੍ਹਾਂ ਤੁਰੰਤ ਐਸ.ਐਸ.ਪੀ. ਸੰਗਰੂਰ ਮਨਦੀਪ ਸਿੰਘ ਸਿੱਧੂ ਨਾਲ ਸੰਪਰਕ ਕੀਤਾ ਅਤੇ ਮੌਕੇ ‘ਤੇ ਪਹੁੰਚ ਕੇ ਲੋਕਾਂ ਦਾ ਇਕੱਠ ਕਰ ਲਿਆ। ਐਸ.ਐਸ.ਪੀ. ਵੱਲੋਂ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਵੀ ਕੋਠੀ ਨੂੰ ਘੇਰਾ ਪਾ ਲਿਆ ਅਤੇ ਪੂਰੀ ਮੁਸਤੈਦੀ ਨਾਲ ਕਾਰਵਾਈ ਕਰ ਕੇ ਅਖੌਤੀ ਖਾੜਕੂ ਨੂੰ ਕਾਬੂ ਕਰ ਲਿਆ।
ਐਸ.ਐਸ.ਪੀ. ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਸੰਪਰਕ ਕਰਨ ‘ਤੇ ਦੱਸਿਆ ਕਿ ਕੇ.ਕੇ. ਸੂਦ ਦੇ ਘਰੋਂ ‘ਬੰਬ’ ਦਿਖਾ ਕੇ ਫਿਰੌਤੀ ਮੰਗਦੇ ਕਾਬੂ ਕੀਤੇ ਗਗਨਦੀਪ ਸਿੰਘ (25) ਪੁੱਤਰ ਬਲਵਿੰਦਰ ਸਿੰਘ ਪਿੰਡ ਮੰਨਵੀਂ ਨੇ ਆਪਣੇ ਲੱਕ ਦੁਆਲੇ ਬਿਜਲੀ ਦੀ ਮੋਟਰ ਦੇ ਦੋ ਕੰਡੈਂਸਰ ਬੰਨ੍ਹ ਕੇ ਪਰਿਵਾਰ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਸੀ ਪ੍ਰੰਤੂ ਪੁਲਿਸ ਨੇ ਤੁਰੰਤ ਕਾਰਵਾਈ ਕਰ ਕੇ ਉਸ ਨੂੰ ਕਾਬੂ ਕਰ ਲਿਆ ਹੈ। ਪੁਲਿਸ ਵੱਲੋਂ ਕੀਤੀ ਮੁੱਢਲੀ ਪੁੱਛ-ਗਿੱਛ ਦੌਰਾਨ ਪਤਾ ਲੱਗਾ ਹੈ ਕਿ ਗਗਨਦੀਪ ਤਿੰਨ ਸਾਲ ਪਹਿਲਾਂ ਸੂਦ ਪਰਿਵਾਰ ਦੀ ਫ਼ੈਕਟਰੀ ਵਿਚ ਕੰਮ ਕਰਦਾ ਸੀ ਅਤੇ ਉਨ੍ਹਾਂ ਉਸ ਨਾਲ ਡਰਾਈਵਰ ਭਰਤੀ ਕਰ ਲੈਣ ਦਾ ਵਾਅਦਾ ਕੀਤਾ ਸੀ। ਐਸ.ਐਸ.ਪੀ. ਸਿੱਧੂ ਮੁਤਾਬਿਕ ਹਾਲੇ ਤੱਕ ਉਸ ਦੇ ਕਿਸੇ ਦਹਿਸ਼ਤ ਗਰਦ ਜਥੇਬੰਦੀ ਨਾਲ ਸੰਬੰਧਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਫਿਰ ਵੀ ਪੁਲਿਸ ਉਸ ਦੇ ਬੀਤੇ ਦੀ ਪੂਰੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਨੌਜਵਾਨ ਦੀ ਦਿਮਾਗ਼ੀ ਸਥਿਤੀ ਬਾਰੇ ਵੀ ਡਾਕਟਰਾਂ ਦੇ ਮੈਡੀਕਲ ਬੋਰਡ ਕੋਲੋਂ ਪੜਤਾਲ ਕਰਵਾਈ ਜਾਵੇਗੀ।

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026

Posted on April 8th, 2026

Posted on April 7th, 2026

Posted on April 2nd, 2026